Monday, 19 December 2016

ਕਪੂਰੀ ਦੀ ਅੱਗ

ਕਪੂਰੀ ਦੀ ਅੱਗ

ਦਾਮਾਲਾ ਅਤੇ ਕੁੰਜਪੁਰੇ (ਕਰਨਾਲ ਜ਼ਿਲ੍ਹੇ ਦਾ ਯਮਨਾ ਨਦੀ ਨਜ਼ਦੀਕ ਵਸਿਆ ਇੱਕ ਪਿੰਡ) ਦੇ ਇਲਾਕੇ ਹਾਸਿਲ ਕਰਨ ਉਪਰੰਤ ਭਾਵੇਂ ਸਾਡੀਆਂ ਜੰਗੀ ਮਸ਼ਕਾਂ ਵੀ ਜਾਰੀ ਸਨ ਤੇ ਫੌਜ ਦੀ ਭਰਤੀ ਵੀ ਨਿਰੰਤਰ ਹੋਈ ਜਾ ਰਹੀ ਸੀ। ਲੇਕਿਨ ਮੈਂ ਆਪਣਾ ਅਗਲਾ ਜੰਗੀ ਨਿਸ਼ਾਨਾ ਕੋਈ ਨਹੀਂ ਸੀ ਮਿਥਿਆ। ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਸੱਜਰੇ ਭਰਤੀ ਹੋਏ ਸਿੱਖ ਯੋਧਿਆਂ ਦੀ ਤਿਆਰੀ ਤੋਂ ਮੈਂ ਕੋਈ ਬਹੁਤਾ ਖੁਸ਼ ਨਹੀਂ ਸੀ। ਖੁਸ਼ ਨਾਲੋਂ ਵਧੀਆ ਇਹ ਕਿਹਾ ਜਾ ਸਕਦਾ ਹੈ ਕਿ ਮੈਂ ਸੰਤੁਸ਼ਟ ਨਹੀਂ ਸੀ। ਮੇਰੇ ਹਿਸਾਬ ਨਾਲ ਉਨ੍ਹਾਂ ਨੂੰ ਵਧੇਰੇ ਸ਼ਸਤਰ ਸਿਖਲਾਈ ਦੀ ਲੋੜ੍ਹ ਸੀ ਤੇ ਫਾਕੇ ਕੱਟਣ ਦੀ ਜਾਚ ਵੀ ਉਨ੍ਹਾਂ ਨੇ ਅਜੇ ਨਹੀਂ ਸੀ ਸਿੱਖੀ। ਦੂਜੀ ਮਹੱਤਵਪੂਰਨ ਗੱਲ ਇਹ ਸੀ ਕਿ ਮੈਂ ਆਪਣੇ ਜ਼ਿਹਨ ਨੂੰ ਕੁਝ ਅਰਾਮ ਦਿਵਾਉਣਾ ਚਾਹੁੰਦਾ ਸੀ। ਜਦੋਂ ਦਾ ਮੈਂ ਨਾਂਦੇੜ ਤੋਂ ਪੰਚਨਦ (ਪੰਜਾਬ) ਵੱਲ ਪੈਰ ਪੱਟਿਆ ਸੀ, ਮੇਰਾ ਦਿਮਾਗ ਹਰ ਸਮੇਂ ਮੇਰੇ ਕਦਮਾਂ ਅਤੇ ਸ਼ਸਤਰਾਂ ਵਾਂਗ ਬੇਅਟਕ ਚੱਲਦਾ ਹੀ ਰਹਾ ਸੀ। 



ਸਰਹਿੰਦ ਦਾ ਨਕਸ਼ਾ ਅਤੇ ਨਾਮ ਮੇਰੇ ਮਨ ਮਸਤਕ ਵਿੱਚ ਸਦਾ ਹਥੌੜਿਆਂ ਵਾਂਗ ਵੱਜਦਾ ਰਹਿੰਦਾ ਸੀ ਤੇ ਮੈਂ ਇਹ ਵੀ ਜਾਣਦਾ ਸੀ ਕਿ ਜਦੋਂ ਤੱਕ ਮੈਂ ਸਰਹਿੰਦ ਨੂੰ ਫਤਿਹ ਨਹੀਂ ਸੀ ਕਰ ਲੈਂਦਾ। ਮੇਰੇ ਮਨ ਨੂੰ ਚੈਨ ਨਹੀਂ ਸੀ ਆਉਣਾ। ਮੈਂ ਆਪਣੇ ਕਦਮਾਂ ਨੂੰ ਕਾਹਲੀ ਨਾਲ ਹਿੰਦੁਸਤਾਨ ਦੇ ਸਭ ਤੋਂ ਅਮੀਰ ਪਰਗਣੇ ਸਰਹਿੰਦ ਵੱਲ ਜਲਦੀ ਤੋਂ ਜਲਦੀ ਤੀਬਰਗਤੀ ਨਾਲ ਮੋੜਣਾ ਚਾਹੁੰਦਾ ਸੀ। ਵਜੀਰ ਖਾਨ ਨੂੰ ਉਸਦੀ ਕਰਨੀ ਦਾ ਦੰਡ ਦੇਣ ਦਾ ਬਚਨ ਜੋ ਮੈਂ ਗੁਰੂ ਗੋਬਿੰਦ ਸਿੰਘ ਨੂੰ ਦਿੱਤਾ ਸੀ। ਉਹ ਵਾਅਦਾ ਵੀ ਮੈਨੂੰ ਟਿਕਣ ਨਹੀਂ ਸੀ ਦੇ ਰਿਹਾ।

ਕੁੰਜਪੁਰੇ ਵਿੱਚ ਕੁਝ ਦਿਨ ਠਹਿਰ ਕੇ ਮੈਂ ਆਪਣੀ ਅਗਲੀ ਮਨਸੂਬਾਬੰਦੀ ਵਧੀਆ ਢੰਗ ਨਾਲ ਕਰ ਸਕਦਾ ਸੀ। ਇਸ ਲਈ ਮੈਨੂੰ ਉੱਥੇ ਅਟਕੇ ਰਹਿਣ ਦਾ ਫੈਸਲਾ ਹੀ ਜਾਇਜ਼ ਜਾਪਦਾ ਸੀ। 

ਕੁੰਜਪੁਰੇ ਤੋਂ ਥੋੜ੍ਹੀ ਦੂਰ ਵਾਟ 'ਤੇ ਹੀ ਕਪੂਰੀ ਦਾ ਇਲਾਕਾ ਸੀ। ਆਲਮਗੀਰ ਔਰੰਗਜ਼ੇਬ ਵੇਲੇ ਗੁਜਰਾਤ ਦਾ ਫੌਜਦਾਰ ਅਮਾਨ-ਉੱਲਾ ਹੁੰਦਾ ਸੀ। ਔਰੰਗਜ਼ੇਬ ਦੀ ਉਸ ਉੱਪਰ ਬਹੁਤ ਮਿਹਰ ਸੀ ਤੇ ਅਨੇਕਾਂ ਵਾਰ ਉਹ ਸ਼ਾਹੀ ਇਨਾਮ, ਜਾਗੀਰਾਂ ਅਤੇ ਖਿਲਤਾਂ ਪ੍ਰਾਪਤ ਕਰ ਚੁੱਕਾ  ਸੀ। ਅਮਾਨ-ਉੱਲਾ ਬਹੁਤ ਅਯਾਸ਼ ਸੀ। ਜਦੋਂ ਉਸਦਾ ਪੁੱਤਰ ਕਦਮ-ਉੱਦ-ਦੀਨ (ਕੁਤੁਬ-ਉੱਦ-ਦੀਨ,) ਜਵਾਨ ਹੋਇਆ ਤਾਂ ਉਹ ਕਪੂਰੀ ਦਾ ਹਾਕਮ ਬਣ ਗਿਆ। ਜਿਵੇਂ ਕਹਿੰਦੇ ਹੁੰਦੇ ਹਨ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਪਿਤਾ ਵਾਂਗ ਕਦਮ-ਉੱਦ-ਦੀਨ ਵੀ ਵਿਲਾਸੀ ਅਤੇ ਕਾਮੀ ਰੁਚੀਆਂ ਦਾ ਮਾਲਕ ਸੀ। ਬਲਕਿ ਇਹ ਕਹਿ ਲਵੋ ਕਿ ਜਨਾਨੀਬਾਜ਼ੀ ਵਿੱਚ ਉਹ ਪਿਉ ਤੋਂ ਵੀ ਦੋ ਰੱਤੀਆਂ ਵੱਧ ਸੀ। ਕੱਟੜ ਅਤੇ ਜ਼ਾਲਿਮ ਵੀ ਉਹ ਪੁੱਜ ਕੇ ਸੀ। 

ਕਦਮ-ਉੱਦ-ਦੀਨ ਹਿੰਦੂ ਇਸਤਰੀਆਂ ਨੂੰ ਜਬਰਦਸਤੀ ਚੁੱਕ ਕੇ ਲੈ ਜਾਂਦਾ ਤੇ ਕਈ ਕਈ ਦਿਨ ਜਬਰ ਜਿਨਹਾ ਕਰਦਾ ਰਹਿੰਦਾ। ਉਸ ਨੇ ਨਗਰ ਵਿੱਚ ਆਪਣੇ ਵਿਸ਼ੇਸ਼ ਸੂਹੀਆਂ ਦੀ ਫੌਜ ਛੱਡੀ ਹੋਈ ਸੀ, ਜੋ ਇਹ ਨਿਗਰਾਨੀ ਰੱਖਦੇ ਕਿ ਕਿਸ ਹਿੰਦੂ ਦੀ ਪੁੱਤਰੀ ਜਵਾਨ ਹੋ ਗਈ ਹੈ। ਕਿਸ ਲੜਕੀ ਦੀ ਸ਼ਾਦੀ ਹੋ ਰਹੀ ਹੈ ਜਾਂ ਕਿਸ ਮੁਟਿਆਰ ਦਾ ਡੋਲਾ ਆਇਆ ਹੈ। ਹਰ ਸੁੰਦਰ ਇਸਤਰੀ ਬਾਰੇ ਖਬਰ ਮਿਲਣ 'ਤੇ ਉਹ ਉਸਨੂੰ ਚੁੱਕਵਾ ਲੈਂਦਾ ਤੇ ਆਪਣੀ ਹਵਸ ਪੂਰੀ ਕਰਦਾ। ਜਦੋਂ ਚਿੱਤ ਭਰ ਜਾਂਦਾ ਤਾਂ ਉਸ ਲੜਕੀ ਨੂੰ ਆਪਣੇ ਨੌਕਰਾਂ ਹਵਾਲੇ ਕਰ ਦਿੰਦਾ। ਉਹ ਕਾਮ ਦਾ ਐਨਾ ਭੁੱਖਾ ਸੀ ਕਿ ਜਦੋਂ ਕੋਈ ਔਰਤ ਉਸਨੂੰ ਆਪਣੇ ਇਲਾਕੇ ਵਿੱਚੋਂ ਨਾ ਮਿਲਦੀ ਤਾਂ ਉਹ ਦੂਜੇ ਪਰਗਣਿਆਂ ਵਿੱਚੋਂ ਇਸਤਰੀਆਂ ਚੁੱਕਵਾ ਕੇ ਆਪਣੀ ਸੇਜ ਦਾ ਸਿੰਗਾਰ ਬਣਾਉਣ ਲਈ ਮੰਗਵਾ ਲੈਂਦਾ ਸੀ। ਸਿਰਫ ਹਿੰਦੂ ਹੀ ਨਹੀਂ, ਕਾਮ ਦਾ ਸਤਾਇਆ ਹੋਇਆ ਉਹ ਮੁਸਲਮਾਨ ਹੁਸੀਨ ਔਰਤਾਂ ਨੂੰ ਵੀ ਨਹੀਂ ਸੀ ਬਖਸ਼ਦਾ। ਉਸ ਦੀ ਹਵਸ ਅਤੇ ਜਬਰ ਦੀ ਅੱਗ ਵਿੱਚ ਕਪੂਰੀ ਅਤੇ ਉਸਦੇ ਇਰਦ-ਗਿਰਦ ਦਾ ਪੂਰਾ ਇਲਾਕਾ ਬੁਰੀ ਤਰ੍ਹਾਂ ਝੁਲਸ ਰਿਹਾ ਸੀ।

ਕਦਮ-ਉੱਦ-ਦੀਨ ਨੇ ਗਰੀਬਾਂ ਤੋਂ ਲੁੱਟ ਕੇ ਬਹੁਤ ਸਾਰਾ ਧਨ ਦੌਲਤ ਇਕੱਠੀ ਕਰ ਰੱਖੀ ਸੀ। ਉਸਨੂੰ ਆਪਣੇ ਬਾਪ ਤੋਂ ਵੀ ਕਾਫੀ ਸਾਰੀ ਸੰਪਤੀ ਮਿਲੀ ਹੋਈ ਸੀ। ਦੌਲਤ ਅਤੇ ਰੁਤਬੇ ਨੇ ਉਸਨੂੰ ਬਹੁਤ ਹੰਕਾਰੀ ਤੇ ਭਿਵਚਾਰੀ ਬਣਾ ਦਿੱਤਾ ਸੀ। ਕਪੂਰੀ ਦੀ ਅਵਾਮ ਉਸ ਤੋਂ ਬਹੁਤ ਦੁੱਖੀ ਸੀ। 

ਜਦੋਂ ਕਪੂਰੀ ਦੇ ਲੋਕਾਂ ਨੂੰ ਮੇਰੇ ਬਾਰੇ ਪਤਾ ਲੱਗਿਆ ਕਿ ਮੈਂ ਗਰੀਬਾਂ ਅਤੇ ਮਜ਼ਲੂਮਾਂ ਨੂੰ ਇਨਸਾਫ ਦਿਵਾਉਂਦਾ ਹਾਂ ਤੇ ਜ਼ਾਲਿਮਾਂ ਨੂੰ ਨੱਥ ਪਾਉਂਦਾ ਹਾਂ। ਬਹੁਤ ਸਾਰੇ ਹਿੰਦੂ ਤੇ ਕੁਝ ਮੁਸਲਮਾਨ ਮੇਰੇ ਕੋਲ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਜ਼ਾਲਿਮ ਹਾਕਮ ਕਦਮ-ਉੱਦ-ਦੀਨ ਤੋਂ ਛੁਟਕਾਰਾ ਕਰਵਾਉਣ ਲਈ ਮੈਨੂੰ ਫਰਿਆਦ ਕੀਤੀ। ਉਨ੍ਹਾਂ ਦੇ ਦੱਸਣ ਮੁਤਾਬਿਕ ਕਦਮ-ਉੱਦ-ਦੀਨ ਬਹੁਤ ਸਾਰੀਆਂ ਮੁਟੀਆਰਾਂ ਦੀ ਜ਼ਿੰਦਗੀ ਤਬਾਹ ਕਰ ਚੁੱਕਾ ਸੀ। ਅਣਗਿਣਤ ਔਰਤਾਂ ਉਸਦੀ ਹਵਸ ਦਾ ਸ਼ਿਕਾਰ ਹੋਈਆਂ ਆਤਮਹੱਤਿਆ ਕਰਕੇ ਮਰ ਗਈਆਂ ਸਨ। ਕਈ ਖੂਹਾਂ ਵਿੱਚ ਛਾਲਾਂ ਮਾਰ ਕੇ, ਕਈ ਜ਼ਹਿਰ ਖਾਹ ਕੇ ਤੇ ਕਈਆਂ ਨੇ ਆਪਣੇ ਆਪ ਨੂੰ ਜ਼ਿੰਦਾ ਅੱਗ ਵਿੱਚ ਵੀ ਸਾੜ ਲਿਆ ਸੀ। 

ਕਪੂਰੀ ਦੇ ਲੋਕ ਕਦਮ-ਉੱਦ-ਦੀਨ ਤੋਂ ਬਹੁਤ ਅੱਕੇ ਹੋਏ ਅਤੇ ਦੁੱਖੀ ਸਨ। ਉਹ ਕਿਵੇਂ ਨਾ ਕਿਵੇਂ ਆਪਣੇ ਹਾਕਿਮ ਦੇ ਜ਼ੁਲਮਾਂ ਤੋਂ ਨਿਜਾਤ ਚਾਹੁੰਦੇ ਸਨ। ਉਨ੍ਹਾਂ ਨੇ ਤਾਂ ਮੈਨੂੰ ਇੱਥੋਂ ਤੱਕ ਕਿਹਾ ਸੀ ਕਿ ਬੇਸ਼ੱਕ ਮੂੰਹੋਂ ਮੰਗਿਆ ਧਨ ਲੈ ਲਵੋ ਤੇ ਕਿਵੇਂ ਨਾ ਕਿਵੇਂ ਸਾਡਾ ਕਦਮ-ਉੱਦ-ਦੀਨ ਤੋਂ ਛੁਟਕਾਰਾ ਕਰਵਾ ਦਿਉ। ਉਨ੍ਹਾਂ ਫਰਿਆਦੀਆਂ ਦੀ ਗੱਲ ਵੀ ਸਹੀ ਸੀ। ਧਨ ਲੁੱਟਿਆ ਜਾਵੇ ਬੰਦਾ ਹੋਰ ਕਮਾ ਲੈਂਦਾ ਹੈ। ਘਰ-ਬਾਰ ਲੁੱਟਿਆ ਜਾਵੇ ਤਾਂ ਹੋਰ ਬਣਾ ਲੈਂਦਾ ਹੈ। ਲੇਕਿਨ ਲੁੱਟੀ ਹੋਈ ਇੱਜ਼ਤ ਤਾਂ ਦੁਬਾਰਾ ਨਹੀਂ ਮਿਲਦੀ। ਦੁਨੀਆ ਵਿੱਚ ਕਿਹੜਾ ਇਨਸਾਨ ਹੈ ਜੋ ਇੱਜ਼ਤ ਨਾ ਜਿਉਣਾ ਨਹੀਂ ਚਾਹੁੰਦੈ? ਮੈਂ ਉਨ੍ਹਾਂ ਨੂੰ ਇਸ ਮੁੱਦੇ 'ਤੇ ਸੋਚਣ ਬਾਰੇ ਆਖ ਕੇ ਤੋਰ ਦਿੱਤਾ ਸੀ।

ਲੇਕਿਨ ਮੈਂ ਉਸ ਸਾਰੀ ਰਾਤ ਸੌਂ ਨਾ ਸਕਿਆ। ਮੇਰੀਆਂ ਅੱਖਾਂ ਅੱਗੇ ਲੇਲੜੀਆਂ ਕੱਢਦੇ ਕਪੂਰੀ ਦੇ ਲੋਕਾਂ ਦਾ ਚਿਹਰਾ ਘੁੰਮਦਾ ਰਿਹਾ ਸੀ। ਉਨ੍ਹਾਂ ਦੇ ਮਦਦ ਲਈ ਗਿੜਗਿੜਾਉਂਦਿਆਂ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜਦੇ ਰਹੇ ਸਨ। ਮੈਨੂੰ ਕਦਮ-ਉੱਦ-ਦੀਨ ਦੇ ਜ਼ੁਲਮਾਂ ਦੀ ਅੱਗ ਵਿੱਚ ਸੜਦੀ ਹੋਈ ਕਪੂਰੀ ਦੀਆਂ ਲਾਟਾਂ ਜ਼ਮੀਨ 'ਤੇ ਲੇਟੇ ਪਏ ਨੂੰ ਨਾ ਸਿਰਫ ਦਿਖਾਈ ਦੇ ਰਹੀਆਂ ਸਨ, ਬਲਕਿ ਮੈਨੂੰ ਉਨ੍ਹਾਂ ਲਾਂਬੂਆਂ ਦਾ ਸੇਕ ਵੀ ਮਹਿਸੂਸ ਹੁੰਦਾ ਸੀ। ਇੱਕ ਮੁਕਾਮ 'ਤੇ ਜਾ ਕੇ ਤਾਂ ਮੇਰਾ ਸਾਹ ਘੁੱਟ ਹੋਣ ਲੱਗ ਪਿਆ ਸੀ। ਮੈਂ ਬੜੀ ਬੇਚੈਨੀ ਵਿੱਚ ਬਿਛਾਉਣੇ ਉੱਪਰ ਪਾਸੇ ਮਾਰਿਦਆਂ ਉਹ ਰਾਤ ਲੰਘਾਈ ਸੀ। ਸੁਬ੍ਹਾ ਹੁੰਦਿਆਂ ਹੀ ਮੈਂ ਆਪਣਾ ਰੁਖ ਕਪੂਰੀ ਵੱਲ ਕਰਨ ਦਾ ਫੈਸਲਾ ਲੈ ਚੁੱਕਾ ਸੀ। 

ਦਿਨ ਚੜ੍ਹਦਿਆਂ ਹੀ ਮੈਂ ਸਿੱਖ ਫੌਜ ਦਾ ਲਸ਼ਕਰ ਤਿਆਰ ਕਰਵਾਇਆ ਤੇ ਅਸੀਂ ਕਪੂਰੀ ਉੱਪਰ ਚੜ੍ਹਾਈ ਕਰ ਦਿੱਤੀ। ਹਮਲੇ ਤੋਂ ਬੇਖਬਰ ਹੋਣ ਦੇ ਬਾਵਜੂਦ ਵੀ ਕਦਮ-ਉੱਦ-ਦੀਨ ਦੀ ਫੌਜ ਕੁਝ ਦੇਰ ਤਾਂ ਮੁਕਾਬਲਾ ਕਰਦੀ ਡਟੀ ਰਹੀ। ਜਦ ਉਨ੍ਹਾਂ ਉੱਤੇ ਅਸੀਂ ਭਾਰੇ ਪੈਂਦੇ ਗਏ ਤਾਂ ਉਹ ਡਰਦੇ ਮੈਦਾਨ ਛੱਡ ਕੇ ਭੱਜ ਗਏ। ਦਰਅਸਲ ਕਦਮ-ਉੱਦ-ਦੀਨ ਦੀ ਬੁਰਛਾਗਰਦ ਫੌਜ, ਜਨਾਨੀਆਂ ਚੁੱਕਣ ਵਿੱਚ ਹੀ ਮਾਹਿਰ ਸੀ। ਪੰਜੇ ਵਿੱਚ ਪੰਜਾ ਪਾ ਕੇ ਜੜਾਕਾ ਕਿਵੇਂ ਪੈਂਦਾ ਹੈ, ਇਸਦਾ ਉਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀ। ਉਨ੍ਹਾਂ ਨੂੰ ਬਹੁਤਾ ਜੰਗੀ ਅਭਿਆਸ ਵੀ ਨਹੀਂ ਸੀ। ਸਾਡੀ ਮਰਦਾਂ ਦੀ ਫੌਜ ਨਾਲ ਆਡਾ ਲਾਉਣਾ ਉਨ੍ਹਾਂ ਅਤਿਆਚਾਰੀਆਂ ਦੇ ਬਸ ਦਾ ਰੋਗ ਨਹੀਂ ਸੀ। 

ਲੜਾਈ ਵਿੱਚ ਕਦਮ-ਉੱਦ-ਦੀਨ ਦੀ ਫੌਜ ਦਾ ਇੱਕ ਵੀ ਸਿਪਾਹੀ ਸਾਨੂੰ ਨਜ਼ਰ ਨਹੀਂ ਸੀ ਆ ਰਿਹਾ। ਕਦਮ-ਉੱਦ ਦੀਨ ਨੇ ਹਥਿਆਰ ਸਿੱਟਣ ਦੀ ਬਜਾਏ ਭੱਜ ਕੇ ਆਪਣੇ ਆਪ ਨੂੰ ਆਪਣੀ ਹਵੇਲੀ ਵਿੱਚ ਕੈਦ ਕਰ ਲਿਆ ਸੀ। ਉਸ ਨੇ ਸੋਚਿਆ ਹੋਵੇਗਾ ਕਿ ਅਸੀਂ ਲੁਟੇਰੇ ਹੋਵਾਂਗੇ ਤੇ ਲੁੱਟ ਕੇ ਮੁੜ ਜਾਵਾਂਗੇ। ਜਾਂ ਉਹ ਸੋਚਦਾ ਹੋਵਗਾ ਕਿ ਅਸੀਂ ਕੁਝ ਦੇਰ ਇੰਤਜ਼ਾਰ ਕਰਕੇ ਚਲੇ ਜਾਵਾਂਗੇ ਤੇ ਉਸਦੀ ਜਾਨ ਬਚ ਜਾਵੇਗੀ। ਲੇਕਿਨ ਉਸਦਾ ਅਜਿਹਾ ਸੋਚਣਾ ਗਲਤ ਸੀ। ਕਦਮ-ਉੱਦ-ਦੀਨ ਇਹ ਨਹੀਂ ਸੀ ਜਾਣਦਾ ਕਿ ਖੌਫ ਦੇ ਪਲਾਂ ਵਿੱਚ ਸੋਚ ਕੰਮ ਕਰਨੋ ਹਟ ਜਾਂਦੀ ਹੈ। ਅਜਿਹੇ ਪਲਾਂ ਵਿੱਚ ਭੈਅ ਮੁਕਤ ਹੋਣ ਤੋਂ ਸਿਵਾਏ ਹੋਰ ਕੁਝ ਨਹੀਂ ਸੋਚੀਦਾ। ਅਗਰ ਕੁਝ ਸੋਚੋਂਗੇ ਤਾਂ ਗਲਤ ਸੋਚ ਹੀ ਦਿਮਾਗ ਵਿੱਚ ਘਰ ਕਰੇਗੀ। ਮੇਰੇ ਸਾਥੀ ਬਿਨੋਦ ਸਿੰਘ ਨੇ ਕਦਮ-ਉੱਦ-ਦੀਨ ਨੂੰ ਅਨੇਕਾਂ ਵਾਰ ਬਾਹਰ ਨਿਕਲ ਲਈ ਲਲਕਾਰਿਆ, ਪਰ ਉਸਨੇ ਸਾਡੀ ਇੱਕ ਨਾ ਸੁਣੀ। ਮੈਂ ਆਪਣੀ ਸਿੱਖ ਸੈਨਾ ਨਾਲ ਹਵੇਲੀ ਨੂੰ ਚਾਰ-ਚੁਫੇਰਿਉਂ ਘੇਰੀ ਖੜਾ੍ਹ ਸੀ। ਦੁਪਿਹਰ ਤੋਂ ਸਾਨੂੰ ਆਥਣ ਹੋ ਗਿਆ ਸੀ।

ਜਦੋਂ ਸੂਰਜ ਛਿਪਣਾ ਸ਼ੁਰੂ ਹੋਇਆ ਤਾਂ ਮੈਂ ਕਾਹਨ ਸਿੰਘ ਤੋਂ ਆਖਰੀ ਐਲਾਨ ਕਦਮ-ਉੱਦ-ਦੀਨ ਨੂੰ ਕਰਵਾਇਆ ਸੀ, "ਕਦਮ-ਉੱਦ-ਦੀਨ? ਅਗਰ ਤੂੰ ਬਾਹਰ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵੇ ਤੇ ਅੱਗੇ ਤੋਂ ਕੁਕਰਮ ਅਤੇ ਜ਼ੁਲਮ ਕਰਨ ਤੋਂ ਤੌਬਾ ਕਰੇਂ ਤਾਂ ਅਸੀਂ ਤੈਨੂੰ ਬਸਖਸ਼ ਦੇਵਾਂਗੇ। ਤੂੰ ਬਾਹਰ ਆਜਾ, ਨਹੀਂ ਮੌਤ ਤੈਨੂੰ ਅੰਦਰੋਂ ਲੈਣ ਆਵੇਗੀ।"

ਕਦਮ-ਉੱਦ-ਦੀਨ ਸ਼ਾਇਦ ਡਰ ਹੀ ਬਹੁਤ ਗਿਆ ਸੀ ਜਾਂ ਉਸਦੇ ਪਾਪਾਂ ਦਾ ਘੜਾ ਭਰ ਚੁੱਕਿਆ ਸੀ। ਉਹ ਸਾਡੀ ਗੱਲ ਮੰਨ ਕੇ ਬਾਹਰ ਨਾ ਆਇਆ। ਰਾਤ ਪੈਣ ਤੱਕ ਅਸੀਂ ਉਸਦੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ। 

ਸਿੱਖ ਫੌਜ ਉਡੀਕ ਨੂੰ ਹੋਰ ਲੰਬਾ ਨਹੀਂ ਸੀ ਕਰਨਾ ਚਾਹੁੰਦੀ। ਅਸੀਂ ਹਵੇਲੀ ਦੇ ਦਰਵਾਜ਼ੇ ਭੰਨ੍ਹਣ ਦੀ ਕੋਸ਼ਿਸ਼ ਕਰਨ ਲੱਗੇ। ਲੇਕਿਨ ਉਹ ਬਹੁਤ ਮਜ਼ਬੂਤ ਸਨ। ਭਾਈ ਰਾਮ ਸਿੰਘ ਅਨੁਸਾਰ ਦਰਵਾਜ਼ਾ ਤੋੜਦਿਆਂ ਸਾਨੂੰ ਪੂਰੀ ਰਾਤ ਵੀ ਨਿਕਲ ਸਕਦੀ ਸੀ। ਐਨ ਉਸੇ ਵਕਤ ਮੈਨੂੰ ਕਪੂਰੀ ਦਾ ਇੱਕ ਬਜ਼ੁਰਗ ਕਹਿਣ ਲੱਗਾ, "ਬੰਦਾ ਸਾਹਿਬ, ਇਸ ਪਾਪੀ ਨੇ ਬਹੁਤ ਲੋਕਾਂ ਦੇ ਹਿਰਦਿਆਂ ਨੂੰ ਭੁੰਨਿਆ ਹੈ। ਅਨੇਕਾਂ ਔਰਤਾਂ ਇਸਦੀਆਂ ਨਾਪਾਕ ਕੀਤੀਆਂ ਹੋਈਆਂ ਸੜਕੇ ਮਰੀਆਂ ਹਨ। ਇਸਨੂੰ ਵੀ ਸੜ ਕੇ ਮਰਨਾ ਚਾਹੀਦਾ ਹੈ। ਇਸਲਾਮ ਵਿੱਚ ਅੱਗ ਨਾਲ ਸੜ ਕੇ ਮਰਨ ਨੂੰ ਬੁਰਾ ਸਮਝਿਆ ਜਾਂਦਾ ਹੈ। ਰੂਹ ਨੂੰ ਜੱਨਤ ਨਸੀਬ ਨਹੀਂ ਹੁੰਦੀ। ਇਸੇ ਲਈ ਇਸਲਾਮ ਵਿੱਚ ਮੁਰਦੇ ਨੂੰ ਸਾੜਿਆ ਨਹੀਂ, ਦਫਨਾਇਆ ਜਾਂਦਾ ਹੈ। ਅਗਰ ਇਹ ਸੜ ਕੇ ਮਰੇਗਾ ਤਾਂ ਇਸ ਤੋਂ ਵੱਡੀ ਇਸ ਪਾਪੀ ਲਈ ਹੋਰ ਕੀ ਸਜ਼ਾ ਹੋ ਸਕਦੀ ਹੈ?"

ਮੈਨੂੰ ਉਸ ਬਜ਼ੁਰਗ ਦੀ ਤਜਵੀਜ਼ ਵਾਜਿਬ ਜਾਪੀ ਸੀ। ਮੈਂ ਆਪਣੇ ਸਿੱਖ ਸਾਥੀਆਂ ਨੂੰ ਹੁਕਮ ਕੀਤਾ ਕੇ ਹਵੇਲੀ ਨੂੰ ਅੱਗ ਲਾ ਦੇਣ। ਕਪੂਰੀ ਦੇ ਵਸਨੀਕਾਂ ਨੇ ਤੇਲ ਪਾ ਕੇ ਲਕੜਾਂ ਹਵੇਲੀ ਦੇ ਇਰਦ-ਗਿਰਦ ਚਿਣ ਦਿੱਤੀਆਂ। ਬਾਜ਼ ਸਿੰਘ ਵੱਲੋਂ ਅੱਗ ਦੀ ਚਵਾਤੀ ਲਗਾਉਂਦਿਆਂ ਹੀ ਸਾਰੀ ਹਵੇਲੀ ਲਟ-ਲਟ ਮੱਚਣ ਲੱਗ ਪਈ। ਉੱਚੇ-ਉੱਚੇ ਭਾਂਬੜ ਅਸਮਾਨ ਨੂੰ ਛੂਹਣ ਲੱਗ ਪਏ। ਸਾਰੀ ਕਪੂਰੀ ਨੂੰ ਉੱਦਣ ਮੱਚਦੀ ਹੋਈ ਹਵੇਲੀ ਰੌਸ਼ਨ ਕਰ ਰਹੀ ਸੀ। ਇਉਂ ਕਦਮ-ਉੱਦ-ਦੀਨ ਹਵੇਲੀ ਅੰਦਰ ਹੀ ਸੜ ਕੇ ਮਰ ਗਿਆ ਤੇ ਅਸੀਂ ਸਿੱਖਾਂ ਨੇ ਕਪੂਰੀ ਉੱਪਰ ਕਬਜ਼ਾ ਕਰ ਕੇ ਖਾਲਸਾਈ ਝੰਡਾ ਇੱਕ ਬੁਲੰਦ ਇਮਾਰਤ ਉੱਪਰ ਝੁਲਾ ਕੇ ਕਪੂਰੀ ਦੇ ਹਾਕਿਮ ਦੀ ਮਚਾਈ ਅਤਿਆਚਾਰਾਂ ਦੀ ਅੱਗ ਨੂੰ ਸ਼ਾਂਤ ਕਰ ਦਿੱਤਾ ਸੀ।

No comments:

Post a Comment