ਮੁਖ਼ਲਿਸਗੜ੍ਹ 'ਤੇ ਕਬਜ਼ਾ
ਸਾਮਣਾ, ਘੁੜਾਮ, ਸਨੌਰ, ਠਸਕਾ, ਕੁੰਜਪੁਰਾ, ਸ਼ਾਹਬਾਦ, ਦੈਮਾਲਾ, ਮੁਸਤਫਾਬਾਦ, ਕਪੂਰੀ ਅਤੇ ਸਢੌਰਾ ਦੀ ਫਤਿਹ ਤੋਂ ਬਾਅਦ ਫਰਵਰੀ ੧੭੧੦? ਵਿੱਚ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਕਿਸੇ ਪੱਕੇ ਅਤੇ ਨਿੱਘਰ ਕਿਲ੍ਹੇ ਦੀ ਜ਼ਰੂਰਤ ਸੀ। ਕੋਈ ਐਸਾ ਸੁਰੱਖਿਅਤ ਕਿਲ੍ਹਾ, ਜਿਸ 'ਤੇ ਵੈਰੀ ਲਈ ਹਮਲਾ ਕਰਨਾ ਵੀ ਮੁਸ਼ਕਿਲ ਹੋਵੇ ਤੇ ਸਾਡਾ ਗੋਲਾ ਬਾਰੂਦ, ਹਥਿਆਰ ਅਤੇ ਖਜ਼ਾਨਾ ਮਹਿਫੂਜ਼ ਸਾਂਭਿਆ ਰਹਿ ਸਕਦਾ ਹੋਵੇ। ਮੈਂ ਅਨੇਕਾਂ ਕਿਲ੍ਹਿਆਂ ਬਾਰੇ ਸੋਚਿਆ। ਲੇਕਿਨ ਮੇਰੀ ਸੋਚ ਆ ਕੇ ਮੁਖਲਿਸਗੜ੍ਹ ਦੇ ਕਿਲ੍ਹੇ ਉੱਪਰ ਅੜਕ ਗਈ। ਹਿਮਾਲਿਆ ਪਹਾੜ ਦੀਆਂ ਢਲਾਨਾ ਵੱਲ ਆਉਂਦਿਆਂ ਨਾਹਨ (ਹਿਮਾਚਲ ਪ੍ਰਦੇਸ਼) ਅਤੇ ਸਢੌਰੇ (ਹਰਿਆਣਾ) ਦੇ ਵਿਚਕਾਰ ਬਿਲਾਸਪੁਰ ਕੋਲ ਮੁਖਲਿਸਗੜ੍ਹ ਦਾ ਕਿਲ੍ਹਾ ਸੀ। ਸਢੌਰੇ ਤੋਂ ਇਸਦੀ ਦੂਰੀ ਇੱਕੀ ਮੀਲ ਸੀ ਤੇ ਇਸਨੂੰ ਜਾਣ ਦਾ ਪਹਾੜੀ ਰਸਤਾ ਬਹੁਤ ਕਠਿਨ ਅਤੇ ਔਕੜਾਂ ਭਰਿਆ ਸੀ। ਸੋਮ ਨਦੀ ਦੇ ਕੰਢੇ ਪਿੰਡ ਪੰਮੂ ਅਤੇ ਡਸਕਾ ਦੇ ਵਿਚਕਾਰਲੀਆਂ ਪਹਾੜੀਆਂ ਵਿੱਚ ਇਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਕਿਲ੍ਹਾ ਸੀ। ਸੂਰ ਵੰਸ਼ ਦੇ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਛੋਟਾ ਪੁੱਤਰ ਜਲਾਲ ਖਾਨ ੨੬ ੰaੇ ੧੫੪੫ ਨੂੰ ਆਪਣੇ ਵੱਡੇ ਭਰਾ ਆਦਿਲ ਸ਼ਾਹ ਦੀ ਬਜਾਏ ਤਖਤ ਉੱਪਰ ਬੈਠਾ ਤੇ ਉਸਨੇ ਆਪਣੇ ਨਾਮ ਨਾਲ ਇਸਲਾਮ ਸ਼ਾਹ ਦਾ ਲਕਬ ਜੋੜਿਆ। ਉਸਨੇ ਇਹ ਪਵਨਗੜ੍ਹ ਨਾਮ ਦਾ ਕਿਲ੍ਹਾ ਬਣਵਾਇਆ ਸੀ। ਉਸ ਤੋਂ ਬਾਅਦ ਇਸ ਕਿਲ੍ਹੇ ਨੂੰ ਸ਼ਾਹ ਜਹਾਨ ਬਾਦਸ਼ਾਹ ਦੇ ਇੱਕ ਸਿਪਾਹਸਲਾਰ ਪਠਾਣ ਅਮੀਰ ਮੁਖਲਿਸ ਖਾਨ ਨੇ ੧੬੫੦-੫੫ ਵਿੱਚ ਵੱਡਾ ਕੀਤਾ ਸੀ। ਮੁਖਲਿਸ ਖਾਨ ੧੬੩੪ ਵਿੱਚ ਅੰਮ੍ਰਿਤਸਰ ਦੀ ਜੰਗ ਗੁਰੂ ਹਰਗੋਬਿੰਦ ਜੀ ਨਾਲ ਲੜਿਆ ਸੀ। ਉਸਦਾ ਪੁੱਤਰ ਮੁਹੰਮਦ ਯਰਬੇਗ ਖਾਨ ਗੁਰੂ ਹਰਿ ਰਾਏ ਜੀ ਹੱਥੋਂ ਮਾਰਿਆ ਗਿਆ ਸੀ। ਇਹ ਮੁਖਲਿਸਗੜ੍ਹ ਦਰਿਆ ਜਮਨਾ ਪਾਰ ਵਾਲੇ ਮੁਖਲਿਸਪੁਰ ਤੋਂ ਵਖਰਾ ਸੀ।