Sunday, 11 December 2016

ਵਿਆਹ

ਵਿਆਹ
ਸਰਹਿੰਦ ਫਤਿਹ ਕੀਤਿਆਂ ਮਹੀਨਾ ਡੇਢ ਮਹੀਨਾ ਹੋ ਚੱਲਿਆ ਸੀ। ਦਿਨਾਂ ਵਿੱਚ ਹੀ ਅਸੀਂ ਸਰਹਿੰਦ ਦੇ ਸਾਰੇ ਪ੍ਰਸ਼ਾਸਨਿਕ ਪ੍ਰਬੰਧ ਕੁਸ਼ਲਤਾ ਪੂਰਵਕ ਚਲਾਉਣ ਲੱਗ ਪਏ ਸੀ।  ਇੱਕ ਦਿਨ ਸ਼ਾਮ ਨੂੰ ਮੈਂ ਆਪਣੇ ਕੁਝ ਸਿੱਖ ਸਾਥੀਆਂ ਨਾਲ ਬੁਲੰਦ ਬੁਰਜ ਵਿੱਚ ਬੈਠਾਂ ਗੱਪ-ਸ਼ੱਪ ਲਗਾ ਰਿਹਾ ਸੀ ਕਿ ਭਾਈ ਰਾਮ ਸਿੰਘ ਬੋਲਿਆ, "ਬਾਬਾ ਜੀ, ਸਰਹਿੰਦ ਫਤਿਹ ਕਰਕੇ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਹੈ। ਹੁਣ ਰਾਜ ਪ੍ਰਬੰਧ ਵੀ ਸੁੱਖ ਨਾਲ ਠੀਕ-ਠਾਕ ਚੱਲ ਰਿਹਾ ਹੈ। ਖਾਲਸਾ ਫੌਜ ਕੋਲ ਸ਼ਕਤੀ ਵੀ ਬਹੁਤ ਹੈ। ਸਾਰੇ ਪਾਸੇ ਅਮਨ-ਅਮਾਨ ਦੀ ਸਥਿਤੀ ਹੈ। ਖਾਲਸੇ ਦੀ ਰਾਜਧਾਨੀ ਵੀ ਬਣ ਗਈ, ਸਿੱਕੇ ਤੇ ਮੁਹਰਾਂ ਵੀ ਲਾਗੂ ਹੋ ਗਈਆਂ। ਮੇਰਾ ਖਿਆਲ ਹੈ ਤੁਹਾਨੂੰ ਹੁਣ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਣਾ ਚਾਹੀਦਾ ਹੈ। ਮੇਰਾ ਮਤਲਬ ਹੈ ਗ੍ਰਹਿਸਥ ਜੀਵਨ ਦਾ ਆਰੰਭ ਕਰਨ ਬਾਰੇ ਸੋਚਣਾ ਚਾਹੀਦਾ ਹੈ।"



"ਹਾਂ, ਸਿੱਖ ਧਰਮ ਦੀ ਵੀ ਇਹੀ ਮਰਿਆਦਾ ਹੈ। ਤੁਸੀਂ ਸਾਡੇ ਰਹਿਨੁਮਾ ਅਤੇ ਸੈਨਾਪਤੀ ਹੋ। ਤੁਹਾਡੀ ਰੀਸ ਨਾਲ ਹੋਰ ਸਿੰਘ ਵੀ ਵਿਆਹ ਕਰਵਾਉਣ ਲਈ ਪ੍ਰੇਰਿਤ ਹੋਣਗੇ ਤੇ ਇਸ ਤਰ੍ਹਾਂ ਸਿੱਖੀ ਹੋਰ ਵੀ ਵਧੇਰੇ ਪ੍ਰਫੁੱਲਤ ਹੋਵੇਗੀ।" ਕੋਲ ਬੈਠੇ ਬਾਜ ਸਿੰਘ ਨੇ ਸਮਰਥਨ ਕੀਤਾ ਸੀ।

"ਵਿਆਹ?" ਮੇਰਾ ਅਸਚਰਜ਼ ਨਾਲ ਮੂੰਹ ਅੱਡਿਆ ਹੀ ਰਹਿ ਗਿਆ ਸੀ। ਹਕੀਕਤ ਤਾਂ ਇਹ ਸੀ ਮੈਂ ਦੁਨੀਆਵੀ ਰਿਸ਼ਤਿਆਂ ਦਾ ਮੋਹ ਤਿਆਗ ਚੁੱਕਾ ਸੀ।

ਆਲੀ ਸਿੰਘ ਮੁਖਾਤਿਬ ਹੋਇਆ ਸੀ, "ਹਾਂ, ਇਸ ਵਿੱਚ ਕੀ ਬੁਰਾਈ ਹੈ? ਹੁਣ ਯੋਗ ਸਮਾਂ ਆ ਗਿਆ ਹੈ। ਤੁਹਾਨੂੰ ਸ਼ਾਦੀ ਕਰਕੇ ਘਰ ਵਸਾ ਲੈਣਾ ਚਾਹੀਦਾ ਹੈ। ਜਥੇਦਾਰ ਬਿਨੋਦ ਸਿੰਘ ਤਾਂ ਪੁੱਤ ਪੋਤਿਆਂ ਵਾਲਾ ਹੋ ਗਿਆ ਹੈ।"

"ਪਰ ਮੈਂ ਤਾਂ ਕਦੇ ਆਪਣੇ ਵਿਆਹ ਬਾਰੇ ਸੋਚਿਆ ਹੀ ਨਹੀਂ।" ਮੈਂ ਸਭ ਨੂੰ ਟਾਲਣ ਦੇ ਮਕਸਦ ਨਾਲ ਕਿਹਾ ਸੀ।

ਮੇਰੀ ਗੱਲ ਸੁਣ ਕੇ ਤੋਪਚੀ ਸ਼ਾਹਬਾਜ਼ ਸਿੰਘ ਹੱਸਿਆ ਸੀ, ""ਨਹੀਂ ਸੋਚਿਆ ਤਾਂ ਹੁਣ ਸੋਚ ਲਉ। ਹੁਣ ਕਿਹੜਾ ਥੋਡੇ ਪਟਾਕੇ ਮੁੱਕਗੇ।"

ਸ਼ਾਹਬਾਜ਼ ਸਿੰਘ ਦੀ ਗੱਲ ਸੁਣਕੇ ਅਸੀਂ ਸਾਰੇ ਹੱਸ ਪਏ ਸੀ।

ਮੈਂ ਉਨ੍ਹਾਂ ਤੋਂ ਖਹਿੜਾ ਛੁਡਵਾਉਣ ਲਈ ਉੱਥੋਂ ਉੱਠ ਕੇ ਸੈਰ ਕਰਨ ਇਕੱਲਿਆਂ ਨਿਕਲ ਗਿਆ ਸੀ। ਇਕਾਂਤ ਵਿੱਚ ਤੁਰੇ ਫਿਰਦਿਆਂ ਮੈਂ ਆਪਣੀ ਬੀਤੀ ਜ਼ਿੰਦਗੀ ਦਾ ਹਰ ਵਰਕਾ ਫਰੋਲਿਆ ਸੀ। ਘਰ ਅਤੇ ਪਿੰਡ ਛੱਡਣ ਨਾਲ ਮੈਂ ਬਹੁਤ ਕੁਝ ਪਿੱਛੇ ਹੀ ਛੱਡ ਆਇਆ ਸੀ। ਸਾਧੂਆਂ ਸਨਿਆਸੀਆਂ ਨਾਲ ਫਿਰਦਿਆਂ ਮੇਰੀ ਸੋਚ ਵੀ ਉਹੀ ਜਿਹੀ ਹੀ ਜਤੀਆਂ-ਸਤੀਆਂ ਵਾਲੀ ਗਈ ਬਣ ਗਈ ਸੀ। ਕਈ ਵਾਰ ਭਿੱਖਿਆ ਮੰਗਣ ਗਏ ਨੂੰ ਮੈਨੂੰ ਇਸਤਰੀਆਂ ਲਲਚਾਈ ਨਜ਼ਰਾਂ ਨਾਲ ਵੀ ਵੇਖਦੀਆਂ ਰਹੀਆਂ ਸਨ। ਪਰ ਮੈਨੂੰ ਕੋਈ ਪ੍ਰਭਾਵਿਤ ਜਾਂ ਆਕਰਸ਼ਿਤ ਨਹੀਂ ਸੀ ਕਰ ਸਕੀ। ਸ਼ਾਇਦ ਮੈਂ ਆਪਣੇ ਅੰਦਰੋਂ ਇਸਤਰੀ ਪ੍ਰਤੀ ਆਪਣੀਆਂ ਸਭ ਭਾਵਨਾਵਾਂ ਨੂੰ ਮਾਰ ਲਿਆ ਸੀ। ਘਰ ਗ੍ਰਹਿਸਥੀ ਵਾਲੇ ਪਾਸੇ ਤਾਂ ਮੇਰੀ ਸੋਚ ਦੀ ਮੁਹਾਰ ਕਦੇ ਮੁੜੀ ਹੀ ਨਹੀਂ ਸੀ। 

ਸਿੰਘਾਂ ਨੇ ਵਿਆਹ ਵਾਲੀ ਗੱਲ ਛੇੜ ਕੇ ਜਿਵੇਂ ਮੈਨੂੰ ਚਿੰਗਾਰੀ ਜਿਹੀ ਲਗਾ ਦਿੱਤੀ ਸੀ ਤੇ ਮੈਂ ਗਿੱਲੇ ਗੋਹੇ ਦੀ ਅੱਗ ਵਾਂਗ ਧੁੱਖਣ ਲੱਗ ਪਿਆ ਸੀ। ਉਸ ਰਾਤ ਮੈਂ ਚੁੱਪਚਾਪ ਆਪਣੇ ਬਿਸਤਰੇ 'ਤੇ ਪਿਆ ਕਾਫੀ ਦੇਰ ਤੱਕ ਸੋਚਦਾ ਰਿਹਾ ਸੀ ਕਿ ਕੀ ਮੈਨੂੰ ਸ਼ਾਦੀ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ? 

ਸ਼ਾਦੀ ਕਰਵਾਉਣ ਵਿੱਚ ਹਰਜ਼ ਵੀ ਕੋਈ ਨਹੀਂ ਸੀ। ਸਾਰੀ ਦੁਨੀਆਂ ਹੀ ਵਿਆਹ ਕਰਵਾਉਂਦੀ ਸੀ। ਕੁਦਰਤ ਦਾ ਵੀ ਇਹੀ ਦਸਤੂਰ ਸੀ। ਸੰਤਾਨ ਉਤਪਤੀ ਲਈ ਵਿਆਹ ਕਰਵਾਉਣਾ ਤਾਂ ਲਾਜ਼ਮੀ ਸੀ। ਮੇਰੇ ਮਨ ਵਿੱਚ ਵੀ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੀ ਲਾਲਸਾ ਪੈਦਾ ਹੋ ਗਈ ਸੀ। 

ਸਵੇਰ ਹੋਈ ਤਾਂ ਮੈਂ ਨਿੱਤਨੇਮ ਕਰਕੇ ਯੁੱਧ ਅਭਿਆਸ ਕਰਨ ਲੱਗ ਪਿਆ। ਮੈਨੂੰ ਭਾਈ ਧਰਮ ਸਿੰਘ ਇਸ਼ਾਰੇ ਨਾਲ ਬੁਲਾ ਕੇ ਲੈ ਗਿਆ। ਜਦੋਂ ਮੈਂ ਉਸ ਨਾਲ ਗਿਆ ਤਾਂ ਸਾਰੇ ਸਿੰਘ ਦੀਵਾਨਖਾਨੇ ਵਿੱਚ ਇਕੱਤਰ ਹੋਏ ਬੈਠੇ ਸਨ। ਇਉਂ ਜਾਪਦਾ ਸੀ ਜਿਵੇਂ ਕਿਸੇ ਬਹੁਤ ਹੀ ਗੰਭੀਰ ਮੁੱਦੇ ਉੱਪਰ ਵਿਚਾਰ ਕਰ ਰਹੇ ਸੀ। ਮੈਨੂੰ ਉੱਥੇ ਪਹੁੰਚਣ 'ਤੇ ਖਾਲਸਾ ਪੰਚਾਇਤ ਨੇ ਦੱਸਿਆ ਸੀ ਕਿ ਸਿਆਲਕੋਟ ਤੋਂ ਗੁਰੂ ਘਰ ਦੇ ਪ੍ਰੇਮੀ ਭਾਈ ਸ਼ਿਵ ਰਾਮ ਕਪੂਰ ਅਤੇ ਉਨ੍ਹਾਂ ਦੀ ਪਤਨੀ ਬੀਬੀ ਭਗਵੰਤੀ ਆਪਣੀ ਪੁੱਤਰੀ ਸਾਹਿਬਾ ਨਾਲ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਪੁੱਤਰੀ ਸਾਹਿਬ ਦੇਵੀ ਨੇ ਮੇਰੇ ਦੁਆਰਾ ਸਥਾਪਿਤ ਕੀਤੇ ਖਾਲਸਾ ਰਾਜ ਅਤੇ ਮੇਰੀਆਂ ਮਾਰੀਆਂ ਮੱਲਾਂ ਬਾਰੇ ਲੋਕਾਂ ਤੋਂ ਕਿੱਸੇ ਸੁਣ ਕੇ ਮੈਨੂੰ ਮਨ ਹੀ ਮਨ ਆਪਣਾ ਪਤੀ ਮੰਨ ਲਿਆ ਸੀ। ਸਾਹਿਬ ਦੇਵੀ ਨੇ ਆਪਣੇ ਮਾਪਿਆਂ ਨੂੰ ਸਾਫ ਕਹਿ ਦਿੱਤਾ ਸੀ ਕਿ ਅਗਰ ਉਹ ਵਿਆਹ ਕਰਵਾਏਗੀ ਤਾਂ ਬੰਦਾ ਸਿੰਘ ਬਹਾਦਰ ਨਾਲ ਹੀ ਕਰਵਾਏਗੀ, ਵਰਨਾ ਸਾਰੀ ਉਮਰ ਕਵਾਰੀ ਹੀ ਗੁਜ਼ਾਰ ਦੇਵੇਗੀ। 

ਭਾਈ ਸ਼ਿਵ ਰਾਮ ਕਪੂਰ ਦੀ ਗੱਲ ਸੁਣ ਕੇ ਮੈਂ ਕਾਫੀ ਗੰਭੀਰ ਹੋ ਗਿਆ ਸੀ। ਭਾਵੇਂ ਮੈਂ ਸਾਹਿਬ ਦੇਵੀ ਨੂੰ ਕਦੇ ਨਹੀਂ ਸੀ ਦੇਖਿਆ, ਪਰ ਮਨ ਹੀ ਮਨ ਮੈਂ ਵੀ ਸਾਹਿਬ ਦੇਵੀ ਨੂੰ ਸਵਿਕਾਰ ਲਿਆ ਸੀ ਤੇ ਉਹ ਮੈਨੂੰ ਆਪਣੀ-ਆਪਣੀ ਜਿਹੀ ਜਾਪਣ ਲੱਗ ਪਈ ਸੀ। ਸਾਰਾ ਖਾਲਸਾ ਪੰਥ ਇਸ ਵਿਆਹ ਦੇ ਹੱਕ ਵਿੱਚ ਸੀ। ਜਦੋਂ ਪੰਥ ਦਾ ਹੁਕਮ ਸੀ, ਮੈਂ ਇਨਕਾਰ ਕਰਨ ਵਾਲਾ ਕੌਣ ਹੁੰਦਾ ਸੀ? ਮੈਂ ਇਹ ਰਿਸ਼ਤਾ ਕਬੂਲ ਲਿਆ। ਅਗਲੇ ਕੁਝ ਹੀ ਦਿਨਾਂ ਵਿੱਚ ਮੇਰਾ ਤੇ ਸਾਹਿਬਾ ਦਾ ੨੦ ਜੂਨ ੧੭੧੦ ਨੂੰ ਵਿਆਹ ਹੋ ਗਿਆ। ਮੈਂ ਅੰਮ੍ਰਿਤ ਛਕਾ ਕੇ ਉਸਨੂੰ ਸਾਹਿਬ ਕੌਰ ਬਣਾ ਲਿਆ। (ਸਾਹਿਬ ਕੌਰ ਦੇ ਮਾਮੇ ਦਾ ਪੁੱਤਰ ਹਕੀਕਤ ਸਿੰਘ ਉਰਫ ਵੀਰ ਹਕੀਕਤ ਰਾਏ ਵੀ ਸਿੱਖੀ ਦਾ ਬਹੁਤ ਪ੍ਰਚਾਰ ਕਰ ਰਿਹਾ ਸੀ।)

ਸਾਹਿਬ ਕੌਰ ਸਧਾਰਨ ਜਿਹੀ ਦਿੱਖ ਵਾਲੀ ਘਰੇਲੂ ਅਤੇ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ। ਉਹ ਸਾਵਲੇ ਰੰਗ ਦੀ ਸੀ ਤੇ ਨੈਣ-ਨਕਸ਼ ਵੀ ਗੁਜ਼ਾਰੇ ਯੋਗੇ ਠੀਕ-ਠਾਕ ਸਨ। ਇੰਝ ਕਹਿ ਕਿ ਉਹ ਖੂਬਸੂਰਤ ਅਤੇ ਬਦਸੂਰਤ ਦੇ ਵਿਚਾਲੇ ਆਉਂਦੀ ਸੀ। ਮੈਂ ਪੰਥਕ ਅਤੇ ਰਾਜਸੀ ਕੰਮਾਂ ਵਿੱਚੋਂ ਆਪਣੀ ਸ਼ਮੂਲੀਅਤ ਘਟਾ ਕੇ ਸਾਹਿਬ ਕੌਰ ਨਾਲ ਸਰਹਿੰਦ ਰਹਿੰਦਿਆਂ ਆਪਣਾ ਗ੍ਰਹਿਸਤੀ ਜੀਵਨ ਆਰੰਭ ਕਰ ਦਿੱਤਾ ਸੀ। 

ਥੋੜ੍ਹਾ ਸਮਾਂ ਬਾਅਦ ਜਦੋਂ ਸਿੱਖਾਂ ਉੱਪਰ ਮੁਗਲ ਫੌਜਾਂ ਵੱਲੋਂ ਹਮਲੇ ਦੇ ਆਸਾਰ ਬਣੇ ਤਾਂ ਮੈਂ ਸਾਹਿਬ ਕੌਰ ਨੂੰ ਰਿਆਸੀ ਭੇਜ ਦਿੱਤਾ ਸੀ, ਜਿੱਥੇ ਜਾ ਕੇ ਸਾਹਿਬ ਕੌਰ ਨੇ ਮੇਰੇ ਬੇਟੇ ਰਣਜੀਤ ਸਿੰਘ ਨੂੰ ਅਗਸਤ ੧੭੧੧ ਈ: ਵਿੱਚ ਜਨਮ ਦਿੱਤਾ ਸੀ।

No comments:

Post a Comment