Wednesday, 30 November 2016

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ

ਲੋਹਗੜ੍ਹ ਕਿਲ੍ਹਾ ਖੁਸਣ ਮਗਰੋਂ ਬੰਦਾ ਸਿੰਘ ਦੇ ਐਕਸ਼ਨ
੩੦ ਨਵੰਬਰ ੧੭੧੦ ਦੀ ਰਾਤ ਨੂੰ ਮੈਂ ਅਤੇ ਉਸ ਦੇ ਬਹੁਤ ਸਾਰੇ ਸਾਥੀ ਲੋਹਗੜ੍ਹ ਕਿਲ੍ਹੇ 'ਚੋਂ ਨਿਕਲ ਕੇ ਪਹਾੜਾਂ ਵਲ ਚਲੇ ਗਏ ਸੀ। ਭਾਵੇਂ ਇਕ ਵਾਰ ਖਾਲਸਾ ਫ਼ੌਜਾਂ ਦਾ ਜਥੇਦਾਰ ਅਤੇ ਕਾਫ਼ੀ ਸਿੱਖ ਮੁਗ਼ਲਾਂ ਤੋਂ ਬਚ ਕੇ ਨਿਕਲ ਗਏ ਸਨ, ਪਰ ਸਾਨੂੰ ਆਪਣੀ ਹਾਰ ਦਾ ਬ-ਖ਼ੂਬੀ ਅਹਿਸਾਸ ਸੀ। ਮੈਂ ਇਸ ਬਾਰੇ ਆਪਣੇ ਸਾਥੀਆਂ ਨਾਲ ਵਿਚਾਰ ਵੀ ਕੀਤੀ। ਉਨਾਂ ਨੂੰ ਸਮਝ ਆ ਗਿਆ ਸੀ ਕਿ ਜਦੋਂ ਉਨ੍ਹਾਂ ਨੂੰ ਬਹਾਦਰ ਸ਼ਾਹ ਵੱਲੋਂ ਪੰਜਾਬ ਵਲ ਆਉਣ ਦੀਆਂ ਖ਼ਬਰਾਂ ਮਿਲ ਗਈਆਂ ਸਨ ਤਾਂ ਉਨ੍ਹਾਂ ਨੂੰ ਲੋਹਗੜ੍ਹ ਕਿਲ੍ਹਾ ਹੋਰ ਮਜ਼ਬੂਤ ਕਰ ਲੈਣਾ ਚਾਹੀਦਾ ਸੀ। ਕਿਲ੍ਹੇ ਦੇ ਅੰਦਰ ਅਸਲਾ, ਬਾਰੂਦ ਅਤੇ ਰਾਸ਼ਨ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ, ਜੋ ਨਹੀਂ ਸੀ। ਇੰਞ ਹੀ ਹਜ਼ਾਰਾਂ ਸਿੱਖ ਫ਼ੌਜੀ, ਜੋ ਸਰਹੰਦ ਦੀ ਜਿੱਤ ਮਗਰੋਂ ਘਰੋਂ-ਘਰੀਂ ਮੁੜ ਗਏ ਸਨ, ਨੂੰ ਵੀ ਇਕ-ਦਮ ਇਤਲਾਹਾਂ ਭੇਜ ਕੇ ਵਾਪਿਸ ਬੁਲਾ ਲੈਣਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ ਸੀ। 



ਬਹਾਦਰ ਸ਼ਾਹ ਦੀ ਵੱਡੀ ਫ਼ੌਜ ਦੀ ਗਿਣਤੀ ਅਤੇ ਤਾਕਤ ਨੂੰ ਮਹਿਸੂਸ ਕਰਦਿਆਂ ਵਾਧੂ ਝੜਪਾਂ ਕਰ ਕੇ ਤਾਕਤ ਨਹੀਂ ਸੀ ਗੁਆਉਣੀ ਚਾਹੀਦੀ। ਜੇ ਸਿੱਖ ਫ਼ੌਜਾਂ ਕੋਲ ਕਾਫ਼ੀ ਅਨਾਜ ਤੇ ਅਸਲਾ ਹੁੰਦਾ ਤਾਂ ਸਿੱਖ ਲੋਹਗੜ੍ਹ ਵਿਚ ਅੜੇ ਰਹਿ ਸਕਦੇ ਸਨ ਅਤੇ ਲੋਹਗੜ੍ਹ ਕਿਲ੍ਹੇ ਵਿਚ ਮੁਗ਼ਲ ਫ਼ੌਜਾਂ ਦਾ ਦਾਖ਼ਲ ਹੋ ਸਕਣਾ ਤਕਰੀਬਨ ਨਾ-ਮੁਮਕਿਨ ਸੀ ਅਤੇ ਆਉਣ ਵਾਲੀਆਂ ਸਰਦੀਆਂ ਕਾਰਨ ਉਨ੍ਹਾਂ ਦਾ ਜਾਂ ਤਾਂ ਵੱਡਾ ਜਾਨੀ ਨੁਕਸਾਨ ਹੁੰਦਾ ਅਤੇ ਜਾਂ ਉਹ ਛੇਤੀ ਵਾਪਿਸ ਮੁੜ ਜਾਂਦੇ। ਇਹੀ ਵੱਡੇ ਨੁਕਤੇ ਸਨ ਜਿਨ੍ਹਾਂ ਦਾ ਖ਼ਿਆਲ ਨਹੀਂ ਕੀਤਾ ਗਿਆ ਸੀ ਅਤੇ ਇਸੇ ਕਰ ਕੇ ਸਿੱਖਾਂ ਨੇ ਇਕ-ਇਕ ਕਰ ਕੇ ਸਾਰੇ ਇਲਾਕੇ ਅਤੇ ਅਖ਼ੀਰ ਲੋਹਗੜ੍ਹ ਵੀ ਛੇਤੀ ਹੀ ਹੱਥੋਂ ਗੁਆ ਲਿਆ ਸੀ।

ਇਕ ਪੱਖ ਦਾ ਇਹ ਵੀ ਖ਼ਿਆਲ ਹੈ ਕਿ  ਮੈਨੂੰ ਸਰਹੰਦ ਨੂੰ ਆਪਣੀ ਰਾਜਧਾਨੀ ਬਣਾਉਣਾ ਚਾਹੀਦਾ ਸੀ ਕਿਉਂ ਕਿ ਉੱਥੋਂ ਮੁਗ਼ਲਾਂ ਦਾ ਟਾਕਰਾ ਕਰਨਾ ਸੌਖਾ ਹੋਣਾ ਸੀ। ਮੈਂ ਤਾਂ ਸਰਹੰਦ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਸੀ, ਪਰ ਕੁਝ ਜੋਸ਼ੀਲੇ ਸਿੱਖ ਸਰਹੰਦ ਨੂੰ ਬੇਹੱਦ ਨਫ਼ਰਤ ਕਰਦੇ ਸੀ ਤੇ ਇਸ ਸ਼ਹਿਰ ਦਾ ਤਾਂ ਨਾਮ-ਓ-ਨਿਸ਼ਾਨ ਤਕ ਮਿਟਾ ਦੇਣਾ ਚਾਹੁੰਦੇ ਸਨ।

ਖ਼ੈਰ, ਅਸੀਂ ਲੋਹਗੜ੍ਹ 'ਚੋਂ ਨਿਕਲ ਕੇ ਕੀਰਤਪੁਰ ਪਹੁੰਚ ਗਏ ਸੀ। ਮੈਂ ਸਿੱਖਾਂ ਨੂੰ ਸੁਨੇਹੇ ਭੇਜ ਕੇ ਕੀਰਤਪੁਰ ਪੁੱਜਣ ਵਾਸਤੇ ਆਖਿਆ ਸੀ। ਪੈਗ਼ਾਮ ਮਿਲਣ ਮਗਰੋਂ ਕੁਝ ਹੀ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਫਿਰ ਮੇਰੇ ਕੋਲ ਪੁੱਜ ਗਏ ਸਨ। ਮੈਨੂੰ ਪਤਾ ਸੀ ਇਸ ਵੇਲੇ ਬਹਾਦਰ ਸ਼ਾਹ ਆਪ ਤਕਰੀਬਨ ਇੱਕ ਲੱਖ ਦੇ ਕਰੀਬ ਫ਼ੌਜ ਲੈ ਕੇ ਅਜੇ ਵੀ ਪੰਜਾਬ ਵਿਚ ਹੀ ਬੈਠਾ ਹੋਇਆ ਸੀ। ਇਸ ਕਰਕੇ ਮੈਂ ਨੇ ਮੁੜ ਲੋਹਗੜ੍ਹ ਜਾਂ ਸਰਹੰਦ ਵਲ ਕੂਚ ਕਰਨਾ ਸਹੀ ਨਹੀਂ ਸਮਝਿਆ ਸੀ।
-----
ਪਹਾੜੀ ਰਿਆਸਤਾਂ ਤੋਂ ਈਨ ਮਨਵਾਉਣਾ
ਬਿਲਾਸਪੁਰ
ਅਨੰਦਪੁਰ ਤੋਂ ੧੦ ਕਿਲੋਮੀਟਰ ਦੂਰ ਕੀਰਤਪੁਰ ਨੂੰ ੧੬੨੭ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਵਸਾਇਆ ਸੀ। ਉਨ੍ਹਾਂ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਰਾਹੀਂ ਸਤਲੁਜ ਕੰਢੇ ਦੀ ਇਹ ਜ਼ਮੀਨ ਕਹਿਲੂਰ ਦੇ ਰਾਜੇ ਤਾਰਾ ਚੰਦ ਤੋਂ ਖਰੀਦੀ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਕੁਝ ਸਮਾਂ ਇੱਥੇ ਬਤੀਤ ਕੀਤਾ ਸੀ। ਗੁਰੂ ਹਰ ਰਾਏ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਵੀ ਇਸੇ ਸਥਾਨ 'ਤੇ ਹੋਇਆ ਸੀ ਤੇ ਉਨ੍ਹਾਂ ਨੂੰ ਗੁਰਿਆਈ ਵੀ ਇੱਥੇ ਹੀ ਪ੍ਰਾਪਤ ਹੋਈ ਸੀ। ੧੬੪੪ ਵਿੱਚ ਗੁਰੂ ਹਰਗੋਬਿੰਦ ਜੀ ਅਤੇ ੧੬੬੧ ਵਿੱਚ ਗੁਰੂ ਹਰ ਰਾਏ ਜੀ ਦਾ ਸਸਕਾਰ ਵੀ ਇਸੇ ਧਰਤੀ 'ਤੇ ਹੋਇਆ ਸੀ। ੧੬੬੪ ਵਿੱਚ ਗੁਰੂ ਹਰਕ੍ਰਿਸ਼ਨ ਜੀ ਦੇ ਫੁੱਲ ਦਿੱਲਿ ਤੋਂ ਲਿਆ ਕੇ ਇੱਥੇ ਜਲ ਪ੍ਰਵਾਨ ਕੀਤੇ ਗਏ ਸਨ। ੧੬੭੫ ਵਿੱਚ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਦਿੱਲੀਓਂ ਸੀਸ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸੇ ਜਗ੍ਹਾ ਸੌਂਪਿਆ ਸੀ। 

ਲੋਹਗੜ੍ਹ ਤੋਂ ਸਿੱਧਾ ਮੈਂ ਆਨੰਦਪੁਰ ਕੋਲ ਕੀਰਤਪੁਰ ਆ ਗਿਆ ਤੇ ਉੱਥੋਂ ਆਪਣੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਪੰਜਾਬ ਦੇ ਸਾਰੇ ਹਿੱਸਿਆਂ ਦੇ ਸਿੱਖਾਂ ਨੂੰ ਸਨੇਹੇ ਚਿੱਠੀਆਂ ਭੇਜ ਕੇ ਕੀਰਤਪੁਰ ਅਗਲੀਆਂ ਮੁਹਿੰਮਾਂ ਦੀ ਵਿਉਂਤਬੰਦੀ ਲਈ ਬੁਲਾ ਲੈਣ। ਸਾਡੇ ਵਿੱਚੋਂ ਕੁਝ ਸਿੰਘ ਭੇਸ ਬਦਲ ਕੇ ਇਹ ਪ੍ਰਵਾਨੇ ਲੈ ਕੇ ਆਪ ਗਏ।

ਪਾਣੀਪਤ ਤੋਂ ਲਾਹੌਰ ਤੱਕ ਮੈਂ ਛੇ ਜ਼ਿਲ੍ਹਿਆਂ ਤੱਕ ਆਪਣੇ ਰਾਜ ਦਾ ਵਿਸਥਾਰ ਤਾਂ ਕਰ ਲਿਆ ਸੀ। ਪਰ ਮੇਰੀ ਫੌਜੀ ਤਾਕਤ ਐਨੀ ਨਹੀਂ ਸੀ ਕਿ ਮੈਂ ਸੱਠ ਹਜ਼ਾਰ ਦੀ ਸ਼ਾਹੀ ਫੌਜ ਨਾਲ ਮੱਥਾ ਲਾ ਕੇ ਅੜਿਆ ਰਹਿ ਸਕਦਾ। ਇਸ ਲਈ ਮੈਨੂੰ ਲੋਹਗੜ੍ਹ ਤੋਂ ਬਚ ਕੇ ਨਿਕਲਣ ਵਿੱਚ ਹੀ ਭਲਾਈ ਨਜ਼ਰ ਆਈ ਸੀ। ਅਜੇ ਮਸਾਂ ਵਰਾ ਹੀ ਹੋਇਆ ਸੀ ਸਾਨੂੰ ਸਮਾਣੇ 'ਤੇ ਕਾਬਜ ਹੋਇਆਂ ਕਿ ਲੋਹਗੜ੍ਹ ਸਾਡੇ ਹੱਥੋਂ ਚਲਾ ਗਿਆ। ਭਾਵੇਂ ਲੋਹਗੜ੍ਹ ਸਾਡੇ ਹੱਥੋਂ ਖੁੱਸ ਗਿਆ ਸੀ ਤੇ ਬਾਦਸ਼ਾਹ ਦੀ ਜਿੱਤ ਹੋ ਗਈ ਸੀ, ਪਰ ਅਸੀਂ ਢੇਰੀਆਂ ਨਹੀਂ ਸਨ ਢਾਈਆਂ। ਜਿੱਤਾਂ ਹਾਰਾਂ ਤਾਂ ਜੰਗ ਦੀ ਖੇਡ ਵਿੱਚ ਹੋਇਆ ਹੀ ਕਰਦੀਆਂ ਹਨ। ਰਾਜਧਾਨੀ ਬਣਾਇਆ ਕਿਲ੍ਹਾ ਜਾਂ ਖਜ਼ਾਨਾ ਹੱਥੋਂ ਚਲਾ ਜਾਣ ਦਾ ਵੀ ਮੈਂ ਝੋਰਾ ਨਹੀਂ ਸੀ ਕੀਤਾ।

ਕੀਰਤਪੁਰ ਰਹਿ ਕੇ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਪੰਜਾਬ ਵਿੱਚ ਟਿਕਣਾ ਲਾਹੇਵੰਦ ਨਹੀਂ ਸੀ। ਬਹਾਦਰ ਸ਼ਾਹ ਆਪਣੀ ਫੌਜ ਨਾਲ ਛੇਤੀ ਪੰਜਾਬ ਵਿੱਚੋਂ ਹਿੱਲਣ ਵਾਲਾ ਨਹੀਂ ਸੀ। ਸਾਨੂੰ ਮੁਗਲ ਫੌਜਾਂ ਤੋਂ ਆਪਣਾ ਨੁਕਸਾਨ ਕਰਵਾਉਣ ਦੀ ਬਜਾਏ ਕੁਝ ਦੇਰ ਟਿਲਣ ਦੀ ਲੋੜ੍ਹ ਸੀ। ਅਜਿਹੀ ਅਵਸਥਾ ਵਿੱਚ ਅਸੀਂ ਕੇਵਲ ਉਨ੍ਹਾਂ ਇਲਾਕਿਆਂ ਵਿੱਚ ਹੀ ਸਰਗਰਮ ਰਹਿ ਸਕਦੇ ਸੀ, ਜੋ ਮੁਗਲ ਸੈਨਾ ਦੀ ਪਹੁੰਚ ਤੋਂ ਦੂਰ ਹੋਣ ਜਾਂ ਉਨ੍ਹਾਂ ਦੇ ਧਿਆਨ ਤੋਂ ਪਰੇ ਹੋਣ। 

ਲੋਹਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਦੋ ਹਫਤਿਆਂ ਵਿੱਚ ਹੀ ਕੀਰਤਪੁਰ ਤੋਂ ੧੨ ਪੋਹ ਸੰਮਤ ਪਹਿਲੀ (੨੬ ਦਸੰਬਰ ੧੭੧੦) ਨੂੰ ਮੈਂ ਜੌਨਪੁਰ ਦੇ ਖਾਲਸਿਆਂ ਨੂੰ ਆਪ ਹੁਕਮਨਾਮੇ ਭੇਜ ਕੇ ਮੈਂ ਬੁਲਾ ਲਿਆ ਸੀ। ਹੋਰ ਵੀ ਮਾਝੇ, ਮਾਲਵੇ, ਦੋਆਬੇ, ਪੁਆਧ, ਬਾਂਗਰ ਅਤੇ ਰਿਆੜਕੀ ਆਦਿ ਸਾਰੇ ਇਲਾਕਿਆਂ ਦੇ ਸਿੰਘ 'ਏਕ ਓਂਕਾਰ ਫਤਿਹ ਦਰਸ਼ਨ' ਨਾਲ ਸ਼ੁਰੂ ਹੁੰਦੇ ਮੇਰੇ ਹੁਕਮਨਾਮੇ ਮਿਲਦਿਆਂ ਹੀ ਕੀਰਤਪੁਰ ਪਹੁੰਚ ਗਏ ਸਨ। ਉੱਥੋਂ ਛਤਰਪਤੀ ਸ਼ਿਵਾਜੀ ਵਾਂਗ ਇਲਾਕਾਈ ਵਿਸਥਾਰ ਦੀ ਨੀਤੀ ਅਪਣਾਉਂਦਿਆਂ ਮੈਂ ਪਹਾੜੀ ਰਿਆਸਤਾਂ ਵੱਲ ਰੁੱਖ ਕਰ ਲਿਆ ਸੀ। ਮੁਗਲਾਂ ਦੇ ਮੁਕਾਬਲੇ ਸ਼ਿਵਾਲਿਕ ਦੇ ਪਹਾੜੀ ਹਿੰਦੂ ਰਾਜਿਆਂ ਨੂੰ ਜਿੱਤਣਾ ਸੌਖਾ ਸੀ। ਅਰਦਾਸਾ ਸੋਧ ਕੇ ਅਸੀਂ ਨਗਾਰੇ 'ਤੇ ਚੋਟ ਲਾਈ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਈਨ ਮਨਾਉਣ ਨਿਕਲ ਪਏ ਸੀ।

ਸਭ ਤੋਂ ਪਹਿਲਾਂ ਅਸੀਂ ਕਹਿਲੂਰ ਰਿਆਸਤ ਦੀ ਰਾਜਧਾਨੀ ਬਿਲਾਸਪੁਰ 'ਤੇ ਵੱਲ ਵਧੇ ਸੀ। ਇੱਥੋਂ ਦੇ ਰਾਜੇ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਅਨੰਦਪੁਰ ਅਤੇ ਨਿਰਮੋਹਗੜ੍ਹ 'ਤੇ ਦਸ ਵਾਰੀ ਹਮਲੇ ਕੀਤੇ ਸਨ। ਸਰਹੰਦ ਅਤੇ ਲਾਹੌਰ ਦੀ ਫ਼ੌਜ ਨੂੰ ਅਨੰਦਪੁਰ ਅਤੇ ਨਿਰਮੋਹਗੜ੍ਹ 'ਤੇ ਹਮਲਾ ਕਰਨ ਵਾਸਤੇ ਚੜ੍ਹਾ ਕੇ ਲਿਆਉਣ ਲਈ ਜ਼ਿੰਮੇਵਾਰ ਵੀ ਭੀਮ ਚੰਦ ਹੀ ਸੀ। ੫-੬ ਦਸੰਬਰ ੧੭੦੫ ਦੇ ਦਿਨ, ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਤੋਂ ਸਦਾ ਲਈ ਚਲੇ ਜਾਣ ਵਾਸਤੇ ਮਜਬੂਰ ਕਰਨ ਖਾਤਰ, ਸਾਰੇ ਨਗਰ ਨੂੰ ਘੇਰਾ ਵੀ ਇਸੇ ਦੀ ਫ਼ੌਜ ਨੇ ਪਾਇਆ ਸੀ। ਸੱਚ ਤਾਂ ਇਹ ਹੈ ਕਿ ਸਿੱਖਾਂ ਦੀਆਂ ਮੁਸ਼ਕਿਲਾਂ ਦਾ ਮੁੱਖ ਕਾਰਨ ਰਾਜਾ ਭੀਮ ਚੰਦ ਸੀ। ਸਰਹੰਦ ਅਤੇ ਲਾਹੌਰ ਦੇ ਸੂਬੇਦਾਰਾਂ ਦਾ ਉਹ ਪੱਕਾ ਚਮਚਾ ਸੀ। ਵਜ਼ੀਰ ਖ਼ਾਨ ਵਾਂਗ ਇਸ ਨੂੰ ਇਸਦੇ ਕੀਤੇ ਦੀ ਸਜ਼ਾ ਦੇਣਾ ਵੀ ਬਹੁਤ ਜ਼ਰੂਰੀ ਸੀ।

ਭੀਮ ਚੰਦ ਬਿਰਧ ਹੋਣ ਕਰਕੇ ਬਿਮਾਰ ਰਹਿੰਦਾ ਸੀ। ਆਪਣੀ ਰਿਆਸਤ ਦੇ ਮਸਲਿਆਂ ਨੂੰ ਲੈ ਕੇ ਉਹ ਮਾਨਸਿਕ ਤਨਾਅ ਨਾਲ ਪੀੜਤ ਸੀ। ਇਸ ਲਈ ਰਿਆਸਤ ਦੇ ਸਾਰੇ ਰਾਜ ਪ੍ਰਬੰਧ ਉਸਦੇ ਪੁੱਤਰ ਅਜਮੇਰ ਚੰਦ ਦੇ ਹੱਥ ਵਿੱਚ ਸਨ। ਅਜਮੇਰ ਚੰਦ ਆਪਣੇ ਪਿਉ ਨਾਲੋਂ ਵੀ ਜ਼ਿਆਦਾ ਸਿੱਖਾਂ ਨੂੰ ਨਫਰਤ ਕਰਦਾ ਸੀ। ਅਜਮੇਰ ਚੰਦ ਆਪਣੇ ਪਿਤਾ ਦੀਆਂ ਦਿਮਾਗੀ ਪ੍ਰਸ਼ਾਨੀਆਂ ਦਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੂੰ ਸਮਝਦਾ ਸੀ। ਜਦੋਂ ਅਸੀਂ ਸਰਹੰਦ ਨੂੰ ਫਤਿਹ ਕੀਤਾ ਸੀ, ਉਹ ਸਿੱਖਾਂ ਦਾ ਕਹਿਲੂਰ ਉੱਪਰ ਹਮਲਾ ਉਦੋਂ ਦਾ ਹੀ ਉਡੀਕਦਾ ਸੀ ਤੇ ਸਿੱਖ ਫੌਜਾਂ ਨਾਲ ਦੋ ਹੱਥ ਕਰਨ ਲਈ ਤਰਲੋ ਮੱਛੀ ਹੋਇਆ ਪਿਆ ਸੀ। ਨਵਾਂ ਖੂਨ ਹੋਣ ਕਰਕੇ ਉਸ ਵਿੱਚ ਜੋਸ਼ ਸੀ, ਹੋਸ਼ ਨਹੀਂ। ਮੈਂ ਪਹਿਲਾਂ ਅਜਮੇਰ ਚੰਦ ਨੂੰ ਅਧੀਨਤਾ ਸਵਿਕਾਰਨ ਲਈ ਪਰਵਾਨਾ ਭੇਜ ਦਿੱਤਾ। 

ਮੇਰਾ ਪਰਵਾਨਾ ਸੁਣਦਿਆਂ ਹੀ ਅਜਮੇਰ ਚੰਦ ਦੇ ਤਨ ਬਦਨ ਨੂੰ ਅੱਗ ਲੱਗ ਗਈ ਸੀ, "ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਚੋਰਾਂ ਵਾਂਗ ਭੱਜ ਜਾਣ ਵਾਲੇ ਕਾਇਰ ਨੂੰ ਤੁਸੀਂ ਬਹਾਦਰ ਆਖਦੇ ਹੋ?" 

ਅਜਮੇਰ ਚੰਦ ਨੇ ਮੇਰਾ ਸੰਦੇਸ਼ ਲੈ ਕੇ ਗਏ ਸਿੱਖ ਹਰਕਾਰਿਆ ਨੂੰ ਬੇਇੱਜ਼ਤ ਕਰਕੇ ਵਾਪਿਸ ਭੇਜ ਦਿੱਤਾ ਸੀ। ਸਿੱਧਾ ਅਚਨਚੇਤ ਅਜਮੇਰ ਚੰਦ 'ਤੇ ਹਮਲਾ ਕਰਨ ਦੀ ਬਜਾਇ ਪਹਿਲਾਂ ਉਸ ਨੂੰ ਗ਼ੁਲਾਮੀ ਕਬੂਲ ਕਰਨ ਦਾ ਪੈਗ਼ਾਮ ਭੇਜ ਕੇ ਮੈਂ ਗਲਤੀ ਕਰ ਬੈਠਾ ਸੀ। ਉਹ ਅਭਿਮਾਨੀ ਸਹਿਜੇ ਈਨ ਮੰਨਣ ਵਾਲਾ ਨਹੀਂ ਸੀ। ਉਹ ਸਤਰਕ ਹੋ ਗਿਆ ਤੇ ਉਸਨੇ ਪਹਾੜੀ ਰਾਜਿਆਂ, ਕਾਂਗੜਾ, ਲਾਹੌਰ ਤੇ ਜਲੰਧਰ ਦੋਆਬ ਦੇ ਫ਼ੌਜਦਾਰਾਂ ਅਤੇ ਜ਼ਿਮੀਦਾਰਾਂ ਕੋਲੋਂ ਮਦਦ ਮੰਗ ਲਈ ਸੀ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਅਤੇ ਅਸਲਾ ਭੇਜ ਦਿੱਤਾ ਸੀ। ਅਜਮੇਰ ਚੰਦ ਨੇ ਬਿਲਾਸਪੁਰ ਦੇ ਕਿਲ੍ਹੇ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਲਿਆ। ਉਸ ਕੋਲ ਆਪਣੀ ਅਤੇ ਮਦਦ ਲਈ ਪਹੁੰਚੀ ਫੌਜ ਨੂੰ ਮਿਲਾ ਕੇ ਕੁੱਲ ਸੈਨਿਕ ਗਿਣਤੀ ਦੋ ਹਜ਼ਾਰ ਤੋਂ ਵੱਧ ਦੀ ਸੀ। 

ਕਹਿਲੂਰ ਨੂੰ ਲੁੱਟਦੇ ਹੋਏ ਅਸੀਂ ਬਿਲਾਸਪੁਰ ਦੇ ਕਿਲ੍ਹੇ ਨੂੰ ਜਾ ਘੇਰਾ ਪਾਇਆ। ਬੇਸ਼ੱਕ ਬਿਲਾਸਪੁਰ ਦਾ ਕਿਲ੍ਹਾ ਪਹਾੜਾਂ ਵਿੱਚ ਘਿਰਿਆ ਹੋਇਆ ਸੀ। ਪਰ ਸਿੱਖਾਂ ਦੇ ਨਿਰੰਤਰ ਅਤੇ ਜ਼ੋਰਦਾਰ ਹੱਲੇ ਅੱਗੇ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ। ਅਸੀਂ ਆਪਣੀਆਂ ਜਾਨਾਂ ਤਲੀ 'ਤੇ ਧਰ ਕੇ ਲੜ ਰਹੇ ਸੀ ਤੇ ਅਜਮੇਰ ਚੰਦ ਦੀ ਤਨਖਾਹੀਆ ਫੌਜ ਮਹਿਜ਼ ਲੜਣ ਦਾ ਫਰਜ ਨਿਭਾ ਰਹੀ ਸੀ। ਥੋੜ੍ਹੀ ਜਿਹੀ ਝੜਪ ਉਪਰੰਤ ਹੀ ਅਜਮੇਰ ਚੰਦ ਦੇ ਹੌਂਸਲੇ ਪਸਤ ਹੋ ਗਏ ਸਨ। ਇਸ ਲੜਾਈ ਵਿੱਚ ਤੇਰਾਂ ਸੌ ਪਹਾੜੀ ਸੈਨਿਕ ਮਾਰੇ ਗਏ। ਸਿੱਖ ਫੌਜ ਦਾ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਘੱਟ ਹੋਇਆ ਸੀ।

ਸੌ ਸੌ ਦੀਆਂ ਲਾਸ਼ਾਂ ਦੇ ਤੇਰਾਂ ਢੇਰ ਅਜਮੇਰ ਚੰਦ ਮੂਹਰੇ ਲੱਗ ਗਏ ਸਨ। ਇਨ੍ਹਾਂ ਦਾ ਸਸਕਾਰ ਕਰਨ ਦੀ ਬਜਾਇ ਲਾਸ਼ਾਂ ਨੂੰ ਡੂੰਘੀਆਂ ਖੱਡਾਂ ਵਿੱਚ ਸਿੱਟ ਕੇ ਉੱਤੇ ਮਿੱਟੀ ਪਾ ਦਿੱਤੀ ਗਈ ਸੀ। ਵੱਡੀ ਤਦਾਦ ਵਿੱਚ ਆਪਣੇ ਸੈਨਿਕ ਮਰਵਾ ਲੈਣ ਬਾਅਦ ਅਜਮੇਰ ਚੰਦ ਥਿੜਕ ਗਿਆ ਤੇ ਉਸਨੇ ਸਾਨੂੰ ਆਤਮਸਪਰਪਣ ਕਰ ਦਿੱਤਾ ਸੀ। ਗਲ ਵਿੱਚ ਪੱਲਾ ਪਾ ਕੇ ਉਹ ਆਪਣੇ ਵਜ਼ੀਰਾਂ ਨਾਲ ਸਾਡੇ ਅੱਗੇ ਪੇਸ਼ ਹੋਇਆ ਤੇ ਉਸਨੇ ਆਪਣੇ ਅਤੇ ਆਪਣੇ ਬਾਪ ਦੇ ਪਿਛਲੇ ਗੁਨਾਹਾਂ ਦੀ ਮਾਫੀ ਮੰਗਦਿਆਂ ਅੱਗੇ ਤੋਂ ਖਾਲਸਾ ਪੰਥ ਦੀ ਤਾਬਿਆ ਵਿੱਚ ਰਹਿਣ ਦਾ ਪ੍ਰਣ ਕੀਤਾ। ਬਿਨੋਦ ਸਿੰਘ ਭੀਮ ਚੰਦ ਅਤੇ ਅਜਮੇਰ ਚੰਦ ਨੂੰ ਮੌਤ ਦੀ ਸਜਾ ਦੇਣੀ ਚਾਹੁੰਦਾ ਸੀ। ਅਜਮੇਰ ਚੰਦ ਨੂੰ ਮੈਂ ਮੌਤ ਦੀ ਸਜਾ ਦੇਣ ਦੀ ਬਜਾਏ ਜੀਵਨ ਦਾਨ ਦਾ ਹੁਕਮ ਦੇ ਦਿੱਤਾ। ਬੇਸ਼ੱਕ ਉਸਨੇ ਆਨੰਦਪਰ ਸਾਹਿਬ 'ਤੇ ਹਮਲੇ ਜ਼ਰੂਰ ਕੀਤੇ ਸਨ, ਪਰ ਸਰਹੰਦ ਵਾਲਿਆਂ ਵਾਂਗ ਬੇਗੁਨਾਹਾਂ ਨੂੰ ਤਸੀਹੇ ਦੇ ਕੇ ਨਹੀਂ ਸੀ ਮਾਰਿਆ। ਮੇਰੀ ਤੇ ਬਿਨੋਦ ਸਿੰਘ ਦੀ ਇਸ ਮਾਮਲੇ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਹੁੰਦੀ ਰਹੀ ਸੀ। ਮੇਰਾ ਕਹਿਣਾ ਸੀ ਕਿ ਮਾਰਨ ਵਾਲੇ ਨਾਲੋਂ ਬਖਸ਼ਣ ਵਾਲਾ ਵੱਡਾ ਮਹਾਨ ਹੁੰਦਾ ਹੈ। ਸ਼ਰਨ ਆਏ ਨੂੰ ਮਾਫ ਕਰਨ ਨਾਲਂਿ ਕੋਈ ਵੱਡੀ ਸਜ਼ਾ ਨਹੀਂ ਹੁੰਦੀ। ਉਹ ਸਾਰੀ ਉਮਰ ਅਧੀਨਤਾ ਸਵਿਕਾਰ ਕੇ ਅਹਿਸਾਨਮੰਦ ਰਹਿੰਦਾ ਹੈ। 

ਦੋ ਦਿਨ ਸਿੱਖਾਂ ਨੇ ਰੱਜ ਕੇ ਬਿਲਾਸਪੁਰ ਨੂੰ ਲੁੱਟਿਆ ਸੀ। ਲੋਹਗੜ੍ਹ ਦੀ ਹਾਰ ਪਿੱਛੋਂ ਇਹ ਸਾਡੀ ਪਹਿਲੀ ਜਿੱਤ ਸੀ। ਇਸ ਲਈ ਸਾਡੇ ਵਿੱਚ ਨਵਾਂ ਜੋਸ਼ ਆ ਗਿਆ ਸੀ। ਬਿਲਾਸਪੁਰ ਦਾ ਰਾਜ ਪ੍ਰਬੰਧ ਮੈਂ ਖਾਲਸਾ ਪੰਚਾਇਤ ਨੂੰ ਦੇ ਦਿੱਤਾ। ਮੰਜੇ ਉੱਪਰ ਬਿਮਾਰ ਪਿਆ ਭੀਮ ਚੰਦ ਆਪਣੀਆਂ ਫੌਜਾਂ ਦੀ ਹਾਰ ਬਾਰੇ ਸੁਣ ਕੇ ਚਿੰਤਾ ਕਰਦਾ ਹੋਇਆ ਖੁਦ-ਬਾ-ਖੁਦ ਹੀ ਪ੍ਰਲੋਕ ਸਿਧਾਰ ਗਿਆ ਸੀ।

ਮੰਡੀ ਦੇ ਰਾਜੇ ਨੂੰ ਸਿਰੋਪਾਓ
ਬਿਲਾਸਪੁਰ ਨੂੰ ਫਤਿਹ ਕਰਨ ਮਗਰੋਂ ਮੈਂ ਬਾਕੀ ਦੇ ਪਹਾੜੀ ਰਾਜਿਆਂ ਨੂੰ ਵੀ ਈਨ ਮੰਨਣ ਵਾਸਤੇ ਸੁਨੇਹੇ ਭੇਜੇ। ਅਜਮੇਰ ਚੰਦ ਦੀ ਹਾਰ ਬਾਰੇ ਸੁਣ ਕੇ ਸਾਰੇ ਪਹਾੜੀ ਰਾਜਿਆਂ ਦੇ ਦਿਲ ਦਹਿਲ ਗਏ ਸਨ। ਵਿਉਪਾਰੀਆਂ ਅਤੇ ਜ਼ਿਮੀਦਾਰਾਂ ਵਿੱਚ ਹਾਹਾਕਾਰ ਮਚ ਗਈ ਸੀ। ਸੁਕੇਤ, ਡਢਵਾਲ ਅਤੇ ਹੋਰ ਰਿਆਸਤਾਂ ਦੇ ਬਹੁਤ ਸਾਰੇ ਰਾਜਿਆਂ ਨੇ ਇੱਕ-ਇੱਕ ਕਰ ਕੇ ਸਾਡੀ ਅਧੀਨਤਾ ਸਵਿਕਾਰ ਕੀਤੀ। 'ਜੋ ਸਰਨ ਆਵੈ ਤਿਸੁ ਕੰਠਿ ਲਾਵੈ' ਦੇ ਮਹਾਂਵਾਕ ਅਨੁਸਾਰ ਮੈਂ ਬਹੁਤ ਸਾਰਿਆਂ ਨੂੰ ਮਾਫ ਕਰਕੇ ਉਨ੍ਹਾਂ ਦੇ ਇਲਾਕਿਆਂ ਵਿੱਚ ਖਾਲਸਾ ਪੰਚਾਇਤਾਂ ਕਾਇਮ ਕਰ ਦਿੱਤੀਆਂ ਸਨ। 

ਪਹਾੜੀ ਰਾਜਿਆਂ ਵਿੱਚੋਂ ਸਭ ਤੋਂ ਪਹਿਲਾਂ ਮੰਡੀ ਦੇ ਰਾਜੇ ਸਿੱਧ ਸੇਨ ਨੇ ਮੇਰੇ ਅੱਗੇ ਆ ਕੇ ਸਿਰ ਝੁਕਾਇਆ ਤੇ ਨਜ਼ਰਾਨੇ ਭੇਂਟ ਕੀਤ ਸਨੇ, "ਕਈ ਪੀੜ੍ਹੀਆਂ ਤੋਂ ਅਸੀਂ ਗੁਰੂ ਨਾਨਕ ਦੇ ਦਰ-ਘਰ ਦੇ ਸੇਵਕ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨਾਲ ਸਾਡੇ ਬਹੁਤ ਗੂੜੇ ਸੰਬੰਧ ਰਹੇ ਹਨ ਤੇ ਉਨ੍ਹਾਂ ਸਾਡੀ ਰਿਆਸਤ ਨੂੰ ਵਰ ਦਿੰਦਿਆਂ ਕਿਹਾ ਸੀ ਕਿ 'ਜੈਸੇ ਬਚੀ ਹਾਂਡੀ, ਤੈਸੇ ਬਚੇ ਮਾਂਡੀ'। ਅਸੀਂ ਤੁਹਾਡੇ ਤਾਬਿਆਦਾਰ ਹਾਂ। ਸਾਡਾ ਕੋਈ ਨੁਕਸਾਨ ਨਾ ਕਰਨਾ।"

ਮੈਂ ਜਾਣਦਾ ਸੀ ਕਿ ਇਹ ਰਿਆਸਤ ਗੁਰੂ ਨਾਨਕ ਸਾਹਿਬ ਦੇ ਜ਼ਮਾਨੇ ਤੋਂ ਹੀ ਗੁਰੂ ਘਰ ਦੀ ਸੇਵਾਦਾਰ ਅਤੇ ਸਹਿਯੋਗੀ ਰਹੀ ਸੀ। ਇਸ ਕਰ ਕੇ ਮੈਂ ਮੰਡੀ ਦੇ ਰਾਜੇ ਨੂੰ ਇੱਜ਼ਤ ਨਾਲ ਖਿੱਲਤ ਅਤੇ ਸਿਰੋਪਾਓ ਦੇ ਕੇ ਵਿਦਾ ਕਰ ਦਿੱਤਾ ਸੀ।। 

ਮੰਡੀ ਦੀ ਮਨੋਹਰ ਅਤੇ ਰਮਣੀਕ ਵਾਦੀ ਨੇ ਮੇਰਾ ਮਨ ਮੋਹ ਲਿਆ ਸੀ। ਮੈਂ ਕੁਝ ਦੇਰ ਮੰਡੀ ਵਿੱਚ ਰਹਿਣ ਦਾ ਮਨ ਬਣਾ ਕੇ ਉੱਤੇ ਹੀ ਠਹਿਰ ਗਿਆ ਸੀ। ਮੈਨੂੰ ਪਹਾੜੀ ਰਾਜਿਆਂ ਦੇ ਸਹਿਜੇ ਹੀ ਈਨ ਮੰਨ ਲੈਣ ਉੱਫਰ ਵੀ ਸ਼ੱਕ ਸੀ। ਮੈਂ ਸੋਚਦਾ ਸੀ ਕਿ ਉਹ ਮੇਰੇ ਨਾਲ ਚਾਲ ਖੇਡ ਰਹੇ ਹੋਣਗੇ ਤੇ ਮੈਨੂੰ ਅਵੇਸਲਾ ਕਰਕੇ ਦਿੱਲੀ ਦਰਬਾਰ ਦੀ ਮਦਦ ਨਾਲ ਜੰਗ ਕਰਨਗੇ। ਇਸ ਲਈ ਕੁਝ ਦੇਰ ਉਨ੍ਹਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਹਰਕਤਾਂ ਉੱਪਰ ਨਜ਼ਰ ਰੱਖਣਾ ਵੀ ਮੇਰੇ ਲਈ ਜ਼ਰੂਰੀ ਸੀ। 

ਮੰਡੀ ਰਹਿੰਦਿਆਂ ਰਾਜਾ ਸਿੱਧ ਸੇਨ ਨਾਲ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸਨ। ਰਾਜਾ ਸਿੱਧ ਸੇਨ ਨੇ ਇੱਕ ਚਮਤਕਾਰਾਂ ਵਾਲਾ ਗੁਟਕਾ ਵੀ ਮੈਨੂੰ ਤੋਹਫੇ ਵਜੋਂ ਦਿੱਤਾ ਸੀ, ਜੋ ਉਸਨੂੰ ਉਸਦੇ ਧਰਮ ਗੁਰੂ ਤਾਰਾ ਨਾਥ ਨੇ ਦਿੱਤਾ ਸੀ। 

ਇੱਕ ਦਿਨ ਮੰਡੀ ਦੀ ਇੱਕ ਨਿਹਾਇਤ ਸੁਨੱਖੀ ਵੇਸਵਾ ਮੇਰੇ ਕੋਲ ਆ ਕੇ ਫਰਿਆਦ ਕਰਨ ਲੱਗੀ, "ਤੁਹਾਡੇ ਆਉਣ ਨਾਲ ਡਰ ਕੇ ਮੇਰੇ ਸਾਰੇ ਗਾਹਕ ਭੱਜ ਗਏ ਹਨ। ਹੁਣ ਮੇਰਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਤੁਸੀਂ ਮੈਨੂੰ ਬਰਬਾਦ ਕੀਤਾ ਹੈ। ਤੁਸੀਂ ਮੇਰੇ ਨਾਲ ਵਿਆਹ ਕਰਵਾਉ ਜਾਂ ਮੈਨੂੰ ਆਪਣਾ ਚਿੱਤ ਪ੍ਰਚਾਉਣ ਲਈ ਰੱਖੋ। ਮੈਂ ਤਾਂ ਹੁਣ ਤੁਹਾਡੇ 'ਤੇ ਹੀ ਨਿਰਭਰ ਹਾਂ।"

ਉਹ ਤਵਾਇਫ ਸੁੰਦਰ ਅਤੇ ਭਰ ਜਵਾਨ ਸੀ। ਉਸਦਾ ਠਾਠਾਂ ਮਾਰਦਾ ਹੁਸਨ ਦੇਖ ਕੇ ਕਿਸੇ ਦਾ ਵੀ ਮਨ ਡੋਲ ਸਕਦਾ ਸੀ। ਖਾਲਸਾ ਪੰਥ ਨੇ ਇੱਕ ਕੰਜਰੀ ਨਾਲ ਮੇਰੇ ਸੰਬੰਧਾਂ ਨੂੰ ਬਿਲਕੁੱਲ ਕਬੂਲ ਨਹੀਂ ਸੀ ਕਰਨਾ ਤੇ ਪੰਥ ਵਿਰੋਧੀ ਕੋਈ ਹਰਕਤ ਕਰਕੇ ਮੈਂ ਆਪਣਾ ਇੱਜ਼ਤ ਮਾਣ ਨਹੀਂ ਸੀ ਗਵਾਉਣਾ ਚਾਹੁੰਦਾ। ਮੈਨੂੰ ਇਹ ਗੱਲ ਦੱਸਣ ਵਿੱਚ ਕੋਈ ਹਿੱਚਕਿਚਾਹਟ ਨਹੀਂ ਹੈ ਕਿ ਉਸ ਪ੍ਰਤੀ ਇੱਕ ਪਲ ਲਈ ਆਕਰਸ਼ਿਤ ਤਾਂ ਮੈਂ ਵੀ ਹੋਇਆ ਸੀ। ਪਰ ਅਗਲੇ ਹੀ ਛਿਣ ਮੈਂ ਆਪਣੇ ਈਮਨ ਨੂੰ ਨੱਥ ਪਾ ਲਈ ਸੀ। ਮੈਨੂੰ ਉਸ ਉੱਪਰ ਤਰਸ ਆ ਗਿਆ ਤੇ ਮੈਂ ਉਸਨੂੰ ਸਮਝਾਇਆ ਕਿ ਮੇਰਾ ਉਸ ਨਾਲ ਕੋਈ ਸੰਬੰਧ ਤਾਂ ਨਹੀਂ ਬਣ ਸਕਦਾ। ਪਰ ਉਹ ਮੇਰੀ ਸ਼ਰਨ ਵਿੱਚ ਰਹਿ ਸਕਦੀ ਹੈ ਤੇ ਉਸ ਨੂੰ ਐਸ਼-ਓ-ਇਸ਼ਰਤ ਦੇ ਹਰ ਸਾਧਨ ਪਹਿਲਾਂ ਵਾਂਗ ਮੁਹੱਈਆ ਕਰਵਾਏ ਜਾਣਗੇ ਤੇ ਜੀਵਨ ਨਿਰਭਾਹ ਲਈ ਖਰਚ ਮਿਲਦਾ ਰਹੇਗਾ। ਚਕਲਾ ਛੱਡ ਕੇ ਉਹ ਰਾਜੇ ਸਿੱਧ ਸੇਨ ਦੇ ਮਹਿਲ ਕੋਲ ਬਣੀ ਹਵੇਲੀ ਵਿੱਚ ਖੁਸ਼ੀ-ਖੁਸ਼ੀ ਮੇਰੀ ਨਿਗਾਰਨੀ ਹੇਠ ਰਹਿਣ ਲੱਗ ਪਈ ਸੀ।

ਕੁਝ ਦੇਰ ਉੱਥੇ ਠਹਿਰਨ ਬਾਅਦ ਮੈਂ ਬਾਕੀ ਬਚਦੀਆਂ ਰਿਆਸਤਾਂ ਨੂੰ ਆਪਣੇ ਅਧੀਨ ਕਰਨ ਬਾਰੇ ਸੋਚਣ ਲੱਗਾ। ਨਾਹਨ ਦਾ ਰਾਜਾ ਤਾਂ ਪਹਿਲਾਂ ਹੀ ਸਾਡਾ ਸਾਥ ਦਿੰਦਾ ਆ ਰਿਹਾ ਸੀ ਤੇ ਇਸੇ ਕਰ ਕੇ ਕੁਝ ਦਿਨ ਪਹਿਲਾਂ ਹੀ ਬਾਦਸ਼ਾਹ ਬਹਾਦਰ ਸ਼ਾਹ ਨੇ ਨਾਹਨ-ਰਾਜਾ ਭੂਪ ਪ੍ਰਕਾਸ਼ ਨੂੰ ਕੈਦ ਕਰ ਦਿੱਤਾ ਸੀ। ਉਸ ਦੀ ਰਿਹਾਈ ਵਾਸਤੇ ਮੇਰੀ ਗ੍ਰਿਫ਼ਤਾਰੀ ਦੀ ਸ਼ਰਤ ਰੱਖੀ ਸੀ। ਮੈਂ ਨਾਹਨ ਨਗਰੀ ਨੂੰ ਛੱਡ ਦਿੱਤਾ ਸੀ।

ਕੁੱਲੂ
ਨਾਹਨ ਤੋਂ ਬਾਅਦ ਮੇਰੇ ਜ਼ਿਹਨ ਵਿੱਚ ਕੁੱਲੂ ਦੀ ਰਿਆਸਤ ਆਉਂਦੀ ਸੀ। ਇਸ ਲਈ ਮੰਡੀ ਉਪਰੰਤ ਮੈਂ ਕੁੱਲੂ ਵੱਲ ਧਾਵਾ ਬੋਲਣ ਚਲਾ ਗਿਆ। ਇੱਥੋਂ ਦਾ ਰਾਜਾ ਮਾਨ ਸਿੰਘ ਮੈਨੂੰ ਮੂਹਰੇ ਆ ਕੇ ਮਿਲਿਆ ਤੇ ਧੋਖੇ ਨਾਲ ਆਪਣਾ ਮਹਿਮਾਨ ਬਣਾ ਕੇ ਆਪਣੇ ਮਹਿਲ ਵਿੱਚ ਲੈ ਗਿਆ। ਰਾਜਾ ਮਾਨ ਸਿੰਘ ਦੇ ਮਨ ਵਿੱਚ ਪਾਪ ਸੀ। ਉਸਨੇ ਮੈਨੂੰ ਕੈਦ ਕਰਵਾ ਕੇ ਪਿੰਜਰੇ ਵਿੱਚ ਪਾ ਦਿੱਤਾ ਤਾਂ ਜੋ ਮੈਨੂੰ ਬਹਾਦਰ ਸ਼ਾਹ ਕੋਲ ਪੇਸ਼ ਕਰ ਕੇ ਇਨਾਮ ਹਾਸਿਲ ਕਰ ਸਕੇ। 

ਮੈਨੂੰ ਕੁਟਲਨੀਤੀ ਨਾਲ ਬੰਦੀ ਬਣਾਏ ਜਾਣ ਦੀ ਖਬਰ ਜਦੋਂ ਖਾਲਸਾ ਦਲ ਅਤੇ ਰਾਜਾ ਸਿੱਧ ਸੇਨ ਨੂੰ ਲੱਗੀ ਤਾਂ ਉਹ ਕੁੱਲੂ 'ਤੇ ਹਮਲਾ ਕਰਨ ਲਈ ਤੁਰ ਪਏ ਸਨ। ਰਾਤ ਸਮੇਂ ਪਹਿਰੇਦਾਰਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਮੈਂ ਲਾਲਚ ਦਿੱਤੇ ਅਤੇ ਅਜ਼ਾਦ ਹੋ ਕੇ ਕੁੱਲੂ ਦੇ ਕਿਲ੍ਹੇ ਤੋਂ ਬਾਹਰ ਆ ਗਿਆ। ਜਦ ਨੂੰ ਮੇਰੀ ਫੌਜ ਵੀ ਮੈਨੂੰ ਆ ਮਿਲੀ। ਅਸੀਂ ਰਾਤੋ-ਰਾਤ ਸਹੀ ਸਲਾਮਤ ਵਾਪਿਸ ਮੰਡੀ ਆ ਗਏ ਸੀ।

ਉੱਧਰ ਕੁੱਲੂ ਦੇ ਕਿਲ੍ਹੇ ਅੰਦਰ ਸਵੇਰ ਨੂੰ ਇਹ ਅਫਵਾਹ ਫੈਲ ਗਈ ਸੀ ਕਿ ਰਾਤ ਨੂੰ ਬੰਦਾ ਸਿੰਘ ਜਾਦੂ ਨਾਲ ਪਿੰਜਰਾ ਉਡਾ ਕੇ ਮੰਡੀ ਨੂੰ ਲੈ ਗਿਆ ਸੀ। ਅਸੀਂ ਅਗਲੇ ਦਿਨ ਕੁੱਲੂ ਉੱਪਰ ਹਮਲਾ ਕਰਕੇ ਸਾਰੀ ਨਗਰੀ ਨੂੰ ਨਸ਼ਤ-ਓ-ਨਾਬੂਦ ਕਰ ਦਿੱਤਾ। ਕੁੱਲੂ ਦਾ ਰਾਜਾ ਮਾਨ ਸਿੰਘ ਸਾਡੇ ਨਾਲ ਲੜਦਾ ਹੋਇਆ ਇਸ ਜੰਗ ਵਿੱਚ ਮਾਰਿਆ ਗਿਆ ਸੀ। ਇੰਝ ਕੁੱਲੂ ਦਾ ਰਾਜ ਪ੍ਰਬੰਧ ਪੂਰਨਰੂਪ ਵਿੱਚ ਖਾਲਸੇ ਦੇ ਹੱਥ ਵਿੱਚ ਆ ਗਿਆ ਸੀ।

No comments:

Post a Comment