Sunday, 1 January 2017

ਕਾਂਡ ਪਹਿਲਾ -ਤੜਫ

ਕਾਂਡ ਪਹਿਲਾ -ਤੜਫ (ਅਕਤੂਬਰ ੧੬੬੦ ੧੬੭੪-੫)

ਮੈਂ ਬੰਦਾ ਬਹਾਦਰ ਹਾਂ। ਸਿੱਖ ਇਤਿਹਾਸ ਦੇ ਸੁਨਿਹਰੀ ਪੱਤਰਿਆਂ 'ਤੇ ਮੇਰਾ ਨਾਮ ਉੱਘੜਵੇਂ ਅੱਖਰਾਂ ਵਿੱਚ ਅੰਕਿਤ ਹੈ। ਜਦੋਂ ਤੱਕ ਇਸ ਦੁਨੀਆ ਉੱਪਰ ਸਿੱਖ ਧਰਮ ਰਹੇਗਾ, ਮੈਂ ਸਿੱਖ ਤਵਾਰੀਖ ਦੇ ਸ਼ਿਲਾਲੇਖਾਂ ਉੱਤੇ ਉਕਰਿਆ ਰਹਾਂਗਾ...। 



ਕਦੇ ਮੈਂ ਵੀ ਤੁਹਾਡੇ ਵਾਂਗ ਹੱਡ-ਮਾਸ ਯਾਨੀ ਪੰਜ ਤੱਤਾਂ ਦਾ ਬਣਿਆ ਇਨਸਾਨ ਹੁੰਦਾ ਸੀ। ਅਸਲ ਵਿੱਚ ਹੁਣ ਮੈਂ ਸਰੀਰਕ ਜਾਮਾ ਤਿਆਗ ਚੁੱਕੀ ਇੱਕ ਅਜ਼ਾਦ ਰੂਹ ਹਾਂ। ਜਦੋਂ ਅਠਾਰਵੀਂ ਸਦੀ ਦੇ ਭਾਰਤ ਵਿੱਚ ਮੈਂ ਸਰੀਰਕ ਰੂਪ ਵਿੱਚ ਦੁਨੀਆ 'ਤੇ ਵਿਚਰਿਆ ਸੀ ਤਾਂ ਉਦੋਂ ਮੇਰੇ ਬੁੱਤ ਦਾ ਨਾਮ ਬੰਦਾ ਬਹਾਦਰ ਸੀ। ਹੁਣ ਮੈਂ ਉਸ ਬੰਦਾ ਸਿੰਘ ਬਹਾਦਰ ਦੇ ਵਜੂਦ ਵਿੱਚੋਂ ਨਿਕਲੀ ਹੋਈ ਆਤਮਾ ਹਾਂ। ਇਤਿਹਾਸ ਵੀ ਮੈਨੂੰ ਇਸੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਦਾ ਹੈ। ਆਤਮਾ ਨਾ ਜੰਮਦੀ ਹੈ ਤੇ ਨਾ ਮਰਦੀ ਹੈ। ਬਸ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਚੋਲਾ ਬਦਲਣ ਵਾਂਗ ਪ੍ਰਵੇਸ਼ ਕਰਦੀ ਰਹਿੰਦੀ ਹੈ। ਬੰਦਾ ਸਿੰਘ ਬਹਾਦਰ ਦੇ ਜਾਮੇ ਤੋਂ ਬਾਅਦ ਕੋਈ ਦੇਹ ਰੂਪੀ ਚੋਲਾ ਮੇਰੇ ਮੇਚ ਹੀ ਨਹੀਂ ਸੀ ਆਇਆ। ਇਸੇ ਲਈ ਮੈਂ ਅੱਜ ਵੀ ਸੁਤੰਤਰ ਆਤਮਾ... ਇੱਕ ਅਜ਼ਾਦ ਰੂਹ ਹਾਂ। ਹਿੰਦੂ ਸ਼ਾਸਤਰਾਂ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਦੀਆਂ ਆਤਮਾਵਾਂ ਨੂੰ ਅਮਰ ਅਰਥਾਤ ਚਿਰਨਜੀਵੀ ਗਰਦਾਨਿਆ ਹੈ। ਮਸਲਨ ਕੌਰਵਾਂ ਤੇ ਪਾਡਵਾਂ ਦੇ ਗੁਰੂ ਦਰੋਣਾਚਾਰੀਆ ਦਾ ਪੁੱਤਰ ਅਸ਼ਵਥਾਮਾ, ਵੇਦ ਵਿਆਸ, ਹਨੂੰਮਾਨ, ਰਾਵਨ ਦਾ ਭਰਾ ਵਿਭੀਸ਼ਨ, ਅਸੂਰਾਂ ਦਾ ਵੰਸ਼ਜ਼ ਦੈਤਿਆਰਾਜ ਬਾਲੀ, ਜੋ ਪ੍ਰਹਲਾਦ ਦਾ ਪੋਤਾ ਤੇ ਵਾਨਾਸੁਰ ਦਾ ਪੁੱਤਰ ਸੀ, ਮਹਾਭਾਰਤ ਵਿੱਚ ਵਰਣਿਤ ਰਾਜਕੁਮਾਰੀਆਂ ਦਾ ਰਾਜ ਗੁਰੂ ਕਿਰਪਾਚਾਰੀਆ, ਪਰਸ਼ੂਰਾਮ, ਰਿਸ਼ੀ ਮਾਰਕੰਡਾ ਆਦਿ। ਤੁਸੀਂ ਆਖ ਸਕਦੇ ਹੋ ਕਿ ਮੇਰੇ ਕੀਤੇ ਕਾਰਜ ਨੂੰ ਮੁੱਖ ਰੱਖ ਕੇ ਪ੍ਰਮੇਸ਼ਵਰ ਨੇ ਮੈਨੂੰ ਵੀ ਚਿਰਨਜੀਵੀ ਹੋਣ ਦਾ ਵਰ ਦੇ ਕੇ ਜੰਮਣ ਅਤੇ ਮਰਨ ਦੇ ਗੇੜ ਤੋਂ ਮੁਕਤ ਕਰ ਦਿੱਤਾ ਹੈ।  

ਜਿਵੇਂ ਜੰਗ ਵਿੱਚ ਲੜਦੀਆਂ ਤਾਂ ਫੌਜਾਂ ਹੁੰਦੀਆਂ, ਲੇਕਿਨ ਹਾਰ ਅਤੇ ਜਿੱਤ ਜਰਨੈਲ ਦੀ ਹੁੰਦੀ ਹੈ, ਕਿਉਂਕਿ ਵਿਉਂਤਬੰਦੀ ਔਰ ਲੜਾਈ ਉਹ ਆਪਣੇ ਨਿਰਦੇਸ਼ਾਂ ਨਾਲ ਕਰਵਾ ਰਿਹਾ ਹੁੰਦਾ ਹੈ। ਇਸੇ ਪ੍ਰਕਾਰ ਦੁਨੀਆਵੀ ਕਾਰਜ ਤਾਂ ਮਨੁੱਖੀ ਸਰੀਰ ਸੰਸਾਰ ਵਿੱਚ ਕਰਦਾ ਹੈ, ਪਰੰਤੂ ਉਸਦਾ ਸੰਚਾਲਨ ਆਤਮਾ ਕਰ ਰਹੀ ਹੁੰਦੀ ਹੈ। ਸੰਸਾਰਿਕ ਫਰਜ਼ ਨਿਭਾਉਣ ਲਈ ਅਕਾਲ ਪੁਰਖ ਨੇ ਮੈਨੂੰ ਵੀ ਇੱਕ ਮਨੁੱਖੀ ਸਰੀਰ ਬਖਸ ਕੇ ਇਸ ਜਹਾਨ ਯਾਨੀ ਹਿੰਦੁਸਤਾਨ ਵਿੱਚ ਭੇਜਿਆ ਸੀ। ਤੇ ਮੇਰੀ ਖੁਸ਼ਕਿਸਮਤੀ ਨਾਲ ਉਹ ਬੁੱਤ ਮਹਾਨ ਯੋਧਾ ਬੰਦਾ ਸਿੰਘ ਬਹਾਦਰ ਬਣਕੇ ਹਿੰਦੁਸਤਾਨ ਦੀ ਧਰਤੀ 'ਤੇ ਵਿਚਰਿਆ ਤੇ ਉਸਨੇ ਆਪਣੀਆਂ ਕਾਰਵਾਈਆਂ ਨਾਲ ਲਾਸਾਨੀ ਪੈੜਾਂ ਪਾਈਆਂ ਸੀ। 

ਹੁਣ ਇਕੀਵੀਂ ਸਦੀ ਦਾ ਸਾਲ ੨੦੧੭ ਹੈ। ਆਉਂ ਤੁਹਾਨੂੰ ਅੱਜ ਤੋਂ ਸਾਢੇ ਤਿੰਨ ਸੌ ਸਾਲ ਪਿੱਛੇ ਸਤਾਰਵੀਂ-ਅਠਾਰਵੀਂ ਸਦੀ ਵਿੱਚ ਲੈ ਚੱਲਾਂ...।

ਪੰਜਾਬ ਤੋਂ ਕਸ਼ਮੀਰ ਨੂੰ ਜਾਂਦਾ ਪੀਰ ਪੰਚਾਲ ਵਾਲਾ ਰਸਤਾ ਜਪੀਆਂ, ਤਪੀਆਂ, ਸਾਧੂ, ਸੰਤ, ਫਕੀਰਾਂ ਤੋਂ ਇਲਾਵਾ ਸਧਾਰਨ ਆਦਮੀਆਂ ਤੋਂ ਲੈ ਕੇ ਬਾਦਸ਼ਾਹਾਂ ਨੂੰ ਵੀ ਮਨਮੋਹਕ ਲੱਗਦਾ ਸੀ। ਚਾਰੇ ਪਾਸੇ ਅੱਖਾਂ ਨੂੰ ਠਾਰਦੀ ਹਰਿਆਲੀ, ਬਰਫ ਨਾਲ ਲੱਦੇ ਪਹਾੜ, ਨਿਰਮਲ ਝੀਲਾਂ, ਨਦੀਆਂ ਅਤੇ ਝਰਨੇ। ਕਾਦਰ ਦੀ ਕੁਦਰਤ ਤੇ ਕਲਾ ਦਾ ਜਿਉਂਦਾ ਜਾਗਦਾ ਸਬੂਤ ਸੀ ਕਸ਼ਮੀਰ। 

ਹਿੰਦੁਸਤਾਨ ਉੱਪਰ ਮੁਗਲਾਂ ਨੇ ਆ ਹਕੂਮਤ ਕਰਨੀ ਸ਼ੁਰੂ ਕੀਤੀ ਤਾਂ ਕਸ਼ਮੀਰ ਵੀ ਉਨ੍ਹਾਂ ਦੀ ਹਕੂਮਤ ਅਧੀਨ ਆ ਗਿਆ ਸੀ। ਗਰਮੀਆਂ ਵਿੱਚ ਮੁਗਲ ਬਾਦਸ਼ਾਹ ਪਹਾੜਨਾਂ ਦਾ ਹੁਸਨ ਮਾਣਨ ਅਤੇ ਕਸ਼ਮੀਰ ਦੀਆਂ ਵਾਦੀਆਂ ਦੀ ਖੂਬਸੂਰਤੀ ਛਾਨਣ ਇੱਥੇ ਆਪਣੀਆਂ ਅਰਾਮਗਾਹ ਬਣਾ ਕੇ ਆਪਣਾ ਵਕਤ ਗੁਜ਼ਾਰਨ ਆਇਆ ਕਰਦੇ ਸਨ। ਹੌਲੀ-ਹੌਲੀ ਕਸ਼ਮੀਰ ਬਾਦਸ਼ਾਹਾਂ, ਅਮੀਰਾਂ, ਵਜ਼ੀਰਾਂ ਅਤੇ ਰਈਸਾਂ ਦੀ ਆਇਯਾਸ਼ੀ ਕੇਂਦਰ ਬਣ ਗਿਆ ਸੀ। 

ਬਾਦਸ਼ਾਹ ਸ਼ਾਹਜਹਾਨ ਨੇ ਜਦ ਪਹਿਲੀ ਵਾਰ ਕਸ਼ਮੀਰ ਨੂੰ ਦੇਖਿਆ ਸੀ ਤਾਂ ਸਹਿਜ-ਸੁਭਾਅ ਉਸਦੇ ਮੂੰਹੋਂ ਨਿਕਲ ਗਿਆ ਸੀ, "ਗਰ ਫਿਰਦੌਸ ਬਰੋ ਜ਼ਮੀਂ ਅਸਤ। ਅਮੀ ਅਸਤੋ, ਅਮੀ ਅਸਤੋ।" ਅਰਥਾਤ ਧਰਤੀ ਉੱਪਰ ਅਗਰ ਕਿਧਰੇ ਸਵਰਗ ਹੈ ਤਾਂ ਉਹ ਇੱਥੇ (ਕਸ਼ਮੀਰ ਵਿੱਚ) ਹੀ ਹੈ, ਇੱਥੇ ਹੀ ਹੈ। ਮੁਗਲਾਂ ਨੇ ਕਸ਼ਮੀਰ ਨੂੰ ਆਉਂਦੇ ਹਰ ਮਾਰਗ ਨੂੰ ਸੁੰਦਰ ਬਣਾਉਣ ਲਈ ਸਰਾਵਾਂ ਬਣਵਾਈਆਂ, ਧਾਰਮਿਕ ਸਥਾਨ ਬਣਵਾਏ, ਬਾਗ ਲਵਾਏ, ਰੈਣ ਬਸੇਰੇ ਵਸਾਏ, ਖੂਹ ਪਟਵਾਏ, ਦੁਕਾਨਾਂ ਅਤੇ ਆਲੀਸ਼ਾਨ ਮਕਾਨ ਤਾਮੀਰ ਕਰਵਾ ਕੇ ਉਸ ਜਗ੍ਹਾ ਨੂੰ ਅਬਾਦ ਕੀਤਾ। 

ਭਿੰਬਰ ਤੋਂ ਅੱਗੇ ਅਧੀ ਨਗਰ ਤੱਕ ਕਮਾਤਨ ਗੋਸ਼ਾ ਦੀਆਂ ਪਹਾੜੀਆਂ ਲੰਘ ਕੇ ਇੱਕ ਮੈਦਾਨੀ ਇਲਾਕਾ ਆ ਜਾਂਦਾ ਹੈ। ਕਸ਼ਮੀਰ ਦੇਸ ਦੇ ਪੁਣਛ ਜ਼ਿਲ੍ਹੇ ਅਧੀਨ ਇਸ ਖੇਤਰ ਵਿੱਚ ਪਹਾੜੀ ਨਦੀ ਕੰਢੇ ਰਾਜੌਰੀ ਨਾਮਕ ਪੁਰਾਣਾ ਕਸਬਾ ਹੈ। ਉਦੋਂ ਇਹ ਮਹਿਜ਼ ਕੁਝ ਘਰਾਂ ਦਾ ਛੋਟਾ ਜਿਹਾ ਪਿੰਡ ਹੋਇਆ ਕਰਦਾ ਸੀ। ਇਸ ਪਿੰਡ ਦੇ ਰਾਜਪੂਤ ਰਾਮ ਦੇਵ ਭਾਰਦਵਾਜ ਦੇ ਘਰ ੧੬੬੦-੬੧ ਈ: ਦੇ ਆਸ-ਪਾਸ ਮੇਰਾ ਇੱਕ ਬਾਲਕ ਦੇ ਰੂਪ ਵਿੱਚ ਜਨਮ ਹੋਇਆ ਸੀ। 

ਭਾਰਦਵਾਜ ਵੰਸ਼ ਦਾ ਪਿਛੋਕੜ ਦੁਆਪਰ ਯੁੱਗ ਤੱਕ ਜਾਂਦਾ ਹੈ। ਭਾਰਦਵਾਜਾਂ ਦਾ ਵਡੇਰਾ ਭਾਰਦਵਾਜ ਵੈਦਿਕ ਕਾਲ ਦਾ ਮਹਾਨ ਹਿੰਦੂ ਆਰੀਆਈ ਰਿਸ਼ੀ ਹੋਇਆ ਹੈ। ਵਿਸ਼ਨੂੰ ਤੋਂ ਬ੍ਰਹਮਾ ਦਾ ਅਵਤਾਰ ਹੋਇਆ ਸੀ। ਰਿਸ਼ੀ ਭਾਰਦਵਾਜ ਬ੍ਰਹਮਾ ਦੀ ਸੰਤਾਨ ਅੰਗਰਿਸ਼ ਰਿਸ਼ੀ ਦਾ ਪੋਤਾ, ਬ੍ਰਸਪਤੀ ਰਿਸ਼ੀ ਦਾ ਪੁੱਤਰ, ਕੌਰਵਾਂ ਅਤੇ ਪਾਂਡਵਾਂ ਦੇ ਗੁਰੂ ਦ੍ਰੋਣਾਚਾਰੀਆ ਦਾ ਪਿਤਾ ਅਤੇ ਅਸ਼ਵਧਾਮਾ ਦਾ ਦਾਦਾ ਸੀ। ਰਿਸ਼ੀ ਭਾਰਦਵਾਜ ਦਾ ਵਿਆਹ ਦੇਵੀ ਸੁਸ਼ੀਲਾ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਗਰਗ ਨਾਮੀ ਪੁੱਤਰ ਅਤੇ ਦੇਵਾਵਰਮਨੀ ਪੁੱਤਰੀ ਨੇ ਜਨਮ ਲਿਆ ਸੀ। ਦ੍ਰੋਣਾਚਾਰੀਆਂ, ਰਿਸ਼ੀ ਭਾਰਦਵਾਜ ਦੀ ਪ੍ਰੇਮਿਕਾ ਅਪਸਰਾ ਗਰਿਤਚੀ ਦੀ ਸੰਤਾਨ ਸੀ। ਰਿਸ਼ੀ ਅੰਗਰਿਸ਼ ਨੂੰ ਰਿੱਗਵੇਦ, ਸਾਮਵੇਦ, ਯਜ਼ੁਰਵੇਦ ਅਤੇ ਅਥੱਰਵਵੈਦ ਯਾਨੀ ਚਾਰਾਂ ਵੈਦਾਂ ਦਾ ਗਿਆਤਾ ਮੰਨਿਆ ਜਾਂਦਾ ਸੀ। ਰਿੱਗਵੇਦ ਵਿੱਚ ੧੦੨੮ ਭਜਨ ਅਤੇ ੧੦,੬੦੦ ਸਲੋਕ ਹਨ, ਜਿਨ੍ਹਾਂ ਨੂੰ ਦਸ ਮੰਡਲਾਂ ਯਾਨੀ ਦਸ ਪੋਥੀਆਂ ਵਿੱਚ ਵਿਭਾਜਿਤ ਕੀਤਾ ਗਿਆ ਹੈ। ਰਿੱਗਵੇਦ ਦਾ ੭੫ ਭਜਨਾਂ ਦਾ ਛੇਵਾਂ ਮੰਡਲ ਬ੍ਰਸਪਤੀ ਰਿਸ਼ੀ ਅਤੇ ਉਸਦੇ ਵੰਸ਼ਜ਼ਾਂ ਨੇ ਰਚਿਆ ਸੀ। ਅੱਤਰੀ, ਵਸ਼ੀਸ਼ਠ, ਵਿਸ਼ਵਾਮਿੱਤਰ,  ਗੌਤਮ, ਜੰਮਾਦਾਗਨੀ ਅਤੇ ਕਸ਼ਯਪ ਵਾਂਗ ਮਨਵੰਤਰਾ ਵਿੱਚ ਵਰਣਿਤ ਸੱਤ ਰਿਸ਼ੀਆਂ ਵਿੱਚੋਂ ਭਾਰਦਵਾਜ ਵੀ ਇੱਕ ਰਿਸ਼ੀ ਸੀ। ਰਿਸ਼ੀ ਭਾਰਦਵਾਜ ਰਾਜਾ ਭਰਤ ਦਾ ਸਮਕਾਲੀ ਸੀ ਅਤੇ ਉਸਦਾ ਆਸ਼ਰਮ ਪਰਾਗ (ਇਲਾਹਾਬਾਦ, ਭਾਰਤ) ਵਿਖੇ ਹੈ। ਵਣਵਾਸ ਦੌਰਾਨ ਰਾਮ ਚੰਦਰ, ਸੀਤਾ ਅਤੇ ਲਛਮਣ ਨਾਲ ਇਸ ਆਸ਼ਰਮ ਵਿੱਚ ਠਹਿਰੇ ਸਨ। 

ਪੁਰਾਤਨ ਸਮਿਆਂ ਵਿੱਚ ਸਿਰਫ ਵਿਸ਼ਵਾਮਿੱਤਰ ਨੂੰ ਛੱਡ ਕੇ ਬਾਕੀ ਸਾਰੇ ਰਿਸ਼ੀ ਬ੍ਰਾਹਮਣ ਸਨ। ਇਹਨਾਂ ਵਿੱਚੋਂ ਯੋਧੇ ਬ੍ਰਾਹਮਣ ਕਸ਼ੱਤਰੀ (ਖੱਤਰੀ) ਬਣ ਗਏ। ਉਸ ਉਪਰੰਤ ਵਪਾਰਕ ਸੋਚ ਵਾਲੇ ਕਸ਼ੱਤਰੀ ਵੈਸ਼ ਅਖਵਾਉਣ ਲੱਗ ਪਏ। ਇਸ ਪ੍ਰਕਾਰ ਬ੍ਰਹਾਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ, ਚਾਰ ਵਰਣਾਂ ਵਿੱਚੋਂ ਤਿੰਨ ਵਰਣਾਂ ਦੇ ਲੋਕਾਂ ਭਾਰਦਵਾਜ਼ ਗੋਤ ਨੂੰ ਵਰਤਦੇ ਹਨ। ਕਸ਼ੱਤਰੀਆਂ ਤੋਂ ਹੀ ਰਾਜਪੂਤ ਬਣੇ ਲੋਕਾਂ ਨੇ ਇਸ ਗੋਤ ਨੂੰ ਗ੍ਰਹਿਣ ਕੀਤਾ ਸੀ। ਭਾਰਦਵਾਜ ਗੋਤ ਦੀਆਂ ੧੪੦੦ ਸ਼ਾਖਾਵਾਂ ਹਨ।

ਮੇਰੇ ਜਨਮ ਸਮੇਂ ਮੇਰੇ ਪਿਤਾ ਨੇ ਰਿਆਸੀ ਨਗਰ ਦੇ ਪ੍ਰੋਹਿਤ ਤੋਂ ਮੇਰਾ ਟੇਵਾ ਬਣਵਾਇਆ ਤਾਂ ਉਸਨੇ ਮੇਰੀ ਜਨਮ ਕੁੰਡਲੀ ਤਿਆਰ ਕਰਦਿਆਂ ਦੱਸਿਆ ਸੀ, "ਇਹ ਬਾਲਕ ਬਹੁਤ ਭਾਗਾਂ ਵਾਲਾ ਹੈ। ਤੁਹਾਡੀ ਕੁੱਲ ਦਾ ਨਾਮ ਰੋਸ਼ਨ ਕਰੇਗਾ। ਵੱਡਾ ਹੋ ਕੇ ਤਪ ਅਤੇ ਤਲਵਾਰ ਦਾ ਧਨੀ ਬਣੇਗਾ। ਤਖਤ ਅਤੇ ਤਖਤਾ ਦੋਨੋਂ ਇਸਦੀ ਕਿਸਮਤ ਵਿੱਚ ਹਨ। ਰਾਜ ਯੋਗ ਅਤੇ ਅਭਿਆਸ ਯੋਗ ਦੋਨਾਂ ਦੇ ਸ਼ੁੱਭ ਲੱਛਣ ਸਾਫ ਦਿਖਾਈ ਦਿੰਦੇ ਹਨ। ਇਹ ਇੱਕ ਬਹਾਦਰ ਯੋਧੇ ਦੀ ਮੌਤ ਮਰੇਗਾ ਤੇ ਜਹਾਨ ਵਿੱਚ ਇਸਦਾ ਜਸ ਗਾਇਆ ਜਾਵੇਗਾ।"

ਪਾਧੇ ਤੋਂ ਸ਼ੁਭ ਲਕਸ਼ਣਾਂ ਦੀਆਂ ਗੱਲਾਂ ਸੁਣ ਕੇ ਪ੍ਰਸੰਨ ਹੁੰਦੇ ਹੋਏ ਮੇਰੇ ਪਿਤਾ ਨੇ ਮੇਰਾ ਨਾਮਕਰਨ ਸ਼ੁਭ ਲੱਛਣਾਂ ਵਾਲਾ ਦੇਵਤਾ ਭਾਵ ਲਛਮਣ ਦੇਵ ਕਰ ਦਿੱਤਾ ਸੀ। ਮੇਰਾ ਪਿਤਾ ਨਾ ਜ਼ਿਆਦਾ ਅਮੀਰ ਸੀ ਤੇ ਨਾ ਹੀ ਗਰੀਬ। ਬਸ ਸਮਝ ਲਉ ਮੱਧ ਵਰਗੀ ਕਿਸਾਨ ਪਰਿਵਾਰ ਸੀ ਸਾਡਾ। ਖੇਤੀਬਾੜੀ ਅਤੇ ਪਸ਼ੂਪਾਲਨ ਨਾਲ ਘਰ ਦਾ ਵਧੀਆ ਗੁਜਾਰਾ ਹੋਈ ਜਾ ਰਿਹਾ ਸੀ। ਰਾਜੌਰੀ ਦੇ ਨਜ਼ਦੀਕ ਹੀ ਜੋਰੇ ਕੇ ਗੜ੍ਹ ਪਿੰਡ ਵਿੱਚ ਸਾਡੀ ਕੁਝ ਜ਼ਮੀਨ ਸੀ।

ਜਿਵੇਂ ਸਾਰੇ ਮਾਪੇ ਹੀ ਚਾਹੁੰਦੇ ਹੁੰਦੇ ਹਨ ਕਿ ਉਨ੍ਹਾਂ ਦੀ ਸੰਤਾਨ ਤਰੱਕੀ ਦੀਆਂ ਮੰਜ਼ਿਲਾਂ ਛੂਹੇ, ਉਵੇਂ ਮੇਰੇ ਮਾਪੇ ਵੀ ਮੈਨੂੰ ਯੋਧਾ ਅਤੇ ਬਲਵਾਨ ਬਣਿਆ ਦੇਖਣਾ ਚਾਹੁੰਦੇ ਸਨ। ਇਸ ਲਈ ਰਾਜਪੂਤੀ ਰਵਾਇਤਾਂ ਮੁਤਾਬਕ ਮੈਨੂੰ ਘੋੜਸਾਵਰੀ, ਤਲਵਾਰਬਾਜ਼ੀ ਅਤੇ ਤੀਰ-ਅੰਦਾਜ਼ੀ ਬਚਪਨ ਤੋਂ ਹੀ ਸਿਖਾਈ ਗਈ ਸੀ। ਬੇਸ਼ੱਕ ਮੈਂ ਹੋਰ ਸ਼ਸਤਰਾਂ ਨੂੰ ਵਾਹੁਣ ਚਲਾਉਣ ਵਿੱਚ ਵੀ ਨਿਮੁੰਨ ਸੀ, ਲੇਕਿਨ ਮੇਰੀ ਜ਼ਿਆਦਾ ਪਕੜ ਧਨੁੱਖਬਾਜ਼ੀ ਵਿੱਚ ਸੀ। ਜਿਵੇਂ ਪਟਰਾਨੀਆਂ ਰਾਣੀਹਾਰ ਆਪਣੇ ਗਲੇ ਵਿੱਚ ਹਰ ਸਮੇਂ ਸਜਾ ਕੇ ਰੱਖਦੀਆਂ ਸਨ, ਉਵੇਂ ਮੈਂ ਵੀ ਆਪਣਾ ਤਰਕਸ਼ ਸਦਾ ਆਪਣੇ ਮੋਢੇ 'ਤੇ ਪਾ ਕੇ ਰੱਖਿਆ ਕਰਦਾ ਸੀ। ਮੈਂ ਆਪਣੇ ਸਾਥੀਆਂ ਵਿੱਚੋਂ ਸਭ ਨਾਲੋਂ ਵਧੀਆ ਤੀਰ-ਅੰਦਾਜ਼ ਸੀ। ਇਸੇ ਸ਼ਸਤਰ ਵਿੱਦਿਆ ਦੀ ਆਪਣੇ ਆੜੀਆਂ ਉੱਪਰ ਧੌਂਸ ਜਮਾਉਣ ਲਈ ਮੈਂ ਅਕਸਰ ਉਨ੍ਹਾਂ ਨੂੰ ਲੈ ਕੇ ਨੇੜਲੇ ਮੇਂਧੜ ਦੇ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਇਆ ਕਰਦਾ ਸੀ। ਅਸੀਂ ਸ਼ਿਕਾਰ ਮਾਰ ਕੇ ਉੱਥੇ ਹੀ ਉਸਨੂੰ ਭੁੰਨ ਕੇ ਖਾਂਦੇ ਅਤੇ ਮੌਜ ਮਸਤੀ ਕਰਕੇ ਆਪਣੇ ਘਰਾਂ ਨੂੰ ਆ ਜਾਂਦੇ ਸੀ। ਮੈਂ ਆਪਣੀਆਂ ਅੱਖਾਂ ਉੱਪਰ ਪੱਟੀ ਬੰਨ ਕੇ ਅਸਮਾਨ ਵਿੱਚ ਉੱਡੇ ਜਾਂਦੇ ਪੰਛੀ ਨੂੰ ਆਪਣੇ ਤੀਰ ਨਾਲ ਫੁੰਡ ਲੈਂਦਾ ਹੁੰਦਾ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੀਰ ਕਮਾਨ 'ਤੇ ਮੇਰਾ ਹੱਥ ਕਿੰਨਾ ਟਿਕਿਆ ਹੋਇਆ ਸੀ। ਸ਼ਿਕਾਰ ਦਾ ਮੈਨੂੰ ਐਨਾ ਜ਼ਿਆਦਾ ਸ਼ੌਂਕ ਸੀ ਕਿ ਕਈ ਵਾਰ ਸ਼ਿਕਾਰ ਖੇਡਦੇ-ਖੇਡਦੇ ਅਸੀਂ ਤੱਛਲ (ਰਾਜੌਰੀ ਤੋਂ ੫੦ ਕਿਲੋਮੀਟਰ ਦੂਰ) ਤੱਕ ਵੀ ਚਲੇ ਜਾਂਦੇ ਸੀ। 

ਮੇਰੀ ਉਮਰ ਉਸ ਵਕਤ ਕੋਈ ਤੇਰਾਂ ਚੌਦਾ ਸਾਲ (੧੬੭੩/੭੪ ਵਿੱਚ) ਦੀ ਹੋਵੇਗੀ। ਇੱਕ ਦਿਨ ਅਸੀਂ ਰਾਜੌਰੀ ਨਜ਼ਦੀਕ ਮੇਂਧੜ ਦੀਆਂ ਵਾਦੀਆਂ ਵਿੱਚ ਸ਼ਿਕਾਰ ਖੇਡ ਰਹੇ ਸੀ। ਮੇਰੇ ਨਾਲ ਮੇਰੇ ਕਈ ਮਿੱਤਰ ਅਤੇ ਸਾਥੀ ਸਨ। ਅਸੀਂ ਕਾਫੀ ਦੇਰ ਤੱਕ ਸ਼ਿਕਾਰ ਦੀ ਭਾਲ ਵਿੱਚ ਭਟਕਦੇ ਰਹੇ। ਮੇਂਧੜ ਦੇ ਇਰਦ-ਗਿਰਦ ਕਾਫੀ ਸਾਰੇ ਤਲਾਅ ਅਤੇ ਝਰਨੇ ਸਨ। ਸਾਨੂੰ ਪਤਾ ਸੀ ਕਿ ਜੰਗਲੀ ਜਾਨਵਰ ਅਕਸਰ ਉੱਥੋਂ ਪਾਣੀ ਪੀਣ ਆਇਆ ਕਰਦੇ ਸਨ। ਅਸੀਂ ਇੱਕ ਝਰਨੇ ਕੋਲ ਜਾ ਕੇ ਝਾੜੀਆਂ ਪਿੱਛੇ ਲੁੱਕ ਕੇ ਬੈਠ ਗਏ। ਕੁਝ ਦੇਰ ਇੰਤਜ਼ਾਰ ਕਰਨ ਉਪਰੰਤ ਉੱਥੇ ਇੱਕ ਹਿਰਨਾਂ ਦੀ ਡਾਰ ਆ ਗਈ। ਅਚਾਨਕ ਮੇਰੇ ਇੱਕ ਸਾਥੀ ਨੇ ਹਫਲ ਕੇ ਰੌਲਾ ਪਾ ਦਿੱਤਾ। ਉਹ ਹਿਰਨ ਡਰਦੇ ਹੋਏ ਉੱਥੋਂ ਭੱਜਣ ਲੱਗ ਪਏ। ਮੈਂ ਫੁਰਤੀ ਨਾਲ ਇੱਕ ਗੋਡਾ ਧਰਤੀ ਉੱਤੇ ਟੇਕਿਆ, ਭੱਥੇ ਵਿੱਚੋਂ ਇੱਕ ਤੀਰ ਕੱਢ ਕੇ ਚਿਲੇ 'ਤੇ ਚਾੜ੍ਹਿਆ ਤੇ ਜਦੋਂ ਤੰਦੀ ਨੂੰ ਪੂਰਾ ਤਿੰਨ ਟੰਕ ਖਿੱਚ ਕੇ ਛੱਡਿਆ ਤਾਂ ਉਹ ਜਾ ਕੇ ਇੱਕ ਹਿਰਨੀ ਦੇ ਪੇਟ ਵਿੱਚ ਖੁੱਭ ਗਿਆ। 

ਤੀਰ ਦੇ ਮੂੰਹ ਨੇ ਹਿਰਨੀ ਦੇ ਢਿੱਡ ਵਿੱਚ ਵੱਡਾ ਸਾਰਾ ਪਾੜ ਪਾ ਦਿੱਤਾ ਸੀ। ਹਿਰਨੀ ਉੱਥੇ ਹੀ ਫੁੜਕ ਕੇ ਡਿੱਗ ਪਈ ਸੀ। ਉਸਦੇ ਜਿਸਮ ਵਿੱਚੋਂ ਖੂਨ ਦੀਆਂ ਤਤੀਰੀਆਂ ਵਗਣ ਲੱਗ ਪਈਆਂ ਸਨ। ਮੈਂ ਆਪਣੇ ਸਾਥੀਆਂ ਨਾਲ ਜਦੋਂ ਆਪਣੇ ਮਾਰੇ ਸ਼ਿਕਾਰ ਨੂੰ ਚੁੱਕਣ ਗਿਆ ਤਾਂ ਉਸਦਾ ਪੇਟ ਸਾਫ ਕਰਦਿਆਂ ਉਸ ਸੂਣ ਵਾਲੀ ਹਿਰਨੀ ਦੇ ਗਰਭ ਵਿੱਚੋਂ ਦੋ ਛੋਟੇ-ਛੋਟੇ ਉਸਦੇ ਹਰਨੋਟ ਬੱਚੇ ਉੱਛਲ ਕੇ ਬਾਹਰ ਆ ਗਏ। ਹਿਰਨੀ ਤਾਂ ਤੀਰ ਲੱਗਦਿਆਂ ਹੀ ਤੀਰ ਦੇ ਮੂੰਹ ਨੂੰ ਲੱਗੀ ਜ਼ਹਿਰ ਕਾਰਨ ਪ੍ਰਾਣ ਤਿਆਗ ਚੁੱਕੀ ਸੀ। ਲੇਕਿਨ ਧਰਤੀ 'ਤੇ ਲਹੂ ਦੇ ਛੱਪੜ ਵਿੱਚ ਲਿਬੜੇ ਪਏ ਉਸਦੇ ਦੋਨੇ ਬੱਚੇ ਸਹਿਕ ਰਹੇ ਸਨ। 

ਮੇਰੇ ਸਾਥੀਆਂ ਨੂੰ ਭੁੱਖ ਬਹੁਤ ਲੱਗੀ ਹੋਈ ਹੋਣ ਕਰਕੇ ਉਹ ਜਲਦੀ ਹਿਰਨੀ ਨੂੰ ਭੁੰਨ ਕੇ ਖਾਹ ਲੈਣਾ ਚਾਹੁੰਦੇ ਸਨ। ਮੈਂ ਉਨ੍ਹਾਂ ਨੂੰ ਲਾਲ੍ਹਾਂ ਸੁੱਟਣੋਂ ਰੋਕ ਦਿੱਤਾ। ਹਿਰਨੀ ਦੇ ਬੱਚੇ ਪ੍ਰਿਥਵੀ ਉੱਤੇ ਪਏ ਤੜਫੀ ਜਾ ਰਹੇ ਸਨ। ਇਹ ਦ੍ਰਿਸ਼ ਦੇਖਦਿਆਂ ਹੀ ਮੇਰੇ ਹੱਥ ਪੈਰ ਕੰਬਣ ਲੱਗ ਪਏ। ਅਜਿਹਾ ਨਹੀਂ ਸੀ ਕਿ ਮੈਂ ਪਹਿਲਾਂ ਕੋਈ ਜਾਨਵਰ ਨਹੀਂ ਸੀ ਮਾਰਿਆ। ਲੇਕਿਨ ਜਨਮ ਲੈਣ ਤੋਂ ਪਹਿਲਾਂ ਮੈਂ ਕਿਸੇ ਕੀੜੇ ਮਕੌੜੇ ਨੂੰ ਵੀ ਨਹੀਂ ਸੀ ਮਾਰ ਕੇ ਦੇਖਿਆ। ਜਾਂ ਇਹ ਕਹਿ ਲਉ ਕਿ ਮੈਂ ਕਿਸੇ ਨੂੰ ਤੜਫ-ਤੜਫ ਕੇ ਮਰਦੇ ਨਹੀਂ ਸੀ ਤੱਕਿਆ। ਮੈਂ ਸੁੰਨ ਹੋਇਆ ਉਨ੍ਹਾਂ ਹਿਰਨੀ ਦੇ ਬੱਚਿਆਂ ਨੂੰ ਤੜਫਦੇ ਡੌਰ-ਭੌਰ ਹੋਇਆ ਦੇਖਦਾ ਰਿਹਾ। ਕੁਝ ਪਲਾਂ ਬਾਅਦ ਉਹ ਸਹਿਕ-ਸਹਿਕ ਕੇ ਮਰ ਗਏ। ਸਾਡਾ ਸ਼ਿਕਾਰ ਦਾ ਸਾਰਾ ਮਜ਼ਾ ਕਿਰਕਰਾ ਹੋ ਗਿਆ ਸੀ। ਮੈਂ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਹਿਰਨੀ ਅਤੇ ਉਸਦੇ ਦੋਨੇ ਬੱਚਿਆਂ ਨੂੰ ਜ਼ਮੀਨ ਵਿੱਚ ਟੋਆ ਪੱਟ ਕੇ ਦਫਨ ਕਰ ਦਿੱਤਾ। ਉਸ ਦਿਨ ਤੋਂ ਮੈਂ ਮਾਸ ਨਾ ਖਾਣ ਦੀ ਕਸਮ ਖਾਹ ਲਿੱਤੀ ਸੀ।

ਘਰ ਆ ਕੇ ਮੈਂ ਉਸ ਦਿਨ ਨਾ ਕੁਝ ਖਾਧਾ, ਪੀਤਾ ਤੇ ਨਾ ਹੀ ਕਿਸੇ ਨਾ ਬੋਲਿਆ। ਰਾਤ ਨੂੰ ਵੀ ਮੈਨੂੰ ਨੀਂਦ ਨਾ ਆਈ। ਹਿਰਨੀ ਦੇ ਬੱਚਿਆਂ ਵਾਂਗ ਮੈਂ ਵੀ ਸਾਰੀ ਰਾਤ ਪਾਸੇ ਮਾਰਦਾ ਤੜਫਾ ਰਿਹਾ। ਜਦੋਂ ਹੀ ਮੈਂ ਸੌਣ ਦੀ ਕੋਸ਼ਿਸ਼ ਵਿੱਚ ਅੱਖਾਂ ਬੰਦ ਕਰਦਾ ਤਾਂ ਮੈਨੂੰ ਹਿਰਨੀ ਦੇ ਮੌਤ ਨਾਲ ਘੁੱਲਦੇ ਬੱਚੇ ਨਜ਼ਰ ਆਉਣ ਲੱਗ ਜਾਂਦੇ। ਮੈਂ ਤ੍ਰਬਕਦਾ ਹੋਇਆ ਉੱਠ ਕੇ ਬੈਠ ਜਾਂਦਾ। ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਨੂੰ ਆਪਣੇ ਹੱਥੋਂ ਹੋਏ ਕਿਸੇ ਪਾਪ ਦਾ ਅਹਿਸਾਸ ਹੋਇਆ ਸੀ। ਮੇਰੀ ਸਾਰੀ ਆਤਮਾਂ ਮੇਰੇ ਵਜੂਦ ਵਿੱਚ ਧੁਰ ਅੰਦਰ ਤੱਕ ਝੰਜੋੜੀ ਗਈ ਸੀ। 

ਮੈਂ ਉਸ ਦਿਨ ਤੋਂ ਬਾਅਦ ਗੁੰਮ-ਸੁੰਮ ਅਤੇ ਉਪਰਾਮ ਰਹਿਣ ਲੱਗ ਪਿਆ ਸੀ। ਮੈਨੂੰ ਆਪਣਾ ਜੀਵਨ ਵਿਅਰਥ ਜਾਪਣ ਲੱਗ ਪਿਆ ਸੀ ਤੇ ਜਿਉਣ ਦਾ ਕੋਈ ਮਕਸਦ ਨਜ਼ਰ ਨਹੀਂ ਸੀ ਆਉਂਦਾ। ਮੇਰਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਮੈਂ ਹਰ ਵਕਤ ਬੇਚੈਨ ਜਿਹਾ ਰਹਿਣ ਲੱਗ ਪਿਆ ਸੀ। ਮੈਨੂੰ ਮੇਰੇ ਯਾਰ ਬੇਲੀ ਅਤੇ ਘਰਦੇ ਅਕਸਰ ਸਮਝਾਉਂਦੇ ਰਹਿੰਦੇ, "ਜਦੋਂ ਸ਼ਿਕਾਰ ਖੇਡਣ ਜਾਈਦੇ ਤਾਂ ਕਿਸੇ ਨਾ ਕਿਸੇ ਜਨੌਰ-ਜਾਨਵਰ ਨੇ ਤਾਂ ਨਿਸ਼ਾਨਾ ਲੱਗਣ ਨਾਲ ਮਰਨਾ ਹੀ ਹੁੰਦੈ। ਇਹਦੇ ਵਿੱਚ ਦਿਲ ਨੂੰ ਲਾਉਣ ਵਾਲੀ ਕਿਹੜੀ ਗੱਲ ਹੈ?" 

ਲੇਕਿਨ ਇਸ ਘਟਨਾ ਦਾ ਮੇਰੇ ਸੰਵੇਦਨਾਸ਼ੀਲ ਮਨ ਉੱਪਰ ਬਹੁਤ ਗਹਿਰਾ ਅਸਰ ਹੋਇਆ ਸੀ ਤੇ ਮੇਰੀ ਜ਼ਿੰਦਗੀ ਵਿੱਚ ਅਜੀਬ ਜਿਹੀ ਉੱਥਲ-ਪੁੱਥਲ ਹੋ ਗਈ ਸੀ। ਮੈਂ ਆਪਣੇ ਕੀਤੇ ਗੁਨਾਹ ਨੂੰ ਚੇਤੇ ਕਰਕੇ ਇਕਾਂਤ ਵਿੱਚ ਬੈਠਾ ਹਰਦਮ ਰੋਂਦਾ ਰਹਿੰਦਾ ਸੀ। ਹਿਰਨੀ ਤੇ ਉਸਦੇ ਹਰਨੋਟ ਬੱਚਿਆਂ ਦੀ ਤੜਫ ਤਾਂ ਮਰਨ ਮਗਰੋਂ ਖਤਮ ਹੋ ਗਈ ਸੀ, ਪਰ ਮੇਰੀ ਤੜਫ ਉਸ ਦਿਹਾੜੇ ਅਤੇ ਉਸ ਪਲ ਤੋਂ ਆਰੰਭ ਹੋ ਗਈ ਸੀ।

ਸਾਡੇ ਨਜ਼ਦੀਕੀ ਸ਼ਹਿਰ ਰਿਆਸੀ ਦਾ ਹਾਕਮ ਇੱਕ ਜ਼ਾਲਮ ਮੁਸਲਮਾਨ ਸੀ ਤੇ ਸਾਡੇ ਪਿੰਡਾਂ ਦੀ ਬਹੁਤੀ ਵਸੋਂ ਹਿੰਦੂ ਕਿਸਾਨਾਂ ਦੀ ਸੀ। ਪਹਾੜੀ ਇਲਾਕਾ ਹੋਣ ਕਰਕੇ ਫਸਲਬਾੜੀ ਵਧੀਆ ਨਹੀਂ ਸੀ ਹੁੰਦੀ। ਕਿਸਾਨਾਂ ਦਾ ਬਹੁਤਾ ਗੁਜ਼ਾਰਾ ਪਸ਼ੂਆਂ ਦਾ ਦੁੱਧ, ਉੱਨ ਅਤੇ ਮਾਸ ਵੇਚ ਕੇ ਹੁੰਦਾ ਸੀ। ਇੱਕ ਵਾਰ ਹੜ੍ਹ ਆ ਗਏ ਤੇ ਸਾਡੇ ਪਿੰਡਾਂ ਵਾਲਿਆਂ ਦੇ ਪਸ਼ੂ ਰੁੜ ਗਏ, ਘਰ ਬਾਰ ਤਬਾਹ ਹੋ ਗਏ, ਪੱਕੀਆਂ ਫਸਲਾਂ ਨਸ਼ਟ ਹੋ ਗਈਆਂ। ਲੋਕ ਹਾਕਮ ਨੂੰ ਲਗਾਨ ਨਾ ਦੇ ਸਕੇ। ਲੋਕਾਂ ਕੋਲ ਤਾਂ ਖਾਣ ਨੂੰ ਕੁਝ ਨਹੀਂ ਸੀ। ਲਗਾਨ ਉਹ ਕਿੱਥੋਂ ਦਿੰਦੇ? 

ਹਾਕਮ ਨੇ ਬਿਲਕੁਲ ਰਹਿਮ ਨਾ ਕੀਤਾ ਤੇ ਨਾ ਹੀ ਕਿਸੇ ਦੀ ਮਜ਼ਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਸ ਨੇ ਸਾਡੇ ਪਿੰਡ ਵਾਸੀਆਂ ਨੂੰ ਇੱਕ ਚੁਰਾਹੇ ਵਿੱਚ ਇਕੱਠਾ ਕਰਕੇ ਨੰਗੇ ਪਿੰਡੇ ਕੋੜੇ ਲਗਵਾਏ ਤੇ ਭੁੰਜੇ ਪਾ ਕੇ ਉਸਦੇ ਸਿਪਾਹੀਆਂ ਨੇ ਮਜ਼ਲੂਮ ਜਨਤਾ ਉੱਪਰ ਘੋੜੇ ਚੜ੍ਹਾ ਦਿੱਤੇ। ਬੱਚੇ, ਬੁੱਢੇ, ਮਰਦ ਅਤੇ ਇਸਤਰੀਆਂ ਸਭਨਾਂ ਦੇ ਸਰੀਰਾਂ ਨੂੰ ਘੋੜੇ ਉਨ੍ਹਾਂ ਚਿਰ ਤੱਕ ਦਰੜਦੇ ਰਹੇ, ਜਦੋਂ ਤੱਕ ਉਹ ਪ੍ਰਾਣ ਨਹੀਂ ਸੀ ਤਿਆਗ ਗਏ। ਲੋਕਾਂ ਦੀਆਂ ਚੀਕਾਂ ਅੰਬਰ ਦੀ ਹਿੱਕ ਪਾੜ ਗਈਆਂ ਸਨ, ਪਰ ਹਾਕਮ ਨੂੰ ਤਰਸ ਨਹੀਂ ਸੀ ਆਇਆ। ਬਹੁਤ ਸਾਰੇ ਮੇਰੇ ਪਿੰਡ ਦੇ ਲੋਕ ਇਸ ਤਸ਼ੱਦਦ ਨੂੰ ਨਾ ਸਹਾਰਦੇ ਹੋਏ ਮਰ ਗਏ ਸਨ। ਜਿਹੜੇ ਬਚੇ ਸਨ, ਉਹ ਨਕਾਰਾ ਅਤੇ ਅੰਗਹੀਣ ਹੋ ਗਏ ਸਨ। ਇਨ੍ਹਾਂ ਮਰਨ ਵਾਲਿਆਂ ਵਿੱਚ ਮੇਰੇ ਮਾਤਾ ਪਿਤਾ ਵੀ ਸਨ। ਮੈਨੂੰ ਮੇਰੇ ਚਾਚੇ ਨੇ ਬੁੱਕਲ ਵਿੱਚ ਲੈ ਕੇ, ਮੇਰੇ ਮੂੰਹ ਉੱਪਰ ਹੱਥ ਰੱਖ ਕੇ ਆਪਣੇ ਨਾਲ ਹੀ ਲੁਕਾ ਲਿਆ ਸੀ। ਲੇਕਿਨ ਆਪਣੇ ਪਿੰਡ ਵਾਲਿਆਂ ਉੱਪਰ ਢਾਹੇ ਜਾ ਰਹੇ ਤਸ਼ੱਦਦ ਦਾ ਸਾਰਾ ਦ੍ਰਿਸ਼ ਮੈਂ ਆਪਣੀ ਛਿਪਣਗਾਹ ਵਿੱਚੋਂ ਦੇਖਦਾ ਰਿਹਾ ਸੀ। ਉਸ ਸਮੇਂ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣਾ ਤਰਕਸ਼ ਚੁੱਕਾਂ 'ਤੇ ਤੀਰਾਂ ਦੀ ਬੁਛਾੜ ਕਰਕੇ ਹਾਕਮ ਦੇ ਸਾਰੇ ਸਿਪਾਹੀਆਂ ਨੂੰ ਮੌਕੇ 'ਤੇ ਹੀ ਮਾਰ ਦੇਵਾਂ। ਮਗਰ ਮੇਰੇ ਚਾਚੇ ਨੇ ਮੈਨੂੰ ਆਪਣੀ ਗੋਦੀ ਵਿੱਚ ਜ਼ੋਰ ਨਾਲ ਘੁੱਟ ਕੇ ਫੜਿਆ ਹੋਇਆ ਸੀ। 

ਸਿਪਾਹੀਆਂ ਦੇ ਜਾਣ ਬਾਅਦ ਬਚਦੇ ਮੇਰੇ ਪਿੰਡ ਵਾਸੀਆਂ ਨੂੰ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਪਹਿਚਾਣੀਆਂ ਵੀ ਔਖੀਆਂ ਹੋ ਗਈਆਂ ਸਨ। ਜਿਵੇਂ ਚੱਕੀ ਕਣਕ ਨੂੰ ਪੀਸ ਕੇ ਆਟਾ ਬਣਾ ਦਿੰਦੀ ਹੈ, ਇਉਂ ਲੋਕਾਂ ਦੀਆਂ ਹੱਡੀਆਂ ਪੀਸੀਆਂ ਪਈਆਂ ਸਨ। ਸਾਡੇ ਪਿੰਡ ਵਾਲਿਆਂ ਨੇ ਉੱਥੇ ਹੀ ਲਕੜਾਂ ਅਤੇ ਤੇਲ ਪਾ ਕੇ ਸਭ ਦਾ ਸਮੂਹਿਕ ਸੰਸਕਾਰ ਕਰ ਦਿੱਤਾ ਸੀ। ਇਸ ਜ਼ੁਲਮ ਦੀ ਤਸਵੀਰ ਸਦਾ ਲਈ ਮੇਰੇ ਜ਼ਿਹਨ ਵਿੱਚ ਅਮਿੱਟ ਛਾਪ ਬਣਕੇ ਉੱਕਰੀ ਗਈ ਸੀ। ਉਸ ਪਲ ਤੋਂ ਜ਼ਾਲਮ ਮੁਸਲਮਾਨਾਂ ਨਾਲ ਮੈਨੂੰ ਬਹੁਤ ਨਫਰਤ ਹੋ ਗਈ ਸੀ। ਖਾਸਕਰ ਹਾਕਮ ਵਰਗ ਨਾਲ ਤਾਂ ਦੁਸ਼ਮਣੀ ਹੀ ਪੈ ਗਈ ਸੀ। ਉਸ ਵਕਤ ਬੱਚਾ ਹੋਣ ਕਰਕੇ ਮੈਂ ਕੁਝ ਨਹੀਂ ਸੀ ਕਰ ਸਕਦਾ। ਪਰ ਮੈਂ ਮਨ ਹੀ ਮਨ ਪ੍ਰਣ ਕਰ ਲਿਆ ਸੀ ਕਿ ਵੱਡਾ ਹੋ ਕੇ ਅਜਿਹੇ ਜ਼ਾਲਮਾਂ ਤੋਂ ਗਿਣ-ਗਿਣ ਬਦਲੇ ਲਿਆ ਕਰਾਂਗਾ ਅਤੇ ਮਜ਼ਲੂਮਾਂ ਨੂੰ ਅੱਤਿਆਚਾਰੀਆਂ ਦੇ ਤਸ਼ੱਦਦ ਤੋਂ ਨਿਜਾਤ ਦਿਵਾਇਆ ਕਰਾਂਗਾ।  

ਇਸ ਵਾਕਿਏ ਤੋਂ ਪਛਚਾਤ ਅਕਸਰ ਮੇਰਾ ਖੂਨ ਖੌਲਣ ਲੱਗ ਜਾਂਦਾ ਤੇ ਮੇਰਾ ਦਿਲ ਕਰਦਾ ਕਿ ਮੈਂ ਜਾ ਕੇ ਹਾਕਮ ਨੂੰ ਮਾਰ ਦੇਵਾਂ। ਮੈਂ ਆਪਣੇ ਮਾਤਾ, ਪਿਤਾ ਅਤੇ ਪਿੰਡ ਵਾਸੀਆਂ ਦੀ ਮੌਤ ਦਾ ਬਦਲਾ ਲੈਣ ਲਈ ਆਪਣੇ ਦਿਮਾਗ ਵਿੱਚ ਅਕਸਰ ਵਿਉਂਤਾਂ ਬਣਾਉਂਦਾ ਰਹਿੰਦਾ ਸੀ। ਪਰ ਮੇਰਾ ਚਾਚਾ ਮੈਨੂੰ ਰੋਕ ਦਿੰਦਾ ਤੇ ਸਮਝਾਉਂਦਾ, "ਹਾਕਮ ਬਹੁਤ ਤਾਕਤਵਰ ਆ। ਤੂੰ ਆਪ ਵੀ ਮਰੇਂਗਾ ਤੇ ਸਾਨੂੰ ਵੀ ਮਰਵਾਏਂਗਾ।"

ਚਾਚੇ ਦੀ ਗੱਲ ਮੈਨੂੰ ਸਹੀ ਲੱਗਦੀ ਤੇ ਮੈਂ ਆਪਣਾ ਸਾਰਾ ਗੁੱਸਾ ਆਪਣੇ ਅੰਦਰ ਹੀ ਪੀ ਜਾਂਦਾ ਸੀ। ਫੇਰ ਮਾਯੂਸ ਹੋ ਕੇ ਮੈਂ ਸੋਚਣ ਲੱਗ ਪੈਂਦਾ ਸੀ ਕਿ ਪ੍ਰਮਾਤਮਾ ਨੇ ਹਿਰਨੀ ਦੇ ਬੱਚੇ ਮਾਰਨ ਦੀ ਸਜਾ ਮੈਨੂੰ, ਮੇਰੇ ਮਾਂ ਪਿਉ ਖੋਹ ਕੇ ਦਿੱਤੀ ਹੋਵੇਗੀ। ਅਜਿਹਾ ਸੋਚ ਕੇ ਮੈਂ ਹੋਰ ਵੀ ਤੜਫ ਜਾਂਦਾ ਸੀ। 

ਕੁਝ ਦਿਨਾਂ ਬਾਅਦ ਮੈਂ ਆਪਣੇ ਚਾਚਾ ਚਾਚੀ ਨੂੰ ਬੋਝ ਲੱਗਣ ਲੱਗ ਪਿਆ ਸੀ। ਉਹ ਮੈਥੋਂ ਸਾਰਾ ਦਿਨ ਘਰ ਦੇ ਕੰਮ ਕਰਵਾਉਂਦੇ ਅਤੇ ਮਾਰਦੇ ਝਿੜਕਦੇ ਰਹਿੰਦੇ ਸਨ। ਮੇਰਾ ਘਰ ਵਿੱਚ ਉੱਕਾ ਹੀ ਜੀਅ ਨਹੀਂ ਸੀ ਲੱਗਦਾ। ਮੇਰਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਦੂਰ ਕਿਧਰੇ ਭੱਜ ਜਾਵਾਂ। ਪਰ ਕਿੱਥੇ? ਮੇਰੇ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਸੀ। ਮੈਂ ਆਪਣੇ ਘਰ ਤੇ ਘਰ ਤੋਂ ਬਾਹਰ ਹਰਦਮ ਤੜਫਦਾ ਰਹਿੰਦਾ ਸੀ। ਉਸ ਸਮੇਂ ਮੈਨੂੰ ਕੋਈ ਇਲਮ ਨਹੀਂ ਸੀ ਕਿ ਮੇਰੀ ਇਹ ਤੜਫਣਾ ਕਦੋਂ ਖਤਮ ਹੋਣੀ ਸੀ। ਖਤਮ ਹੋਣੀ ਵੀ ਸੀ ਜਾਂ ਨਹੀਂ। ਨਾ ਹੀ ਮੈਨੂੰ ਆਪਣੀ ਤੜਫ ਮਾਰਨ ਦਾ ਕੋਈ ਸਾਧਨ ਜਾਂ ਵਸੀਲਾ ਨਜ਼ਰ ਆਉਂਦਾ ਸੀ। ਮੈਂ ਆਪਣੇ ਲਈ ਕੁਝ ਨਹੀਂ ਸੀ ਕਰ ਸਕਦਾ ਸਿਵਾਏ ਤੜਫਣ ਦੇ ਤੇ ਮੈਂ ਲਾਚਾਰ ਹੋਇਆ ਤੜਫੀ ਜਾ ਰਿਹਾ ਸੀ।

No comments:

Post a Comment