Saturday, 31 December 2016

ਕਾਂਡ ਦੋ: ਬੈਰਾਗੀ

ਕਾਂਡ ਦੋ: ਬੈਰਾਗੀ (੧੬੭੪-੫ ਮਾਰਚ ੧੬੭੬)

ਮੈਂ ਅੰਤਾਂ ਦਾ ਮਾਨਸਿਕ ਤਨਾਅ ਹੰਢਾਉਂਦਿਆਂ ਬੜੀ ਹੀ ਬੇਚੈਨੀ ਭਰਪੂਰ ਜ਼ਿੰਦਗੀ ਜਿਉਂ ਰਿਹਾ ਸੀ। ਅਣਜਾਣਪੁਣੇ ਵਿੱਚ ਕੀਤੇ ਹੋਏ ਪਾਪ ਦਾ ਬੋਝ ਮੈਨੂੰ ਦਿਨ ਪ੍ਰਤੀ ਦਿਨ ਅੰਦਰੋਂ ਅੰਦਰੀ ਦਬਾਈ ਅਤੇ ਖਾਈ ਜਾ ਰਿਹਾ ਸੀ। ਮਾਪਿਆਂ ਦੇ ਅੱਖਾਂ ਮੂਹਰੇ ਹੋਏ ਕਤਲ ਦਾ ਦ੍ਰਿਸ਼ ਇੱਕ ਪਲ ਲਈ ਵੀ ਮੈਨੂੰ ਵਿਸਰਦਾ ਨਹੀਂ ਸੀ। ਮੈਂ ਰਾਤ ਨੂੰ ਸੁੱਤਾ ਪਿਆ ਅਭੜਵਾਹੇ ਤ੍ਰਬਕ ਕੇ ਉੱਠ ਖੜਦਾ ਸੀ। ਮੈਨੂੰ ਜਾਪਦਾ ਹੁੰਦਾ ਸੀ ਜਿਵੇਂ ਘੋੜਿਆਂ ਦੇ ਪੌੜ ਮੇਰੀ ਹਿੱਕ 'ਤੇ ਨਗਾਰੇ ਵਜਾ ਰਹੇ ਹੋਣ ਜਾਂ ਆਪਣੀ ਲੱਤਾਂ ਨਾਲ ਲਤੜ-ਲਤੜ ਘਾਹਣੀ ਕਰ ਰਹੇ ਹੋਣ। ਸਾਰੀ ਰਾਤ ਮੈਂ ਡਰਿਆ ਅਤੇ ਸਹਿਮੀਆ ਹੋਇਆ ਬੈਠ ਕੇ ਬਤੀਤ ਕਰਦਾ ਹੁੰਦਾ ਸੀ। ਦਿਨ ਵੇਲੇ ਵੀ ਕਿਸੇ ਕੰਮ ਵਿੱਚ ਮੇਰਾ ਮਨ ਨਾ ਲੱਗਦਾ। ਮੈਂ ਸਾਰੀ ਦਿਹਾੜੀ ਕੰਧਾਂ ਵਿੱਚ ਝੱਲਾ ਹੋਇਆ ਵੱਜਦਾ ਤੁਰਿਆ ਫਿਰਦਾ। ਮੈਂ ਇੱਕ ਚੱਲਦੀ ਫਿਰਦੀ ਲਾਸ਼ ਜਿਹੀ ਬਣ ਕੇ ਰਹਿ ਗਿਆ ਸੀ। ਖਾਣ ਪੀਣ ਦੀ ਸੁਰਤ ਨਾ ਰਹੀ ਹੋਣ ਕਰਕੇ ਮੈਂ ਦਿਨੋਂ ਦਿਨ ਸੁੱਕ ਕੇ ਤਵੀਤ ਬਣਦਾ ਜਾ ਰਿਹਾ ਸੀ। ਕਈ ਵਾਰ ਤਾਂ ਜ਼ਿੰਦਗੀ ਤੋਂ ਉਕਤਾ ਕੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਣ ਬਾਰੇ ਵੀ ਸੋਚਦਾ ਸੀ। ਪਰ ਆਤਮਹੱਤਿਆ ਕਰਨੀ ਵੀ ਕਿਹੜਾ ਸੌਖੀ ਹੁੰਦੀ ਹੈ?



ਕੁਦਰਤ ਨੇ ਹਰ ਸ਼ੈਅ ਲਈ ਪ੍ਰਵਿਰਤਨ ਦਾ ਨਿਯਮ ਬਣਾਇਆ ਹੁੰਦਾ ਹੈ। ਇਸ ਪ੍ਰਕਾਰ  ਥੋੜ੍ਹੇ ਸਮੇਂ ਬਾਅਦ ਮੇਰੀ ਜ਼ਿੰਦਗੀ ਵਿੱਚ ਵੀ ਤਬਦੀਲੀ ਆਈ। ਹੋਇਆ ਇੰਝ ਕਿ ਉਨ੍ਹੀਂ ਦਿਨੀਂ ਮੈਂ ਧਰਮਸਾਲ ਬ੍ਰਾਹਮਣਾਂ (ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ) ਅਤੇ ਚਿੰਤਪੂਰਨੀ (ਕਾਂਗੜਾ) ਦੇ ਵਿਚਕਾਰ ਪੰਡੋਰੀ ਵਿਖੇ ਗਿਆ ਹੋਇਆ ਸੀ। ਉੱਥੇ ਲਾਹੌਰ ਤੋਂ ਇੱਕ ਬੈਰਾਗੀ ਸਾਧੂਆਂ ਦਾ ਟੋਲਾ ਆਇਆ ਹੋਇਆ ਸੀ। ਮੈਂ ਉਹਨਾਂ ਦੇ ਅੱਸੀ ਬਿਆਸੀ ਸਾਲਾਂ ਦੇ ਗੁਰੂ ਜਾਨਕੀ ਪ੍ਰਸ਼ਾਦ (ਜਾਨਕੀ ਦਾਸ) ਦੇ ਅਧਿਆਤਮਕ ਪ੍ਰਵਚਨ ਸੁਣੇ ਤਾਂ ਮੇਰੇ ਮਨ ਨੂੰ ਕੁਝ ਸਕੂਨ ਮਹਿਸੂਸ ਹੋਇਆ। ਮੈਨੂੰ ਜਾਪਿਆ ਕਿ ਇਹ ਮਹਾਤਮਾ ਮੈਨੂੰ ਉਦਾਸੀਨਤਾ ਦੀਆਂ ਖੰਡਾਂ ਵਿੱਚੋਂ ਬਾਹਰ ਨਿਕਲਣ ਦੀ ਜੁਗਤ ਸਿਖਾ ਦੇਵੇਗਾ। ਫੇਰ ਉਹ ਸਾਧੂ ਸਾਡੇ ਨਗਰ ਕੋਲ ਰਿਆਸੀ ਆ ਗਏ। ਮੈਂ ਰਿਆਸੀ ਸਥਿਤ ਬੈਰਾਗੀਆਂ ਦੇ ਡੇਰੇ ਵਿੱਚ ਕਈ ਦਿਨ ਜਾਂਦਾ ਰਿਹਾ। ਮੈਂ ਮਹਾਤਮਾ ਜਾਨਕੀ ਪ੍ਰਸਾਦ ਦੀ ਕੁਝ ਦਿਨ ਸੰਗਤ ਕੀਤੀ ਤੇ ਉਹ ਮੇਰੀ ਸੇਵਾ ਤੋਂ ਖੁਸ਼ ਹੋ ਗਏ। ਵਾਪਿਸ ਜਾਂਦੇ ਹੋਏ ਉਹਨਾਂ ਨੇ ਮੈਨੂੰ ਆਪਣੇ ਨਾਲ ਚੱਲਣ ਦੀ ਪੇਸ਼ਕਸ਼ ਕੀਤੀ। ਜੋ ਮੈਂ ਠੁਕਰਾ ਨਾ ਸਕਿਆ। ਮੈਂ ਤਾਂ ਪਹਿਲਾਂ ਹੀ ਘਰੋਂ ਭੱਜਣਾ ਚਾਹੁੰਦਾ ਸੀ। ਮੈਨੂੰ ਜਾਪਿਆ ਜਿਵੇਂ ਮੇਰੀ ਨਿਸ਼ਾਨਾਹੀਣ ਜ਼ਿੰਦਗੀ ਨੂੰ ਕੋਈ ਲਕਸ਼ ਮਿਲ ਗਿਆ ਹੋਵੇ। ਮੈਂ ਬਿਨਾ ਕੁਝ ਸੋਚੇ ਸਮਝੇ, ਉਹਨਾਂ ਬੈਰਾਗੀ ਸਾਧੂਆਂ ਦੀ ਮੰਡਲੀ ਨਾਲ ਪਹਿਲਾਂ ਜੰਮੂ, ਫੇਰ ਪਠਾਣਕੋਟ, ਗੁਰਦਾਸਪੁਰ ਅਤੇ ਕਾਹਨੂੰਵਾਣ ਕੋਲ ਪੰਡੋਰੀ ਬਾਹਮਣਾਂ ਹੁੰਦੇ ਹੋਏ ਲਾਹੌਰ ਚਲਿਆ ਗਿਆ। ਇਸ ਮਹਾਤਮਾ ਜਾਨਕੀ ਪ੍ਰਸ਼ਾਦ ਨੂੰ ਕੁਝ ਵਰ੍ਹੇ ਪਹਿਲਾਂ ਵੀ ਮੈਂ ਅਕਤੂਬਰ ੧੬੭੦ ਦੀ ਦੁਰਗਾ ਅਸ਼ਟਮੀ ਮੌਕੇ ਤੱਛਲ ਵਿਖੇ ਮਿਲ ਚੁੱਕਾ ਸੀ। 

ਜਾਨਕੀ ਪ੍ਰਸਾਦ ਭਾਵੇਂ ਜਨਮ ਜਾਤ ਬ੍ਰਾਹਮਣ ਸੀ, ਲੇਕਿਨ ਬੈਰਾਗੀ ਹੋਣ ਕਰਕੇ ਆਪਣਾ ਗੁਜ਼ਾਰਾ ਭਿੱਖਿਆ ਮੰਗ ਕੇ ਕਰਦਾ ਸੀ। ਬੈਰਾਗੀ ਗੇਰੂਏ ਵਸਤਰ ਪਹਿਨਦੇ ਸਨ ਤੇ ਉਨ੍ਹਾਂ ਨੂੰ ਘਰਾਂ ਵਿੱਚ ਰਹਿਣ ਦੀ ਮਨਾਹੀ ਸੀ। ਬੈਰਾਗੀਆਂ ਦਾ ਇਤਿਹਾਸ ਗਿਆਰਵੀਂ ਸਦੀ ਤੋਂ ਆਰੰਭ ਹੋਇਆ ਮੰਨਿਆ ਜਾਂਦਾ ਹੈ। ਦੱਖਣੀ ਭਾਰਤ ਵਿੱਚ ਇਸ ਮਤ ਨੂੰ ਧਰਮ ਪ੍ਰਚਾਰਕ ਰਾਮਨੁਜ ਨੇ ਸ਼ੁਰੂ ਕੀਤਾ ਸੀ ਤੇ ਉੱਤਰੀ ਭਾਰਤ ਵਿੱਚ ਇਸਦਾ ਪ੍ਰਚਾਰ ਸੰਤ ਕਬੀਰ ਦੇ ਗੁਰੂ ਰਾਮਾਨੰਦ ਨੇ ਚੌਦਵੀਂ ਸਦੀ ਵਿੱਚ ਕੀਤਾ ਸੀ। ਬੈਰਾਗੀ ਅਕਸਰ ਆਪਣੇ ਨਾਮ ਨਾਲ ਆਪਣੇ ਸੰਪਰਦਾਏ ਦਾ ਚਿੰਨ ਨਾਮ ਬਾਵਾ, ਸਵਾਮੀ ਜਾਂ ਵੈਸ਼ਨਵ ਆਦਿ ਜੋੜਦੇ ਹਨ।

ਲਾਹੌਰ ਵਿੱਚ ਜਾਨਕੀ ਪ੍ਰਸਾਦ ਦੇ ਡੇਰੇ ਵਿੱਚ ਸਾਧੂਆਂ ਨਾਲ ਮੈਂ ਬੜੀ ਜਲਦੀ ਘੁੱਲ-ਮਿਲ ਗਿਆ। ਰਿਆਸੀ ਜਦੋਂ ਮੈਂ ਬੈਰਾਗੀਆਂ ਦੇ ਡੇਰੇ ਵਿੱਚ ਜਾਂਦਾ ਹੁੰਦਾ ਸੀ ਤਾਂ ਉੱਥੇ ਕਰੀਬ ਹੀ ਇੱਕ ਸਿਕਲੀਗਰਾਂ ਦੀ ਬਸਤੀ ਸੀ। ਬਰਤਨਾਂ ਨੂੰ ਸਿਕਲ ਅਰਥਾਤ ਕਲੀ ਕਾਰਨ ਵਾਲੇ ਰਾਜਸਥਾਨ ਤੋਂ ਆਏ ਹੋਏ ਇਹਨਾਂ ਸਿਕਲੀਗਰਾਂ ਨੇ ਮੁਗਲਾਂ ਦੀ ਈਨ ਨਾ ਮੰਨਣ ਦੀ ਬਜਾਏ ਪਹਾੜਾਂ ਵਿੱਚ ਆ ਟਿਕਣਾ ਵਧੇਰੇ ਮੁਨਾਸਿਬ ਸਮਝਿਆ ਸੀ। ਪਹਾੜਾਂ ਵਿੱਚ ਆ ਕੇ ਇਹ ਹਥਿਆਰ ਅਤੇ ਘਰੇਲੂ ਵਰਤੋਂ ਦੇ ਔਜਾਰ ਬਣਾ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ। ਜਦੋਂ ਮੈਂ ਉਨ੍ਹਾਂ ਨੂੰ ਨੇਜੇ, ਤੀਰ ਅਤੇ ਤਲਵਾਰਾਂ ਬਣਾਉਂਦੇ ਦੇਖਦਾ ਤਾਂ ਮੇਰਾ ਖੂਨ ਖੌਲਣ ਲੱਗ ਜਾਇਆ ਕਰਦਾ ਸੀ। ਮੇਰਾ ਮਨ ਕਰਦਾ ਹੁੰਦਾ ਸੀ ਕਿ ਉਨ੍ਹਾਂ ਤੋਂ ਹਥਿਆਰ ਲੈ ਕੇ ਮੈਂ ਸਾਰੇ ਮੁਗਲਾਂ ਨੂੰ ਮਾਰ ਦੇਵਾਂ। ਮੇਰਾ ਸਾਰਾ ਸਰੀਰ ਗੁੱਸੇ ਨਾਲ ਭਖਣ ਲੱਗ ਜਾਂਦਾ ਹੁੰਦਾ ਸੀ। ਮੇਰੀਆਂ ਅੱਖਾਂ ਵਿੱਚ ਖੂਨ ਉਤਰਿਆ ਤੱਕ ਕੇ ਗੁਰੂ ਜਾਨਕੀ ਪ੍ਰਸ਼ਾਦ ਮੈਨੂੰ ਆਪਣੇ ਕੋਲ ਬੁਲਾਉਂਦੇ ਤੇ ਗਲਵੱਕੜੀ ਪਾ ਕੇ ਆਪਣੀਆਂ ਸਿਆਣੀਆਂ ਗੱਲਾਂ ਨਾਲ ਤਪੇ ਹੋਏ ਨੂੰ ਠੰਡਾ ਕਰ ਦਿਆ ਕਰਦੇ ਸਨ, "ਬਦਲਾ ਲੈਣ ਵਾਲੇ ਨਾਲੋਂ ਮਾਫ ਕਰਨ ਵਾਲਾ ਮਹਾਨ ਹੁੰਦਾ ਹੈ, ਬਾਲਕ।"

ਗੁਰੂ ਜਾਨਕੀ ਪ੍ਰਸ਼ਾਦ ਦੇ ਅਜਿਹੇ ਪ੍ਰਵਚਨ ਸੁਣ ਕੇ ਮੈਂ ਆਪਣੇ ਹਿਰਖ ਨੂੰ ਮਾਰ ਲੈਂਦਾ ਤੇ ਬਦਲਾ ਲੈਣ ਦਾ ਵਿਚਾਰ ਮੇਰੇ ਮਨ ਵਿੱਚੋਂ ਨਿਕਲ ਜਾਂਦਾ ਸੀ। ਮੈਂ ਆਪਣੇ ਯਤੀਮ ਹੋਣ ਦਾ ਕਾਰਨ ਹਿਰਨੀ ਦੇ ਮਾਰੇ ਬੱਚਿਆਂ ਦਾ ਕੀਤਾ ਪਾਪ ਸਮਝ ਲੈਂਦਾ ਸੀ। 

ਇੱਕ ਦਿਨ ਜਾਨਕੀ ਪ੍ਰਸਾਦ ਨੇ ਮੈਨੂੰ ਆਪਣੇ ਕੋਲ ਇਕਾਂਤ ਵਿੱਚ ਬੁਲਾਇਆ ਤੇ ਮੈਥੋਂ ਪੁੱਛਿਆ ਕਿ ਕੀ ਮੇਰਾ ਉਸਦੇ ਡੇਰੇ ਵਿੱਚ ਦਿਲ ਲੱਗ ਗਿਆ ਹੈ? 

ਮੈਂ 'ਹਾਂ' ਵਿੱਚ ਉੱਤਰ ਦਿੱਤਾ ਤਾਂ ਉਨ੍ਹਾਂ ਨੇ ਕਿਹਾ, "ਘਰ ਪਰਿਵਾਰ ਦੀ ਯਾਦ ਸਤਾਉਣ ਲੱਗੀ ਤਾਂ ਤੂੰ ਇੱਥੇ ਭੱਜ ਜਾਵੇਂਗਾ!"

"ਮਹਾਤਮਾ, ਮੈਂ ਭੱਜਣ ਵਾਲਿਆਂ ਵਿੱਚੋਂ ਨਹੀਂ। ਭਜਾਉਣ ਵਾਲਿਆਂ ਵਿੱਚੋਂ ਹਾਂ।" ਮੈਂ ਦ੍ਰਿੜਤਾ ਨਾਲ ਉੱਤਰ ਦਿੱਤਾ ਸੀ।

"ਪਰ ਘਰ-ਬਾਰ ਮਾਪਿਆਂ ਦਾ ਮੋਹ ਤਾਂ ਤੂੰ ਨਹੀਂ ਤਿਆਗ ਸਕਿਆ ਹੋਵੇਗਾ, ਹਨਾ?"

ਮੈਂ ਹਾਉਕਾ ਲੈ ਕੇ ਬੋਲਿਆ ਸੀ, "ਨਹੀਂ ਮਹਾਤਮਾ, ਮੈਨੂੰ ਹੁਣ ਕਿਸੇ ਚੀਜ਼ ਦਾ ਮੋਹ ਨਹੀਂ ਹੈ। ਪੂਰੀ ਤਰ੍ਹਾਂ ਨਿਰਮੋਹਾਂ ਹੋ ਗਿਆ ਹਾਂ ਮੈਂ। ਮਾਂ-ਬਾਪ ਤਾਂ ਮੇਰੇ ਹੈ ਨਹੀਂ। ਮੈਂ ਆਪਣਾ ਘਰ, ਘਾਟ, ਚਾਚਾ, ਚਾਚੀ, ਸੱਜਣ, ਬੇਲੀ, ਪਿੰਡ ਤੇ ਇੱਥੋਂ ਤੱਕ ਕਿ ਆਪਣੇ ਤੀਰ, ਤਰਕਸ਼, ਸ਼ਸਤਰ ਤੇ ਘੋੜਾ ਵੀ ਸਭ ਪਿੱਛੇ ਛੱਡ ਆਇਆ ਹਾਂ। ਪਿਛਾਂਹ ਮੁੜਣ ਦਾ ਸੁਆਲ ਹੀ ਪੈਦਾ ਨਹੀਂ ਹੁੰਦੈ ਗੁਰੂਵਰ, ਬਸ ਹੁਣ ਤਾਂ ਮੈਂ ਅੱਗੇ ਹੀ ਅੱਗੇ ਜਾਵਾਂਗਾ...।" 

ਮੇਰੀ ਗੱਲ ਸੁਣ ਕੇ ਮਹਾਤਮਾ ਉੱਚੀ-ਉੱਚੀ ਹੱਸਣ ਲੱਗੇ, "ਛੱਡ ਕਿੱਥੇ ਆਇਆ ਹੈਂ? ਤੂੰ ਤਾਂ ਸਭ ਨੂੰ ਅਜੇ ਵੀ ਨਾਲ ਲਈ ਫਿਰਦਾ ਹੈਂ! ਜਦੋਂ ਤਿਆਗ ਕਰ ਦੇਵੋ ਤਾਂ ਤੁਹਾਨੂੰ ਕਿਸੇ ਚੀਜ਼ ਦੀ ਯਾਦ ਤੱਕ ਵੀ ਨਹੀਂ ਰਹਿੰਦੀ। ਸਭ ਸ਼ੈਆਂ ਨੂੰ ਮਨ-ਮਸਤਕ ਵਿੱਚੋਂ ਮਿਟਾਉਣਾ ਹੀ ਤਿਆਗ ਹੁੰਦਾ ਹੈ, ਬਾਲਕ।"

"ਮੈਂ ਤਾਂ ਹਰ ਸੰਭਵ ਉਪਰਾਲਾ ਕਰ ਕੇ ਦੇਖ ਲਿਆ ਹੈ। ਫੇਰ ਤੁਸੀਂ ਹੀ ਦੱਸੋ ਕੋਈ ਉਪਾਅ, ਜਿਸ ਨਾਲ ਮੈਂ ਆਪਣੀ ਬੀਤੀ ਜ਼ਿੰਦਗੀ ਨਾਲ ਜੁੜੀ ਹਰ ਚੀਜ਼ ਨੂੰ ਤਿਲਾਜ਼ਲੀ ਦੇ ਕੇ ਤੁਹਾਡੇ ਵਿਰੱਕਤ ਸੰਪਰਦਾਏ ਨਾਲ ਪੂਰਨ ਤੌਰ 'ਤੇ ਜੁੜ ਸਕਦਾ ਹਾਂ। ਮੈਂ ਤੁਹਾਡਾ ਦਾਸ ਹਾਂ।" ਮੈਂ ਆਪਣੀ ਜਗਿਆਸਾ ਪ੍ਰਗਟ ਕੀਤੀ ਸੀ।

ਮਹਾਤਮਾ ਨੇ ਬਲਦੇ ਧੂਣੇ ਵਿੱਚੋਂ ਅੰਗੂਠੇ ਨਾਲ ਰਾਖ ਲਗਾ ਕੇ ਮੇਰੇ ਮੱਥੇ 'ਤੇ ਤਿਲਕ ਲਗਾਇਆ, "ਅਸੀਂ ਕੌਣ ਹੁੰਦੇ ਹਾਂ ਤੈਨੂੰ ਦਾਸ ਬਣਾਉਣ ਵਾਲੇ। ਤੇਰਾ ਸਾਨੂੰ ਮਿਲਣਾ ਸਭ ਨਰਾਇਣ ਦੀ ਕ੍ਰਿਪਾ ਨਾਲ ਹੋਇਆ ਹੈ। ਉਸ ਪ੍ਰਭੂ ਨਰਾਇਣ ਦਾ ਦਾਸ ਬਣ। ਹੁਣ ਤੋਂ ਤੇਰਾ ਨਾਮ ਲਛਮਣ ਦਾਸ ਨਹੀਂ। ਨਰਾਇਣ ਦਾਸ ਹੋਵੇਗਾ। ਅੱਜ ਤੋਂ ਅਸੀਂ ਤੈਨੂੰ ਪੂਰੀ ਤਰ੍ਹਾਂ ਬਦਲ ਦੇਵਾਂਗੇ। ਤੇਰਾ ਤੇਰੀ ਬੀਤੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਰਹੇਗਾ, ਦਾਸ। ਹੁਣ ਤੂੰ ਕਿਸੇ ਚੀਜ਼ ਦਾ ਬੈਰਾਗ ਨਾ ਕਰਨ ਵਾਲਾ ਬੈਰਾਗੀ ਬਣ ਗਿਆ ਹੈਂ। ਇਸ ਪਲ ਤੋਂ ਤੇਰਾ ਤੇਰੀ ਪਿਛਲੀ ਕਿਸੇ ਯਾਦ ਨਾਲ ਵੀ ਕੋਈ ਵਾਸਤਾ ਨਹੀਂ ਹੋਵੇਗਾ। ਹੁਣ ਤੂੰ ਇੱਕ ਨਵਾਂ ਮਨੁੱਖ ਹੈਂ।"

"ਜੋ ਹੁਕਮ ਗੁਰੂਦੇਵ।" ਮੈਂ ਆਪਣੇ ਗੁਰੂ ਜਾਨਕੀ ਪ੍ਰਸ਼ਾਦ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਮੱਥਾ ਟੇਕਿਆ ਤੇ ਉੱਠ ਕੇ ਕੁਟੀਆ ਵਿੱਚੋਂ ਬਾਹਰ ਆ ਗਿਆ ਸੀ। ਹੁਣ ਮੈਂ ਸਵਾਮੀ ਰਾਮਾਨੁਜ ਦੇ ਚਲਾਏ ਬੈਰਾਗੀ ਪੰਥ ਦੇ ਬੈਰਾਗੀ ਸਾਧੂਆਂ ਦਾ ਇੱਕ ਸਦੱਸ ਅਤੇ ਇੱਕ ਸਾਥੀ ਬਣ ਚੁੱਕਾ ਸੀ। ਉਹ ਬੈਰਾਗੀ ਜਿਸਦਾ ਬਾਹਰੀ ਸੰਸਾਰ ਨਾਲ ਕੋਈ ਵਾਸਤਾ ਨਹੀਂ ਸੀ ਰਿਹਾ। ਦਿਨਾਂ ਵਿੱਚ ਹੀ ਕਰੜੀ ਸਾਧਨਾ ਕਰਕੇ ਮੈਂ ਸਭ ਸੰਸਾਰੀ ਰਿਸ਼ਤੇ ਨਾਤੇ ਤੋੜ ਚੁੱਕਿਆ, ਇੱਕ ਹਠੀ ਸਾਧੂ ਬਣ ਗਿਆ ਸੀ।

ਜਾਨਕੀ ਪ੍ਰਸ਼ਾਦ ਨਾਲ ਮੈਂ ਬੈਰਾਗੀ ਸੰਪ੍ਰਦਾਏ ਦੇ ਪੰਡੋਰੀ ਬ੍ਰਾਹਮਣਾਂ (ਨੇੜੇ ਪਠਾਣਕੋਟ), ਪਰਸਰਾਮਪੁਰ (ਪੰਜਾਬ) ਅਤੇ ਹੋਰ ਅਨੇਕਾਂ ਡੇਰਿਆਂ ਵਿੱਚ ਗਿਆ। ਜਾਨਕੀ ਦਾਸ ਦਾਦੂ ਨਾਥ ਦਾ ਪਰੋਕਾਰ ਦਾਦੂਪੰਥੀ ਬੈਰਾਗੀ ਸੀ। ਦਾਦੂਪੰਥੀ ਦਾ ਮੁੱਖ ਕੇਂਦਰ ਰਾਜਸਥਾਨ ਵਿੱਚ ਨਰੈਣਪੁਰ ਪਿੰਡ ਵਿਖੇ ਬਣਿਆ ਦਾਦੂਵਾੜਾ ਸੀ। ਦਾਦੂੜਾੜੇ ਜਾ ਕੇ ਮੇਰਾ ਬਹੁਤ ਮਨ ਲੱਗਦਾ ਸੀ, ਕਿਉਂਕਿ ਦਾਦੂਵਾੜੇ ਦੇ ਬਹੁਤੇ ਚੇਲੇ ਮੇਰੇ ਹਮਉਮਰ ਹੀ ਸਨ। ਇਹਨਾਂ ਵਿੱਚੋਂ ਹੀ ਇੱਕ ਮਹੰਤ ਜੈਤ ਰਾਮ ਵੀ ਸੀ। ਮੇਰੀ ਮਹੰਤ ਜੈਤ ਨਾਲ ਅੱਛੀ ਖਾਸੀ ਦੋਸਤੀ ਹੋ ਗਈ ਸੀ। ਵੱਡੀ ਉਮਰ ਦੇ ਚੇਲੇ ਜਦੋਂ ਭਿੱਖਿਆ ਲੈਣ ਚਲੇ ਜਾਂਦੇ ਤਾਂ ਪਿੱਛੋਂ ਅਸੀਂ ਡੇਰੇ ਵਿੱਚ ਖੇਡਦੇ ਰਹਿੰਦੇ। 

ਰਮਤੇ ਗੁਰੂ ਜਾਨਕੀ ਪ੍ਰਸ਼ਾਦ ਨਾਲ ਮੈਂ ਦੇਸ਼ ਦੇ ਬਹੁਤ ਸਾਰੇ ਹਿੱਸਿਆ ਦਾ ਭ੍ਰਮਣ ਕੀਤਾ। ਸ਼ਿਵਾਲਿਕ ਦੇ ਪਹਾੜਾਂ, ਪੰਜਾਬ ਦੇ ਮੈਦਾਨਾਂ ਅਤੇ ਰਾਜਸਥਾਨ ਦੇ ਮਾਰੂਥਲਾਂ ਵਿੱਚ ਜਾਨਕੀ ਪ੍ਰਸ਼ਾਦ ਨੇ ਮੈਨੂੰ ਖੂਬ ਘੁੰਮਾਇਆ ਸੀ। ਮੇਰੀ ਯਾਦਸ਼ਕਤੀ ਬਹੁਤ ਤੇਜ਼ ਸੀ। ਇੱਕ ਵਾਰ ਜਿੱਥੋਂ ਦਾ ਦੌਰਾ ਕਰ ਲੈਂਦਾ ਸੀ, ਉਹ ਸਥਾਨ ਦਾ ਨਕਸ਼ਾ ਮੇਰੇ ਦਿਮਾਗ ਵਿੱਚ ਤਸਵੀਰ ਵਾਂਗ ਉਕਰਿਆ ਜਾਂਦਾ ਸੀ। ਇੱਕ ਵਾਰ ਜਿੱਧਰੋਂ ਲੰਘ ਜਾਂਦਾ ਸੀ, ਫੇਰ ਕਦੇ ਵੀ ਉਹ ਰਸਤਾ ਮੈਂ ਭੁੱਲਿਆ ਨਹੀਂ ਸੀ।

ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦਿਆਂ ਸਾਨੂੰ ਜੰਗਲਾਂ, ਪਰਬਤਾਂ, ਦਰਿਆਵਾਂ, ਨਦੀਆਂ, ਨਾਲਿਆਂ ਅਤੇ ਰੇਤ ਦੇ ਟਿੱਬਿਆਂ ਰਾਹੀਂ ਗੁਜ਼ਰਨਾ ਪੈਂਦਾ ਸੀ। ਜਾਨਕੀ ਪ੍ਰਸ਼ਾਦ ਇੱਕ ਵਧੀਆ ਵੈਦ ਵੀ ਸੀ। ਉਹ ਜਿੱਥੋਂ ਵੀ ਕੋਈ ਜੜ੍ਹੀ-ਬੂਟੀ ਕੰਮ ਦੀ ਨਜ਼ਰ ਆਉਂਦੀ ਤੋੜ ਕੇ ਆਪਣੀ ਬਗਲੀ ਵਿੱਚ ਪਾ ਲੈਂਦਾ ਸੀ। ਡੇਰੇ ਪਹੁੰਚ ਕੇ ਉਹ ਚੇਲਿਆਂ ਤੋਂ ਜੜ੍ਹੀਆਂ ਬੂਟੀਆਂ ਰਗੜਾ ਕੇ ਉਨ੍ਹਾਂ ਦੇ ਲੇਪ ਅਤੇ ਕਾਹੜੇ ਬਣਵਾ ਲੈਂਦਾ। ਫੇਰ ਇਹ ਦੇਸੀ ਦਵਾਈਆਂ ਉਹ ਬਿਮਾਰ ਸ਼ਰਧਾਲੂਆਂ ਦੇ ਉਪਚਾਰ ਲਈ ਵਰਤਦਾ ਹੁੰਦਾ ਸੀ। ਜਾਨਕੀ ਪ੍ਰਸ਼ਾਦ ਕੋਲ ਡੇਰੇ ਵਿੱਚ ਬਿਮਾਰਾਂ ਦੀ ਭੀੜ ਹਮੇਸ਼ਾ ਜੁੜੀ ਰਹਿੰਦੀ ਹੁੰਦੀ ਸੀ। ਜਾਨਕੀ ਪ੍ਰਸ਼ਾਦ ਨੇ ਮੈਨੂੰ ਵੀ ਜੜ੍ਹੀ-ਬੂਟੀਆਂ ਦੀ ਪਹਿਚਾਣ ਅਤੇ ਇਲਾਜ ਕਰਨ ਦੀਆਂ ਵਿਧੀਆਂ ਸਿਖਾ ਦਿੱਤੀਆਂ ਸਨ। ਥੋੜ੍ਹੇ ਹੀ ਦਿਨਾਂ ਵਿੱਚ ਮੈਂ ਵੀ ਅੱਛਾ ਖਾਸਾ ਵੈਦ ਬਣ ਗਿਆ ਸੀ ਤੇ ਚਕਿਤਸਾ ਕਰਨ ਲੱਗ ਪਿਆ ਸੀ। ਗਰੀਬਾਂ ਅਤੇ ਦੁੱਖੀਆਂ ਦਾ ਉਪਚਾਰ ਕਰਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੁੰਦੀ ਸੀ। ਮੇਰਾ ਬੈਰਾਗੀ ਮਤ ਵਿੱਚ ਆ ਕੇ ਮਨ ਲੱਗ ਗਿਆ ਸੀ। 

No comments:

Post a Comment