Tuesday, 29 November 2016

ਗੁਰਦਸ ਨੰਗਲ

ਗੁਰਦਸ ਨੰਗਲ
ਗੁਰਦਾਸ ਨੰਗਲ ਦੀ ਗੜ੍ਹੀ

ਅਬਦ-ਉਸ-ਸਮਦ ਖ਼ਾਨ ਦਲੇਰ-ਏ-ਜੰਗ ਬਗਦਾਦ ਦੇ ਖਵਾਜ਼ਾ ਬਾਕੀ ਦੇ ਪੜਪੋਤੇ, ਨਕਸ਼ਬੰਦੀ ਸੰਤ ਅਬਦੁੱਲਾ ਅਰਾਰ ਦਾ ਵੰਸ਼ਜ਼ ਸੀ। ਉਸ ਦਾ ਪਿਤਾ ਅਬਦੁੱਲ ਕਰੀਮ ਅਨਸਾਰੀ ਸਾਮਰਕੰਦ ਤੋਂ ਆਪਣੇ ਪਰਿਵਾਰ ਨਾਲ ਹਿੰਦੁਸਤਾਨ ਵਿੱਚ ਆਇਆ ਸੀ। ਅਬਦੁਸ ਸਮਦ ਖ਼ਾਨ ਦਾ ਜਨਮ ਆਲਮਗੀਰ ਔਰੰਗਜ਼ੇਬ ਦੇ ਰਾਜ ਕਾਲ ਸਮੇਂ ਅਕਬਰਾਬਾਦ (ਆਗਰੇ) ਵਿੱਖੇ ਹੋਇਆ ਸੀ। ਜਦੋਂ ਉਹ ਦੋ ਸਾਲਾਂ ਦਾ ਹੋਇਆ ਸੀ ਤਾਂ ਉਸਦੇ ਮਾਪੇ ਉਸਨੂੰ ਸਾਮਰਕੰਦ ਲੈ ਗਏ ਸਨ। ਜਿੱਥੇ ਉਹ ਸ਼ੇਖ-ਉੱਲ-ਇਸਲਾਮ ਦੇ ਮਦਰੱਸੇ ਵਿੱਚ ਤਾਲੀਮ ਹਾਸਿਲ ਕਰਦਾ ਰਿਹਾ ਸੀ। ਜਵਾਨ ਹੁੰਦਿਆਂ ਹੀ ਉਹ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਆ ਹਾਜ਼ਰ ਹੋਇਆ ਤੇ ਔਰੰਗਜ਼ੇਬ ਨੇ ਉਸਨੂੰ ਦੱਖਣ ਵਿੱਚ ਫੌਜੀ ਮੁਹਿੰਮਾਂ 'ਤੇ ਭੇਜ ਦਿੱਤਾ। ਕਾਫੀ ਦੇਰ ਉਹ ਦੱਖਣ ਵਿੱਚ ਸਰਗਰਮ ਰਿਹਾ ਸੀ। 


ਦਿੱਲੀ ਦੇ ਬਾਦਸ਼ਾਹ ਫ਼ਰਖ਼ਸੀਅਰ ਨੇ (੧੭੧੩ ਵਿੱਚ) ਅਬਦੁਸ ਸਮਦ ਖਾਨ ਨੂੰ ਸਿੱਖਾਂ ਦਾ ਖਾਤਮਾ ਕਰਨ ਲਈ ਦੱਖਣ ਤੋਂ ਬੁਲਾ ਕੇ ਲਾਹੌਰ ਦੀ ਨਵਾਬੀ ਦੇ ਦਿੱਤੀ ਤੇ ਉਸ ਨੂੰ ਖੁਦਮੁਖਤਿਆਰ ਹਾਕਿਮ (ਰਾਜਪਾਲ -ਘੋਵeਰਨੋਰ) ਬਣਾ ਦਿੱਤਾ ਸੀ। ਉਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਜੰਮੂ ਦਾ ਫੌਜਦਾਰ ਬਣਾ ਦਿੱਤਾ ਗਿਆ। ਦੋਨਾਂ ਪਿਉਂ ਪੁੱਤਾਂ ਨੇ ਦੁਨੀਆਂ ਤੋਂ ਸਿੱਖਾਂ ਦਾ ਨਾਮ-ਓ-ਨਿਸ਼ਾਨ ਮਿਟਾ ਦੇਣ ਦੀ ਕਸਮ ਖਾਹ ਲਈ ਸੀ। ਇਸ ਕਾਰਜ ਲਈ ਉਹ ਕੋਈ ਵੀ ਮੌਕਾ ਖੁੰਝਣ ਨਾ ਦਿੰਦੇ ਤੇ ਗੈਰ ਸਿੱਖਾਂ ਉੱਪਰ ਜ਼ੁਲਮ ਢਾਉਣ ਦੀ ਕੋਈ ਕਸਰ ਬਾਕੀ ਨਾ ਛੱਡਦੇ।
ਜਨਵਰੀ ੧੭੧੫ ਦੇ ਸ਼ੁਰੂ ਵਿੱਚ ਕਸੂਰ ਦੇ ਹੁਸੈਨ ਖਾਨ ਖੇਸ਼ਗੀ ਨੇ ਦਿੱਲੀ ਦਰਬਾਰ ਦੇ ਖਿਲਾਫ ਬਗ਼ਾਵਤ ਕਰ ਦਿੱਤੀ। ਇਸ ਬਗ਼ਾਵਤ ਨੂੰ ਦਬਾਉਣ ਵਾਸਤੇ ਅਬਦ-ਉਸ-ਸਮਦ ਖ਼ਾਨ ਆਪ ਉਚੇਚਾ ਆਪਣੀ ਫੌਜ ਲੈ ਕੇ ਗਿਆ ਸੀ। ਇਹ ਕੋਈ ਗੰਭੀਰ ਲੜਾਈ ਨਹੀਂ ਸੀ, ਪਰ ਫੇਰ ਵੀ ਇਸ ਜੰਗ ਵਿੱਚ ਹੁਸੈਨ ਖਾਨ ਖੇਸ਼ਗੀ ਦੀ ਮੌਤ ਹੋ ਗਈ ਸੀ। 
ਇਸ ਕਾਮਯਾਬੀ ਤੋਂ ਪ੍ਰਸੰਨ ਹੋ ਕੇ ਫਰਖਸੀਅਰ ਨੇ ਅਬਦੁਸ ਸਮਦ ਖਾਨ ਨੂੰ 'ਸੈਫ਼-ਉੱਦ-ਦੌਲਾ' (ਸਰਕਾਰ ਦੀ ਸ਼ਮਸ਼ੀਰ) ਦਾ ਖਿਤਾਬ ਬਖਸ਼ਿਆ ਸੀ। ਸਨਮਾਨ ਦੇ ਨਾਲ ਹੀ ਬਾਦਸ਼ਾਹ ਨੇ ਪੰਜਾਬ ਦੇਸ ਵਿੱਚੋਂ ਸਿੱਖਾਂ ਦੇ ਖਾਤਮੇ ਦੀ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਬਦ-ਉਸ-ਸਮਦ ਖ਼ਾਨ ਨੂੰ ਸਖਤੀ ਨਾਲ ਤਾਕੀਦ ਕੀਤੀ, "ਖਾਨ ਬਹਾਦਰ, ਮੇਰੋਂ ਤੋਂ ਸਿੱਖਾਂ ਦੀ ਚੜ੍ਹਤ ਹੋਰ ਬਰਦਾਸ਼ਤ ਨਹੀਂ ਹੁੰਦੀ। ਤੁਸੀਂ ਜਲਦੀ ਤੋਂ ਜਲਦੀ ਉਨ੍ਹਾਂ ਸੱਪਾਂ ਦੀਆਂ ਸੀਰੀਆਂ ਨੂੰ ਕੂਚਲ ਦੇਵੋ ਤੇ ਮੈਨੂੰ ਉਨ੍ਹਾਂ ਦੇ ਨਵੇਂ ਗੁਰੂ ਬੰਦੇ ਦਾ ਸਿਰ ਕਲਮ ਕਰਕੇ ਪੇਸ਼ ਕਰੋ।"
ਲਾਹੌਰ ਵਾਪਿਸ ਆਉਂਦਿਆਂ ਹੀ ਅਬਦੁਸ ਸਮਦ ਖਾਨ ਨੇ (ਫਰਵਰੀ ੧੭੧੫ ਵਿੱਚ) ਆਪਣਾ ਜੰਗੀ ਲਸ਼ਕਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਮੁਗਲ ਅਤੇ ਪਠਾਣਾਂ ਤੋਂ ਇਲਾਵਾ ਬੁੰਦੇਲਖੰਡ ਦੇ ਹਿੰਦੂ ਰਾਜਪੂਤ ਬੁੰਦੇਲੇ, ਰਾਜਾਨਾਕਾ ਭੂਮੀ ਚੰਦ ਦੀ ਕਾਂਗੜੇ ਦੇ ਇਰਦ-ਗਿਰਦ ਵਸੀ ਸੰਤਾਨ, ਚੰਦਰਵੰਸੀ ਕਟੌਚੀ ਰਾਜਪੂਤ ਅਤੇ ਜੰਮੂ ਦੇ ਜਸਦੇਵ ਰਾਜਾ ਦੇ ਵੰਸ਼ਜ਼ ਜਸਰੋਟੀਆ ਰਾਜਪੂਤ ਆਪਣੀ ਫੌਜ ਵਿੱਚ ਸਮਿਲਤ ਕਰ ਲਏ ਸਨ।
ਇਸ ਤੋਂ ਇੱਕ ਮਹੀਨੇ ਬਾਅਦ (੧੯ ਮਾਰਚ ੧੭੧੫ ਨੂੰ) ਉਨ੍ਹੀਂ ਦਿਨੀਂ ਬਾਦਸ਼ਾਹ ਨੂੰ ਪਤਾ ਲੱਗਾ ਸੀ ਕਿ ਸਿੱਖ ਫੌਜ ਲਾਹੌਰ ਤੋਂ ਚਾਲੀ ਕੋਹ (੧੨੫ ਕਿਲੋਮੀਟਰ) ਦੂਰ ਪੜਾਅ ਕਰ ਰਹੀ ਸੀ ਅਤੇ ਉੱਥੋਂ ਦੇ ਫੌਜਦਾਰ ਅਤੇ ਸਰਕਾਰੀ ਅਹਿਲਕਾਰ ਸਿੱਖਾਂ ਤੋਂ ਖੌਫਜ਼ਦਾ ਹੋ ਕੇ ਆਪਣੇ ਘਰ-ਬਾਰ ਛੱਡ ਕੇ ਦੌੜ ਗਏ ਸਨ। ਲਾਹੌਰ ਦੁਆਲੇ ਸਿੱਖਾਂ ਨੇ ਸਾਰੇ ਪਾਸੇ ਆਪਣੇ ਦਲ ਅਤੇ ਠਾਣੇ ਬਿਠਾ ਦਿੱਤੇ ਸਨ। ਬਾਦਸ਼ਾਹ ਫ਼ਰਖ਼ਸੀਅਰ ਨੇ ਅਬਦੁਸ ਸਮਦ ਖਾਨ ਨੂੰ ਫੌਰਨ ਸੁਨੇਹਾ ਭੇਜ ਕੇ ਚੌਕਸ ਕੀਤਾ। ਖ਼ਬਰ ਮਿਲਦਿਆਂ ਹੀ ਅਬਦੁਸ ਸਮਦ ਖਾਨ ਹਰਕਤ ਵਿੱਚ ਆ ਗਿਆ ਸੀ ਤੇ ਉਸਨੇ ਸੂਹਿਆਂ ਰਾਹੀਂ ਸਭ ਤੋਂ ਪਹਿਲਾਂ ਮੇਰੇ ਬਾਰੇ ਜਾਣਕਾਰੀ ਮੰਗਵਾਈ।
ਜਦੋਂ ਅਬਦੁਸ ਸਮਦ ਖਾਨ ਨੂੰ ਮੇਰੇ ਟਿਕਾਣੇ ਬਾਰੇ ਪਤਾ ਚੱਲਿਆ ਤਾਂ ਉਹ ਬਾਕੀ ਸਾਰੇ ਕੰਮ ਵਿੱਚੇ ਛੱਡ ਕੇ ਆਪਣੀ ਵਿਸ਼ਾਲ ਸੈਨਾ ਨਾਲ ਮੇਰੇ ਵੱਲ ਵੱਧਣ ਲੱਗ ਪਿਆ ਸੀ।
ਉਸ ਵਕਤ ਮੈਂ ਆਪਣੇ ਜੱਥੇ ਨਾਲ ਕੋਟ ਮਿਰਜ਼ਾ ਜ਼ਾਨ ਵਿਖੇ ਸੀ। ਕੋਟ ਮਿਰਜ਼ਾ ਜ਼ਾਨ ਬਟਾਲੇ ਅਤੇ ਕਲਾਨੌਰ ਵਿਚਕਾਰ ਵਸਿਆ ਇੱਕ ਨਿੱਕਾ ਜਿਹਾ ਪਿੰਡ ਸੀ। ਮੈਂ ਉਸ ਵੇਲੇ ਉੱਥੇ ਇੱਕ ਗੜ੍ਹੀ ਦਾ ਨਿਰਮਾਣ ਕਰ ਰਿਹਾ ਸੀ। ਮੇਰਾ ਮਨਸੂਬਾ ਬਟਾਲੇ ਅਤੇ ਕਲਨੌਰ ਵਿੱਚ ਆਪਣੇ ਸਮਰਥਕ ਪੈਦਾ ਕਰਨਾ ਸੀ। ਕੋਟ ਮਿਰਜ਼ਾ ਜ਼ਾਨ ਵਿੱਚ ਛਾਉਣੀ ਬਣਾਉਣ ਨਾਲ ਮੇਰਾ ਇਹ ਮਕਸਦ ਅਸਾਨੀ ਨਾਲ ਪੂਰਾ ਹੋ ਸਕਦਾ ਸੀ। ਮੈਨੂੰ ਆਪਣੇ ਖਿਲਾਫ ਬਣ ਰਹੇ ਸਰਕਾਰੀ ਦਬਾਅ ਦਾ ਅਭਾਸ ਹੋ ਗਿਆ ਸੀ। ਇਸ ਲਈ ਮੇਰੇ ਲਈ ਖੁੱਲ੍ਹੇ ਮੈਦਾਨਾਂ ਵਿੱਚ ਜੰਗਾਂ ਲੜਨਾ ਲਾਹੇਵੰਦ ਨਹੀਂ ਸੀ ਰਿਹਾ। ਗੜ੍ਹੀਆਂ ਦੀ ਲੜਾਈ ਵਿੱਚ ਦੁਸ਼ਮਣ ਤੋਂ ਘੱਟ ਨੁਕਸਾਨ ਹੁੰਦਾ ਸੀ ਤੇ ਜਿੱਤ ਦੇ ਅਸਾਰ ਵੀ ਵੱਧ ਜਾਂਦੇ ਸਨ। ਦੁਸ਼ਮਣ ਨੂੰ ਨਾ ਤੁਹਾਡੀ ਤਾਕਤ, ਨਾ ਫੌਜੀ ਗਿਣਤੀ ਅਤੇ ਨਾ ਹੀ ਹਥਿਆਰਾਂ ਬਾਰੇ ਕੋਈ ਜਾਣਕਾਰੀ ਹੁੰਦੀ ਹੈ। ਦੂਜੇ ਪਾਸੇ ਦੁਸ਼ਮਣ ਦਾ ਸਾਰਾ ਕੁਝ ਖੱਟ ਵਾਂਗ ਤੁਹਾਡੀ ਨਿਗਾਹ ਸਾਹਮਣੇ ਖਿਲਰਿਆ ਪਿਆ ਹੁੰਦਾ ਹੈ। ਮੈਂ ਕੁਝ ਹੀ ਦਿਨਾਂ ਵਿੱਚ ਗੜ੍ਹੀ ਦਾ ਕਾਫੀ ਸਾਰਾ ਹਿੱਸਾ ਤਾਮੀਰ ਕਰਵਾ ਲਿਆ ਸੀ। ਪਰ ਅਜੇ ਫ਼ਸੀਲ (ਚਾਰਦੀਵਾਰੀ) ਅਤੇ ਗੜ੍ਹੀ ਦੁਆਲੇ ਚਾਰ-ਚੁਫੇਰੇ ਸੁਰੱਖਿਆ ਖਾਈ ਬਣਾਉਣੀ ਤੇ ਉਸ ਵਿੱਚ ਪਾਣੀ ਛੱਡਣ ਦਾ ਪ੍ਰਬੰਧ ਕਰਨਾ ਬਾਕੀ ਸੀ। ਇਸ ਤੋਂ ਪਹਿਲਾਂ ਕਿ ਗੜ੍ਹੀ ਮੁਕੰਮਲ ਰੂਪ ਵਿੱਚ ਤਿਆਰ ਹੁੰਦੀ, ਲਾਹੌਰ ਦਾ ਸੂਬੇਦਾਰ ਆਰਿਫ਼ ਖ਼ਾਨ ਆਪਣੀ ਫੌਜੀ ਟੁੱਕੜੀ ਲੈ ਕੇ ਉੱਥੇ ਆ ਧਮਕਿਆ। ਮੈਂ ਉਸ ਨਾਲ ਲੜਾਈ ਵਿੱਚ ਉਲਝ ਕੇ ਆਪਣਾ ਨੁਕਸਾਨ ਨਹੀਂ ਕਰਵਾਉਣਾ ਚਾਹੁੰਦਾ ਸੀ। ਉਸ ਨਾਲ ਸਾਡੀ ਥੋੜ੍ਹੀ ਜਿਹੀ ਝੜਪ ਤਾਂ ਜ਼ਰੂਰ ਹੋਈ, ਲੇਕਿਨ ਮੈਂ ਐਨ ਮੌਕੇ 'ਤੇ ਆਰਿਫ਼ ਖ਼ਾਨ ਦੀ ਫੌਜ ਨੂੰ ਚਕਮਾ ਦੇ ਕੇ ਆਪਣੇ ਸਾਥੀਆਂ ਨਾਲ ਉੱਥੋਂ ਖਿਸਕ ਗਿਆ। 
ਅਸੀਂ ਬਿਨਾ ਕੋਈ ਮੰਜ਼ਿਲ ਮਿਥੇ ਕਈ ਦਿਨ ਸਫਰ ਕਰਦੇ ਰਹੇ। ਮੈਨੂੰ ਕਿਸੇ ਪੁਰਾਣੇ ਕਿਲ੍ਹੇ ਜਾਂ ਕਿਸੇ ਬਣੀ ਬਣਾਈ ਗੜ੍ਹੀ ਦੀ ਭਾਲ ਸੀ, ਜਿਸਨੂੰ ਕਿ ਮੈਂ ਜੰਗੀ ਕਾਰਜਾਂ ਲਈ ਵਰਤ ਸਕਦਾ ਤੇ ਜੋ ਮੈਨੂੰ ਉਸ ਵੇਲੇ ਸ਼ਰਨ ਲੈਣ ਵਿੱਚ ਸਹਾਈ ਹੋ ਸਕਦੀ। 
ਚਾਰ ਪੰਜ ਹਜ਼ਾਰ ਦੀ ਸਿੱਖ ਫੌਜ ਦਾ ਕਾਰਵਾਂ ਲੈ ਕੇ ਚੱਲਦੇ-ਚੱਲਦੇ ਅਸੀਂ (ਮਾਰਚ ੧੭੧੫ ਦੇ ਆਖੀਰਲੇ ਹਫਤੇ) ਗੁਰਦਾਸ ਨੰਗਲ ਪਿੰਡ (ਮੌਜੂਦਾ ਗੁਰਦਾਸਪੁਰ ਤੋਂ ੬ ਕਿਲੋਮੀਟਰ ਦੂਰ) ਵੱਲ ਪਹੁੰਚ ਗਏ। ਉੱਥੇ ਮੈਨੂੰ ਭਾਈ ਦੁਨੀ ਚੰਦ ਦੀ ਹਵੇਲੀ ਨਜ਼ਰ ਆਈ। ਹਵੇਲੀ ਬਹੁਤ ਵੱਡੀ ਸੀ ਤੇ ਉਸ ਦੀ ਬਣਤਰ ਅਤੇ ਦਿੱਖ ਬਿਲਕੁੱਲ ਪੁਰਾਣੇ ਕਿਲ੍ਹਿਆਂ ਵਰਗੀ ਸੀ। ਸ਼ਿਕਾਰੀ ਕੁੱਤਿਆਂ ਵਾਂਗ ਸ਼ਾਹੀ ਫੌਜਾਂ ਸਾਡੇ ਰਾਹ ਸੁੰਘਦੀਆਂ, ਸਾਡਾ ਪਿੱਛਾ ਕਰਦੀਆਂ ਆ ਰਹੀਆਂ ਸਨ। ਮੇਰੇ ਕੋਲ ਸੋਚਣ ਦਾ ਬਹੁਤਾ ਸਮਾਂ ਨਹੀਂ ਸੀ। ਮੈਂ ਦੁਨੀ ਚੰਦ ਦੀ ਹਵੇਲੀ ਕਾਹਲੀ ਨਾਲ ਪ੍ਰਾਪਤ ਕਰਕੇ ਉਸ ਵਿੱਚ ਸ਼ਰਨ ਲੈਣ ਦਾ ਫੈਸਲਾ ਕਰ ਲਿਆ। ਲੇਕਿਨ ਇਸ ਵੇਲੇ ਤੱਕ ਫੌਜ ਨੇ ਚਾਰੇ ਪਾਸਿਆਂ ਤੋਂ ਸਾਰੇ ਦੁਆਲੇ ਆਪਣਾ ਮਜ਼ਬੂਤ ਘੇਰਾ ਵਗਲ ਲਿਆ ਸੀ। 
ਮੈਂ ਆਪਣੀ ਪੰਜ ਕੁ ਹਜ਼ਾਰ ਫੌਜ ਨਾਲ ਗੁਰਦਾਸ ਨੰਗਲ ਵਿੱਚ ਘਿਰ ਗਿਆ ਸੀ। ਦੁਨੀ ਚੰਦ ਦੀ ਇਹ ਗੜ੍ਹੀ, ਜੋ ਅਸਲ ਵਿੱਚ ਇੱਕ ਵੱਡੀ ਹਵੇਲੀ ਹੀ ਸੀ। ਇਸ ਵਿੱਚ ਮਸਾਂ ਹਜ਼ਾਰ ਬਾਰ੍ਹਾਂ ਸੌ ਆਦਮੀ ਦੇ ਸਮਾਉਣ ਦੀ ਗੁੰਜਾਇਸ਼ ਸੀ। ਜਦੋਂ ਸਾਡਾ ਬਾਰ੍ਹਾਂ ਤੇਰਾਂ ਸੌ ਕੁ ਬੰਦਾ ਗੜ੍ਹੀ ਅੰਦਰ ਪ੍ਰਵੇਸ਼ ਕਰ ਗਿਆ ਤਾਂ ਸਾਨੂੰ ਅਹਿਸਾਸ ਹੋਇਆ ਸੀ ਕਿ ਬਾਕੀ ਅੰਦਰ ਨਹੀਂ ਵੜ ਸਕਣਗੇ। ਅਜ਼ੀਬ ਮੁਸੀਬਤ ਅਤੇ ਉੱਤੋਂ ਇਹ ਦੁਬਿਦਾ ਕਿ ਕੀ ਕੀਤਾ ਜਾਵੇ। ਬਾਕੀ ਬਚਦੀ ਫੌਜ ਕੋਲ ਦੁਸ਼ਮਣ ਦਾ ਘੇਰਾ ਤੋੜ੍ਹ ਕੇ ਉੱਥੋਂ ਭੱਜਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਮੈਂ ਬਾਹਰ ਖੜ੍ਹੀ ਫੌਜ ਨੂੰ ਬਚ ਕੇ ਨਿਕਲਣ ਦੀ ਆਗਿਆ ਦੇ ਦਿੱਤੀ। 
ਮੇਰਾ ਹੁਕਮ ਮਿਲਦਿਆਂ ਹੀ ਉਹ ਆਸੇ-ਪਾਸਿਆਂ ਨੂੰ ਖਿਲਰ ਗਏ। ਸਾਢੇ ਤਿੰਨ ਜਾਂ ਪੌਣੇ ਚਾਰ ਕੁ ਹਜ਼ਾਰ ਗਿਣਤੀ ਦੀ ਸਾਡੀ ਫੌਜ ਨੇ ਮਿਆਨਾਂ ਵਿੱਚੋਂ ਕਿਰਪਾਨਾਂ ਧੂਹ ਲਈਆਂ ਤੇ ਦੁਸ਼ਮਣ ਨਾਲ ਗੁੱਥਮ-ਗੁੱਥਾ ਹੁੰਦੇ ਹੋਏ ਘੇਰਾ ਤੋੜ੍ਹ ਕੇ ਉੱਥੋਂ ਨਿਕਲਣ ਦਾ ਯਤਨ ਕਰਨ ਲੱਗੇ। ਲੇਕਿਨ ਘੇਰਾ ਐਨਾ ਵੱਡਾ ਤੇ ਕਸੂਤਾ ਪਿਆ ਹੋਇਆ ਸੀ ਕਿ ਬਹੁਤ ਥੋੜ੍ਹੇ ਸਿੱਖ ਸਿਪਾਹੀ ਹੀ ਆਪਣੀਆਂ ਜਾਨਾਂ ਬਚਾਅ ਕੇ ਨਿਕਲਣ ਵਿੱਚ ਕਾਮਯਾਬ ਹੋਏ। ਬਾਕੀ ਲੜ ਕੇ ਮਰਨ ਵਾਲੇ ਦੋ ਹਜ਼ਾਰ ਸਿੱਖਾਂ ਦੇ ਸਿਰ ਵੱਢ ਕੇ ਸ਼ਾਹੀ ਫੌਜਾਂ ਨੇ ਨੇਜਿਆਂ ਉੱਪਰ ਟੰਗ ਲਏ ਤੇ ਇੱਕ ਹਜ਼ਾਰ ਨੂੰ ਜਿੰਦਾ ਗ੍ਰਿਫਤਾਰ ਕਰਕੇ ਬੰਦੀ ਬਣਾ ਲਿਆ ਗਿਆ। ਉਨ੍ਹਾਂ ਨੂੰ ਉਸੇ ਵਕਤ ਹੀ ਬੇੜੀਆਂ ਵਿੱਚ ਜਕੜ ਕੇ ਬਾਦਸ਼ਾਹ ਨੂੰ ਪੇਸ਼ ਕਰਨ ਲਈ ਦਿੱਲੀ ਭੇਜ ਦਿੱਤਾ ਗਿਆ। 
ਗੜ੍ਹੀ ਅੰਦਰ ਦਾਖਲ ਹੋ ਚੁੱਕੇ ਅਸੀਂ ਸਾਰੇ ਸਿੱਖਾਂ ਨੇ ਗੜ੍ਹੀ ਦੇ ਮੁੱਖ ਦਰਵਾਜ਼ੇ ਨੂੰ ਸੁਰੱਖਿਆ ਸਹਿਤ ਬੰਦ ਕਰ ਦਿੱਤਾ ਤੇ ਗੜ੍ਹੀ ਦੇ ਸਾਰੇ ਸੰਭਵ ਪ੍ਰਵੇਸ਼ ਮਾਰਗਾਂ ਨੂੰ ਮੁੰਦ ਕੇ ਮੋਰਚੇ ਬਣਾ ਕੇ ਉੱਥੇ ਡਟ ਗਏ। ਇਸ ਸਮੇਂ ਤੱਕ ਅਬਦੁਸ ਸਮਦ ਖਾਨ ਨੇ ਸਾਰੇ ਗੁਰਦਾਸ ਨੰਗਲ ਨੂੰ ਆਪਣੀ ਪੰਜ ਹਜ਼ਾਰ ਦੇ ਲਗਭਗ ਫ਼ੌਜ ਨਾਲ ਜ਼ਬਰਦਸਤ ਘੇਰਾ ਪਾ ਲਿਆ ਸੀ।
ਅਬਦੁਸ ਸਮਦ ਖਾਨ ਨੂੰ ਭਾਵੇਂ ਸਾਡੇ ਟਿਕਾਣੇ ਦਾ ਗਿਆਨ ਸੀ, ਪਰ ਫੇਰ ਵੀ ਉੁਸਨੇ ਆਪਣੀ ਫੌਜ ਗੜ੍ਹੀ ਤੋਂ ਦੂਰ ਹੀ ਰੱਖੀ। ਬਾਦਸ਼ਾਹ ਫਰਖਸੀਅਰ ਨੇ (੩੦ ਮਾਰਚ ਨੂੰ) ਗੁਰਜ-ਬਰਦਾਰ ਭੇਜ ਕੇ ਸਹਰੰਦ ਦੇ ਅਜ਼ ਖਾਨ ਨੂੰ ਅਬਦੁਸ ਸਮਦ ਖਾਨ ਦੀ ਮਦਦ ਵਾਸਤੇ ਰਵਾਨਾ ਹੋਣ ਲਈ ਹੁਕਮ ਭੇਜਿਆ। ਹੁਕਮ ਮਿਲਦਿਆਂ ਹੀ ਜੁਆਬ ਵਿੱਚ ਅਜ਼ ਖਾਨ ਨੇ ਸੁਨੇਹਾ ਘੱਲਿਆ ਗਿਆ ਸੀ ਕਿ ਉਸ ਵੱਲੋਂ ਦੌਲਤ ਖਾਨ ਮੁਈਨ ਪੰਜ ਸੌ ਘੋੜਸਾਵਰ ਫ਼ੌਜ ਲੈ ਕੇ ਪਹਿਲਾਂ ਹੀ (੨੦ ਮਾਰਚ ਨੂੰ) ਸੁਲਤਾਨਪੁਰ ਤੋਂ ਗੋਇੰਦਵਾਲ ਪੁਜਾ ਹੋਇਆ ਸੀ ਤੇ ਉਸ ਨੇ ਬਿਆਸ ਨਦੀ ਦੇ ਪਾਰਲੇ ਕੰਢੇ ਵੱਲੋਂ ਅੱਗੇ ਵੱਧਣਾ ਸ਼ੁਰੂ ਕਰ ਸੀ।
ਬਾਦਸ਼ਾਹ ਫਰਖਸੀਅਰ ਦੀ ਸਾਰੀ ਬਿਰਤੀ ਮੇਰੀ ਗ੍ਰਿਫਤਾਰੀ ਉੱਪਰ ਇਕਾਗਰ ਹੋਈ ਪਈ ਸੀ। ਉਸ ਦੀ ਹਾਲਤ ਵੇਖ ਕੇ ਉਸਦੇ ਦੇ ਦਰਬਾਰੀਆਂ ਨੂੰ ਇਉਂ ਲੱਗਦਾ ਸੀ, ਜਿਵੇਂ ਕਿ ਬੰਦਾ ਬਹਾਦਰ ਜੇਕਰ ਗ੍ਰਿਫਤਾਰ ਨਾ ਹੋਇਆ ਤਾਂ ਬਾਦਸ਼ਾਹ ਦੀ ਜਾਨ ਨਿਕਲ ਜਾਵੇਗੀ। ਉਹ ਮੇਰੇ ਪਲ-ਪਲ ਦੀ ਖਬਰ ਦਿੱਲੀ ਆਪਣੇ ਦਰਬਾਰ ਵਿੱਚ ਮੰਗਵਾਉਂਦਾ ਸੀ। ਮੈਂ ਹਕੁਮਤ ਲਈ ਬਹੁਤ ਵੱਡੀ ਚਨੌਤੀ ਬਣ ਚੁੱਕਾ ਸੀ।
ਬਾਦਸ਼ਾਹ ਫਰਖਸੀਅਰ ਨੂੰ ਖੁਸ਼ ਕਰਨ ਲਈ ਜੰਮੂ ਦੇ ਅਹਿਲਾਕਰਾਂ ਨੇ ਝੂਠੀ ਖਬਰ ਭੇਜ ਕੇ ਅਫਵਾਹ ਫੈਲਾ ਦਿੱਤੀ ਕਿ ਬੰਦਾ ਸਿੰਘ, ਉਸਦੀ ਪਤਨੀ ਅਤੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਅਸਲ ਉਦੋਂ ਮੇਰੀ ਦੂਜੀ ਚੰਬੇ ਵਾਲੀ ਪਤਨੀ ਸੁਸ਼ੀਲ ਕੌਰ ਤੇ ਬੇਟਾ ਅਜੇ ਸਿੰਘ ਮੇਰੇ ਨਾਲ ਹੀ ਗੜ੍ਹੀ ਅੰਦਰ ਘਿਰੇ ਹੋਏ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਕੁਝ ਹੀ ਦਿਨਾਂ ਵਿੱਚ ਸਾਨੂੰ ਗ੍ਰਿਫਤਾਰ ਕਰ ਲੈਣਗੇ।
ਮੇਰੀ ਗ੍ਰਿਫਤਾਰੀ ਦੀ ਫੈਲਾਈ ਅਜਿਹੀ ਝੂਠੀ ਖਬਰ ਨਾਲ ਸਰਕਾਰੀ ਅਹਿਲਕਾਰਾਂ ਨੂੰ ਦੋ ਫਾਇਦੇ ਹੁੰਦੇ ਸਨ। ਇੱਕ ਤਾਂ ਬਾਦਸ਼ਾਹ ਫਰਖਸੀਅਰ ਨੇ ਟਿਕ ਕੇ ਬੈਠ ਜਾਣਾ ਸੀ। ਦੂਜਾ ਦੇਸ਼ ਭਰ ਦੇ ਸਿੱਖਾਂ ਦਾ ਮਨੋਬਲ ਟੁੱਟ ਜਾਣਾ ਸੀ। ਪਰੰਤੂ ਸਿੱਖਾਂ ਨੇ ਜਲਦ ਹੀ ਤਸਦੀਕ ਕਰਵਾ ਦਿੱਤੀ ਕਿ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਨਹੀਂ ਹੋਇਆ ਸੀ। 
ਸਾਰੀ ਮੁਗਲ ਫੌਜ ਦੀ ਕਮਾਨ ਖੁਦ ਅਬਦੁਸ ਸਮਦ ਖਾਨ ਨੇ ਸੰਭਾਲੀ ਹੋਈ ਸੀ। ਗੁਜਰਾਤ ਦਾ ਫੌਜਦਾਰ ਸੈਫ-ਉੱਦ-ਦੀਨ ਅਹਿਮਦ ਖਾਨ, ਏਮਨਾਬਾਦ ਦਾ ਫੌਜਦਾਰ ਇਰਾਦਤ ਮੰਦ ਖਾਨ, ਔਰੰਗਾਬਾਦ ਤੇ ਪਸਰੂਰ ਦਾ ਫੌਜਦਾਰ ਨੂਰ ਮੁਹੰਮਦ ਖਾਨ, ਬਟਾਲੇ ਦਾ ਫੌਜਦਾਰ ਸ਼ੇਖ ਮੁਹੰਮਦ ਦਾਯਮ, ਕਲਨੌਰ ਦਾ ਫੌਜਦਾਰ ਸੁਹਰਾਬ ਖਾਨ, ਕਾਂਗੜੇ ਦਾ ਰਾਜਾ ਹਮੀਰ ਚੰਦ ਕਟੋਚ, ਧਰੁਵ ਦੇਵ ਜਸਰੋਟੀਏ ਦਾ ਪੁੱਤਰ ਹਰਿ ਦੇਵ ਆਦਿ ਵੀ ਆਪੋ-ਆਪਣੀਆਂ ਫੌਜਾਂ ਲੈ ਕੇ ਲਾਹੌਰ ਦੇ ਨਾਇਬ ਸੂਬੇਦਾਰ ਆਰਿਫ਼ ਬੇਗ਼ ਖਾਨ ਦੀ ਅਗਵਾਈ ਵਿੱਚ ਗੁਰਦਾਸ ਨੰਗਲ ਪਹੁੰਚ ਗਏ ਸਨ। ਇਨ੍ਹਾਂ ਸਾਰਿਆਂ ਨੇ ਪਿੰਡ ਗੁਰਦਾਸ ਨੰਗਲ ਦੇ ਇਰਦ-ਗਿਰਦ ਮੋਰਚੇ ਬਣਾ ਕੇ ਡੇਰੇ ਲਾ ਲਏ ਸਨ। 
ਗੜ੍ਹੀ ਦੇ ਉਤਰ ਵੱਲ ਜੰਮੂ ਦਾ ਫੌਜਦਾਰ ਜ਼ਕਰੀਆ ਖਾਨ ਅਤੇ ਸਰਹੰਦ ਦਾ ਸੂਬੇਦਾਰ ਜ਼ੈਨ-ਉੱਦ-ਦੀਨ ਅਹਿਮਦ ਖ਼ਾਨ ਆਪਣੇ ਲਸ਼ਕਰ ਲਈ ਬੈਠੇ ਸਨ। ਦੱਖਣ ਵੱਲ ਸੂਬੇਦਾਰ ਲਾਹੌਰ ਅਬਦੁਸ ਸਮਦ ਖਾਨ ਖੁਦ ਤਾਇਨਾਤ ਸੀ। ਪੱਛਮੀ ਦਿਸ਼ਾ ਵਿੱਚ ਕਲਾਨੌਰ, ਬਟਾਲਾ, ਐਮਨਾਬਾਦ, ਪੱਟੀ, ਔਰੰਗਾਬਾਦ, ਗੁਜਰਾਤ ਦੇ ਫੌਜਦਾਰਾਂ ਸੰਗ ਕਾਂਗੜਾ ਅਤੇ ਜਸਰੋਟਾ ਦੇ ਹਿੰਦੂ ਰਾਜੇ ਡਟੇ ਹੋਏ ਸਨ। ਸਿਰਫ ਪੂਰਬੀ ਵਾਹੀ ਵਾਲਾ ਪਾਸਾ ਹੀ ਖਾਲੀ ਸੀ। ਪਰ ਉਸ ਪਾਸੇ ਵੀ ਅਗਾਂਹ ਜਾ ਕੇ ਫੌਜ ਦੇ ਹਾਜ਼ਰ ਹੋਣ ਦਾ ਖਦਸ਼ਾ ਸੀ। ਇਹ ਵੀ ਹੋ ਸਕਦਾ ਸੀ ਕਿ ਉਸ ਪਾਸੇ ਸਭ ਤੋਂ ਜ਼ਿਆਦਾ ਫੌਜ ਹੁੰਦੀ ਤੇ ਸਾਨੂੰ ਉੱਧਰ ਨੂੰ ਭੱਜਣ ਲਈ ਉਕਸਾਉਣ ਕਰਕੇ ਹੀ ਉਧਰਲਾ ਪਾਸਾ ਖਾਲੀ ਰੱਖਿਆ ਗਿਆ ਹੋਵੇ। ਇਸ ਲਈ ਮੈਂ ਸਭ ਤੋਂ ਵੱਧ ਨਿਗਰਾਨੀ ਉਸੇ ਪਾਸੇ ਵੱਲ ਦੀ ਹੀ ਰੱਖੀ ਸੀ।
ਸਾਡੇ ਵਿੱਚੋਂ ਇੱਕ ਸਿੱਖ ਹਮੇਸ਼ਾਂ ਦਰੱਖਤ ਉੱਪਰ ਚੜਿਆ ਰਹਿੰਦਾ ਸੀ ਤੇ ਸਾਨੂੰ ਬਾਹਰੀ ਹਾਲਾਤ ਤੋਂ ਜਾਣੂ ਕਰਵਾਉਂਦਾ ਰਹਿੰਦਾ ਸੀ। ਇੱਕ ਵਾਰ ਉਸਨੇ ਦੇਖ ਕੇ ਸਾਨੂੰ ਦੱਸਿਆ ਸੀ ਕਿ ਦਰੂ-ਦੂਰ ਜਿੱਥੇ ਤੱਕ ਨਿਗਾਹ ਜਾਂਦੀ ਸੀ, ਹਰ ਪਾਸੇ ਕੇਵਲ ਦੁਸ਼ਮਣ ਦੀ ਫੌਜ ਹੀ ਫੌਜ ਕੀੜੀਆਂ ਦੇ ਭੌਣ ਵਾਂਗ ਨਜ਼ਰ ਆਉਂਦੀ ਸੀ। 
ਮੈਂ ਸਮਝ ਗਿਆ ਸੀ ਕਿ ਸਾਰੇ ਪਾਸਿਆਂ ਤੋਂ ਮੈਂ ਬੁਰੀ ਤਰ੍ਹਾਂ ਘਿਰ ਗਿਆ ਸੀ। ਭਾਵੇਂ ਇਉਂ ਵੈਰੀ ਦੇ ਦਲਾਂ ਵਿਚਕਾਰ ਘਿਰ ਜਾਣਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ। ਘੇਰੇ ਤੋੜ੍ਹ ਕੇ ਨਿਕਲਣ ਦਾ ਵਲ ਮੈਨੂੰ ਖੂਬ ਆਉਂਦਾ ਸੀ। ਲੇਕਿਨ ਮੈਂ ਇਹ ਵੀ ਜਾਣਦਾ ਸੀ ਕਿ ਇਸ ਵਾਰ ਦਾ ਘਿਰਨਾ ਮੈਨੂੰ ਭਵਿੱਖ ਦੇ ਬੁਰੇ ਪ੍ਰਣਾਮਾਂ ਦਾ ਸੁਨੇਹਾ ਦੇ ਰਿਹਾ ਸੀ। ਗੜ੍ਹੀ ਵਿੱਚ ਵੜਨ ਦਾ ਮੈਂ ਗਲਤ ਫੈਸਲਾ ਲੈ ਚੁੱਕਾ ਸੀ। ਜਦ ਤੱਕ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਕਾਫੀ ਦੇਰ ਹੋ ਚੁੱਕੀ ਸੀ। ਮੈਂ ਆਪਣੀ ਗਲਤੀ ਨੂੰ ਦਰੁਸਤ ਨਹੀਂ ਸੀ ਕਰ ਸਕਦਾ। ਮੈਂ ਭਲੀਭਾਂਤ ਸਮਝ ਗਿਆ ਸੀ ਕਿ ਹੁਣ ਹਲਾਤ ਲੜੋ ਜਾਂ ਮਰੋ ਵਾਲੇ ਬਣਦੇ ਜਾ ਰਹੇ ਸਨ। ਮੈਂ ਆਪਣੇ ਆਪ ਨੂੰ ਇਹਨਾਂ ਦੋਨਾਂ ਹਾਲਤਾਂ ਲਈ ਮਾਨਸਿਕ ਤੌਰ 'ਤੇ ਤਿਆਰ ਕਰਨ ਲੱਗ ਪਿਆ ਸੀ। 
ਦੁਸ਼ਮਣ ਬਿਨਾ ਕੋਈ ਨੁਕਸਾਨ ਕਰਵਾਇਆਂ ਸਾਨੂੰ ਜਿੰਦਾ ਗ੍ਰਿਫਤਾਰ ਕਰਨਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੇ ਸਾਡੇ ਉੱਪਰ ਹਮਲਾ ਕਰਨ ਦੀ ਬਜਾਏ ਘੇਰਾ ਪਾ ਕੇ ਸਾਡੇ ਆਤਮਸਮਰਪਣ ਲਈ ਉਡੀਕ ਦਾ ਪੈਂਤਰਾ ਅਪਨਾਇਆ ਹੋਇਆ ਸੀ। ਇਸ ਅਵਸਥਾ ਵਿੱਚ ਮੈਂ ਇਹੀ ਕਰ ਸਕਦਾ ਸੀ ਕਿ ਉਨ੍ਹਾਂ ਦੀ ਉਡੀਕ ਨੂੰ ਐਨਾ ਲੰਮਾ ਕਰਾਂ ਕੇ ਉਹ ਅੱਕ ਕੇ ਵਾਪਿਸ ਆਪਣੇ ਘਰਾਂ ਨੂੰ ਮੁੜ ਜਾਣ। ਵੈਰੀ ਦੀ ਉਡੀਕ ਦਾ ਦੂਜਾ ਫਾਇਦਾ ਮੈਂ ਇਹ ਉਠਾ ਸਕਦਾ ਸੀ ਕਿ ਆਪਣੇ ਸੈਨਿਕਾਂ ਨਾਲ ਉੱਥੋਂ ਮੌਕਾ ਮਿਲਦਿਆਂ ਹੀ ਭੱਜ ਜਾਂਦਾ। ਪਰ ਦੁਸ਼ਮਣੀ ਸੈਨਾ ਦੀ ਭਾਰੀ ਤਦਾਦ ਹੋਣ ਕਰਕੇ ਉਨ੍ਹਾਂ ਵਿੱਚੋਂ ਬਚ ਨਿਕਲਣਾ ਮੂਲੋਂ ਸੰਭਵ ਨਹੀਂ ਸੀ। ਮੇਰੇ ਨਾਲ ਭਾਵੇਂ ਕੋਈ ਬਹੁਤੀ ਵੱਡੀ ਫੌਜ ਨਹੀਂ ਸੀ, ਪਰੰਤੂ ਪਹਿਲਾਂ ਤੋਂ ਕੋਈ ਜੰਗੀ ਮਨਸੂਬਾਬੰਦ ਨਾ ਹੋਣ ਕਰਕੇ ਗੜ੍ਹੀ ਵਿੱਚ ਸਾਰੇ ਸੈਨਿਕਾਂ ਲਈ ਬਹੁਤੀ ਖੁਰਾਕ ਜਮ੍ਹਾ ਨਹੀਂ ਸੀ। ਜੋ ਖੁਰਾਕ ਉਪਲਵਧ ਸੀ, ਉਸ ਨੂੰ ਅਸੀਂ ਬਹੁਤ ਹੀ ਕਿਰਸ ਅਤੇ ਸੰਜਮ ਨਾਲ ਵਰਤ ਰਹੇ ਸੀ। ਇਸਦੇ ਨਾਲ ਹੀ ਰਾਤ ਬਰਾਤੇ ਸਾਡੇ ਵਿੱਚੋਂ ਕੁਝ ਸਿੱਖਾਂ ਦਾ ਟੋਲਾ ਗੜ੍ਹੀ ਵਿੱਚੋਂ ਚੁਪਕੇ-ਚੁਪਕੇ ਨਿਕਲਦਾ ਤੇ ਨਜ਼ਦੀਕ ਦੇ ਪਿੰਡਾਂ ਵਿੱਚੋਂ ਸਾਡੇ ਸਾਰਿਆਂ ਦੇ ਖਾਣ ਲਈ ਰਾਸ਼ਨ ਅਤੇ ਘੋੜਿਆਂ ਲਈ ਦਾਣਾ-ਫੱਕਾ ਤੇ ਪੱਠਿਆਂ ਦਾ ਪ੍ਰਬੰਧ ਕਰਕੇ ਵਾਪਿਸ ਆ ਜਾਂਦਾ ਸੀ। ਸ਼ਾਹੀ ਫੌਜ ਰਾਤ ਦੇ ਪਿਛਲੇ ਪਹਿਰ ਘੂਕ ਸੁੱਤੀ ਹੁੰਦੀ। ਵਾਹ ਲੱਗਦੀ ਸਾਡੇ ਸਿੱਖ ਸਿਪਾਹੀ ਆਸੇ-ਪਾਸੇ ਦੇ ਪਿੰਡਾਂ ਵਿੱਚੋਂ ਖੋਹ ਕੇ ਜਾਂ ਚੋਰੀ ਕਰਕੇ ਡੰਗਰ ਵੀ ਗੜ੍ਹੀ ਅੰਦਰ ਲੈ ਆਉਂਦੇ ਸਨ। ਇਸ ਪ੍ਰਕਾਰ ਸਾਡਾ ਗੁਜ਼ਾਰਾ ਹੋਈ ਜਾ ਰਿਹਾ ਸੀ। 

ਫਿਰ (ਅਪ੍ਰੈਲ ਦੇ ਦੂਜੇ ਹਫਤੇ) ਮੁਗਲ ਫੌਜ ਨੂੰ ਪਤਾ ਲੱਗ ਗਿਆ ਕਿ ਗੜ੍ਹੀ ਦੇ ਸਿੱਖ ਰਾਤ ਸਮੇਂ ਆਪਣੇ ਲਈ ਬਾਹਰੋਂ ਰਸਦ ਦਾ ਪ੍ਰਬੰਧ ਕਰਕੇ ਅੰਦਰ ਲਿਜਾਂਦੇ ਹਨ। ਉਨ੍ਹਾਂ ਨੇ ਪਹਿਰਾ ਸਖਤ ਕਰ ਦਿੱਤਾ ਤੇ ਚੌਕਸ ਹੋ ਕੇ ਬਿੜਕ ਰੱਖਣੀ ਸ਼ੁਰੂ ਕਰ ਦਿੱਤੀ। ਅੱਧੀ ਰਾਤੋਂ ਹਨ੍ਹੇਰੇ ਨੂੰ ਚੀਰਦੇ ਸਿੱਖਾਂ ਦਾ ਦਲ ਜਦ ਗੜ੍ਹੀ ਤੋਂ ਬਾਹਰ ਜਾਂਦਾ ਤਾਂ ਫੌਜ ਦੀਆਂ ਕੁਝ ਟੁੱਕੜੀਆਂ ਅੱਗੇ ਵੱਧ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ। ਦੋਨਾਂ ਧਿਰਾਂ ਦਰਮਿਆਨ ਲੜਾਈ ਹੁੰਦੀ, ਖੰਡੇ, ਕਿਰਪਾਨਾਂ ਖੜ੍ਹਕਦੀਆਂ। ਤੀਰਾਂ ਦੀ ਬਰਖਾ ਹੁੰਦੀ। ਗੋਲੀਆਂ ਅਤੇ ਤੋਪਾਂ ਵੀ ਚੱਲਦੀਆਂ। ਕੁਝ ਉਨ੍ਹਾਂ ਦੇ ਬੰਦੇ ਮਾਰੇ ਜਾਂਦੇ, ਕੁਝ ਸਾਡੇ। ਇਸ ਲੜਾਈ ਵਿੱਚ ਦੋਨਾਂ ਪਾਸਿਆਂ ਦਾ ਨੁਕਸਾਨ ਹੁੰਦਾ। ਉਨ੍ਹਾਂ ਦਾ ਘੱਟ ਤੇ ਸਾਡਾ ਜ਼ਿਆਦਾ। 

ਇੱਕ ਦਿਨ ਸਿੱਖ ਫੌਜਾਂ ਨੇ ਗੜ੍ਹੀ 'ਚੋਂ ਨਿਕਲ ਕੇ ਗੁਆਂਢ ਕੋਟਲੀ ਪਿੰਡ 'ਚੋਂ ਲੱਕੜ ਲਿਆਉਣ ਦੀ ਕੋਸ਼ਿਸ਼ ਕੀਤੀ। ਧਰੁਵ ਦੇਵ ਜਸਰੋਟੀਏ ਦੀ ਫੌਜ਼ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਕਈ ਸਿੱਖ ਮਾਰੇ ਗਏ ਤੇ ਬਚੇ ਹੋਏ ਗੜ੍ਹੀ ਵਿੱਚ ਵਾਪਿਸ ਦੌੜ ਆਏ। ਉਨ੍ਹਾਂ ਦਾ ਪਿੱਛਾ ਕਰਦੀ ਆਉਂਦੀ ਫੌਜ ਨੇ ਗੜ੍ਹੀ ਦੇ ਪਿਛਲੇ ਪਾਸੇ ਨਿਕਲਦਾ ਉਹ ਗੁਪਤ ਰਸਤਾ ਦੇਖ ਲਿਆ, ਜੋ ਆਪਣੇ ਬਾਹਰ ਜਾਣ ਲਈ ਵਰਤਦੇ ਸੀ। ਇਸ ਤੋਂ ਬਾਅਦ ਉੱਥੇ ਉਨ੍ਹਾਂ ਨੇ ਇੱਕ ਪੱਕੀ ਫੌਜੀ ਟੁਕੜੀ ਹਰ ਵੇਲੇ ਤਾਇਨਾਤ ਕਰ ਦਿੱਤੀ। ਸਾਡੇ ਬਾਹਰ ਜਾਣ ਦਾ ਇਹ ਮਹਿਫੂਜ਼ ਰਸਤਾ ਸਦਾ ਲਈ ਬੰਦ ਹੋ ਗਿਆ ਸੀ। 

ਹੁਣ ਹਰ ਦਿਸ਼ਾ ਵਿੱਚ ਗੜ੍ਹੀ ਵਿੱਚੋਂ ਬਾਹਰ ਜਾਣ ਵਾਲੇ ਸਿੱਖਾਂ 'ਤੇ ਤੀਰਾਂ ਅਤੇ ਬੰਦੂਕ ਦੀਆਂ ਗੋਲੀਆਂ ਦਾ ਮੀਂਹ ਵਰਾਇਆ ਜਾਂਦਾ ਸੀ। ਜੋ ਇਨ੍ਹਾਂ ਤੋਂ ਬਚ ਜਾਂਦੇ ਸਨ, ਉਨ੍ਹਾਂ ਦਾ ਅੱਗੇ ਵੱਧਦੀ ਮੁਗਲ ਫੌਜ ਨਾਲ ਘਮਸਾਨ ਦਾ ਮੁਕਾਬਲਾ ਹੁੰਦਾ ਸੀ, ਜਿਸ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਜਾਂਦੇ ਸਨ। ਸਾਡੇ ਲਈ ਬਾਹਰ ਜਾਣਾ ਤਾਂ ਪਹਿਲਾਂ ਵੀ ਖਤਰੇ ਤੋਂ ਖਾਲੀ ਨਹੀਂ ਸੀ ਹੁੰਦਾ। ਪਰ ਫੇਰ ਤਾਂ ਮੌਤ ਨੂੰ ਦਾਵਅਤ ਦੇਣ ਸਮਾਨ ਹੀ ਹੋ ਗਿਆ ਸੀ।

ਬੇਸ਼ੱਕ ਦੁਸ਼ਮਣ ਕੋਲ ਬੜੀ ਵੱਡੀ ਫੌਜ ਸੀ। ਭਾਰੀ ਸੈਨਾ ਹੋਣ ਦੇ ਬਾਵਜੂਦ ਵੀ ਮੁਗਲਾਂ ਨੇ ਗੜ੍ਹੀ 'ਤੇ ਹਮਲਾ ਨਾ ਕੀਤਾ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸਿੱਖਾਂ ਨੇ ਨੇੜਲੇ ਪਿੰਡਾਂ ਤੋਂ ਬਹੁਤ ਸਾਰਾ ਲੋਹਾ ਇਕੱਠਾ ਕਰ ਲਿਆ ਸੀ ਤੇ ਸਾਡੇ ਕੋਲ ਬੰਦੂਕਾਂ, ਤੋਪਾਂ ਤੇ ਬਾਰੂਦ ਸੀ। ਅਸੀਂ ਗੜ੍ਹੀ ਅੰਦਰ ਹੀ ਤਿੰਨ ਨਵੀਆਂ ਤੋਪਾਂ ਵੀ ਬਣਾ ਲਈਆਂ ਸਨ। ਅਸੀਂ ਆਪਣੇ ਆਪ ਨੂੰ ਹਰ ਕਿਸਮ ਦੇ ਮੁਕਾਬਲੇ ਦੇ ਸਮਰੱਥ ਬਣਾਉਣ ਲਈ ਨਿਰੰਤਰ ਯਤਨ ਕਰਦੇ ਰਹਿੰਦੇ ਸੀ। ਗੜ੍ਹੀ ਅੰਦਰ ਸ਼ਸਤਰ ਤਿੱਖੇ ਕਰਨ ਲਈ ਚੰਡਣ ਦਾ ਕੰਮ ਤੇ ਜੰਗੀ ਅਭਿਆਸ ਹਮੇਸ਼ਾਂ ਜਾਰੀ ਰਹਿੰਦਾ ਸੀ।

ਸਾਡੇ ਵੱਲੋਂ ਆਪਣੇ ਆਪ ਨੂੰ ਯੁੱਧ ਲਈ ਸਦਾ ਤਿਆਰ-ਬਰ-ਤਿਆਰ ਰੱਖਣ ਦੀ ਖਬਰ ਬਾਦਸ਼ਾਹ ਨੂੰ (੨੩ ਅਪ੍ਰੈਲ ੧੭੧੫ ਦੇ ਦਿਨ) ਪੁਜੀ ਸੀ। ਬਾਦਸ਼ਾਹ ਮੇਰੀ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਕਾਫੀ ਚਿੰਤਤ ਹੋ ਗਿਆ ਸੀ। ਉਸਨੇ ਸੁਨੇਹਾ ਭੇਜ ਕੇ ਜਲਦ ਤੋਂ ਜਲਦ ਇਸ ਜੰਗ ਦੇ ਖਾਤਮੇ ਲਈ ਅਬਦੁਸ ਸਮਦ ਖਾਨ ਉੱਪਰ ਜ਼ੋਰ ਪਾਇਆ ਸੀ। ਅਬਦੁਸ ਸਮਦ ਖਾਨ ਨੇ ਜੁਆਬੀ ਸੰਦੇਸ਼ ਵਿੱਚ ਬਾਦਸ਼ਾਹ ਤੋਂ ਇੱਕ ਬੜੀ ਵੱਡੀ ਤੇ ਸ਼ਕਤੀਸ਼ਾਲੀ ਤੋਪ ਦੀ ਮੰਗ ਕੀਤੀ ਸੀ ਤਾਂ ਤੋ ਉਹ ਗੁਰਦਾਸ ਨੰਗਲ ਦੀ ਗੜੀ ਦੀਆਂ ਦੀਵਾਰਾਂ ਨੂੰ ਉਡਾ ਸਕੇ। (੨੮ ਅਪ੍ਰੈਲ ਨੂੰ) ਅਬੁਦਸ ਸਮਦ ਖਾਨ ਦਾ ਪੈਗਾਮ ਬਾਦਸ਼ਾਹ ਨੂੰ ਪੁੱਜਾ ਤਾਂ ਉਸਨੇ ਫੌਰਨ ਦੋ ਤੋਪਾਂ ਅਤੇ ਹੋਰ ਜੰਗੀ ਹਥਿਆਰ ਭੇਜ ਦਿੱਤੇ।

ਗੁਰਦਾਸ ਨੰਗਲ ਦਾ ਘੇਰਾ ਪੂਰੇ ਡੇਢ ਮਹੀਨੇ ਤੋਂ ਜਾਰੀ ਸੀ। ਪਰ ਇਸ ਘੇਰਾਬੰਦੀ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ। ਨਾ ਤਾਂ ਸਾਨੂੰ ਆਪਣੀ ਜਿੱਤ ਦਾ ਕੋਈ ਆਸਾਰ ਨਜ਼ਰ ਆਉਂਦਾ ਸੀ ਤੇ ਨਾ ਹੀ ਮੁਗਲਾਂ ਨੂੰ ਕੋਈ ਕਾਮਯਾਬੀ ਹੱਥ ਲੱਗਦੀ ਵਿਖਾਈ ਦਿੰਦੀ ਸੀ। ਇਸ ਯੁੱਧ ਦਾ ਨਿਰਣਾਇਕ ਫੈਸਲਾ ਪਰਵਰਦਿਗਾਰ ਅਤੇ ਸਮੇਂ ਉੱਤੇ ਛੱਡੀ ਦੋਨੇ ਧਿਰਾਂ ਇੰਤਜ਼ਾਰ ਦਾ ਦਾਮਨ ਘੁੱਟ ਕੇ ਫੜੀ ਬੈਠੀਆਂ ਸਨ। 

(ਬਾਬਾ ਬਿਨੋਦ ਸਿੰਘ ਨਾਲ ਲੜਾਈ)

ਗੁਰਦਾਸ ਨੰਗਲ ਤੋਂ ਕੋਈ ਚੰਗੀ ਸੂਚਨਾ ਆਉਣ ਦੀ ਉਡੀਕ ਵਿੱਚ ਬੇਜ਼ਾਰ ਹੋ ਕੇ ਬਾਦਸ਼ਾਹ ਨੇ (੧੪ ਮਈ ੧੭੧੫ ਨੂੰ) ਲੱਖੀ ਜੰਗਲ ਦੇ ਫੌਜਦਾਰ ਈਸਾ ਖਾਨ ਮੰਞ ਨੂੰ ਵੀ ਹੁਕਮ ਜਾਰੀ ਕੀਤਾ ਕਿ ਉਹ ਵੀ ਆਪਣੀ ਫੌਜ ਲੈ ਕੇ ਗੁਰਦਾਸ ਨੰਗਲ ਚਲਾ ਜਾਵੇ। ਇਸ ਤੋਂ ਹਫਤੇ ਕੁ ਬਾਅਦ (੨੧ ਮਈ ਨੂੰ) ਬਾਦਸ਼ਾਹ ਨੇ ਸਫਵੀ ਖਾਨ ਨੂੰ ਹਦਾਇਤ ਦਿੱਤੀ ਕਿ ਉਹ ਲਾਹੌਰ ਸੂਬੇ ਦੇ ਜਾਗੀਰਦਾਰਾਂ ਅਤੇ ਮਨਸਬਦਾਰਾਂ ਨੂੰ ਹੁਕਮ ਜਾਰੀ ਕਰੇ ਕਿ ਉਹ ਆਪਣੀਆਂ ਫੌਜਾਂ ਲੈ ਕੇ ਅਬਦੁਸ ਸਮਦ ਖਾਨ ਕੋਲ ਹਾਜ਼ਿਰ ਹੋ ਜਾਣ ਵਰਨਾ ਉਨ੍ਹਾਂ ਦਾ ਸਾਰਾ ਮਾਲ ਅਸਬਾਬ ਜ਼ਬਤ ਕਰ ਲਿਆ ਜਾਵੇਗਾ। ਇੰਝ ਬਾਦਸ਼ਾਹ ਨੇ ਕੋਈ ਵੀ ਅਜਿਹਾ ਚੌਧਰੀ ਨਹੀਂ ਛੱਡਿਆ ਸੀ, ਜਿਸ ਨੂੰ ਉਸ ਨੇ ਸਿੱਖਾਂ ਦੇ ਖਿਲਾਫ ਮੁਹਿੰਮ ਵਿੱਚ ਨਾ ਭੇਜਿਆ ਹੋਵੇ। ਕਈ ਚਾਪਲੂਸ ਆਪਣੇ ਆਪ ਹੀ ਮੁਗਲੀਆਂ ਫੌਜ ਦਾ ਸਾਥ ਦੇਣ ਲਈ ਮੂਹਰੇ ਆ ਗਏ ਸਨ।

ਬਾਦਸ਼ਾਹ ਦੇ ਹੁਕਮ ਦੀ ਤਾਮੀਲ ਕਰਦਿਆਂ ਥੋੜ੍ਹੇ ਚਿਰ ਵਿੱਚ ਹੀ ਗੁਰਦਾਸ ਨੰਗਲ ਵਾਲੀ ਥਾਂ 'ਤੇ ਲਾਹੌਰ ਸੂਬੇ ਦੀ ਦਸ ਹਜ਼ਾਰ ਤੇ ਜੰਮੂ ਦੀ ਪੰਜ ਹਜ਼ਾਰ ਫੌਜ ਵੀ ਪਹੁੰਚ ਗਈ ਸੀ। ਲੋੜ੍ਹ ਪੈਣ 'ਤੇ ਦਿੱਲੀ ਤੋਂ ਕਮਰ-ਉੱਦ-ਦੀਨ ਵੀ ਪੱਚੀ ਹਜ਼ਾਰ ਫੌਜ਼ ਲੈ ਕੇ ਚੱਲਣ ਲਈ ਤਿਆਰ ਹੋਇਆ ਬੈਠਾ ਸੀ।

ਹੁਣ ਸਿੱਖਾਂ ਨੂੰ ਗੜ੍ਹੀ ਵਿੱਚ ਘਿਰਿਆਂ ਨੂੰ ਢਾਈ ਮਹੀਨੇ ਹੋ ਚੁੱਕੇ ਸਨ। ਸਾਡੀ ਸਾਰੀ ਰਸਦ ਲੱਗਭਗ ਖਤਮ ਹੋਣ ਵਾਲੀ ਹੀ ਸੀ। ਸਿੱਖ ਦਿਨ ਵਿੱਚ ਦੋ ਤਿੰਨ ਵਾਰ ਛੋਟੇ-ਛੋਟੇ ਟੋਲਿਆਂ ਵਿੱਚ ਨਿਕਲਦੇ ਤਾਂ ਜੋ ਰਸਦ ਅਤੇ ਆਪਣੇ ਘੋੜਿਆਂ ਵਾਸਤੇ ਦਾਣਾ ਪਾਣੀ ਦਾ ਪ੍ਰਬੰਧ ਕਰ ਸਕਣ। ਲੇਕਿਨ ਇਨ੍ਹਾਂ ਸਿੱਖਾਂ ਨੂੰ ਰੋਕਣ ਵਾਸਤੇ ਮੁਗਲ ਫੌਜ ਹੱਲਾ ਬੋਲ ਦਿੰਦੀ। ਅੰਦਰੋਂ ਅਸੀਂ ਵੀ ਉਨ੍ਹਾਂ ਦੀ ਹਿਫਾਜ਼ਤ ਤੇ ਮੁਗਲਾਂ ਦਾ ਧਿਆਨ ਵਟਾਉਣ ਲਈ ਤੀਰਾਂ ਅਤੇ ਗੋਲੀਆਂ ਦੀ ਬੌਛਾੜ ਕਰਦੇ। ਇਸ ਨਾਲ ਬਹੁਤ ਸਾਰੇ ਮੁਗਲ ਪਿੱਛੇ ਹਟ ਜਾਂਦੇ ਜਾਂ ਮਾਰੇ ਜਾਂਦੇ। ਪਰ ਸਾਡੇ ਸਿੱਖ ਵੀ ਸਹੀ ਸਲਾਮਤ ਵਾਪਿਸ ਨਾ ਪਰਤ ਸਕਦੇ ਤੇ ਮੈਦਾਨ-ਏ-ਜੰਗ ਵਿੱਚ ਸ਼ਹੀਦੀ ਜਾਮ ਪੀ ਜਾਂਦੇ। ਸਾਡੇ ਕੋਲ ਕੋਈ ਚਾਰਾ ਨਹੀਂ ਸੀ ਰਿਹਾ। ਗੜ੍ਹੀ ਅੰਦਰ ਖੁਰਾਕ, ਪਾਣੀ ਅਤੇ ਜੀਵਨ ਲਈ ਜ਼ਰੂਰੀ ਵਸਤਾਂ ਵਿੱਚ ਤੇਜ਼ੀ ਨਾਲ ਕਮੀ ਆਉਂਦੀ ਜਾ ਰਹੀ ਸੀ। ਰਸਦ ਦੇ ਘਟਣ ਨਾਲ ਸਾਡੀ ਚਿੰਤਾ ਵਧੀ ਜਾਂਦੀ ਸੀ। ਪਰੰਤੂ ਮੁਗਲਾਂ ਨੂੰ ਕੋਈ ਇਲਮ ਨਹੀਂ ਸੀ ਕਿ ਸਾਡੇ ਕੋਲ ਕਿੰਨੀ ਖੁਰਕ, ਕਿੰਨੇ ਸੈਨਿਕ ਤੇ ਕਿੰਨੇ ਹਥਿਆਰ ਸਨ। 

ਗੜ੍ਹੀ ਦੁਆਲੇ ਡੇਰੇ ਲਾਈ ਬੈਠੇ ਕਈ ਮੁਗਲ ਫੌਜੀ ਤਾਂ ਇੱਥੋਂ ਤੱਕ ਦੁਆ ਕਰਦੇ ਸਨ, "ਹੇ ਅਲ੍ਹਾ! ਬੰਦਾ ਸਿੰਘ ਕਿਸੇ ਤਰੀਕੇ ਨਾਲ ਇੱਥੋਂ ਨਿਕਲ ਜਾਵੇ ਤਾਂ ਜੋ ਸਾਡੀ ਜਾਨ ਬਚ ਜਾਵੇ।" 

ਮੈਨੂੰ ਤਾਂਤਰਿਕ ਵਿੱਦਿਆ ਦਾ ਗਿਆਨ ਹੋਣ ਵਾਲੀ ਗੱਲ ਸਾਰੀ ਮੁਗਲ ਫੌਜ ਵਿੱਚ ਫੈਲੀ ਹੋਈ ਸੀ। ਇਸ ਲਈ ਜੇਕਰ ਗੜ੍ਹੀ ਵਿੱਚੋਂ ਕੋਈ ਬਿੱਲੀ ਕੁੱਤਾ ਜਾਂ ਪੰਛੀ ਵੀ ਬਾਹਰ ਨਿਕਲਦਾ ਸੀ ਤਾਂ ਸ਼ਾਹੀ ਆਦਮੀ ਇਸ ਨੂੰ ਵੀ ਜਾਦੂ ਦਾ ਕਾਰਾ ਸਮਝ ਕੇ ਦੂਰੋਂ ਹੀ ਤੀਰ ਜਾਂ ਬੰਦੂਕ ਨਾਲ ਮਾਰ ਸੁੱਟਦੇ। ਉਹ ਸਮਝਦੇ ਸਨ ਕਿ ਬੰਦਾ ਸਿੰਘ ਜਾਦੂ ਟੂਣੇ ਨਾਲ ਜਾਨਵਰ ਜਾਂ ਪੰਛੀ ਬਣ ਕੇ ਨਿਕਲ ਰਿਹਾ ਹੋਵੇਗਾ। ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਗੜ੍ਹੀ ਅੰਦਰੋਂ ਦੇਖ ਕੇ ਸਾਨੂੰ ਹਾਸਾ ਵੀ ਖੂਬ ਆਉਂਦਾ ਸੀ, ਪਰ ਅਸੀਂ ਔਖੇ ਹਾਲਾਤ ਵਿੱਚ ਹੋਣ ਕਰਕੇ ਖੁੱਲ੍ਹ ਕੇ ਹਸਦੇ ਨਹੀਂ ਸੀ।

ਜਦ ਸੂਹੀਆਂ ਰਾਹੀਂ ਅਜਿਹੀਆਂ ਖਬਰਾਂ ਦਿੱਲੀ ਬਾਦਸ਼ਾਹ ਤੱਕ ਪਹੁੰਚੀਆਂ ਤਾਂ ਉਹ ਬਹੁਤ ਖਫਾ ਹੋਇਆ ਤੇ ਉਹਨੇ ਅਬੁਦਸ ਸਮਦ ਖਾਨ ਨੂੰ ਬਹੁਤ ਹੀ ਗੁੱਸੇ ਭਰੀ ਚਿੱਠੀ ਲਿੱਖੀ। ਬਾਦਸ਼ਾਹ ਨੇ ਖਿਝ ਕੇ ਮੁਹੰਮਦ ਅਮੀਨ ਖਾਨ ਦੇ ਪੁੱਤਰ ਕਮਰ-ਉੱਦ-ਦੀਨ ਖਾਨ ਨੂੰ ਪੱਚੀ ਹਜ਼ਾਰ ਫੌਜ ਦੇ ਕੇ ਗੁਰਦਾਸ ਨੰਗਲ ਵੱਲ ਰਵਾਨਾ ਕਰ ਦਿੱਤਾ। 

ਕੁਝ ਦਿਨਾਂ ਵਿੱਚ ਦਿਨ ਰਾਤ ਨਿਰੰਤਰ ਸਫਰ ਕਰਦਿਆਂ ਕਮਰ-ਉੱਦ-ਦੀਨ ਖਾਨ ਨੇ ਆ ਕੇ ਗੁਰਦਾਸ ਨੰਗਲ ਦੇ ਪੂਰਬ ਵੱਲ ਆਪਣੀ ਫੌਜ ਦਾ ਉਤਾਰਾ ਕਰ ਲਿਆ। ਹੁਣ ਸਾਨੂੰ ਵੀ ਯਕੀਨ ਹੋ ਗਿਆ ਸੀ ਕਿ ਪੂਰਬੀ ਪਾਸਿਉਂ ਵੀ ਲਈ ਮੌਤ ਖੜੀ ਵਾਜਾ ਮਾਰ ਰਹੀ ਹੈ। ਸਿੱਖਾਂ ਲਈ ਬਾਹਰੋਂ ਦਾਣਾ ਪੱਠਾ ਅੰਦਰ ਲਿਜਾਣਾ ਮੁਮਕਿਨ ਨਹੀਂ ਸੀ ਰਿਹਾ। ਜਿਹੜਾ ਵੀ ਸਿੱਖਾਂ ਗੜ੍ਹੀ ਤੋਂ ਬਾਹਰ ਆਉਂਦਾ, ਉਹ ਜਿੰਦਾ ਵਾਪਿਸ ਨਾ ਮੁੜਦਾ। ਮਾਰਿਆ ਜਾਂਦਾ। ਇੰਝ ਹੀ ਸੈਂਕੜੇ ਸਿੱਖ ਮਰ ਗਏ ਸਨ। ਅਸੀਂ ਚਾਰੇ ਦਿਸ਼ਾਵਾਂ ਤੋਂ ਬੁਰੀ ਤਰ੍ਹਾਂ ਘਿਰੇ ਹੋਏ ਸੀ।

ਭੁੱਖ ਸਾਨੂੰ ਸਤਾ ਰਹੀ ਸੀ। ਸਿੱਖਾਂ ਨੇ ਦਰਖਤਾਂ ਦੇ ਫਲ ਅਤੇ ਫੁੱਲ ਤਾਂ ਪਹਿਲਾਂ ਹੀ ਖਾਹ ਕੇ ਮੁਕਾ ਦਿੱਤੇ ਸਨ। ਹੁਣ ਰੁੱਖਾਂ ਦੀਆਂ ਟਾਹਣੀਆਂ ਅਤੇ ਤਜ਼ੇ ਖਾਣ ਦਾ ਸਿਲਸਿਲਾ ਸ਼ੂਰੂ ਹੋ ਗਿਆ ਸੀ। ਗੜ੍ਹੀ ਵਿੱਚੋਂ ਡਿੱਗੇ ਪਏ ਦਰੱਖਤਾਂ ਦੇ ਸੱਕ ਚੁੱਗ ਕੇ ਉਨ੍ਹਾਂ ਨੂੰ ਪੀਸ ਕੇ ਆਟੇ ਦੇ ਰੂਪ ਵਿੱਚ ਵਰਤਿਆ ਜਾਣ ਲੱਗ ਪਿਆ। ਇਸ ਨਾਲ ਕੁਝ ਦਿਨ ਗੁਜ਼ਰ ਗਏ। ਸਿੱਖ ਫੌਜੀ ਦਿਨੋਂ ਦਿਨ ਕਮਜ਼ੋਰ ਅਤੇ ਬਿਮਾਰ ਹੁੰਦੇ ਜਾ ਰਹੇ ਸਨ। ਸਾਡੇ ਕੋਲ ਅੰਦਰ ਦਵਾਈ ਬੂਟੀ ਦਾ ਵੀ ਕੋਈ ਬੰਦੋਸਬਤ ਨਹੀਂ ਸੀ। ਕੁਝ ਸਿੱਖਾਂ ਨੇ ਤਾਕਤ ਹਾਸਲ ਕਰਨ ਲਈ ਆਪਣੇ ਘੋੜਿਆਂ ਨੂੰ ਮਾਰ ਕੇ ਉਨ੍ਹਾਂ ਦਾ ਮਹਾਂਪ੍ਰਸ਼ਾਦ ਛਕਣਾ ਆਰੰਭ ਕਰ ਦਿੱਤਾ ਸੀ। ਮੈਂ ਭਾਵੇਂ ਸ਼ਾਕਾਹਾਰੀ ਸੀ, ਲੇਕਿਨ ਉਨ੍ਹਾਂ ਦੀ ਹਾਲਤ ਦੇਖਦਿਆਂ ਮੈਂ ਉਨ੍ਹਾਂ ਨੂੰ ਮਾਸ ਖਾਣ ਤੋਂ ਰਤਾ ਨਾ ਵਰਜਿਆ।

ਅਬਦੁਸ ਸਮਦ ਖਾਨ ਵੀ ਉਡੀਕ ਕੇ ਅਕਿਆ ਪਿਆ ਸੀ। (ਜੂਨ ਦੇ ਪਹਿਲੇ ਹਫਤੇ) ਅਬਦੁਸ ਸਮਦ ਖਾਨ ਨੇ ਐਲਾਨ ਜਾਰੀ ਕੀਤਾ ਕਿ ਜੋ ਵੀ ਫੌਜੀ ਕਿਸੇ ਸਿੱਖ ਦਾ ਸਿਰ ਲਿਆਵੇਗਾ, ਉਸ ਨੂੰ ਦਸ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਨਾਲ ਮੁਗਲ ਫੌਜੀਆਂ ਨੇ ਅੱਗੇ ਵਧ ਕੇ ਸਿੱਖਾਂ ਨਾਲ ਲੜਨ ਦਾ ਖਤਰਾ ਮੁੱਲ ਲੈਣਾ ਸ਼ੁਰੂ ਕਰ ਦਿੱਤਾ। ਮੁਗਲੀਆ ਫੌਜ ਗੜ੍ਹੀ ਦੇ ਹੋਰ ਨਜ਼ਦੀਕ ਮੰਡਰਾਉਣ ਲੱਗ ਪਈ ਸੀ। 

ਗੁਰਦਾਸ ਨੰਗਲ ਵਿੱਚ ਘਿਰੇ ਸਿੱਖਾਂ ਵਿੱਚੋਂ ਬਹੁਤ ਸਾਰੇ ਦਸਤ-ਮਰੋੜਾਂ ਤੇ ਪੀੜਾਂ ਨਾਲ ਮਰ ਗਏ ਸਨ। ਪਹਿਲੇ ਪਹਿਲ ਅਸੀਂ ਸਭ ਘਾਹ ਖਾਹ ਕੇ ਪੇਟ ਨੂੰ ਝੁਲਕਾ ਦੇ ਲੇਂਦੇ ਸੀ। ਫੇਰ ਤਾਂ ਗੜ੍ਹੀ ਵਿੱਚ ਸਾਰਾ ਘਾਹ ਵੀ ਮੁੱਕ ਗਿਆ ਸੀ ਤੇ ਦੇਖਣ ਨੂੰ ਕੋਈ ਸੁੱਕਾ ਡੱਕਾ ਵੀ ਨਹੀਂ ਸੀ ਲੱਭਦਾ। ਸਾਰੇ ਦਰਖਤਾਂ ਦੇ ਤਣੇ ਛਿੱਲ ਕੇ ਉਨ੍ਹਾਂ ਦੇ ਚੂਰੇ ਦਾ ਆਟਾ ਵੀ ਅਸੀਂ ਵਰਤ ਚੁੱਕੇ ਸੀ। ਸਿੱਖਾਂ ਵੱਲੋਂ ਮਾਰ ਕੇ ਖਾਣ ਬਾਅਦ ਘੋੜੇ ਵੀ ਘਟਦੇ ਜਾਂ ਰਹੇ ਸਨ। ਜਿੰਨੀ ਦੇਰ ਆਦਮੀ ਜਿਉਂਦਾ ਹੈ ਉਹ ਆਪਣੇ ਜਿਉਣ ਲਈ ਆਹਰ ਤਾਂ ਕਰਦਾ ਹੀ ਹੈ। ਗੜ੍ਹੀ ਅੰਦਰ ਸਿੱਖਾਂ ਕੋਲ ਖਾਣ ਲਈ ਇੱਕ ਦੂਜੇ ਦਾ ਮਾਸ ਜਾਂ ਆਪਣਾ ਆਪ ਹੀ ਬਚਿਆ ਸੀ। ਇੱਕ ਸਿੱਖ ਨੇ ਪਹਿਲ ਕੀਤੀ, ਫੇਰ ਉਸਦੀ ਦੇਖਾ ਦੇਖੀ ਹੋਰ ਵੀ ਕਈਆਂ ਸਿੱਖਾਂ ਨੇ ਆਪਣੇ ਪੱਟਾਂ ਦੇ ਮਾਸ ਨੂੰ ਵੱਢ ਕੇ ਭੁੰਨ-ਭੁੰਨ ਖਾਣਾ ਆਰੰਭ ਕਰ ਦਿੱਤਾ ਸੀ। 

(ਜੁਲਾਈ ਵਿੱਚ) ਬਰਸਾਤਾਂ ਸ਼ੁਰੂ ਹੋ ਗਈਆਂ। ਅਸੀਂ ਮੀਂਹ ਦਾ ਪਾਣੀ ਪੀ ਕੇ ਗੁਜ਼ਾਰਾ ਕਰਨ ਲੱਗ ਪਏ। ਮੀਂਹਾਂ ਕਾਰਨ ਹੁਣ ਮੁਗਲਾਂ ਦੀ ਮੁਹਿੰਮ ਵੀ ਠੰਡੀ ਪੈ ਗਈ ਸੀ। ਅਜਿਹੇ ਮੌਕੇ ਦਾ ਫਾਇਦਾ ਉਠਾ ਕੇ ਘੇਰਾ ਚੀਰ ਕੇ ਨਿਕਲਿਆ ਜਾ ਸਕਦਾ ਸੀ। ਜਿਸ ਨਾਲ ਜੇ ਅੱਧੇ ਸਿੱਖ ਮਰ ਵੀ ਜਾਂਦੇ ਬਾਕੀ ਅੱਧੇ ਤਾਂ ਬਚ ਹੀ ਜਾਣੇ ਸਨ। ਲੇਕਿਨ ਮੈਂ ਗੜ੍ਹੀ ਤੋਂ ਬਾਹਰ ਨਿਕਲ ਕੇ ਯੁੱਧ ਕਰਨ ਦਾ ਫੈਸਲਾ ਨਹੀਂ ਸੀ ਕਰ ਸਕਿਆ। ਇੰਝ ਸਿੱਖ ਪੂਰੀਆਂ ਗਰਮੀਆਂ, ਪੂਰਾ ਚੁਮਾਸਾ ਤੇ ਅੱਧੀਆਂ ਸਰਦੀਆਂ (ਯਾਨਿ ਮਾਰਚ ਤੋਂ ਨਵੰਬਰ ਤੱਕ) ਅਸੀਂ ਗੜ੍ਹੀ ਅੰਦਰ ਤਕਰੀਬਨ ੮ ਮਹੀਨੇ ਗੁਜ਼ਾਰ ਚੁੱਕੇ ਸੀ। ਅਸੀਂ ਸਾਰੇ ਬਹੁਤ ਕਮਜ਼ੋਰ ਹੋ ਗਏ ਸੀ। ਸਾਡੇ ਵਿੱਚੋਂ ਬਹੁਤ ਸਾਰੇ ਐਨੇ ਬਿਮਾਰ ਹੋ ਗਏ ਸਨ ਕਿ ਆਪਣੇ ਆਪ ਉੱਠਣ ਤੱਕ ਦੀ ਵੀ ਉਨ੍ਹਾਂ ਵਿੱਚ ਹਿੰਮਤ ਨਹੀਂ ਸੀ ਰਹੀ। ਕਈ ਤਾਂ ਤਲਵਾਰ ਚੁੱਕ ਦੇ ਕਾਬਲ ਵੀ ਨਹੀਂ ਸਨ ਰਹੇ। ਅਜਿਹੀ ਅਵਸਥਾ ਵਿੱਚ ਉਨ੍ਹਾਂ ਤੋਂ ਲੜਾਈ ਦੀ ਕੀ ਉਮੀਦ ਕੀਤੀ ਜਾ ਸਕਦੀ ਸੀ। 

ਅੱਠ ਮਹੀਨਿਆਂ ਦੇ ਘੇਰੇ ਉਪਰੰਤ ਸਾਡੇ ਕੋਲ ਖਾਣ ਵਾਸਤੇ ਹਵਾ ਤੋਂ ਸਿਵਾ ਕੁਝ ਵੀ ਨਹੀਂ ਸੀ ਬੱਚਿਆ। ਸਭ ਭੁੱਖ ਨਾਲ ਨਿਢਾਲ ਹੋ ਗਏ ਸਨ ਤੇ ਬਹੁਤਿਆਂ ਵਿੱਚ ਹਿੱਲਣ-ਜੁੱਲਣ ਜੋਗੀ ਸਤਿਆ ਵੀ ਨਹੀਂ ਸੀ ਰਹੀ।

ਅਖੀਰ ਉਹ ਦਿਨ ਆ ਗਿਆ, ਜਿਸਨੇ ਆਉਣਾ ਤਾਂ ਸੀ, ਪਰ ਅਸੀਂ ਉਸਨੂੰ ਉਡੀਕਦੇ ਨਹੀਂ ਸੀ। ਯਾਨੀ ਅੰਤਿਮ (੭ ਦਸੰਬਰ ੧੭੧੫ ਨੂੰ) ਫੈਸਲੇ ਦਾ ਦਿਨ। ਮੇਰੇ ਕੋਲ ਸਿਰਫ ਦੋ ਹੀ ਰਸਤੇ ਸਨ। ਇੱਕ ਤਾਂ ਗੜ੍ਹੀ ਅੰਦਰ ਇੰਝ ਹੀ ਸਭ ਨੂੰ ਇੱਕ ਇੱਕ ਕਰਕੇ ਤਿਲ-ਤਿਲ ਮਰਦੇ ਦੇਖਦਾ ਖੁਦ ਵੀ ਤੜਫ-ਤੜਫ ਭੁੱਖਣ-ਭਾਣੇ ਪ੍ਰਾਣ ਤਿਆਗ ਜਾਂਦਾ। ਜਾਂ ਦੂਜਾ ਰਸਤਾ ਗੜ੍ਹੀ ਤੋਂ ਬਾਹਰ ਨਿਕਲ ਕੇ ਲੜਦਾ ਸ਼ਹੀਦ ਹੋ ਜਾਂਦਾ ਜਾਂ ਵੱਧ ਤੋਂ ਵੱਧ ਬੰਦੀ ਬਣਾ ਲਿਆ ਜਾਂਦਾ। ਮੈਂ ਲੜ ਕੇ ਮਰਨ ਵਾਲਾ ਰਾਹ ਚੁਣਿਆ।

ਮੈਨੂੰ ਪੁੱਛੇ ਬਿਨਾ ਕੁਝ ਸਿੱਖਾਂ ਨੇ ਤੀਰ ਨਾਲ ਚਿੱਠੀ ਬੰਨ੍ਹ ਕੇ ਸਮਦ ਖਾਨ ਨੂੰ ਭੇਜ ਦਿੱਤੀ। ਭੁੱਖ ਕਾਰਨ ਨਿਢਾਲ ਹੋਏ ਸਿੱਖਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਇਸ ਸ਼ਰਤ 'ਤੇ ਪੇਸ਼ ਕੀਤਾ ਕਿ ਉਨ੍ਹਾਂ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾਵੇਗੀ। ਕੁਝ ਸਿੱਖਾਂ ਨੇ ਸਮਦ ਖਾਨ ਨੂੰ ਚੌਖੀ ਰਕਮ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਉਨ੍ਹਾਂ ਨੂੰ ਉੱਥੋਂ ਨਿਕਲਣ ਦਾ ਰਾਸਤਾ ਛੱਡ ਦੇਵੇ। ਪਰ ਸਮਦ ਖਾਨ ਨਾ ਮੰਨਿਆ।

ਜਦ ਖਾਨ ਨਾ ਮੰਨਿਆ ਤਾਂ ਭੁੱਖ ਦੇ ਸਤਾਏ ਹੋਏ ਸਿੱਖਾਂ ਨੇ ਇੱਕ ਹੋਰ ਸੁਨੇਹਾ ਭੇਜਿਆ ਕਿ ਉਹ ਇਸ ਸ਼ਰਤ 'ਤੇ ਹਥਿਆਰ ਸੁੱਟ ਦੇਣਗੇ ਜੇ ਉਨ੍ਹਾਂ ਨੂੰ ਕਤਲ ਨਾ ਕੀਤੇ ਜਾਣ ਦਾ ਵਾਅਦਾ ਦਿੱਤਾ ਜਾਵੇ ਤੇ ਬਾਦਸ਼ਾਹ ਅੱਗੇ ਪੇਸ਼ ਕੀਤਾ ਜਾਵੇ। ਫੇਰ ਬਾਦਸ਼ਾਹ ਸਾਨੂੰ ਜੋ ਸਜਾ ਦੇਵੇਗਾ ਉਨ੍ਹਾਂ ਨੂੰ ਮਨਜ਼ੂਰ  ਹੋਵੇਗੀ।

ਸਮਦ ਖਾਨ ਕੋਈ ਸੌਦੇਬਾਜ਼ੀ ਕਰਨ ਲਈ ਤਿਆਰ ਨਹੀਂ ਸੀ। ਮੁਗਲ ਫੌਜਾਂ ਵੀ ਇੱਕ ਟੱਕ ਫੈਸਲਾ ਕਰਨ ਉੱਪਰ ਉਤਰ ਆਈਆਂ ਸਨ। ਉਨ੍ਹਾਂ ਕੋਲੋਂ ਹੋਰ ਇੰਤਜ਼ਾਰ ਨਹੀਂ ਸੀ ਹੁੰਦਾ। ਜਦ ਕਈ ਦਿਨਾਂ ਤੱਕ ਗੜ੍ਹੀ 'ਚੋਂ ਕੋਈ ਹਿੱਲਜੁਲ ਨਾ ਹੋਈ ਤਾਂ ਮੁਗਲ ਫੌਜਾਂ ਦੇ ਇੱਕ ਹਜੂਮ ਨੇ ਇਕਦਮ ਹੱਲਾ ਬੋਲ ਦਿੱਤਾ। ਉਹ ਗੜ੍ਹੀ ਦਾ ਮੁੱਖ ਦਰਵਾਜ਼ਾ ਤੋੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਏ। ਜਲਦ ਹੀ ਉਨ੍ਹਾਂ ਨੇ ਦਰਵਾਜ਼ਾ ਤੋੜ ਲਿਆ ਤੇ ਗੜ੍ਹੀ ਵਿੱਚ ਪ੍ਰਵੇਸ਼ ਕਰ ਗਏ। ਦੜਾਦੜ ਮੁਗਲੀਆ ਫੌਜ਼ ਗੜ੍ਹੀ ਅੰਦਰ ਵੜ ਕੇ ਭੜਥੂ ਪਾਉਣ ਲੱਗ ਪਈ। ਅੱਗੇ ਉਨ੍ਹਾਂ ਨੂੰ ਅਧਮੋਏ ਪਏ ਹੋਏ ਦੋ ਚਾਰ ਸਿੱਖ ਨਜ਼ਰ ਆਏ, ਜਿਨ੍ਹਾਂ ਨੂੰ ਉਨ੍ਹਾਂ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਚੋਂ ਜਿਹੜਾ ਵੀ ਜ਼ਰਾ ਹਿੱਲਿਆ, ਉਸ ਨੂੰ ਉੱਥੇ ਹੀ ਕਤਲ ਕਰ ਦਿੱਤਾ ਗਿਆ। ਤਕਰੀਬਨ ੩ ਸੌ ਸਿੱਖਾਂ ਨੂੰ ਥਾਂਏ ਚੀਰ ਦਿੱਤਾ ਗਿਆ। ਉਨ੍ਹਾਂ ਦਾ ਖੂਨ ਏਨਾ ਵਗਿਆ ਕਿ ਇੰਝ ਜਾਪਦਾ ਸੀ ਕਿ ਉਹ ਖੂਨ ਦੇ ਤਲਾਅ ਵਿੱਚ ਤੈਰ ਰਹੇ ਸਨ। ਲਾਸ਼ਾਂ ਤੇ ਗੰਦਗੀ ਦੀ ਬਦਬੂ ਕਾਰਨ ਸਭ ਨੇ ਆਪਣੇ ਮੂੰਹ ਢਕੇ ਹੋਏ ਸਨ। ਮੇਰੇ ਸਣੇ  ਕੁਝ ਕੁ ਸਿੱਖਾਂ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਵਿੱਚ ਬਹੁਤ ਸਰੀਰਕ ਕਮਜ਼ੋਰੀ ਆ ਚੁੱਕੀ ਹੋਣ ਕਰਕੇ ਅਸੀਂ ਲੜ ਨਾ ਸਕੇ। ਸਾਨੂੰ ਮੁਗਲੀਆ ਫੌਜ ਨੇ ਆਸਾਨੀ ਨਾਲ ਹੀ ਗ੍ਰਿਫਤਾਰ ਕਰ ਲਿਆ। ਮੈਨੂੰ ਅਤੇ ਮੇਰੇ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਬੇੜੀਆਂ ਅਤੇ ਸੰਗਲਾਂ ਵਿੱਚ ਜਕੜ ਲਿਆ ਗਿਆ। ਸਾਨੂੰ ਸਮਦ ਖਾਨ ਅਤੇ ਉਸਦੇ ਜਰਨੈਲ ਦੇ ਕਦਮਾਂ ਵਿੱਚ ਧੂਹ-ਖੜੀਸ ਕੇ ਸਿੱਟਿਆ ਗਿਆ। ਜਿੱਤ ਦੀ ਖੁਸ਼ੀ ਵਿੱਚ ਖੀਵੇ ਹੋਏ ਸਮਦ ਖਾਨ ਨੇ ਸਾਨੂੰ ਸਭ ਨੂੰ ਲਾਹੌਰ ਲਿਜਾਣ ਦਾ ਹੁਕਮ ਸੁਣਾ ਦਿੱਤਾ।

No comments:

Post a Comment