Friday, 23 December 2016

ਸਮਾਣਾ ੨੬ ਨਵੰਬਰ ੧੭੦੯

ਸਮਾਣਾ ੨੬ ਨਵੰਬਰ ੧੭੦੯


ਘੱਗਰ ਦਰਿਆ ਦੇ ਕੰਡੇ ਵਸਿਆ ਸਮਾਣਾ (ਜ਼ਿਲ੍ਹਾ ਪਟਿਆਲਾ) ਪੰਜਾਬ ਦੇਸ ਦਾ ਇੱਕ ਮਹੱਤਵਪੂਰਨ ਤੇ ਅਮੀਰ ਰਿਆਸਤੀ ਸ਼ਹਿਰ ਸੀ। ਸਮਾਣੇ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ। ੯੮੦ ਈ: ਵਿੱਚ ਬਠਿੰਡੇ 'ਤੇ ਰਾਜ ਕਰਨ ਵਾਲਾ ਰਾਜਾ ਜੈਪਾਲ ਸਮਾਣੇ 'ਤੇ ਰਾਜ ਕਰਿਆ ਕਰਦਾ ਸੀ। ੧੦੦੧-੧੦੨੭ ਈ: ਤੱਕ ਉਸਦੇ ਪੁੱਤਰ ਅਗਨਪਾਲ ਨੇ ਸਮਾਣੇ 'ਤੇ ਸ਼ਾਸਨ ਕੀਤਾ। ਅਗਨਪਾਲ, ਸੁਬਕਤਗਿਨ ਦੇ ਪੁੱਤਰ ਮੁਹੰਮਦ ਗਜ਼ਨੀ ਕੋਲ ਇਹ ਇਲਾਕਾ ੧੦੨੬-੨੭ ਈ: ਵਿੱਚ ਹਾਰ ਗਿਆ ਸੀ। ੧੦੩੦ ਈ: ਵਿੱਚ ਗਜ਼ਨੀ ਦੀ ਮੌਤ ਉਪਰੰਤ ਸਮਾਣਾ ਫੇਰ ਹਿੰਦੂ ਰਾਜਿਆਂ ਦੇ ਕਬਜ਼ੇ ਵਿੱਚ ਆ ਗਿਆ ਸੀ। 



੧੧੯੨ ਈ: ਵਿੱਚ ਸਹਾਬ-ਉੱਦ-ਦੀਨ ਮੁਹੰਮਦ ਗੌਰੀ ਨੇ ਸਮਾਣੇ ਉੱਪਰ ਕਬਜ਼ਾ ਕਰ ਲਿਆ ਸੀ। ਗੌਰੀ ਤੋਂ ਬਾਅਦ ਸਮਾਣਾ ਉਸਦੇ ਗੁਲਾਮ ਕੁਤਬ-ਉੱਦ-ਦੀਨ ਐਬਕ ਕੋਲ ਚਲਾ ਗਿਆ। ਇਉਂ ਉਸ ਉਪਰੰਤ ਸਲਤਨਤ-ਏ-ਦਿੱਲੀ ਅਤੇ ਪੰਜਾਬ ਦੇਸ ਉੱਪਰ ਕਾਬਜ਼ ਹੋਣ ਵਾਲੇ ਅਨੇਕਾਂ ਹੁਕਮਰਾਨਾਂ ਨੇ ਸਮਾਣਾ ਨੂੰ ਆਪਣੇ ਰਾਜ ਵਿੱਚ ਜੋੜੀ ਰੱਖਿਆ ਸੀ। 

ਇਸ ਸ਼ਹਿਰ ਵਿੱਚ ਅਨੇਕਾਂ ਹੀ ਪੀਰਾਂ, ਫਕੀਰਾਂ ਅਤੇ ਸੰਤਾਂ ਦਾ ਵਾਸਾ ਸੀ। ਮੁਸਲਮਾਨਾਂ ਦੇ ਸ਼ਿਆ ਫਿਰਕੇ ਦੇ ਇਮਾਮ ਅਲੀ ਰਜ਼ਾ ਦੀ ਪਤਨੀ ਸਮੀ ਦੇ ਇੱਥੇ ਆਉਣ ਨਾਲ ਸਮਾਣੇ (ਸਮੀ ਦਾ ਸਥਾਨ) ਦਾ ਨਾਮਕਰਨ ਹੋਇਆ ਸੀ। ਇਮਾਮ ਅਲੀ ਰਜ਼ਾ ਦਾ ਪੁੱਤਰ ਸਈਅਦ ਮਸਹੱਦ ਅਲੀ ਹਜ਼ਰਤ ਮੁਹੰਮਦ ਦਾ ਅੱਠਵਾਂ ਗੱਦੀਨਸ਼ੀਨ ਹੋਇਆ ਸੀ। ਉਸਨੂੰ ਮਰਨ ਉਪਰੰਤ ਇਸੇ ਹੀ ਸ਼ਹਿਰ ਵਿਖੇ ਦਫਨ ਕੀਤਾ ਗਿਆ ਸੀ। ਉਸਦੀ ਯਾਦ ਨੂੰ ਸਾਂਭੀ ਬੈਠਾ ਇੱਥੇ ਪੰਜ ਪੀਰ ਮਜਾਰ ਸੀ। ਜਿੱਥੇ ਮੁਸਲਮਾਨ ਜ਼ਿਆਰਤ ਲਈ ਆਉਂਦੇ ਰਹਿੰਦੇ ਸਨ। ਸ਼ਿਵਜੀ ਦਾ ਪੁਰਾਤਨ ਪੰਚਮੁੱਖੀ ਮੰਦਰ ਇੱਥੋਂ ਦੇ ਹਿੰਦੂਆਂ ਲਈ ਖਿੱਚ ਦਾ ਕੇਂਦਰ ਸੀ।

ਦਿੱਲੀ ਨੂੰ ਜਾਂਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਕਰਤਾਰਪੁਰ, ਭਰਤਗੜ੍ਹ, ਰੋਪੜ, ਮਕਰ, ਕਾਬੁਲਪੁਰ, ਸੈਫਾਬਾਦ (ਬਹਾਦਰਗੜ੍ਹ) ਅਤੇ ਮੋਤੀ ਬਾਗ ਹੁੰਦੇ ਹੋਏ ਜਦੋਂ ਸਮਾਣੇ ਸਾਈਂ ਅਨਾਇਤ ਅਲੀ ਦੀ ਜਗਾ 'ਤੇ ਆਏ ਤਾਂ ਉਨ੍ਹਾਂ ਨੂੰ ਇੱਕ ਖੂਹ ਵਿੱਚੋਂ ਪਾਣੀ ਲੈਣ ਗਿਆਂ ਨੂੰ ਗਾਂ ਦੀਆਂ ਹੱਡੀਆਂ ਮਿਲੀਆਂ। ਗੁਰੂ ਤੇਗ ਬਾਹਦਰ ਸਾਹਿਬ ਨੇ ਪਾਣੀ ਦੀ ਵਰਤੋਂ ਲਈ ਉਦੋਂ ਹੀ ਹੋਰ ਖੂਹ ਪਟਵਾਇਆ ਸੀ। ਮੁਗਲ ਉਨ੍ਹਾਂ ਦਾ ਪਿੱਛਾ ਕਰਦੇ ਜਦ ਸਮਾਣੇ ਆਏ ਤਾਂ ਸਥਾਨਿਕ ਸੂਫੀ ਮੁਸਲਮਾਨ ਆਗੂ ਮੁਹੰਮਦ ਬਖਸ਼ ਨੇ ਉਨ੍ਹਾਂ ਨੂੰ ਆਪਣੀ ਗੜ੍ਹੀ ਨਜ਼ੀਰ ਵਿਖੇ ਆਪਣੇ ਘਰ ਠਹਿਰਾਇਆ ਸੀ।

ਕਦੇ ਸਮਾਣਾ ਮਾਲਵਾ ਅਤੇ ਬਾਂਗਰ ਦੇਸ ਦੀ ਰਾਜਧਾਨੀ ਹੋਇਆ ਕਰਦਾ ਸੀ। ਫਿਰੋਜ਼ਸ਼ਾਹ ਤੁਗਲਕ ਨੇ ੧੩੬੦ ਈ: ਵਿੱਚ ਸਮਾਣੇ ਤੋਂ ਬਦਲ ਕੇ ਰਾਜਧਾਨੀ ਸਰਹਿੰਦ ਨੂੰ ਬਣਾ ਲਿਆ ਸੀ। ਪਰ ਫੇਰ ਵੀ ਬਹੁਤ ਸਾਰੇ ਅਮੀਰ ਤੇ ਵਜ਼ੀਰ ਸਮਾਣੇ ਹੀ ਟਿਕੇ ਰਹੇ ਸਨ। 

ਸਾਡੇ ਵੇਲੇ ਉਦੋਂ ੧੭੦੯ ਈ: ਵਿੱਚ ਇਸ ਸੂਬੇ ਦੇ ਨੌ ਪਰਗਨੇ ਸਨ। ਰਾਜਧਾਨੀ ਬਦਲਣ ਦੇ ਬਾਵਜੂਦ ਵੀ ਬਹੁਤ ਸਾਰੇ ਧਨਾਢ ਅਤੇ ਰਾਠ ਸਮਾਣੇ ਵਿੱਚ ਟਿਕੇ ਰਹੇ ਸਨ। ਉਨ੍ਹਾਂ ਵਿੱਚੋਂ ੨੨ ਰਈਸ ਤਾਂ ਅਜਿਹੇ ਸਨ, ਜਿਨ੍ਹਾਂ ਨੂੰ ਜਾਣ-ਆਉਣ ਲਈ ਬੱਗੀਆਂ ਅਤੇ ਪਾਲਕੀਆਂ ਦਾ ਬਾਦਸ਼ਾਹ ਵੱਲੋਂ ਹੱਕ ਪ੍ਰਾਪਤ ਸੀ। ਇਨ੍ਹਾਂ ੨੨ ਅਮੀਰਾਂ ਦੀਆਂ ੨੨ ਹਵੇਲੀਆਂ ਦੀ ਬਣਤਰ ਕਿਲ੍ਹਿਆਂ ਵਰਗੀ ਸੀ। ਲੇਕਿਨ ਸਮਾਣੇ ਦਾ ਸ਼ਾਹੀ ਕਿਲ੍ਹਾਂ ਸ਼ਹਿਰ ਦੇ ਐਨ ਵਿਚਕਾਰ ਸੀ। ਮਹਿਫੂਜ਼ ਸਥਾਨ 'ਤੇ ਹੋਣ ਕਰਕੇ ਉੱਥੇ ਮੁਗਲੀਆ ਫੌਜ ਦੀ ਛੋਟੀ ਜਿਹੀ ਸੁਰੱਖਿਆ ਟੁੱਕੜੀ ਹੀ ਹਾਜ਼ਰ ਹੁੰਦੀ ਸੀ। ਕਿਲ੍ਹੇ ਵਿੱਚ ਸਿਪਾਹੀਆਂ ਦੀ ਗਿਣਤੀ ਬਹੁਤ ਘੱਟ ਹੋਇਆ ਕਰਦੀ ਸੀ, ਕਿਉਂਕਿ ਕਿਸੇ ਪਾਸਿਉਂ ਵੀ ਕੋਈ ਹਮਲਾ ਹੋਣ ਦਾ ਖਤਰਾ ਨਹੀਂ ਸੀ। ਕਿਲ੍ਹੇ ਵਿੱਚ ਕੋਈ ਖਾਸ ਕੀਮਤੀ ਸਮਾਨ ਵੀ ਨਹੀਂ ਸੀ।

ਗੁਰੂ ਗੋਬਿੰਦ ਸਿੰਘ ਕੋਲ ਝੂਠੀਆਂ ਕੁਰਾਨ ਦੀਆਂ ਕਸਮਾਂ ਖਾਹ ਕੇ ਆਨੰਦਪੁਰ  ਛੁਡਵਾਉਣ ਵਾਲਾ ਅਲੀ ਹੂਸੈਨ ਵੀ ਇੱਥੋਂ ਦਾ ਹੀ ਵਸਨੀਕ ਸੀ। ਹੋਰ ਅਨੇਕਾਂ ਖੂਬੀਆਂ ਦੇ ਬਾਵਜੂਦ ਸਮਾਣਾ ਅਸਲ ਵਿੱਚ ਜਲਾਦਾਂ ਦੇ ਸ਼ਹਿਰ ਵਜੋਂ ਪ੍ਰਸਿੱਧ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ੧੧ ਨਵੰਬਰ ੧੬੭੫ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸਿਰ ਧੜ ਨਾਲੋਂ ਜੁਦਾ ਕਰਨ ਵਾਲਾ ਜਲਾਦ ਸਈਅਦ ਜਲਾਲ-ਉੱਦ-ਦੀਨ ਸਮਾਣੇ ਦਾ ਹੀ ਵਸਨੀਕ ਸੀ। ਗੁਰੂ ਗੋਬਿੰਦ ਸਿੰਘ ਦੇ ਦੋਨਾਂ ਛੋਟੇ ਪੁੱਤਰਾਂ ਸ਼ਹਿਬਾਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ੧੨ ਦਸੰਬਰ ੧੭੦੫ ਨੂੰ ਜਿਬਾਹ ਕਰਨ ਵਾਲੇ ਜਲਾਦ ਭਰਾ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਹੀ ਵਾਸੀ ਸਨ।  ਇਸ ਤਰ੍ਹਾਂ ਹੋਰ ਬਹੁਤ ਸਾਰੇ ਜਲਾਦਾਂ ਦੇ ਖਾਨਦਾਨ ਉਸ ਸਮੇਂ ਸਮਾਣੇ ਵਿੱਚ ਵਸਿਆ ਕਰਦੇ ਸਨ। ਬੇਸ਼ੱਕ ਜਲਾਦਾਂ ਨੂੰ ਸਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸੀ। ਲੇਕਿਨ ਜਲਾਦਾਂ ਵਿੱਚ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਨੂੰ ਇਸ ਕਿੱਤੇ ਨਾਲੋਂ ਤੋੜਣ ਨਾਲ ਬਹੁਤ ਸਾਰੀਆਂ ਨਜਾਇਜ਼ ਮਜ਼ਲੂਮਾਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ ਜਾਂ ਘੱਟੋ-ਘੱਟ ਮੁਲਤਵੀ ਕਰਿਆ ਜਾ ਸਕਦਾ ਸੀ। ਇਸ ਮਕਸਦ ਨਾਲ ਮੈਂ ਸਮਾਣੇ ਸ਼ਹਿਰ ਨੂੰ ਤਹਿਸ-ਨਹਿਸ ਕਰਕੇ ਇੱਥੇ ਗਦਰ ਮਚਾਉਣਾ ਦਾ ਫੈਸਲਾ ਲਿਆ ਸੀ। 

ਸਭ ਤੋਂ ਵੱਡੀ ਗੱਲ ਇਹ ਸੀ ਕਿ ਸਮਾਣੇ ਦੇ ਸ਼ਾਹੀ ਕਿਲ੍ਹੇ ਦੇ ਫੌਜਦਾਰ ਨੂੰ ਕਿਸੇ ਪਾਸਿਓ ਕੋਈ ਹਮਲਾ ਹੋਣ ਦੇ ਆਸਾਰ ਨਜ਼ਰ ਨਹੀਂ ਸਨ ਆਉਂਦੇ। ਇਸ ਲਈ ਉਹ ਹਮੇਸ਼ਾਂ ਅਵੇਸਲਾ ਹੋਇਆ ਰਹਿੰਦਾ ਸੀ। ਸਿੱਖਾਂ ਵੱਲੋਂ ਹੱਲਾ ਬੋਲੇ ਜਾਣ ਬਾਰੇ ਤਾਂ ਕਦੇ ਉਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ।

ਮੈਂ ਰਾਤ ਨੂੰ ਹਮਲਾ ਕਰਨ ਦੀ ਯੋਜਨਾ ਬਣਾਈ ਕਿਉਂਕਿ ਸਮਾਣੇ ਦੇ ਸਾਰੇ ਮੁਗਲ ਹਾਕਮ ਉਸ ਵੇਲੇ ਸ਼ਰਾਬ ਦੇ ਨਸ਼ੇ ਨਾਲ ਧੁੱਤ ਹੋਣੇ ਸਨ। ਮੈਂ ਆਪਣੇ ਸਾਰੇ ਸਾਥੀਆਂ ਨੂੰ ਤਾਕੀਦ ਕਰ ਦਿੱਤੀ ਸੀ ਕਿ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤੇ ਨਾ ਹੀ ਕਿਸੇ ਔਰਤ ਜਾਂ ਬੱਚੇ ਨੂੰ ਤੰਗ ਕੀਤਾ ਜਾਵੇ। ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ ਨਾ ਕਿ ਕਿਸੇ ਧਰਮ ਦੇ ਵਿਰੁੱਧ। 

ਮੁਕੱਰਰ ਕੀਤੇ ਸਮੇਂ 'ਤੇ ਅੱਧੀ ਰਾਤੋਂ ਅਸੀਂ ਸਮਾਣੇ 'ਤੇ ਚੜ੍ਹਾਈ ਕਰ ਦਿੱਤੀ। ਮਾਮੂਲੀ ਜਿਹੇ ਝਟਕਿਆਂ ਨਾਲ ਅਸੀਂ ਸਮਾਣੇ ਦਾ ਮੁੱਖ ਦਰਵਾਜ਼ਾ ਤੋੜ੍ਹ ਕੇ ਅੰਦਰ ਦਾਖਿਲ ਹੋ ਗਏ। ਸਾਰੇ ਮੁਗਲ ਅਹਿਲਕਾਰ ਸਾਡੇ ਅਚਾਨਕ ਹਮਲੇ ਤੋਂ ਬੇਖਬਰ ਸਨ। ਪਹਿਰੇਦਾਰਾਂ ਅਤੇ ਮਾਮੂਲੀ ਸਿਪਾਹੀਆਂ ਨਾਲ ਸਾਡੀਆਂ ਝੜਪਾਂ ਹੋਈਆਂ। ਲੇਕਿਨ ਅਸੀਂ ਹਰ ਭਿੜਣ ਵਾਲੇ ਨੂੰ ਮੌਤ ਦੇ ਘਾਟ ਉਤਾਰਦੇ ਤੇਜ਼ੀ ਨਾਲ ਸ਼ਹਿਰ ਅੰਦਰ ਵੱਧਦੇ ਚਲੇ ਗਏ। ਕੇਵਲ ਕੁਝ ਹੀ ਘੰਟਿਆਂ ਦੀ ਜਦੋ-ਜਹਿਦ ਉਪਰੰਤ ਸਾਡਾ ਸਾਰੇ ਸਮਾਣਾ ਨਗਰ ਅਤੇ ਇਸਦੇ ਸ਼ਾਹੀ ਕਿਲ੍ਹੇ ਉੱਪਰ ਕਬਜ਼ਾ ਹੋ ਗਿਆ ਸੀ।

ਅਸੀਂ ਰੱਜ ਕੇ ਸਾਰੀ ਰਾਤ ਸਮਾਣੇ ਸ਼ਹਿਰ ਨੂੰ ਲੁੱਟਿਆ ਤੇ ਮੁਗਲੀਆ ਸਰਕਾਰ ਦੇ ਵਫਾਦਾਰਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਈਆਂ। ਦਿਨ ਚੜ੍ਹਣ ਤੱਕ ਅਸੀਂ ਸਾਰੇ ਨਿਰਦੋਸ਼ਾਂ ਨੂੰ ਇੱਕ ਪਾਸੇ ਕਰਕੇ ਸ਼ਹਿਰ ਦੇ ਚੁਰਾਹੇ ਵਿੱਚ ਜਲਾਦਾਂ ਨੂੰ ਕੋਹ-ਕੋਹ ਮੌਤ ਦੇ ਘਾਟ ਉਤਾਰਿਆ। ਦਿਨ ਚੜ੍ਹੇ ਤੋਂ ਲੋਕ ਸ਼ਾਹੀ ਕਿਲ੍ਹੇ ਉੱਪਰ ਕੇਸਰੀ ਝੰਡਾ ਲਹਿਰਾਉਂਦਾ ਦੇਖ ਰਹੇ ਸਨ। 

ਸਮਾਣੇ ਦੇ ਬਹੁਤੇ ਨਾਗਰਿਕ ਗਰੀਬ ਅਤੇ ਮਜਦੂਰ ਸਨ। ਉਨ੍ਹਾਂ ਨੇ ਸਾਡੇ ਨਾਲ ਕੀ ਲੜਨਾ ਸੀ? ਅਸਲ ਵਿੱਚ ਉਹ ਵੀ ਜਲਾਦਾਂ, ਸਈਅਦਾਂ ਅਤੇ ਜਾਗੀਰਦਾਰਾਂ ਤੋਂ ਦੁੱਖੀ ਸਨ। ਜ਼ਮੀਨਾਂ ਰਹਿਤ ਮਜ਼ਾਰੇ ਕਿਸਾਨਾਂ ਨੇ ਸਗੋਂ ਸਾਡਾ ਲੁੱਟ-ਮਾਰ ਵਿੱਚ ਸਾਥ ਦਿੱਤਾ। ਉਨ੍ਹਾਂ ਨੇ ਜ਼ਾਲਿਮ ਅਮੀਰਾਂ ਬਾਰੇ ਸਾਨੂੰ ਵਾਕਫੀ ਦਿੱਤੀ ਤੇ ਉਨ੍ਹਾਂ ਦੀਆਂ ਸੰਪਤੀਆਂ ਦੀ ਨਿਸ਼ਾਨਦੇਹੀ ਕੀਤੀ। ਅਸੀਂ ਜ਼ਾਲਿਮ ਜਾਗੀਰਦਾਰਾਂ ਨੂੰ ਹਵੇਲੀਆਂ ਵਿੱਚੋਂ ਕੱਢ-ਕੱਢ ਸਜ਼ਾਵਾਂ ਦਿੱਤੀਆਂ। ਜਿਹੜੇ ਬਾਹਰ ਨਹੀਂ ਸਨ ਨਿਕਲੇ ਜਾਂ ਹਵੇਲੀਆਂ ਤੇ ਆਪਣੇ ਕਿਲ੍ਹਿਆਂ ਵਿੱਚ ਤੜੇ ਬੈਠੇ ਰਹੇ ਸਨ, ਅਸੀਂ ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਇਸ ਨਾਲ ਜਾਂ ਤਾਂ ਉਹ ਜਾਨਾਂ ਬਚਾਉਣ ਬਾਹਰ ਨਿਕਲ ਆਉਂਦੇ ਤੇ ਉਨ੍ਹਾਂ ਦੇ ਸਿਰ ਅਸੀਂ ਕਲਮ ਕਰ ਦਿੰਦੇ। ਜੋ ਨਹੀਂ ਨਿਕਲੇ, ਉਹ ਅੰਦਰ ਹੀ ਜਲ ਕੇ ਭਸਮ ਹੋ ਗਏ ਸਨ। 

ਤੜਕੇ ਤੋਂ ਲੈ ਕੇ ਆਥਣ ਤੱਕ ਸਮਾਣੇ ਦੀਆਂ ਗਲੀਆਂ ਵਿੱਚ ਲੜਾਈਆਂ, ਅਗਜ਼ਨੀਆਂ ਅਤੇ ਮੌਤ ਦੀਆਂ ਖੇਡਾਂ ਹੁੰਦੀਆਂ ਰਹੀਆਂ ਸਨ। ਹਰ ਪਾਸੇ ਲਹੂ ਦੇ ਛੱਪੜ ਲੱਗੇ ਪਏ ਸਨ। ਸਮਾਣੇ ਦੀਆਂ ਨਾਲੀਆਂ ਅਤੇ ਪਰਨਾਲਿਆਂ ਵਿੱਚ ਪਾਣੀ ਦੀ ਥਾਂ ਖੂਨ ਵਗ ਰਿਹਾ ਸੀ। ਦੱਸ ਹਜ਼ਾਰ ਮੁਸਲਮਾਨ ਇਸ ਯੁੱਧ ਵਿੱਚ ਮਾਰੇ ਗਏ ਸਨ। ਇਹਨਾਂ ਵਿੱਚੋਂ ਕੁਝ ਔਰਤਾਂ ਅਤੇ ਬੱਚਿਆਂ ਦਾ ਨੁਕਸਾਨ ਵੀ ਹੋਇਆ ਸੀ। ਲੜਾਈ ਦੌਰਾਨ ਕੁਝ ਮੁਸਲਮਾਨ ਅਮੀਰ ਬਚ ਕੇ ਥਾਨੇਸਰ, ਮੁਰਤਜ਼ਾਪੁਰ, ਪਿਹੋਵਾਂ ਜਾਂ ਹੋਰ ਲਾਗਲੇ ਖੇਤਰਾਂ ਵੱਲ ਆਪਣੀਆਂ ਜਾਨਾਂ ਬਚਾ ਕੇ ਭੱਜ ਗਏ ਸਨ। 

ਅਗਲੀ ਰਾਤ ਤੱਕ ਸਾਰੇ ਦਾ ਸਾਰਾ ਸਮਾਣਾ 'ਤੇ ਇਸ ਰਿਆਸਤ ਅਧੀਨ ਆਉਂਦੇ ਸਾਰੇ ਪਿੰਡ ਸਿੱਖਾਂ ਦੇ ਕਬਜ਼ੇ ਵਿੱਚ ਆ ਗਏ ਸਨ। ਸਾਨੂੰ ਲੁੱਟਮਾਰ ਨਾਲ ਬਹੁਤ ਸਾਰੇ ਹਥਿਆਰ, ਘੋੜੇ, ਸੋਨਾ, ਚਾਂਦੀ, ਹੀਰੇ ਜਵਾਰਹਰਾਤ ਅਤੇ ਧਨ ਹਾਸਿਲ ਹੋਇਆ ਸੀ। ਬਹੁਤ ਸਾਰੇ ਸਮਾਣਾ ਵਾਸੀ ਵੀ ਸਾਡੀ ਫੌਜ ਵਿੱਚ ਭਰਤੀ ਹੋ ਗਏ ਸਨ। ਹਰ ਪੱਖੋਂ ਇਸ ਹਮਲੇ ਨੇ ਸਾਨੂੰ ਅਮੀਰ, ਤਾਕਤਵਰ ਅਤੇ ਮਜ਼ਬੂਤ ਕੀਤਾ ਸੀ। ਹੁਣ ਅਸੀਂ ਕਿਸੇ ਵੀ ਹੋਰ ਮਹਾਨਗਰ ਉੱਪਰ ਹਮਲਾ ਕਰਨ ਸਮਰਥ ਬਣ ਗਏ ਸੀ। 

ਇਸ ਹਮਲੇ ਵਿੱਚ ਭਾਈ ਭਗਤੂ ਪਰਿਵਾਰ ਦੇ ਵੰਸ਼ਜ ਭਾਈ ਫਤਿਹ ਸਿੰਘ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸੀ। ਜੰਗ ਵਿੱਚ ਉਨ੍ਹਾਂ ਦੀ ਨਾ ਸਿਰਫ ਅਹਿਮ ਭੂਮਿਕਾ ਰਹੀ ਸੀ, ਬਲਕਿ ਇੱਕ ਪ੍ਰਕਾਰ ਨਾਲ ਇਸ ਯੁੱਧ ਦੀ ਜਿੱਤ ਦਾ ਸਿਹਰਾ ਹੀ ਉਨ੍ਹਾਂ ਸਿਰ ਜਾਂਦਾ ਸੀ। ਜੰਗ ਦੀ ਸਮਾਪਤੀ ਉਪਰੰਤ ਮੈਂ ਭਾਈ ਫਤਿਹ ਸਿੰਘ ਨੂੰ ਸਮਾਣਾ ਦਾ ਫੌਜਦਾਰ ਨਿਯੁਕਤ ਕਰ ਦਿੱਤਾ ਤੇ ਉਸ ਦੀ ਵਰਤੋਂ ਲਈ ਆਪਣੀ ਫੌਜ ਦੀ ਇੱਕ ਟੁਕੜੀ ਵੀ ਦੇ ਦਿੱਤੀ। 

ਸਮਾਣੇ ਮੈਂ ਦੋ ਤਿੰਨ ਮਹੀਨੇ ਰੁੱਕਿਆ ਰਿਹਾ। ਮੇਰੀ ਫੌਜ ਵਿੱਚ ਚਾਰ ਪੰਜ ਹਜ਼ਾਰ ਘੋੜਸਵਾਰ ਅਤੇ ਸੱਤ ਅੱਠ ਹਜ਼ਾਰ ਪੈਦਲ ਸੈਨਿਕ ਭਰਤੀ ਹੋ ਚੁੱਕੇ ਸਨ। ਛੇਤੀ ਹੀ ਇਹ ਸਿੱਖ ਫੌਜ ਦੀ ਗਿਣਤੀ ਅਠਾਰਾਂ ਉੱਨੀ ਹਜ਼ਾਰ ਤੱਕ ਵਧਦੀ ਚਲੀ ਗਈ। 

ਵਜ਼ੀਰ ਖਾਨ ਨੇ ਚਾਰ ਪੰਜ ਜਾਸੂਸ ਸਾਡੀ ਸੈਨਾ ਦੀ ਗਿਣਤੀ ਅਤੇ ਤਾਕਤ ਦਾ ਭੇਤ ਲਾਉਣ ਲਈ ਭੇਜੇ। ਉਹ ਫੜੇ ਗਏ। ਮੈਂ ਉਹਨਾਂ ਦੇ ਨੱਕ ਅਤੇ ਕੰਨ ਵੱਡ ਕੇ ਇੱਕ ਚਿੱਠੀ ਦੇ ਕੇ ਵਜ਼ੀਰ ਖਾਨ ਕੋਲ ਭੇਜ ਦਿੱਤੇ। ਚਿੱਠੀ ਵਿੱਚ ਲਿੱਖਿਆ ਸੀ ਕਿ ਸੂਬਾ ਸਰਹਿੰਦ ਬਹੁਤ ਜਲਦ ਹੀ ਤੇਰਾ ਵੀ ਇਹੀ ਹਾਲ ਹੋਵੇਗਾ। ਪੂਰੇ ਤਿੰਨ ਮਹੀਨੇ ਬਾਅਦ ਉੱਥੋਂ ਮੈਂ ਆਪਣੇ ਅਗਲੇ ਹਮਲੇ ਲਈ ਕੂਚ ਕਰ ਗਿਆ ਸੀ।

No comments:

Post a Comment