Tuesday, 27 December 2016

ਚੌਥਾ ਤਾਂਤਰਿਕ ਵਿੱਦਿਆ

ਚੌਥਾ ਤਾਂਤਰਿਕ ਵਿੱਦਿਆ
ਮੈਂ ਗੋਆ ਅਤੇ ਚਾਉਲ ਦੀਆਂ ਲੜਾਈਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜੰਗਾਂ ਵਿੱਚ ਹਿੱਸਾ ਲੈ ਚੁੱਕਾ ਸੀ। ਮੁਗਲਾਂ ਨਾਲ ਹੋਈਆਂ ਅਨੇਕਾਂ ਝੜਪਾਂ ਵਿੱਚ ਮੈਂ ਮੋਹਰੀ ਹੋ ਕੇ ਲੜਿਆ ਸੀ। ਕਈ ਦਫਾ ਜੰਗੀ ਮਾਹੌਲ ਦੌਰਾਨ ਮੁਗਲਾਂ ਤੱਕ ਪਹੁੰਚਣ ਵਾਲੀ ਰਸਦ ਨੂੰ ਵੀ ਮੈਂ ਡਟ ਕੇ ਰੋਕਿਆ ਸੀ। ਮਰਾਠਿਆਂ ਦੀ ਹਰ ਛੋਟੀ ਵੱਡੀ ਜੰਗ ਨੂੰ ਮੈਂ ਸਿਰਧੜ ਦੀ ਬਾਜ਼ੀ ਲਾ ਕੇ ਲੜਦਾ ਰਿਹਾ ਸੀ। ਲੇਕਿਨ ਫੇਰ ਇੱਕ ਸਮਾਂ ਐਸਾ ਆਇਆ ਕਿ ਮੁਗਲ ਭਾਰੀ ਪੈ ਗਏ ਤੇ ਉਨ੍ਹਾਂ ਨੇ ਮਰਾਠਿਆਂ ਨੂੰ ਖਦੇੜ ਦਿੱਤਾ ਸੀ। ਮਰਾਠਿਆਂ ਦਾ ਵਿਦਰੋਹ ਦੱਬਿਆ ਹੀ ਨਹੀਂ ਗਿਆ, ਬਲਕਿ ਇੱਕ ਪ੍ਰਕਾਰ ਨਾਲ ਖਤਮ ਕਰ ਦਿੱਤਾ ਗਿਆ ਸੀ। ਮੇਰੇ ਮਨ ਵਿੱਚ ਵੀ ਸੱਚੇ ਦੇਸ਼ ਭਗਤ ਮਰਹੱਟਾ ਸਰਦਾਰਾਂ ਵਾਂਗ
ਮੁਗਲਾਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢ ਸੁੱਟਣ ਦਾ ਜੋਸ਼ ਸੀ। ਪਰ ਛੋਟੀਆਂ-ਛੋਟੀਆਂ ਗਰਜ਼ਾਂ ਅਤੇ ਚੌਧਰਾਂ ਲਈ ਅਨੇਕਾਂ ਮਰਾਠਿਆਂ ਨੂੰ ਮੁਗਲਾਂ ਨਾਲ ਰਲਦੇ ਦੇਖ ਕੇ ਮੇਰੇ ਮਨ ਨੂੰ ਬਹੁਤ ਧੱਕਾ ਲੱਗਾ ਸੀ। ਪ੍ਰਸਿੱਧ ਅਤੇ ਸ਼ਕਤੀਸ਼ਾਲੀ ਮਰਾਠਾ ਦੇਸ਼ਮੁੱਖਾਂ ਨੇ ਆਪਣੇ ਜ਼ਮੀਰ ਮਾਰ ਕੇ ਮੁਗਲਾਂ ਨਾਲ ਸੰਧੀਆਂ ਕਰ ਲਈਆਂ ਸਨ। ਕਈ ਲਾਲਚ ਅਤੇ ਕੁਝ ਖੌਫਜ਼ਦਾ ਹੋ ਕੇ ਮੁਗਲਾਂ ਨਾਲ ਮਿਲ ਗਏ ਸਨ। ਮੁਗਲਾਂ ਨੇ ਉਨ੍ਹਾਂ ਦੇ ਖੇਤਰਾਂ ਨੂੰ ਬਰਬਾਦ ਕਰਕੇ ਜ਼ੁਲਮ ਕਰਦਿਆਂ ਉਨ੍ਹਾਂ ਦੇ ਬੱਚਿਆਂ ਅਤੇ ਇਸਤਰੀਆਂ ਨੂੰ ਵੀ ਨਹੀਂ ਸੀ ਬਖਸ਼ਿਆ। ਵਿਕੇ ਹੋਏ ਮਰਾਠੇ ਸਭ ਬੁਜ਼ਦਿਲਾਂ ਵਾਂਗ ਬਰਦਾਸ਼ਤ ਕਰ ਗਏ ਸਨ। ਮਰਾਠਿਆਂ ਨੂੰ ਉਨ੍ਹਾਂ ਦੀ ਆਪਸੀ ਫੁੱਟ ਨੇ ਪਾੜ ਕੇ ਦੌਫਾੜ ਕਰ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਸੱਚੇ ਮਰਾਠਾ ਯੋਧੇ ਆਪਣੀਆਂ ਜਾਨਾਂ ਬਚਾਉਣ ਲਈ ਰੂਹਪੋਸ਼ ਹੋ ਗਏ ਸਨ। 



ਦੱਖਣ ਦੇਸ਼ ਅਤੇ ਮਰਾਠਾ ਸਲਤਨਤ ਵਿੱਚ ਬਹੁਤ ਕੁਝ ਘਟ ਚੁੱਕਿਆ ਸੀ। ਸ਼ਿਵਾਜੀ ਦੀ  ੩ ਅਪ੍ਰੈਲ ੧੬੮੦ ਈ: ਨੂੰ ਰਾਜਗੜ ਦੇ ਕਿਲ੍ਹੇ ਵਿੱਚ ਹੋਈ ਮੌਤ ਬਾਅਦ ਉਸਦਾ ਪੁੱਤਰ ਸੰਭਾਜੀ ਛਤਰਪਤੀ ਬਣ ਗਿਆ ਸੀ। ੧੬੮੩ ਈ: ਵਿੱਚ ਮੋਰੋਪੰਤ ਦੇ ਦੇਹਾਂਤ ਉਪਰੰਤ ਉਸਦੇ ਪੁੱਤਰ ਨੀਲੋਪੰਤ ਨੂੰ ਪੇਸ਼ਵਾ ਬਣਾ ਦਿੱਤਾ ਗਿਆ ਸੀ। ਸ਼ਿਵਾਜੀ ਦੇ ਬੇਟੇ ਸੰਭਾਜੀ ਨੂੰ ਔਰੰਗਜ਼ੇਬ ਨੇ ਗ੍ਰਿਫਤਾਰ ਕਰਵਾ ਕੇ ਸੰਭਾਜੀ ਅਤੇ ਉਸਦੇ ਵਜੀਰ ਕਵੀ ਕਲਾਸ ਦੀਆਂ ਜੀਭਾਂ ਇਸ ਲਈ ਵੱਢ ਦਿੱਤੀਆਂ ਸਨ, ਕਿਉਂਕਿ ਉਹ ਬਾਦਸ਼ਾਹ ਵਿਰੁੱਧ ਬੋਲਦੇ ਸਨ। ਫੇਰ ਇਹਨਾਂ ਦੋਹਾਂ ਬਾਗੀਆਂ ਨੂੰ ਗਿਆਰਾਂ ਹੋਰ ਸਾਥੀਆਂ ਸਮੇਤ ਚੌਵੀ ਦਿਨਾਂ ਤੱਕ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮਾਰਨ ਬਾਅਦ ਦੋਹਾਂ ਦੀ ਚਮੜੀ ਉਧੇੜ ਕੇ ਉਸ ਵਿੱਚ ਫੂਸ ਭਰ ਕੇ ਉਨ੍ਹਾਂ ਦੇ ਬੁੱਤਾਂ ਨੂੰ ਦੱਖਣ ਦੇ ਸ਼ਹਿਰਾਂ ਕਸਬਿਆਂ ਵਿੱਚ ਬਾਜੇ-ਗਾਜੇ ਨਾਲ ਘੁੰਮਾਇਆ ਗਿਆ ਸੀ। ਇਸ ਨਾਲ ਮਰਾਠਿਆਂ ਵਿੱਚ ਮੁਗਲਾਂ ਦੀ ਦਹਿਸ਼ਤ ਦਾ ਕਾਫੀ ਮਾਹੌਲ ਪੈਦਾ ਹੋ ਗਿਆ ਸੀ। ਬੇਸ਼ੱਕ ਸੰਭਾਜੀ ਤੋਂ ਬਾਅਦ ਉਸਦਾ ਸੌਤੇਲਾ ਭਰਾ ਰਾਜਾਰਾਮ ਛਤਰਪਤੀ ਬਣ ਗਿਆ ਸੀ। ਪਰ ਪਹਿਲਾਂ ਵਾਲੀਆਂ ਗੱਲਾਂ ਨਹੀਂ ਸਨ ਰਹੀਆਂ।

ਲੋਕਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਆਲਮਗੀਰ ਔਰੰਗਜ਼ੇਬ ਦੇ ਜਿਉਂਦਿਆਂ ਮੁਗਲ ਹਕੂਮਤ ਦਾ ਖਾਤਮਾ ਅਸੰਭਵ ਸੀ। ਜਦੋਂ ਤੱਕ ਰਾਜਾ ਜੈ ਸਿੰਘ ਤੇ ਉਸਦਾ ਪੁੱਤਰ ਰਾਜਾ ਰਾਮ ਸਿੰਘ, ਹੋਰ ਰਾਜਪੂਤ ਅਤੇ ਜੱਟ ਜਰਨੈਲ ਔਰੰਗਜ਼ੇਬ ਨਾਲ ਸਨ ਤਾਂ ਕੋਈ ਵੀ ਹਥਿਆਰਬੰਦ ਵਿਦਰੋਹ ਲੰਬਾ ਸਮਾਂ ਨਹੀਂ ਟਿਕ ਸਕਦਾ ਸੀ। ਮੈਨੂੰ ਆਪਣੇ ਗੁਰੂ ਰਾਮਦਾਸ ਸਮਰੱਥ ਦੇ ਕਹੇ ਸ਼ਬਦ ਯਾਦ ਆਏ ਸਨ ਕਿ ਹਿੰਦੂਆਂ ਨੂੰ ਮੁਗਲ ਸਲਤਨਤ ਦੇ ਖਾਤਮੇ ਲਈ ਔਰੰਗਜ਼ੇਬ ਦੀ ਮੌਤ ਤੱਕ ਇੰਤਜ਼ਾਰ ਕਰਨਾ ਪਵੇਗਾ। ਮੁਗਲ ਸਲਤਨਤ ਇੰਨੀ ਵਿਸ਼ਾਲ ਅਤੇ ਮਜ਼ਬੂਤ ਹੋ ਗਈ ਕਿ ਬਾਹਰੋਂ ਹਮਲਾ ਕਰਕੇ ਇਸ ਨੂੰ ਖਤਮ ਨਹੀਂ ਸੀ ਕੀਤਾ ਜਾ ਸਕਦਾ। ਬਾਦਸ਼ਾਹ ਦੇ ਵਾਰਸਾਂ ਵਿੱਚ ਤਖਤ ਲਈ ਘਰੋਗੀ ਯੁੱਧ ਹੀ ਇਸ ਜ਼ਾਲਿਮ ਸ਼ਾਸਨ ਦਾ ਅੰਤ ਕਰ ਸਕਦਾ ਸੀ। ਜਦ ਤੱਕ ਔਰੰਗਜ਼ੇਬ ਜਿਉਂਦਾ ਸੀ, ਉਦੋਂ ਤੱਕ ਇਹ ਵੀ ਸੰਭਵ ਨਹੀਂ ਸੀ।

ਹੋਰਨਾਂ ਮਰਾਠੇ ਜੰਗਝੂਆਂ ਵਾਂਗ ਮੇਰੇ ਕੋਲ ਵੀ ਫੌਜ ਨੂੰ ਛੱਡ ਕੇ ਜਾਣ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਭਾਵੇਂ ਜ਼ਿੰਦਗੀ ਨੇ ਮੈਨੂੰ ਇੱਕ ਚੁਰਾਹੇ ਉੱਪਰ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਲੇਕਿਨ ਫੇਰ ਵੀ ਮੈਨੂੰ ਅਖਤਿਆਰ ਕਰਨ ਲਈ ਕੋਈ ਰਸਤਾ ਨਹੀਂ ਸੀ ਲੱਭਦਾ। ਇਹਨਾਂ ਹਾਲਤਾਂ ਵਿੱਚ ਮੇਰੇ ਕੋਲ ਵਾਪਿਸ ਆਪਣੇ ਮੱਠ ਆਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਕੁਝ ਵਰ੍ਹੇ ਮੁਗਲਾਂ ਤੋਂ ਬਚਣ ਲਈ ਭੇਸ ਬਦਲ ਕੇ ਰੂਹਪੋਸ਼ ਹੋ ਕੇ ਭਟਕਣ ਬਾਅਦ ੧੬੯੧ ਈ: ਵਿੱਚ ਮੈਂ ਮਰਾਠਾ ਫੌਜ 'ਚੋਂ ਆਪਣੀਆਂ ਸਦਾ ਲਈ ਸੇਵਾਵਾਂ ਸਮਾਪਤ ਕਰਨ ਮਗਰੋਂ ਮੱਠ ਵਿੱਚ ਪਹੁੰਚਿਆ ਤਾਂ ਉੱਥੇ ਸਭ ਕੁਝ ਖੇਰੂ-ਖੇਰੂ ਹੋਇਆ ਪਿਆ ਸੀ। ਨਾ ਮੱਠ ਵਿੱਚ ਉਹ ਪਹਿਲਾਂ ਵਾਲੀਆਂ ਰੌਣਕਾਂ ਸਨ ਤੇ ਨਾ ਹੀ ਕੋਈ ਸਿੱਖਿਆ ਦਿੱਤੀ ਜਾਂਦੀ ਸੀ। ਸਵਾਮੀ ਰਾਮਦਾਸ ਸਮਰੱਥ ਦੀ ੧੬੮੨ ਈ: ਵਿੱਚ ਮੌਤ ਹੋ ਜਾਣ ਬਾਅਦ ਕਤਲੀ ਵਾਲੇ ਮੱਠ ਦਾ ਨਾਸ ਵੱਜ ਗਿਆ ਸੀ। ਚੇਲਿਆਂ ਨੇ ਅਨੁਸ਼ਾਸਨ ਭੰਗ ਕਰਕੇ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ਰਧਾਲੂਆਂ ਦੇ ਆਉਣਾ ਦੀ ਗਿਣਤੀ ਬਹੁਤ ਘੱਟ ਗਈ ਸੀ। ਉੱਜੜੇ ਹੋਏ ਮੱਠ ਦੁਰਦਸ਼ਾਂ ਮੈਥੋਂ ਦੇਖੀ ਨਾ ਗਈ। 

ਮੈਂ ਸੋਚਦਾ ਸੀ ਕਿ ਮੈਂ ਮਿਹਨਤ ਕਰਕੇ ਮੱਠ ਨੂੰ ਫੇਰ ਹਰਾ ਭਰਾ ਤੇ ਪਹਿਲਾਂ ਵਰਗਾ ਖੁਸ਼ਹਾਲ ਬਣਾ ਦੇਵਾਂਗਾ। ਪਰ ਮੇਰਾ ਅਜਿਹਾ ਸੋਚਣਾ ਗਲਤ ਸੀ। ਮੱਠ ਵਿੱਚ ਰਹਿਣ ਵਾਲਿਆਂ ਨੇ ਮੈਨੂੰ ਪ੍ਰਵਾਨ ਨਾ ਕੀਤਾ। ਉਹ ਮੈਨੂੰ ਨੀਚ, ਭਗੌੜਾ ਅਤੇ ਘੁਸਪੈਠੀਆ ਸਮਝਦੇ ਸਨ। ਉਹਨਾਂ ਨੂੰ ਡਰ ਸੀ ਕਿ ਮੈਂ ਕਿਧਰੇ ਮੱਠ ਉੱਪਰ ਕਾਬਜ਼ ਨਾ ਹੋ ਜਾਵਾਂ। ਇਸ ਲਈ ਉਹ ਮੈਨੂੰ ਜ਼ਿਆਦਾ ਮੂੰਹ ਨਾ ਲਾਉਂਦੇ। ਮੈਨੂੰ ਮੱਠ ਵਿੱਚੋਂ ਭਜਾਉਣ ਲਈ ਉਹ ਹਰ ਗੱਲ ਵਿੱਚ ਮੈਨੂੰ ਤਿਰਸਕਾਰਦੇ ਅਤੇ ਮੇਰੇ ਨਾਲ ਵਿਤਕਰਾ ਕਰਦੇ। ਮੈਂ ਬੜੇ ਠਰ੍ਹੰਮੇ ਨਾਲ ਆਪਣੀ ਬੇਇਜ਼ਤੀ ਨੂੰ ਬਰਦਾਸ਼ਤ ਇਸੇ ਉਮੀਦ ਵਿੱਚ ਕਰਦਾ ਰਿਹਾ ਸੀ ਕਿ ਛੇਤੀ ਹੀ ਕੋਈ ਰਾਹ ਨਿਕਲ ਆਵੇਗਾ।

ਮੁਗਲ, ਮਰਾਠਾ ਫੌਜ ਦੇ ਭਗੌੜੇ ਸੈਨਿਕਾਂ ਨੂੰ ਲੱਭ-ਲੱਭ ਕੇ ਮਾਰ ਰਹੇ ਸਨ। ਅਜਿਹੇ ਹਾਲਾਤਾਂ ਵਿੱਚ ਮੱਠ ਨੇ ਮੈਨੂੰ ਸਿਰ ਲੁਕਾਉਣ ਲਈ ਜਗ੍ਹਾ ਦੇ ਦਿੱਤੀ ਸੀ। ਮੇਰੇ ਲਈ ਇਹੀ ਕਾਫੀ  ਸੀ। ਮੈਂ ਮੱਠ ਦੇ ਕੰਮਾਂ ਵਿੱਚ ਬਿਲਕੁਲ ਦਖਲ ਨਹੀਂ ਸੀ ਦਿੰਦਾ। ਦਿਨ ਚੜ੍ਹਦਿਆਂ ਹੀ ਰੁਖਾ-ਸੁਖਾ ਭੋਜਨ ਕਰਕੇ ਮੈਂ ਗੋਦਾਵਰੀ ਦੇ ਕੰਢੇ ਪਹੁੰਚ ਜਾਂਦਾ ਤੇ ਉੱਥੇ ਇੱਕ ਚਟਾਨ ਉੱਪਰ ਸਾਰਾ ਦਿਨ ਗੁੰਮ-ਸੁੰੰਮ ਬੈਠਾ ਰਹਿੰਦਾ। ਮੈਂ ਸੋਚਾਂ ਵਿੱਚ ਡੁੱਬਿਆ ਨਦੀਆਂ ਦੇ ਪਾਣੀ ਨਾਲ ਬੱਚਿਆਂ ਵਾਂਗ ਖੇਡ ਕੇ ਚਿੱਤ ਪਰਚਾ ਲੈਂਦਾ ਸੀ। ਸੂਰਜ ਛਿਪਣ ਤੇ ਮੈਂ ਵਾਪਿਸ ਆਪਣੀ ਕੁੱਲੀ ਵਿੱਚ ਆ ਕੇ ਲੇਟ ਜਾਂਦਾ। ਕਈ ਵਾਰ ਰਾਤ ਦਾ ਖਾਣਾ ਵੀ ਮੈਂ ਆਪਣੀ ਕੁੱਲੀ ਵਿੱਚ ਲਿਆ ਕੇ ਹੀ ਖਾਂਦਾ ਹੁੰਦਾ ਸੀ। ਰਾਤ ਨੂੰ ਇੱਕ ਅਜੀਬ ਕਿਸਮ ਦਾ ਇਕੱਲਾਪਨ ਮੇਰੇ ਸਾਰੇ ਵਜੂਦ ਨੂੰ ਨਾਗਵਲ ਮਾਰ ਲੈਂਦਾ ਸੀ। ਮੈਨੂੰ ਆਪਣਾ ਜੀਵਨ ਵਿਅਰਥ ਅਤੇ ਆਪਣੀ ਹਸਤੀ ਫਜ਼ੂਲ ਜਿਹੀ ਮਹਿਸੂਸ ਹੁੰਦੀ ਰਹਿੰਦੀ ਸੀ। ਕਈ ਵਾਰ ਮੈਂ ਆਪਣੇ ਗੁਰੂ ਰਾਮਦਾਸ ਦੀਆਂ ਗੱਲਾਂ ਨੂੰ ਯਾਦ ਕਰਕੇ ਉਹਨਾਂ ਦੀ ਮੌਤ ਦਾ ਮਾਤਮ ਮਨਾਉਂਦਾ ਰਹਿੰਦਾ ਸੀ।

ਮੇਰੇ ਪੈਰਾਂ ਵਿੱਚ ਅਜੀਬ ਜਿਹਾ ਚੱਕਰ ਸੀ। ਬਚਪਨ ਤੋਂ ਹੀ ਮੈਂ ਕਿਧਰੇ ਟਿਕ ਨਹੀਂ ਸੀ ਸਕਿਆ। ਜਿਹੜਾ ਵੀ ਵਿਅਕਤੀ ਮੇਰੇ ਦਿਲ ਦੇ ਕਰੀਬ ਹੋਇਆ ਸੀ ਜਾਂ ਮੈਨੂੰ ਪਿਆਰ ਕਰਨ ਲੱਗਿਆ ਸੀ। ਉਹ ਬਹੁਤ ਦੇਰ ਜਿਉਂਦਾ ਨਹੀਂ ਸੀ ਰਿਹਾ ਤੇ ਜਲਦ ਹੀ ਇਸ ਦੁਨੀਆਂ ਤੋਂ ਕੂਚ ਕਰ ਗਿਆ ਸੀ। ਅਜਿਹਾ ਮੇਰੇ ਨਾਲ ਕਿਉਂ ਹੁੰਦਾ ਸੀ? ਮੈਂ ਇਸ ਮੁਅਤੱਲਕ ਸੋਚਦਾ ਰਹਿੰਦਾ ਹੁੰਦਾ ਸੀ। ਨਾਉਮੀਦ ਅਤੇ ਅਭਾਗਾ ਮਹਿਸੂਸ ਕਰਦਿਆਂ ਮੈਂ ਆਪਣੇ ਆਪ ਨੂੰ ਬਹੁਤ ਬਦਕਿਸਮਤ ਖਿਆਲ ਕਰਦਾ ਸੀ। ਦਿਨ ਦੇ ਵਕਤ ਮੈਂ ਕੰਧਾਂ ਵਿੱਚ ਵਜਦਾ ਤੁਰਿਆ ਫਿਰਦਾ ਸੀ ਤੇ ਰਾਤ ਨੂੰ ਪਿਆ ਸਿਸਕੀਆਂ ਭਰਦਾ ਰਹਿੰਦਾ ਸੀ। ਉਸ ਵਕਤ ਮੈਂ ਜ਼ਿੰਦਗੀ ਜਿਉਂ ਨਹੀਂ ਰਿਹਾ ਸੀ, ਬਲਕਿ ਦਿਨ ਕਟੀਆਂ ਕਰ ਰਿਹਾ ਸੀ।

ਇੰਝ ਹੀ ਇੱਕ ਦਿਨ ਗੋਦਾਵਰੀ ਕੰਢੇ ਬੈਠੇ ਨੂੰ ਮੈਨੂੰ ਇੱਕ ਲੋਨੀ ਦਾ ਜੋਗੀ ਔਘੜ ਨਾਥ ਮਿਲਿਆ। ਲੋਨੀ ਕਸਬੇ ਦੇ ਹੋਣ ਕਰਕੇ ਉਹਨਾਂ ਜੋਗੀਆਂ ਨੂੰ ਆਮ ਤੌਰ 'ਤੇ ਲੋਨੀ ਹੀ ਸੱਦਿਆ ਜਾਂਦਾ ਸੀ। ਲੋਨੀ ਕਸਬਾ ਨਾਸਿਕ ਤੋਂ ਅੱਸੀ ਕਿਲੋਮੀਟਰ ਦੂਰ ਦੱਖਣ-ਪੂਰਵ ਵੱਲ ਸ਼ਿਰੜੀ ਦੇ ਕੋਲ ਸਥਿਤ ਸੀ। ਉਹ ਜੋਗੀਆਂ ਦੇ ਧਰਮ ਨਾਥੀ ਪੰਥ ਵਿੱਚੋਂ ਸੀ। ਇਸ ਪੰਥ ਦੀ ਨੀਂਹ ਰਾਜਾ ਧਰਮ ਨੇ ਰੱਖੀ ਸੀ। ਔਘੜ ਨਾਥ ਭਾਵੇਂ ਵਡੇਰੀ ਉਮਰ ਦਾ ਸੀ, ਪਰ ਸਰੀਰਕ ਪੱਖੋਂ ਅਜੇ ਵੀ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਪਿਆ ਸੀ। ਉਸਦੀ ਬੋਲ ਬਾਣੀ ਪ੍ਰਭਾਵਸ਼ਾਲੀ ਅਤੇ ਨਰਮ ਲਹਿਜੇ ਦੀ ਸੀ। ਉਸ ਦੇ ਮੱਥੇ ਵਿੱਚ ਤੇਜ਼ ਚਮਕਦਾ ਸੀ। ਉਸਦੀਆਂ ਅੱਖਾਂ ਦੀ ਤੱਕਣੀ ਵਿੱਚ ਸੇਕ ਸੀ।

ਔਘੜ ਨਾਥ ਮੈਨੂੰ ਉਦਾਸ ਬੈਠਾ ਦੇਖ ਕੇ ਮੇਰੇ ਦੁੱਖਾਂ ਬਾਰੇ ਪੁੱਛਣ ਲੱਗ ਪਿਆ। ਭਰਿਆ ਪੀਤਾ ਹੋਣ ਕਰਕੇ ਮੈਂ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾ ਦਿੱਤੀ ਸੀ। ਗੱਲਾਂ ਕਰਦਿਆਂ ਮੈਂ ਬਹੁਤ ਭਾਵੁਕ ਹੋ ਗਿਆ ਤੇ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ ਸਨ। ਜੋਗੀ ਨੇ ਮੈਨੂੰ ਕਲਾਵੇ ਵਿੱਚ ਲੈ ਕੇ ਧਰਵਾਸਾ ਦਿੱਤਾ ਤੇ ਆਪਣੇ ਨਾਲ ਲੋਨੀ ਚੱਲਣ ਲਈ ਕਿਹਾ। 

ਮੈਂ ਪਹਿਲਾਂ ਹੀ ਮੱਠ ਛੱਡ ਕੇ ਕਿਧਰੇ ਦੂਰ ਜਾਣਾ ਲੋਚਦਾ ਸੀ। ਬਿਨਾ ਕੁਝ ਸੋਚੇ ਵਿਚਾਰੇ ਮੈਂ ਉਸ ਨਾਲ ਤੁਰ ਪਿਆ। ਰਸਤੇ ਵਿੱਚ ਔਘੜ ਨਾਥ ਨੇ ਦੱਸਿਆ ਕਿ ਉਹ ਤਾਂਤਰਿਕ ਵਿੱਦਿਆ ਅਤੇ ਜੋਤਿਸ਼ ਜਾਣਦਾ ਸੀ। ਮੇਰੇ ਮਨ ਵਿੱਚ ਤਾਂਤਰਿਕ ਵਿੱਦਿਆ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਹੋ ਗਈ ਸੀ।

ਮੇਰੇ ਅੰਦਰਲਾ ਸੈਨਿਕ ਅਜੇ ਮਰਿਆ ਨਹੀਂ ਸੀ ਤੇ ਮੈਂ ਮੈਦਾਨ-ਏ-ਜੰਗ ਵਿੱਚ ਲੜ ਕੇ ਵੀਰਗਤੀ ਪ੍ਰਾਪਤ ਕਰਨੀ ਚਾਹੁੰਦਾ ਸੀ। ਮੇਰੀ ਵੀ ਇੱਛਾ ਸੀ ਕਿ ਪ੍ਰਿਥਵੀ ਰਾਜ ਚੌਹਾਨ, ਮਹਾਰਾਣਾ ਪ੍ਰਤਾਪ, ਅਮਰ ਸਿੰਘ ਰਾਠੌਰ ਅਤੇ ਦੁਰਗਾਦਾਸ ਵਾਂਗ ਢਾਡੀ ਅਤੇ ਕਵਿਸ਼ਰ ਮੇਰੀ ਮੌਤ ਤੋਂ ਬਾਅਦ ਮੇਰੀ ਸੂਰਮਤਾਈ ਦੀਆਂ ਵਾਰਾਂ ਗਾਉਣ। ਪਰ ਮਰਾਠਿਆਂ ਦਾ ਵਿਦਰੋਹ ਯੋਗ ਸਮੇਂ ਤੋਂ ਪਹਿਲਾਂ ਹੋਣ ਕਰਕੇ ਕੁਚਲਿਆ ਗਿਆ ਸੀ। ਖੂਨੀ ਇਨਕਲਾਬ ਲਈ ਉਦੋਂ ਅਜੇ ਢੁਕਵਾਂ ਸਮਾਂ ਨਹੀਂ ਸੀ। ਔਰੰਗੇਜ਼ਬ ਦੇ ਜਿਉਂਦਿਆਂ ਅਗਰ ਹਥਿਆਰਬੰਦ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ ਤਾਂ ਇਹ ਸਮਾਂ ਵਿਅਰਥ ਗਵਾਉਣ ਦੀ ਬਜਾਏ ਤਾਂਤਰਿਕ ਵਿੱਦਿਆ ਸਿੱਖ ਕੇ ਮੈਂ ਲੋਕਾਂ ਦਾ ਭਲਾ ਕਰ ਸਕਦਾ ਸੀ।

ਲੋਨੀ ਸਥਿਤ ਡੇਰੇ ਪਹੁੰਚ ਨੇ ਘੌਗੜ ਨਾਥ ਨੇ ਮੈਨੂੰ ਤਾਂਤਰਿਕ ਵਿੱਦਿਆ ਦੇ ਗਿਆਨ ਅਤੇ ਅਭਿਆਸ ਬਾਰੇ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਪਹਿਲਾ ਹੀ ਸਬਕ ਦਿੰਦਿਆਂ ਗੁਰੂ ਔਘੜ ਨਾਥ ਨੇ ਦੱਸਿਆ ਸੀ, "ਮਨੁੱਖੀ ਸਰੀਰ ਅੰਦਰ ਨਾੜੀ ਤੰਤਰ ਦੇ ਸੱਤ ਕੇਂਦਰ ਹਨ, ਜਿਨ੍ਹਾਂ ਨੂੰ ਚੱਕਰ ਜਾਂ ਕੰਵਲ ਕਿਹਾ ਜਾਂਦਾ ਹੈ। ਇਹ ਉੱਪਰ ਵੱਲ ਨੂੰ ਚੱਲਦੇ ਹੋਏ ਚੋਟੀ ਤੇ ਪਹੁੰਚਦੇ ਨੇ ਜਿੱਥੇ ਕਿ ਇੱਕ ਹਜ਼ਾਰ ਪੱਤਿਆਂ ਵਾਲਾ ਕੰਵਲ ਹੈ। ਇਸ ਵਿੱਚੋਂ ਹੀ ਸਾਰੀਆਂ ਮਾਨਸਿਕ ਸ਼ਕਤੀਆਂ ਦਾ ਪ੍ਰਵਾਹ ਹੁੰਦਾ ਹੈ।" 

ਮੈਂ ਘੌਗੜ ਨਾਥ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਅਤੇ ਉਨ੍ਹਾਂ ਉੱਪਰ ਅਮਲ ਕਰਕੇ ਦੱਸੀਆਂ ਗਈਆਂ ਵਿਧੀਆਂ ਦਾ ਅਭਿਆਸ ਕਰਦਾ ਰਹਿੰਦਾ ਸੀ। ਔਘੜ ਨਾਥ ਕੋਲ ਬਹੁਤ ਸਾਰੇ ਪੁਰਾਣੇ ਗ੍ਰੰਥ ਸਨ। ਉਹ ਮੈਨੂੰ ਉਨ੍ਹਾਂ ਵਿੱਚ ਲਿੱਖਿਆ ਪੜ੍ਹ ਕੇ ਸੁਣਾਉਂਦਾ ਤੇ ਫੇਰ ਉਨ੍ਹਾਂ ਦੇ ਅਰਥਾਂ ਤੋਂ ਜਾਣੂ ਵੀ ਕਰਵਾਉਂਦਾ। ਗੁਰੂ ਗੋਰਖਨਾਥ ਦੁਆਰਾ ਦਸਵੀਂ ਸਦੀ 'ਚ ਰਚੇ ਗ੍ਰੰਥ ਗੋਰਖ ਅਸਟਾਮ ਦੇ ਭੇਦ ਵੀ ਔਗੜ ਨਾਥ ਨੇ ਕਈ ਦਿਨ ਲਾ ਕੇ ਮੈਨੂੰ ਸਮਝਾਏ ਸਨ। ਪ੍ਰਾਣਾਯਾਮ, ਯੋਗ ਆਸਣ, ਧਿਆਨ ਸਾਧਨਾ, ਪਿੰਗਲਾ ਨਾੜੀ ਦੇ ਆਸਣ ਆਦਿ ਨਾਲ ਕੁੰਡਲਨੀ ਨੂੰ ਜਾਗਰਤ ਕਰਦਿਆਂ ਤਾਂਤਰਿਕ ਸ਼ਕਤੀਆਂ ਪ੍ਰਾਪਤ ਕਰਨ ਵਿੱਚ ਵੀ ਉਸਨੇ ਮੇਰੀ ਸਹਾਇਤਾ ਕੀਤੀ ਸੀ। ਔਘੜ ਨਾਥ ਇਸ ਕੰਮ ਵਿੱਚ ਪ੍ਰਬੀਨ ਸੀ। ਇਸ ਕਰਕੇ ਅਭਿਆਸ ਨਾਲ ਮੈਂ ਇਸ ਮਾਰਗ 'ਤੇ ਫੁਰਤੀ ਨਾਲ ਅੱਗੇ ਵਧਣ ਲੱਗਾ। ਮੁਰਸ਼ਦ ਦੀ ਨਿਗਰਾਨੀ ਹੇਠ ਹੋਣ ਕਾਰਨ ਮੈਂ ਇਸ ਮਾਰਗ ਦੇ ਹੋਣ ਵਾਲੇ ਸਰੀਰਕ ਅਤੇ ਅੰਤਰਿਕ/ਮਾਨਸਿਕ ਨੁਕਸਾਨਾਂ ਤੋਂ ਵੀ ਬਚਿਆ ਰਿਹਾ ਸੀ। ਇਹਨਾਂ ਸ਼ਕਤੀਆਂ ਦਾ ਸਮੇਂ ਤੋਂ ਪਹਿਲਾਂ ਜਾਗ ਜਾਣਾ ਵੀ ਬਹੁਤ ਖਤਾਰਨਾਕ ਅਤੇ ਘਾਤਕ ਹੁੰਦਾ ਹੈ। 

ਫੇਰ ਇੱਕ ਦਿਨ ਔਗੜ ਨਾਥ ਨੇ ਸ਼ਿਵਾ ਸਹਿੰਤਾ ਵਿੱਚੋਂ ਪਾਠ ਪੜ੍ਹ ਕੇ ਸੁਣਾਇਆ ਜਿਸਦਾ ਭਾਵ ਇੰਝ ਸੀ, "ਤੇਰੇ ਸਰੀਰ 'ਚ ਸੱਤ ਮਹਾਂਦੀਪਾਂ ਵਿੱਚ ਘਿਰਿਆ ਮੇਰੂ ਪਰਬਤ ਹੈ। ਇਸ ਵਿੱਚ ਨਦੀਆਂ ਵੀ ਹਨ, ਝੀਲਾਂ, ਪਹਾੜ ਤੇ ਮੈਦਾਨ ਵੀ ਹਨ ਤੇ ਵੱਖ ਵੱਖ ਹਿੱਸਿਆਂ ਦੇ ਦੇਵਤੇ ਵੀ ਹਨ। ਪੈਗੰਬਰ, ਮਹਾਤਮਾ ਅਤੇ ਤੀਰਥ ਅਸਥਾਨ ਵੀ ਇੱਥੇ ਹਨ। ਰਾਜ ਕਰਦੇ ਦੇਵਤਿਆਂ ਉੱਪਰ ਤਾਰੇ, ਨਛੱਤਰ, ਸੂਰਜ ਅਤੇ ਚੰਦ੍ਰਮਾਂ ਵੀ ਅਤੇ ਬ੍ਰਹਿਮੰਡੀ ਸ਼ਕਤੀਆਂ ਵੀ ਇੱਥੇ ਹੀ ਹਨ। ਇਹਨਾਂ ਵਿੱਚੋਂ ਕੁਝ ਉਤਪਤੀ ਕਰਦੀਆਂ ਹਨ ਅਤੇ ਕੁਝ ਵਿਨਾਸ਼। ਇਸੇ ਤਰ੍ਹਾਂ ਸਾਰੇ ਤੱਤ ਜਿਵੇਂ, ਅੱਗ, ਹਵਾ, ਪਾਣੀ, ਧਰਤ ਤੇ ਅਕਾਸ਼, ਇਹ ਸਭ ਇੱਥੇ ਹੀ ਹਨ। ਇਹ ਸਭ ਕੁਝ ਤੇਰੇ ਸਰੀਰ ਦੇ ਅੰਦਰ ਹੀ ਹੈ। ਇਹ ਸਭ ਤੀਨ ਲੋਕ 'ਚ ਬਿਰਾਜਮਾਨ ਹਨ। ਮੇਰੂ ਪਰਬਤ ਦੇ ਇਰਦ-ਗਿਰਦ ਇਹ ਸਭ ਆਪਣਾ ਆਪਣਾ ਨਿਸ਼ਚਿਤ ਕੀਤਾ ਹੋਇਆ ਫਰਜ਼ ਨਿਭਾਉਂਦੇ ਹਨ। ਜਿਸਨੇ ਇਹ ਭੇਦ ਪਾ ਲਿਆ ਉਹੀ ਸੱਚਾ ਜੋਗੀ ਹੈ।"

ਮੈਂ ਮਨ ਲਾ ਕੇ ਔਘੜ ਨਾਥ ਤੋਂ ਸਾਰੀ ਵਿੱਦਿਆ ਅਤੇ ਇਲਮ ਸਿੱਖਦਾ ਰਿਹਾ ਸੀ। ਮੈਂ ਆਪਣੀਆਂ ਪ੍ਰਾਪਤੀਆਂ 'ਤੇ ਬਹੁਤ ਖੁਸ਼ ਸੀ, ਕਿਉਂਕਿ ਹੁਣ ਮੈਂ ਕਰਾਮਾਤਾਂ ਵਿਖਾਉਣ ਦੇ ਸਮਰੱਥ ਹੋ ਗਿਆ ਸੀ। ਮੇਰੀ ਇਸ ਯੋਗਤਾ ਨੇ ਮੈਨੂੰ ਸਵੈਅਭਿਮਾਨ ਅਤੇ ਖੁਸ਼ੀ ਦੋਵੇਂ ਦਿੱਤੀਆਂ। ਪਰ ਅੰਦਰੋਂ ਮੇਰੇ ਮਨ ਵਿੱਚ ਡਰ ਸੀ ਕਿ ਮੇਰਾ ਮੁਰਸ਼ਦ ਪਹਿਲਾਂ ਵਾਂਗ ਲੰਮਾ ਸਮਾਂ ਨਹੀਂ ਕੱਟੇਗਾ। ਮੈਨੂੰ ਯਕੀਨ ਹੋ ਚੁੱਕਾ ਸੀ ਕਿ ਜੋ ਵੀ ਮੈਨੂੰ ਅਪਣਾਉਂਦਾ ਸੀ, ਉਹ ਲੰਮਾ ਸਮਾਂ ਜਿਉਂਦਾ ਨਹੀਂ ਸੀ ਰਹਿੰਦਾ। ਮੈਂ ਔਘੜ ਨਾਥ ਤੋਂ ਬਹੁਤ ਕੁਝ ਸਿਖਣਾ ਚਾਹੁੰਦਾ ਸੀ। ਇਸ ਲਈ ਦਿਨ ਰਾਤ ਮੈਂ ਉਸਦੀ ਤਾਬਿਆ ਵਿੱਚ ਰਹਿੰਦਾ।

ਅਖੀਰ ਉਹੀ ਗੱਲ ਹੋਈ ਜਿਸਦਾ ਮੈਨੂੰ ਡਰ ਸੀ। ਔਘੜ ਨਾਥ ਬਿਮਾਰ ਰਹਿਣ ਲੱਗ ਪਿਆ ਸੀ। ਇੱਕ ਸਵੇਰ ਔਘੜ ਨਾਥ ਨੇ ਮੈਨੂੰ ਇਸ਼ਾਰੇ ਨਾਲ ਬੁਲਾ ਕੇ ਆਪਣੇ ਕੋਲ ਬੈਠਣ ਲਈ ਕਿਹਾ। ਹੁਕਮ ਮੰਨ ਕੇ ਮੈਂ ਉਸਦੇ ਮੰਜੇ ਕੋਲ ਬੈਠ ਗਿਆ।  

ਮੇਰੇ ਚਿਹਰੇ ਨੂੰ ਨਿਹਾਰਦਾ ਹੋਇਆ ਔਘੜ ਨਾਥ ਬੋਲਿਆ ਸੀ, "ਕੁਦਰਤ ਦਾ ਇਹ ਅਸੂਲ ਹੈ ਕਿ ਜੋ ਜਨਮਿਆ ਹੈ, ਉਸ ਨੇ ਇੱਕ ਦਿਨ ਮਰਨਾ ਹੈ। ਮਾਧੋਦਾਸ, ਰਾਤ ਮੈਨੂੰ ਖੁਆਬ ਆਇਆ ਕਿ ਪ੍ਰਮਾਤਮਾ ਨੇ ਮੈਨੂੰ ਆਪਣੇ ਚਰਨਾਂ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਧੁਰ ਦਰਗਾਹੋਂ ਆਏ ਸੱਦੇ ਨੂੰ ਮੈਂ ਟਾਲ ਨਹੀਂ ਸਕਦਾ। ਮੈਨੂੰ ਜਲਦ ਹੀ ਇਸ ਮਾਤ ਲੋਕ ਨੂੰ ਛੱਡ ਕੇ ਇਸ਼ਵਰ ਪਾਸ ਜਾਣਾ ਪਵੇਗਾ।" 

"ਨਾ ਗੁਰੂਦੇਵ, ਇੰਝ ਨਾ ਕਹੋ।" ਗੁਰੂ ਔਘੜ ਨਾਥ ਦੀ ਗੱਲ ਸੁਣ ਕੇ ਮੈਂ ਤ੍ਰਬਕ ਗਿਆ ਸੀ।

"ਮਾਧੋਦਾਸ, ਉਤਪਤੀ ਕਰਨ ਵਾਲੀ ਬ੍ਰਹਮ ਸ਼ਕਤੀ ਅਤੇ ਵਿਨਾਸ਼ ਕਰਨ ਵਾਲੀ ਬ੍ਰਹਮ ਸ਼ਕਤੀ, ਇਨਸਾਨ ਤਾਂ ਕੀ ਦੇਵਤਿਆਂ ਦੇ ਵੱਸ ਵਿੱਚ ਵੀ ਨਹੀਂ ਹੈ। ਪ੍ਰਭੂ ਦੀ ਕ੍ਰਿਪਾ ਨਾਲ ਮੈਂ ਬਹੁਤ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਭੋਗ ਲਈ ਹੈ। ਮੈਂ ਆਪਣੇ ਜੀਵਨ ਵਿੱਚ ਆਪਣੀਆਂ ਵਿੱਦਿਆਵਾਂ ਨਾਲ ਜਿੰਨੇ ਲੋਕਾਂ ਦਾ ਭਲਾ ਕਰ ਸਕਦਾ ਸੀ, ਮੈਂ ਕੀਤੈ।... ਜਦੋਂ ਦਾ ਤੂੰ ਮੇਰੀ ਸ਼ਰਨ ਵਿੱਚ ਆਇਆ ਹੈਂ, ਤੂੰ ਪੂਰੀ ਲਗਨ ਨਾਲ ਮੇਰੀ ਸੇਵਾ ਕੀਤੀ ਹੈ ਤੇ ਮੇਰੇ ਵੱਲੋਂ ਦਿੱਤੇ ਗਿਆਨ ਨੂੰ ਅਪਨਾਇਆ ਹੈ। ਮੈਂ ਜੋ ਸਿਖਾਉਂਦਾ ਰਿਹਾ ਹਾਂ, ਤੂੰ ਪੂਰਾ ਮਨ ਲਾ ਕੇ ਸਿੱਖਿਆ ਹੈ। ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ।" ਔਘੜ ਨਾਥ ਦੀ ਥੱਕੀ ਹਾਰੀ ਜਿਹੀ ਅਵਾਜ਼ ਨਿਕਲ ਰਹੀ ਸੀ।

ਮੈਂ ਔਘੜ ਨਾਥ ਨੂੰ ਐਨੀ ਜਲਦੀ ਆਪਣੀ ਜ਼ਿੰਦਗੀ ਵਿੱਚੋਂ ਜਾਣ ਨਹੀਂ ਸੀ ਦੇਣਾ ਚਾਹੁੰਦਾ, "ਕੀ ਯੋਗ ਸਾਧਨਾ ਨਾਲ ਤੁਸੀਂ ਆਪਣੀ ਆਯੂ ਥੋੜ੍ਹੀ ਹੋਰ ਲੰਮੀ ਨਹੀਂ ਕਰ ਸਕਦੇ?"  

"ਨਹੀਂ, ਕੁਦਰਤ ਦੇ ਨਿਯਮਾਂ ਵਿੱਚ ਖਲਲ ਪਾਉਣਾ ਠੀਕ ਨਹੀਂ ਹੈ। ਪ੍ਰਮਾਤਮਾ ਦੇ ਹੁਕਮ ਅਨੁਸਾਰ ਹੁਣ ਸਾਡੇ ਵਿਛੜਨ ਦਾ ਸਮਾਂ ਆ ਗਿਆ ਹੈ। ਪਰ ਜਾਣ ਤੋਂ ਪਹਿਲਾਂ ਮੈਂ ਬਾਕੀ ਦਾ ਬਚਦਾ ਗਿਆਨ ਅਤੇ ਤਾਂਤਰਿਕ ਰਹੱਸਾਂ ਦਾ ਦੁਰਲਭ ਗ੍ਰੰਥ 'ਸਿਧਅਨੋਨੀ' ਵੀ ਤੈਨੂੰ ਸੌਂਪਣਾ ਚਾਹੁੰਦਾ ਹਾਂ। ਜੋ ਗਿਆਨ ਮੈਂ ਹੁਣ ਤੈਨੂੰ ਦੇਣ ਲੱਗਿਆ ਹਾਂ ਇਹ ਬਹੁਤ ਕੀਮਤੀ ਅਤੇ ਰਮਜ਼ ਵਾਲਾ ਹੈ। ਜੇਕਰ ਇਹਨਾਂ ਸ਼ਕਤੀਆਂ ਨੂੰ ਠੀਕ ਤਰ੍ਹਾਂ ਨਾ ਸੰਭਾਲਿਆ ਗਿਆ ਤਾਂ ਇਹ ਬਹੁਤ ਖਤਰਨਾਕ ਵੀ ਹਨ। ਇਹਨਾਂ ਦੀ ਮਾਰੂ ਸਮਰਥਾ ਤਲਵਾਰ ਦੀ ਧਾਰ ਤੋਂ ਤੇਜ਼ ਅਤੇ ਨਾਗ ਦੇ ਡੰਗ ਤੋਂ ਵੀ ਜ਼ਹਿਰੀਲੀ ਹੈ। ਯਾਦ ਰੱਖੀ ਇਹ ਗਿਆਨ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਦੇਣਾ, ਜੋ ਇਸਦੀ ਪਾਤਰਤਾ ਯੋਗ ਨਾ ਹੋਵੇ। ਇਸ ਗਿਆਨ ਦੀ ਪ੍ਰਾਪਤੀ ਦੇ ਯੋਗ ਹੋਣ ਲਈ ਪੰਜ ਨਿਯਮ ਭਾਵ ਸ਼ੁਭ ਕਰਮ ਅਪਨਾਉਣੇ ਪੈਣਗੇ ਤੇ ਪੰਜ ਕੁਕਰਮਾਂ ਦਾ ਤਿਆਗ ਕਰਨਾ ਪਵੇਗਾ।" 

"ਉਹ ਕਿਹੜੇ ਕਿਹੜੇ ਹਨ ਗੁਰੂਦੇਵ ਦੱਸੋ। ਮੈਂ ਪੂਰੀ ਨਿਸ਼ਠਾ ਨਾਲ ਉਨ੍ਹਾਂ ਦੀ ਪਾਲਣਾ ਕਰਾਂਗਾ।" ਮੈਂ ਹੱਥ ਜੋੜ ਲਏ ਸਨ।

"ਪੰਜ ਸ਼ੁਭ ਕਰਮ ਹਨ ਪਵਿੱਤਰਤਾ, ਸੰਤੋਖ, ਸੰਜਮ, ਮੰਤਰਾਂ ਦਾ ਜਾਪ ਅਤੇ ਦੇਵਤਿਆਂ ਦੀ ਪੂਜਾ। ਬਾਕੀ ਪੰਜ ਅਸ਼ੁਭ ਕੁਕਰਮ ਜਿਨ੍ਹਾਂ ਤੋਂ ਦੂਰ ਰਹਿਣਾ ਹੈ ਉਹ ਹਨ, ਅਹਿੰਸਾ, ਝੂਠ, ਲਾਲਚ, ਚੋਰੀ ਅਤੇ ਕਾਮ। ਤੂੰ ਇਸ ਗਿਆਨ ਨੂੰ ਆਪਣੇ ਸੀਨੇ ਵਿੱਚ ਛੁਪਾ ਕੇ ਰੱਖੀਂ ਅਤੇ ਕਿਸੇ ਯੋਗ ਵਿਆਕਤੀ ਨੂੰ ਆਪਣੇ ਆਖਰੀ ਸਮੇਂ ਹੀ ਦੇਵੀਂ। ਤੈਨੂੰ ਇਹ ਬਚਨ ਮੇਰੇ ਨਾਲ ਕਰਨਾ ਪਵੇਗਾ ਕਿ ਤੂੰ ਇਹਨਾਂ ਨਿਯਮਾਂ ਦੀ ਪਾਲਣਾ ਕਰੇਂਗਾ ਅਤੇ ਆਪਣੀ ਕਸਮ 'ਤੇ ਕਾਇਮ ਰਹੇਂਗਾ।" ਐਨਾ ਕਹਿ ਕੇ ਔਘੜ ਨਾਥ ਨੇ ਉਸਦੀ ਕੁਟੀਆ ਵਿੱਚ ਪਏ ਗ੍ਰੰਥਾਂ ਦੀ ਢੇਰੀ ਵਿੱਚੋਂ ਇੱਕ ਲਾਲ ਰੰਗ ਦਾ ਗ੍ਰੰਥ ਚੁੱਕਣ ਦਾ ਮੈਨੂੰ ਇਸ਼ਾਰਾ ਕੀਤਾ।

ਮੈਂ ਉਹ ਗੰ੍ਰਥ ਚੁੱਕਿਆ ਤਾਂ ਇਹ ਸਿਧਅਨੋਨੀ ਗ੍ਰੰਥ ਸੀ। ਗ੍ਰੰਥ ਚੁੱਕ ਕੇ ਮੈਂ ਔਘੜ ਨਾਥ ਦੇ ਮੰਜੇ ਕੋਲ ਪਰਤਿਆ ਤਾਂ ਉਹ ਪ੍ਰਾਣ ਤਿਆਗ ਚੁੱਕਾ ਸੀ। ਔਘੜ ਨਾਥ ਦੀਆਂ ਅੱਖਾਂ ਅੱਡੀ ਦੇਖ ਕੇ ਮੇਰੀ ਲੇਰ ਨਿਕਲ ਗਈ ਸੀ। ਮੈਂ ਧਾਹਾਂ ਮਾਰ ਕੇ ਰੋਣ ਲੱਗ ਪਿਆ। ਸਾਰੇ ਮੱਠ ਵਿੱਚ ਯਕਦਮ ਮਾਤਮੀ ਮਾਹੌਲ ਪਸਰ ਗਿਆ ਸੀ। 

ਔਘੜ ਨਾਥ ਦੀਆਂ ਅੰਤਮ ਰਸਮਾਂ ਮੈਂ ਆਪ ਨਿਭਾਈਆਂ ਅਤੇ ਆਖਰੀ ਦਿਨ ਭੰਡਾਰਾ ਵੀ ਕੀਤਾ ਸੀ। ਹਰ ਅਮੀਰ ਗਰੀਬ ਨੂੰ ਮੱਠ ਦੀ ਰਿਵਾਇਤ ਅਨੁਸਾਰ ਬਿਨਾ ਕਿਸੇ ਭੇਦਭਾਵ ਦੇ ਭੋਜਨ ਛਕਾਇਆ ਗਿਆ ਸੀ। ਜਿੰਨੇ ਦਿਨ ਮੈਂ ਇਸ ਕਾਰਜ ਵਿੱਚ ਰੁੱਝਿਆ ਰਿਹਾ, ਮੈਨੂੰ ਇਕੱਲੇਪਨ ਦਾ ਅਹਿਸਾਸ ਨਾ ਹੋਇਆ। ਫਿਰ ਭੰਡਾਰੇ ਉਪਰੰਤ ਡੇਰਾ ਸੁੰਨਸਾਨ ਹੋ ਗਿਆ ਸੀ। ਕੁਝ ਗਿਣਤੀ ਦੇ ਲੋਕ ਹੀ ਡੇਰੇ ਵਿੱਚ ਕਦੇ-ਕਦਾਈਂ ਗੇੜਾ ਮਾਰਦੇ। ਮੇਰੇ ਅੰਦਰਲਾ ਇਕਲਾਪਨ ਫੇਰ ਮੇਰੇ ਉੱਪਰ ਹਾਵੀ ਹੋ ਲੱਗ ਪਿਆ ਸੀ।

ਮੈਂ ਸਿਧਅਨੋਨੀ ਗ੍ਰੰਥ ਦਾ ਅਧਿਐਨ ਕਰਨ ਜੁਟ ਗਿਆ। ਮੁਰਸ਼ਦ ਦੀ ਕ੍ਰਿਪਾ ਨਾਲ ਮੈਂ ਤਾਂਤਰਿਕ ਵਿੱਦਿਆ ਦੇ ਗੁੱਝੇ ਰਹੱਸਾਂ ਦਾ ਗ੍ਰੰਥ ਪ੍ਰਾਪਤ ਕਰਕੇ ਅਸਾਧਾਰਨ ਸ਼ਕਤੀਆਂ ਦਾ ਗਿਆਨ ਹਾਸਿਲ ਕੀਤਾ। ਮੇਰਾ ਗੁਰੂ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦੇ ਗਿਆ ਸੀ। 

ਸਿਧਅਨੋਨੀ ਗ੍ਰੰਥ ਦਾ ਅਧਿਐਨ ਪੂਰਾ ਹੋਣ ਉਪਰੰਤ ਮੈਂ ਫੇਰ ਉਦਾਸ ਰਹਿਣ ਲੱਗ ਪਿਆ ਸੀ। ਕਿਸੇ ਨਾਲ ਬਹੁਤੀ ਗੂਫਤਗੂ ਨਾ ਕਰਨ ਦਾ ਮੇਰਾ ਸ਼ੁਰੂ ਤੋਂ ਹੀ ਸੁਭਾਅ ਨਹੀਂ ਸੀ। ਲੇਕਿਨ ਆਪਣੀ ਚੁੱਪ ਮੈਨੂੰ ਆਪ ਨੂੰ ਖਟਕਣ ਲੱਗ ਪਈ ਸੀ। ਮੇਰੀ ਇਕੱਲਤਾ ਮੈਨੂੰ ਨੇਜ਼ੇ ਦੇ ਵਾਰ ਵਾਂਗ ਚੁੱਭਦੀ ਸੀ। ਇਸ ਇਕਲਾਪੇ ਤੋਂ ਛਟਕਾਰਾ ਪਾਉਣ ਤੇ ਮਨ ਬਦਲਣ ਦੇ ਮਕਸਦ ਨਾਲ ਮੈਂ ਆਪਣੇ ਬਚਪਨ ਦੇ ਮਿੱਤਰ ਜੈਤ ਰਾਮ ਕੋਲ ਦਾਦੂਵਾੜੇ ਜਾਣ ਦਾ ਨਿਸਚਾ ਕੀਤਾ। 

ਦਾਦੂਵਾੜਾ, ਦੂਰ ਰਾਜਸਥਾਨ ਵਿੱਚ ਨਰੈਣਪੁਰ ਕੋਲ ਹੋਣ ਕਰਕੇ ਮੇਰੇ ਕਈ ਦਿਨ ਯਾਤਰਾ ਵਿੱਚ ਹੀ ਲੰਘ ਗਏ ਸਨ। ਦਾਦੂਵਾੜੇ ਜਾ ਕੇ ਮੈਂ ਜੈਤ ਰਾਮ ਨੂੰ ਆਪਣੀ ਬੀਤੀ ਜ਼ਿੰਦਗੀ, ਜੰਗਾਂ ਅਤੇ ਤਾਂਤਰਿਕ ਵਿੱਦਿਆ ਬਾਰੇ ਸਭ ਕੁਝ ਦੱਸਿਆ। ਜੈਤ ਰਾਮ ਨੇ ਮੇਰੀ ਬਹੁਤ ਆਉ ਭਗਤ ਕੀਤੀ। ਸਾਡੇ ਦੋਨਾਂ ਕੋਲ ਇੱਕ ਦੂਜੇ ਨਾਲ ਕਰਨ ਵਾਲੀਆਂ ਢੇਰ ਸਾਰੀਆਂ ਗੱਲਾਂ ਸਨ। ਭਾਵੇਂ ਮੇਰੇ ਅਤੇ ਜੈਤ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਫੇਰ ਵੀ ਹਮਉਮਰ ਹੋਣ ਕਰਕੇ ਸਾਡੀ ਬਹੁਤ ਬਣਦੀ ਸੀ। 

ਜੈਤ, ਜੋਗੀ ਦਾਦੂ ਦੀਆਂ ਸਿੱਖਿਆਵਾਂ ਉੱਪਰ ਅਮਲ ਕਰਦਾ ਸੀ। ਦਾਦੂ ਦਾ ਕਹਿਣਾ ਸੀ ਕਿ ਦੁਨਿਆਵੀ ਵਸਤਾਂ ਨਾਲੋਂ ਆਪਣਾ ਮੋਹ ਤਿਆਗ ਨਿਰਲੇਪ ਰਹਿ ਕੇ ਆਪਣਾ ਸਮਾਂ ਗੁਜ਼ਾਰੋ। ਮੈਂ ਦੁਨੀਆਵੀ ਵਸਤਾਂ ਦੇ ਕਰੀਬ ਹੋ ਰਿਹਾ ਸੀ। ਮੇਰੀ ਜ਼ਿੰਦਗੀ ਵਿੱਚ ਐਨੀਆਂ ਜ਼ਿਆਦਾ ਘਟਨਾਵਾਂ ਘਟ ਚੁੱਕੀਆਂ ਸਨ ਕਿ ਮੇਰੀਆਂ ਗੱਲਾਂ ਮੁੱਕਣ ਵਿੱਚ ਨਹੀਂ ਸੀ ਸਨ ਆਉਂਦੀਆਂ। ਮੇਰੀਆਂ ਸਭ ਗੱਲਾਂ ਉਹ ਚਟਖਾਰੇ ਲੈ ਕੇ ਸੁਣਦਾ ਰਿਹਾ ਸੀ। ਲੜਾਈਆਂ, ਲੁੱਟ-ਮਾਰਾਂ ਅਤੇ ਅੱਗਜ਼ਨੀ ਦੀਆਂ ਕਹਾਣੀਆਂ ਸੁਣ ਕੇ ਜੈਤ ਰਾਮ ਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਇੱਕ ਚੁੱਪ-ਚਪੀਤਾ ਜਿਹਾ ਨਰਾਇਣ ਦਾਸ, ਨਵਾਂ ਨਾਮ ਮਾਧੋਦਾਸ ਬਦਲ ਕੇ ਕਿਵੇਂ ਕਠੋਰ ਸੈਨਿਕ ਬਣ ਗਿਆ ਸੀ। ਉਸ ਨੂੰ ਮੇਰੀ ਹਰ ਗੱਲ ਸੁਣ ਕੇ ਅਚੰਭਾ ਲੱਗਦਾ ਸੀ। ਤਾਂਤਰਿਕ ਸ਼ਕਤੀਆਂ ਦੀਆਂ ਪ੍ਰਾਪਤੀਆਂ ਵਾਲੀ ਕਹਾਣੀ ਉਸ ਲਈ ਸਭ ਤੋਂ ਵਧੇਰੇ ਦਿਲਚਸਪ ਸੀ। ਮੈਂ ਉਸਨੂੰ ਕੁਝ ਕਰਾਮਾਤਾਂ ਵੀ ਕਰਕੇ ਦਿਖਾਈਆਂ ਸਨ। ਕਰਾਮਾਤਾਂ ਤਾਂ ਉਹ ਨਹੀਂ ਸਨ। ਮਹਿਜ ਹੱਥ ਦੀ ਸਫਾਈ ਸੀ। ਲੇਕਿਨ ਉਹ ਦੇਖ ਕੇ ਮਹੰਤ ਜੈਤ ਰਾਮ ਬੜਾ ਪ੍ਰਭਾਵਿਤ ਹੋਇਆ ਸੀ। ਕੁਝ ਮਹੀਨੇ ਜੈਤ ਰਾਮ ਕੋਲ ਗੁਜ਼ਾਰ ਕੇ ਮੈਂ ਵਾਪਿਸ ਲੋਨੀ ਆ ਪਰਤ ਆਇਆ ਸੀ। 

ਮੇਰੀ ਗੈਰਹਾਜ਼ਰੀ ਵਿੱਚ ਦੂਸਰੇ ਚੇਲਿਆਂ ਨੇ ਸਥਾਨਕ ਚੌਧਰੀਆਂ ਦੀ ਮਿਲੀ ਭੁਗਤ ਨਾਲ ਗੁਰੂ ਔਘੜ ਨਾਥ ਦੇ ਡੇਰੇ 'ਤੇ ਕਬਜ਼ਾ ਕਰਕੇ ਆਪਣੇ ਪੈਰ ਗੱਡ ਲਏ ਸਨ। ਜਦ ਮੈਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਮੈਨੂੰ ਡੇਰੇ ਵਿੱਚ ਟਿਕਣ ਨਾ ਦਿੱਤਾ ਤੇ ਮੈਨੂੰ ਉਥੋਂ ਭਜਾਉਣ ਦੇ ਯਤਨ ਕਰਨ ਲੱਗੇ। ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ, ਮੈਂ ਚਾਹੁੰਦੇ ਹੋਏ ਵੀ ਉਨ੍ਹਾਂ ਦਾ ਕੁਝ ਨਹੀਂ ਸੀ ਵਿਗਾੜ ਸਕਦਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਧਰਮਪੰਥੀ ਜੋਗੀਆਂ ਦੀ ਸੰਪਰਦਾ ਵਿੱਚ ਦੀਕਸ਼ਤ ਕਰਕੇ ਨਹੀਂ ਸ਼ਾਮਿਲ ਕੀਤਾ ਗਿਆ ਸੀ। ਇਸ ਲਈ ਸੰਪਰਦਾ ਦੇ ਨਿਯਮਾਂ ਅਨੁਸਾਰ ਮੈਂ ਉਨ੍ਹਾਂ ਲਈ ਬੇਗਾਨਾ ਸੀ। ਉਨ੍ਹਾਂ ਅਨੁਸਾਰ ਮੇਰੇ ਉੱਤੇ ਰਹਿਮ ਖਾਹ ਕੇ ਜੋਗੀ ਔਘੜ ਨਾਥ ਨੇ ਕੁਝ ਦੇਰ ਲਈ ਮੈਨੂੰ ਡੇਰੇ ਵਿੱਚ ਆਰਜ਼ੀ ਸ਼ਰਨ ਦਿੱਤੀ ਸੀ। ਭਾਵੇਂ ਮੇਰਾ ਗੁਰੂ ਨਾਲ ਕਿੰਨਾ ਹੀ ਪਿਆਰ ਸੀ, ਪਰ ਉਹ ਮੈਨੂੰ ਉਸਦਾ ਚੇਲਾ ਨਹੀਂ ਸਵਿਕਾਰਦੇ ਸਨ। ਗੁਰੂ ਦਾ ਉਤਰਅਧਿਕਾਰੀ ਮੰਨਣ ਦਾ ਤਾਂ ਸੁਆਲ ਹੀ ਨਹੀਂ ਸੀ ਪੈਦਾ ਹੁੰਦਾ। ਧਰਮਪੰਥੀਆਂ ਵਿੱਚ ਸ਼ਾਮਿਲ ਨਾ ਹੋਇਆ ਹੋਣ ਕਰਕੇ ਮੈਨੂੰ ਨਾਥ ਜੋਗੀ ਨਹੀਂ ਸੀ ਮੰਨਿਆ ਜਾ ਸਕਦਾ। ਉਨ੍ਹਾਂ ਲਈ ਤਾਂ ਮੈਂ ਅਜੇ ਵੀ ਬੈਰਾਗੀ ਸਾਧੂ ਹੀ ਸੀ। ਔਘੜ ਨਾਥ ਦੇ ਕਿਸੇ ਪੁਰਾਣੇ ਚੇਲੇ ਨੂੰ ਉਨ੍ਹਾਂ ਨੇ ਗੁਰੂ ਥਾਪ ਦਿੱਤਾ ਸੀ।

ਮੈਨੂੰ ਵਿਧੀਵਤ ਢੰਗ ਨਾਲ ਡੇਰੇ ਵਿੱਚ ਨਹੀਂ ਲਿਜਾਂਦਾ ਗਿਆ ਹੋਣ ਕਰਕੇ ਮੈਂ ਚੁੱਪ ਕਰ ਗਿਆ ਸੀ। ਦੰਗਾ ਫਸਾਦ ਹੋਣ ਦੇ ਡਰੋਂ ਮੈਂ ਮੱਠ ਛੱਡ ਕੇ ਕਿਧਰੇ ਹੋਰ ਚਲੇ ਜਾਣ ਦਾ ਫੈਸਲਾ ਕਰ ਲਿਆ ਸੀ। ਗੁਰੂ ਦੇ ਦੇਹਾਂਤ ਉਪਰੰਤ ਵੈਸੇ ਵੀ ਮੇਰੇ ਲਈ ਉੱਥੇ ਕੁਝ ਨਹੀਂ ਸੀ ਬਚਿਆ। 

ਉੱਥੋਂ ਤੁਰਨ ਲੱਗੇ ਨੂੰ ਮੈਨੂੰ ਇੱਕ ਬਜ਼ੁਰਗ ਨੇ ਨਾਦੇੜ ਦੇ ਡੇਰੇ ਜਾਣ ਦੀ ਸਲਾਹ ਦਿੱਤੀ ਸੀ। ਮੈਂ ਨਦੀ ਦੇ ਵਹਾ ਵਾਲੇ ਪਾਸੇ ਚਲਦਾ ਹੋਇਆ ਨਾਦੇੜ ਪਹੁੰਚ ਗਿਆ। ਨਾਦੇੜ ਡੇਰੇ ਦਾ ਗੁਰੂ ਭਾਵੇਂ ਸਖਤ ਸੀ, ਪਰ ਇਨਸਾਨ ਦੇ ਗੁਣਾਂ ਦੀ ਕਦਰ ਕਰਨ ਵਾਲਾ ਸੀ। ਮੈਨੂੰ ਤਾਂ ਸ਼ਰਨ ਚਾਹੀਦੀ ਸੀ। ਗੁਣਾਂ ਦੀ ਮੇਰੇ ਕੋਲ ਕੋਈ ਕਮੀ ਨਹੀਂ ਸੀ। ਲੋਨੀ ਦੇ ਮੁਕਾਬਲੇ ਨਾਦੇੜ ਦਾ ਡੇਰਾ ਬਹੁਤ ਵੱਡਾ ਸੀ। ਇਹ ਗੋਦਾਵਰੀ ਕੰਢੇ ਵਸਿਆ ਹੋਇਆ ਸੀ ਅਤੇ ਲੋਨੀ ਤੋਂ ਬਹੁਤੀ ਦੂਰ ਨਹੀਂ ਸੀ। 

ਡੇਰੇ ਦਾ ਮੁੱਖੀ ਜੋਗੀ ਹਿੰਦੂ ਗ੍ਰੰਥਾਂ ਅਤੇ ਸ਼ਾਸਤਰਾਂ ਦਾ ਗਿਆਤਾ ਸੀ। ਉਸਦਾ ਗੱਲ ਕਰਨ ਦਾ ਢੰਗ ਲੋਕਾਂ ਨੂੰ ਕੀਲ ਲੈਂਦਾ ਹੁੰਦਾ ਸੀ। ਰਿੱਧੀਆਂ-ਸਿੱਧੀਆਂ ਅਤੇ ਤਾਂਤਰਿਕ ਸ਼ਕਤੀਆਂ ਵਿੱਚ ਉਸਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਇਹਨਾਂ ਨੂੰ ਮੋਕਸ਼ ਪ੍ਰਾਪਤੀ ਦੇ ਰਾਹ ਦੀ ਰੁਕਾਵਟ ਖਿਆਲ ਕਰਦਾ ਸੀ। ਉਸਦਾ ਕਹਿਣਾ ਸੀ ਕਿ ਦੁਨੀਆਵੀ ਆਨੰਦ ਵਿੱਚ ਗ੍ਰਸਤ ਹੋ ਕੇ ਮਨੁੱਖ ਪਰਮ ਆਨੰਦ ਤੋਂ ਵਾਂਝਾ ਰਹਿ ਜਾਂਦਾ ਹੈ। ਮੇਰੇ ਬਾਰੇ ਡੇਰੇ ਦੇ ਮੁੱਖੀ ਨੇ ਆਪਣੇ ਮਿੱਤਰ ਔਘੜ ਨਾਥ ਤੋਂ ਸੁਣ ਰੱਖਿਆ ਸੀ। ਮੈਂ ਉਸ ਨੂੰ ਆਪਣਾ ਪ੍ਰੀਚਅ ਦਿੱਤਾ ਤਾਂ ਉਸਨੇ ਮੈਨੂੰ ਸਵਿਕਾਰ ਕੇ ਉੱਥੇ ਰਹਿਣ ਦੀ ਆਗਿਆ ਦੇ ਦਿੱਤੀ। ਹੌਲੀ-ਹੌਲੀ ਮੈਂ ਉਸਦਾ ਵਿਸ਼ਵਾਸ ਪਾਤਰ ਬਣ ਗਿਆ। ਉਹ ਥੋੜ੍ਹਾ ਸਨਕੀ ਸੁਭਾਅ ਦਾ ਸੀ ਤੇ ਮੇਰੀ ਹਰ ਗਤੀਵਿਧੀ ਉੱਪਰ ਨਿਗਰਾਨੀ ਰੱਖਦਾ ਸੀ। 

ਦੈਵੀ ਸ਼ਕਤੀਆਂ ਦਾ ਮਾਲਕ ਹੋਣ ਕਰਕੇ ਮੈਂ ਡੇਰੇ ਦੇ ਸ਼ਰਧਾਲੂਆਂ ਦੀਆਂ ਦੁਨੀਆਵੀ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਹਾਈ ਸਿੱਧ ਹੋ ਲੱਗ ਪਿਆ ਸੀ। ਡੇਰੇ ਵਿੱਚ ਲੋਕ ਘਰੇਲੂ ਅਤੇ ਨਿਤਾਪ੍ਰਤੀ ਦੀਆਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਆਉਂਦੇ ਸਨ ਨਾ ਕਿ ਅਧਿਆਤਮਕਵਾਦ ਦੀ ਸਿੱਖਿਆ ਲੈਣ। ਜਿਹੋ ਜਿਹੀ ਕਿਸੇ ਦੀ ਸਮੱਸਿਆ ਹੁੰਦੀ ਸੀ, ਮੈਂ ਉਸਦਾ ਉਹੋ ਜਿਹਾ ਢੁਕਵਾਂ ਹੱਲ ਕੱਢ ਦਿੰਦਾ ਸੀ। ਗੁਰੂ ਜਾਨਕੀ ਪ੍ਰਸ਼ਾਦ ਤੋਂ ਜੜ੍ਹੀ ਬੂਟੀਆਂ ਨਾਲ ਉਪਚਾਰ ਕਰਨਾ ਸਿੱਖਿਆ ਹੋਣ ਕਰਕੇ ਮੈਂ ਲੋਕਾਂ ਦਾ ਇਲਾਜ ਵੀ ਕਰ ਦਿੰਦਾ ਸੀ। ਮੇਰੀ ਪ੍ਰਤੀਭਾ ਦੀ ਮਸ਼ਹੂਰੀ ਦੂਰ-ਦੂਰ ਤੱਕ ਫੈਲ ਗਈ ਅਤੇ ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ। ਇਸ ਨਾਲ ਡੇਰੇ ਦੀ ਆਮਦਨ ਵੀ ਵੱਧ ਗਈ। ਜਦੋਂ ਮੇਰੀ ਬਹੁਤ ਜ਼ਿਆਦਾ ਪ੍ਰਸਿੱਧੀ ਵੱਧ ਗਈ ਤਾਂ ਡੇਰਾਮੁੱਖੀ ਨੇ ਪ੍ਰਸੰਨ ਹੋ ਕੇ ਮੈਨੂੰ ਆਪਣਾ ਨਾਇਬ ਧਾਪ ਦਿੱਤਾ। ਹਮੇਸ਼ਾਂ ਵਾਂਗ ਇਹ ਮੁਰਸ਼ਦ ਵੀ ਜਲਦ ਹੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ।  

ਡੇਰਾਮੁਖੀ ਦੀ ਮੌਤ ਤੋਂ ਬਾਅਦ ਸੰਨ ੧੬੯੪ ਈ: ਦੇ ਆਖੀਰ ਵਿੱਚ ਮੈਂ ਡੇਰੇ ਦਾ ਮੁੱਖੀ ਬਣ ਗਿਆ ਸੀ। ਡੇਰਾਮੁਖੀ ਜੋਗੀ ਦੇ ਜਿਉਂਦੇ ਜੀਅ ਡੇਰੇ ਦਾ ਸੰਚਾਲਨ ਮੇਰੇ ਹੱਥ ਵਿੱਚ ਹੋਣ ਕਰਕੇ ਇੱਥੇ ਮੈਨੂੰ ਮੁੱਖੀ ਬਣਨ ਵਿੱਚ ਕੋਈ ਔਕੜ ਨਾ ਆਈ। ਨਾ ਹੀ ਕਿਸੇ ਨੇ ਕੋਈ ਵਿਰੋਧ ਕੀਤਾ। ਹੁਣ ਮੈਨੂੰ ਗੁਰੂ ਦਾ ਡਰ ਵੀ ਨਹੀਂ ਸੀ ਰਿਹਾ ਤੇ ਮੈਂ ਖੁੱਲ੍ਹ ਕੇ ਆਪਣੇ ਕਾਰਜ ਕਰਨ ਲੱਗ ਪਿਆ ਸੀ। ਡੇਰੇ ਵਿੱਚ ਮੇਰੀ ਖੁਦਮੁਖਤਿਆਰੀ ਸੀ। ਡੇਰੇ ਵਿੱਚ ਆਉਂਦੇ ਯਾਤਰੂਆਂ ਅਤੇ ਭਗਤਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋਣ ਲੱਗਾ। ਲੋਕ ਬੇਅੰਤ ਮਾਇਆ ਅਤੇ ਚੀਜ਼ਾਂ ਭੇਂਟ ਕਰਕੇ ਜਾਂਦੇ ਸਨ। ਮੇਰਾ ਡੇਰਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਲੱਗ ਪਿਆ ਸੀ ਤੇ ਡੇਰੇ ਦੀ ਆਮਦਨ ਵਧਣ ਲੱਗੀ। 

ਮੈਂ ਠਾਠ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਸੀ। ਜ਼ਮੀਨੀ ਵਿਛਾਉਣੇ ਤਿਆਗ ਕੇ ਮੈਂ ਮਖਮਲੀ ਪਲੰਘਾਂ 'ਤੇ ਸੌਣਾ ਆਰੰਭ ਕਰ ਦਿੱਤਾ ਸੀ। ਮੇਰੇ ਕੋਲ ਨੌਕਰ ਚਾਕਰ ਸਨ ਤੇ ਮੈਂ ਇੱਕ ਸ਼ਾਹੀ ਜ਼ਿੰਦਗੀ ਜਿਉਂ ਰਿਹਾ ਸੀ। ਮੈਂ ਆਮ ਬੈਰਾਗੀਆਂ ਵਰਗਾ ਜੀਵਨ ਉੱਕਾ ਹੀ ਤਿਆਗ ਦਿੱਤਾ ਸੀ। ਐਸ਼ਪ੍ਰਸਤੀ ਭਰਪੂਰ ਸੁਖਦਾਇਕ ਜ਼ਿੰਦਗੀ ਦਾ ਮੈਂ ਹਮੇਸ਼ਾਂ ਅਭਿਲਾਖੀ ਰਿਹਾ ਸੀ। 

ਮੇਰਾ ਡੇਰਾ ਹੀ ਮੇਰੀ ਨਿੱਕੀ ਜਿਹੀ ਰਿਆਸਤ ਸੀ, ਜਿਸ ਉੱਪਰ ਮੈਂ ਰਾਜ ਕਰਦਾ ਸੀ। ਮੇਰੇ ਚੇਲੇ ਮੇਰੀ ਤਾਕਤ ਅਤੇ ਫੌਜ ਸਨ। ਮੈਂ ਆਪਣੇ ਚੇਲਿਆਂ ਦੀ ਗਿਣਤੀ ਵਧਾ ਕੇ ਆਪਣੀ ਪ੍ਰਸਿੱਧੀ ਨੂੰ ਦੂਰ-ਦਰਾਡੇ ਤੱਕ ਫੈਲਾਉਣੀ ਚਾਹੁੰਦਾ ਸੀ। ਮੈਂ ਸਾਰੀ ਦੁਨੀਆਂ ਨੂੰ ਜਿੱਤ ਕੇ ਆਪਣੇ ਮਨਸੂਬਿਆਂ ਅਤੇ ਇਰਾਦਿਆਂ ਅਨੁਸਾਰ ਢਾਲਣਾ ਚਾਹੁੰਦਾ ਸੀ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਆਉੁਣ ਵਾਲੀਆਂ ਪੁਸ਼ਤਾਂ ਮੈਨੂੰ ਯਾਦ ਕਰਕੇ ਮੇਰੇ ਸੋਹਲੇ ਗਾਉਣ। ਮੇਰੇ ਮਨ ਅੰਦਰ ਮਸ਼ਹੂਰ ਹੋਣ ਦੀ ਕਾਮਨਾ ਸੀ। ਤਾਂਤਰਿਕ ਵਿੱਦਿਆ ਅਤੇ ਡੇਰੇ ਦੇ ਮਾਧਿਅਮ ਰਾਹੀਂ ਮੈਂ ਆਪਣੀ ਮੰਜ਼ਿਲ ਵੱਲ ਵਧੀ ਜਾ ਰਿਹਾ ਸੀ।

ਮੇਰੇ ਡੇਰੇ ਵਿੱਚ ਬਿਨਾ ਭੇਦਭਾਵ ਦੇ ਲੰਗਰ ਪਰੋਸੇ ਜਾਂਦੇ ਸਨ। ਜਾਤੀ ਪ੍ਰਥਾ ਵਿੱਚ ਗ੍ਰਸੇ ਸਮਾਜ ਕਾਰਨ ਇਸ ਵਿਲੱਖਣ ਪ੍ਰਥਾ ਦੀ ਦੂਰ-ਦੂਰ ਤੱਕ ਚਰਚਾ ਹੋਣ ਲੱਗ ਪਈ ਸੀ। ਹੋਰ ਕਿਸੇ ਡੇਰੇ ਵਿੱਚ ਇੰਝ ਨਹੀਂ ਸੀ ਹੁੰਦਾ। ਆਉਣ ਵਾਲਾ ਲੋੜਵੰਦ ਕਦੇ ਮੇਰੇ ਡੇਰੇ ਵਿੱਚੋਂ ਨਾਉਮੀਦ ਜਾਂ ਨਿਰਾਸ਼ ਹੋ ਕੇ ਨਹੀਂ ਸੀ ਗਿਆ। ਗਰੀਬਾਂ ਦੀ ਮੈਂ ਧਨ ਨਾਲ ਮਦਦ ਵੀ ਕਰ ਦਿਆ ਕਰਦਾ ਸੀ। ਲੋਕ ਮੇਰਾ ਸਤਿਕਾਰ ਕਰਨ ਲੱਗ ਪਏ ਸਨ।

ਮੇਰੀ ਆਸੇ-ਪਾਸੇ ਇੱਕ ਤਾਂਤਰਿਕ ਵਜੋਂ ਬਹੁਤ ਮਾਣਤਾ ਹੋ ਗਈ ਸੀ। ਜਾਦੂਗਰ, ਛਲੀਏ ਅਤੇ ਠੱਗ ਸਾਧੂ ਮੇਰੇ ਤੋਂ ਡਰਦੇ, ਮੇਰੀ ਤਾਂਤਰਿਕ ਵਿੱਦਿਆ ਦੀ ਧਾਕ ਸਵੀਕਾਰਨ ਲੱਗ ਪਏ ਸਨ। ਜੇ ਕੋਈ ਮੇਰੇ ਨਾਲ ਪੰਗਾ ਲੈਂਦਾ ਤਾਂ ਮੈਂ ਆਪਣੀ ਮਾਇਆ ਅਤੇ ਗਿਆਨ ਨਾਲ ਉਸਨੂੰ ਹਰਾ ਦਿੰਦਾ ਹੁੰਦਾ ਸੀ। ਸੱਤ ਅੱਠ ਸਾਲਾਂ ਵਿੱਚ ਹੀ ਮੇਰੀ ਕਾਫੀ ਦੂਰ-ਦੂਰ ਤੱਕ ਮਹਿਮਾ ਹੋ ਗਈ ਸੀ। ਆਸ-ਪਾਸ ਦੇ ਖੇਤਰਾਂ ਵਿੱਚ ਮੇਰਾ ਅੱਛਾ ਖਾਸਾ ਨਾਮ ਮਕਬੂਲ ਹੋ ਗਿਆ ਸੀ। ਲੋਕਾਂ ਲਈ ਮੈਂ ਸਮਾਜ ਸੇਵਕ ਸਾਧੂ, ਸਨਿਆਸੀ ਜਾਂ ਤਾਂਤਰਿਕ ਸੀ, ਲੇਕਿਨ ਮੇਰੇ ਲਈ ਮੇਰਾ ਸਾਧਾਂ ਵਾਲਾ ਜੀਵਨ ਮੇਰੀ ਆਪਣੀ ਤੜਫ ਨੂੰ ਮਾਰਨ ਦਾ ਇੱਕ ਬਹਾਨਾ, ਇੱਕ ਢੰਗ ਸੀ। 

ਮੈਂ ਆਪਣੇ ਚੇਲਿਆਂ ਨੂੰ ਲੈ ਕੇ ਫਰਵਰੀ ੧੬੯੫ ਈ: ਵਿੱਚ ਖੁਰਵੱਧੀ (ਹੁਣ ਡੇਹਰਾਦੂਨ), ਹਰਿਦੁਆਰ ਤੇ ਕਨਖਲ ਵੱਲ ਗਿਆ ਹੋਇਆ ਸੀ। ਉੱਥੇ ਮੇਰੀ ਮੁਲਾਕਾਤ ਨਾਨਕਪੰਥੀਆਂ ਦੇ ਗੁਰੂ, ਗੋਬਿੰਦ ਰਾਏ ਜੀ ਨਾਲ ਹੋਈ ਸੀ। ਉਨ੍ਹਾਂ ਨੇ ਮੈਨੂੰ ਤਾਂਤਰਿਕ ਸੰਪਰਦਾਏ ਅਤੇ ਯੋਗ ਛੱਡ ਕੇ ਕਰਮ ਖੇਤਰ ਅਤੇ ਦੁਨੀਆਵੀ ਪਾਸੇ ਆਉਣ ਦੀ ਰਾਏ ਦਿੱਤੀ। ਮੇਰਾ ਮਨ ਨਾ ਮੰਨਿਆ। ਮੈਂ ਜਿਵੇਂ ਦਾ ਸੀ, ਉਵੇਂ ਖੁਸ਼ ਸੀ। ਪੀਰਾਂ, ਫਕੀਰਾਂ, ਦਾਨਿਆਂ ਤੇ ਦਰਵੇਸ਼ਾਂ ਨਾਲ ਮੇਰੀਆਂ ਅਕਸਰ ਮਿਲਣੀਆਂ ਹੁੰਦੀਆਂ ਰਹਿੰਦੀਆਂ ਸਨ। ਮੈਂ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰ ਲਿਆ ਕਰਦਾ ਸੀ ਤੇ ਫਾਲਤੂ ਜਾਂ ਜੋ ਮੈਨੂੰ ਨਹੀਂ ਸਨ ਭਾਉਂਦੀਆਂ ਉਹ ਵਿਸਾਰ ਦਿਆ ਕਰਦਾ ਸੀ। ਗੁਰੂ ਗੋਬਿੰਦ ਰਾਏ ਦੀਆਂ ਕਹੀਆਂ ਗੱਲਾਂ ਵੱਲ ਵੀ ਮੈਂ ਕੋਈ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ। ਮੇਰੇ ਅੰਦਰਲੀ ਤੜਫ ਨੂੰ ਸਿਰਫ ਮੈਂ ਹੀ ਸਮਝ ਸਕਦਾ ਸੀ। ਮੈਥੋਂ ਸਿਵਾਏ ਉਸ ਬਾਰੇ ਕਿਸੇ ਹੋਰ ਨੂੰ ਕੋਈ ਗਿਆਨ ਨਹੀਂ ਸੀ।

No comments:

Post a Comment