Friday, 16 December 2016

ਰੋਪੜ

ਰੋਪੜ

ਜਦੋਂ ਮੈਂ ਮੁਖਲਸਗੜ੍ਹ ਕਿਲ੍ਹੇ ਵਿੱਚ ਰਹਿੰਦਿਆਂ ਸਢੌਰੇ ਤੋਂ ਸਰਹਿੰਦ ਵੱਲ ਚੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਨੂੰ ਸੁਨੇਹਾ ਮਿਲਿਆ ਕਿ ਮਾਝੇ ਅਤੇ ਦੁਆਬੇ ਦੇ ਸਿੰਘਾਂ ਦਾ ਇੱਕ ਤਕੜਾ ਦਲ ਸਾਡੇ ਨਾਲ ਮਿਲਣ ਲਈ ਦਰਿਆ ਸਤਲੁਜ ਦੇ ਕੀਰਤਪੁਰ ਵਾਲੇ ਉਤਰੀ ਘਾਟ 'ਤੇ ਡੇਰਾ ਲਾਈ ਬੈਠਾ ਸੀ। ਉਨ੍ਹਾਂ ਦੇ ਉੱਥੇ ਰੁਕਣ ਦਾ ਕਾਰਨ ਇਹ ਸੀ ਕਿ ਵਜ਼ੀਰ ਖਾਨ ਨੂੰ ਸੂਹ ਮਿਲ ਗਈ ਸੀ ਕਿ ਉਹ ਮੇਰੀ ਫੌਜ ਵਿੱਚ ਸ਼ਾਮਿਲ ਹੋਣ ਆ ਰਹੇ ਸਨ। ਉਸ ਨੇ ਕਿਆਫਾ ਲਾ ਲਿਆ ਸੀ ਕਿ ਸਿੱਖ ਕਿਸੇ ਵੇਲੇ ਵੀ ਸਰਹਿੰਦ ਚੱਕਲੇ 'ਤੇ ਚੜ੍ਹਾਈ ਕਰ ਸਕਦੇ ਸਨ। ਮੇਰੇ ਨਾਲ ਉਨ੍ਹਾਂ ਸਿੱਖਾਂ ਦਲਾਂ ਨੂੰ ਮਿਲਣ ਤੋਂ ਰੋਕਣ ਲਈ ਵਜ਼ੀਰ ਖਾਨ ਨੇ ਮਲੇਰਕੋਟਲੇ ਅਤੇ ਰੋਪੜ ਦੇ ਫੌਜਦਾਰਾਂ ਨੂੰ ਉਨ੍ਹਾਂ ਦਾ ਰਸਤਾ ਰੋਕਣ ਭੇਜ ਦਿੱਤਾ ਸੀ। ਮਲੇਰਕੋਟਲੇ ਦੀ ਫੌਜ ਸ਼ੇਰ ਮੁਹੰਮਦ ਖ਼ਾਨ, ਉਸਦੇ ਭਰਾ ਖਿਜ਼ਰ ਖਾਨ, ਦੋ ਭਤੀਜੇ ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ ਦੀ ਕਮਾਨ ਹੇਠ ਰੋਪੜ ਦੇ ਰੰਘੜਾਂ ਸੰਗ ਸਤਲੁਜ ਦਾ ਰੋਪੜ ਦੇ ਨੇੜਿਓਂ ਉਰਲਾ ਕੰਢਾ ਰੋਕ ਕੇ ਖੜ੍ਹੋ ਗਈ ਸੀ। ਸ਼ੇਰ ਮੁਹੰਮਦ ਖਾਨ ਦਾ ਚਾਚਾ ਨਬੀ ਖਾਨ, ਚਮਕੌਰ ਦੀ ਜੰਗ ਵਿੱਚ ਸਿੱਖਾਂ ਹੱਥੋਂ ਮਾਰਿਆ ਜਾ ਚੁੱਕਾ ਸੀ। ਇਸ ਲਈ ਸ਼ੇਰ ਮੁਹੰਮਦ ਖਾਨ ਸਿੱਖਾਂ ਪ੍ਰਤੀ ਨਫਰਤ ਨਾਲ ਭਰਿਆ ਪਿਆ ਸੀ।



ਰੋਪੜ ਦੀ ਧਰਤੀ ਦਾ ਸ਼ਿਵਾਲਿਕ ਦੇ ਪਹਾੜਾਂ ਵੱਲ ਮੂੰਹ ਹੋਣ ਕਰਕੇ ਕਦੇ ਇਸ ਨੂੰ ਪਹਾੜ ਦੇ ਰੂ-ਬਾ-ਰੂ ਨਗਰ ਯਾਨੀ ਰੂਹ ਪਹਾੜ ਕਿਹਾ ਜਾਂਦਾ ਸੀ। ਸਾਡੇ ਤੋਂ ਤਕਰੀਬਨ ਸੱਤ ਕੁ ਸੌ ਸਾਲ ਪਹਿਲਾਂ ਰਾਜਾ ਰੋਕੇਸ਼ਰ ਨੇ ਆਪਣੇ ਪੁੱਤਰ ਰੂਪ ਸੇਨ ਦੇ ਨਾਮ 'ਤੇ ਇਸ ਨੂੰ ਵਸਾਇਆ ਸੀ। ਰੋਪੜ ਉੱਪਰ ਹਿੰਦੂਆਂ ਤੋਂ ਮੁਸਲਮਾਨ ਬਣੇ ਰਾਜਪੂਤਾਂ ਦਾ ਕਬਜ਼ਾ ਸੀ, ਜੋ ਆਪਣੇ ਆਪ ਨੂੰ ਰੰਘੜ ਅਖਵਾਉਂਦੇ ਸਨ। ਉਹਨਾਂ ਦੀ ਬੋਲੀ ਹਰਿਆਣਵੀ ਵਰਗੀ ਸੀ, ਜਿਸਨੂੰ ਰੰਘੜੀ ਕਿਹਾ ਜਾਂਦਾ ਸੀ। ਸਰਹਿੰਦ ਅਤੇ ਦਿੱਲੀ ਸਰਕਾਰ ਦੇ ਵਫਾਦਾਰ ਹੋਣ ਕਰਕੇ ਰੰਘੜ ਸਿੱਖਾਂ ਨਾਲ ਖਾਰ ਖਾਂਦੇ ਸਨ।

ਮਝੈਲ ਸਿੰਘ ਸਤਲੁਜ ਨੂੰ ਪਾਰ ਕੇ ਸਾਨੂੰ ਮਿਲਣਾ ਚਾਹੁੰਦੇ ਸਨ ਤੇ ਮਲੇਰਕੋਟਲੇ ਦੀ ਫੌਜ ਉਨ੍ਹਾਂ ਨੂੰ ਹਰ ਹੀਲੇ ਡੱਕਣਾ ਚਾਹੁੰਦੀ ਸੀ। ਇਸ ਲਈ ਦੋਨਾਂ ਧਿਰਾਂ ਵਿਚਕਾਰ ਰੋਪੜ ਨੇੜੇ ਸਤਲੁਜ ਦੇ ਪੱਤਣ 'ਤੇ ਜੰਗ ਸ਼ੁਰੂ ਹੋ ਗਈ। ਪਹਿਲੇ ਦਿਨ ਲੜਾਈ ਦੁਪਿਹਰ ਤੋਂ ਪਹਿਲਾਂ ਸ਼ੁਰੂ ਹੋਈ ਤੇ ਰਾਤ ਤੱਕ ਚੱਲਦੀ ਰਹੀ। ਪੂਰੇ ਬਾਰ੍ਹਾਂ ਘੰਟੇ ਯੁੱਧ ਭੂਮੀ ਵਿੱਚ ਯੁੱਧ ਹੁੰਦਾ ਰਿਹਾ। ਹਥਿਆਰਾਂ ਦੀ ਕਮੀ ਹੋਣ ਕਰਕੇ ਸਿੱਖ ਹਾਰਨ ਹੀ ਵਾਲੇ ਸਨ ਕਿ ਹਨ੍ਹੇਰਾ ਹੋਣ ਕਰਕੇ ਦਿਸਣੋਂ ਹਟ ਗਿਆ ਤੇ ਲੜਾਈ ਬੰਦ ਹੋ ਗਈ। ਇਹ ਜੰਗ ਬਹੁਤ ਗਹਿਗੱਚਵੀਂ ਹੋਈ ਹੋਣ ਕਰਕੇ ਦੋਨਾਂ ਧਿਰਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਸੀ। ਬਹੁਤ ਸਾਰੇ ਸਿਪਾਹੀ ਦੋਨਾਂ ਪਾਸਿਆਂ ਦੇ ਮਾਰੇ ਗਏ ਅਤੇ ਬੇਅੰਤ ਜ਼ਖਮੀ ਹੋਏ ਸਨ। ਸ਼ੇਰ ਮੁਹੰਮਦ ਨੂੰ ਭਰੋਸਾ ਹੋ ਗਿਆ ਸੀ ਕਿ ਅੱਵਲ ਤਾਂ ਸਿੱਖ ਅਗਲੇ ਦਿਨ ਲੜਨ ਦੇ ਕਾਬੁਲ ਨਹੀਂ ਰਹਿਣਗੇ। ਜੇ ਲੜੇ ਵੀ ਤਾਂ ਬਹੁਤ ਜਲਦ ਹੀ ਹਾਰ ਜਾਣਗੇ। ਉਸਨੂੰ ਆਪਣੀ ਜਿੱਤ ਯਕੀਨੀ ਹੋ ਗਈ ਸੀ।

ਮੈਂ ਆਪਣੀ ਫੌਜ ਲੈ ਕੇ ਛੱਤ ਪਿੰਡ (ਰਿਆਸਤ ਪਟਿਆਲਾ ਦਾ ਪਿੰਡ ਸੀ, ਜੋ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਹੈ।) ਦੀ ਉਤਰ-ਪੱਛਮੀ ਦਿਸ਼ਾ ਬਨੂੜ ਵੱਲ ਵਧਣ ਲੱਗ ਪਿਆ ਸੀ। ਰਸਤੇ ਵਿੱਚ ਮੈਨੂੰ ਬਨੂੜ ਤੋਂ ਉਰਾਂ ਬੀੜਾਂ ਵਾਲੇ ਜੰਗਲ ਵਿੱਚ ਵਸੇ ਛੱਤ ਪਿੰਡ ਦੀ ਹਿੰਦੂ ਪਰਜਾ ਨੇ ਰੋਕ ਲਿਆ ਤੇ ਆਪਣੀ ਮਦਦ ਦੀ ਗੁਹਾਰ ਲਗਾਈ। ਮੈਂ ਉਨ੍ਹਾਂ ਦੀ ਫਰਿਆਦ ਸੁਣਦਿਆਂ ਇਸ ਪਿੰਡ ਦੇ ਮੁਗਲ ਹਾਕਮਾਂ ਨੂੰ ਸੋਧਾ ਲਾਇਆ ਤੇ ਸਾਰਾ ਨਗਰ ਕਬਜ਼ੇ ਵਿੱਚ ਲੈ ਕੇ ਸਿੱਖ ਆਮਿਲ ਦੇ ਸਪੁਰਦ ਕਰ ਦਿੱਤਾ। 

ਬਨੂੜ ਵੜਦਿਆਂ ਹੀ ਮੈਂ ਹੇਠਲੀ ਉੱਤੇ ਲਿਆ ਦਿੱਤੀ। ਮੇਰੇ ਅੱਗੇ ਕਿਸੇ ਸਰਕਾਰੀ ਹਾਕਮ ਦੀ ਅੜਣ ਦੀ ਹਿੰਮਤ ਨਹੀਂ ਸੀ ਪਈ। ਸਹਿਜੇ ਹੀ ਬਨੂੜ ਮੇਰੀ ਮੁੱਠੀ ਵਿੱਚ ਆ ਗਿਆ ਸੀ। 

ਉਸ ਵੇਲੇ ਨਵਾਬ ਵਜ਼ੀਰ ਖਾਨ ਨੇ ਇੱਕ ਹੋਰ ਚਾਲ ਖੇਡੀ। ਉਸ ਨੇ ਆਪਣੇ ਪੇਸ਼ਕਾਰ (ਸਕੱਤਰ) ਦੀਵਾਨ ਸੁੱਚਾ ਨੰਦ ਦੇ ਭਤੀਜੇ ਗੰਡਾ ਮੱਲ ਨੂੰ ਇੱਕ ਹਜ਼ਾਰ ਹਿੰਦੂ ਫੌਜ ਦੇ ਕੇ ਮੇਰੇ ਕੋਲ ਛੱਤ-ਬਨੂੜ ਮੇਰੀ ਫੌਜ ਵਿੱਚ ਸ਼ਾਮਲ ਹੋਣ ਲਈ ਭੇਜ ਦਿੱਤਾ। ਵਜ਼ੀਰ ਖਾਨ ਦਾ ਮਨਸੂਬਾ ਇਹ ਸੀ ਕਿ ਜੰਗ ਸ਼ੁਰੂ ਹੁੰਦਿਆਂ ਹੀ ਗਦਾਰੀ ਕਰਕੇ ਗੱਡਾ ਮੱਲ ਮੇਰੀਆਂ ਫੌਜਾਂ ਨਾਲ ਲੜਨ ਲੱਗ ਜਾਵੇਗਾ, ਜਿਸ ਨਾਲ ਮੇਰੀ ਫੌਜ ਵਿੱਚ ਖਲਬਲੀ ਮੱਚ ਜਾਵੇਗੀ। ਸਾਰੇ ਸਿੱਖ ਇਸੇ ਉਲਝਣ ਵਿੱਚ ਮਾਰੇ ਜਾਣਗੇ ਜਾਂ ਮੈਦਾਨ ਛੱਡ ਕੇ ਭੱਜ ਜਾਣਗੇ। ਹੋਰ ਨਹੀਂ ਤਾਂ ਸਿੱਖ ਸੈਨਾ ਆਪਣਾ ਵੱਧ ਤੋਂ ਵੱਧ ਨੁਕਸਾਨ ਜ਼ਰੂਰ ਕਰਵਾ ਲਵੇਗੀ। 

ਗੱਡਾ ਮੱਲ ਨੇ ਮੇਰੇ ਕੋਲ ਆ ਕੇ ਮੈਨੂੰ ਲੇਲੜੀਆਂ ਕੱਢਦਿਆਂ ਕਿਹਾ, "ਖਾਲਸਾ ਜੀ, ਸੂਬਾ ਸਰਹਿੰਦ ਵਜ਼ੀਰ ਖਾਨ ਤੇ ਮੇਰੇ ਆਪਣੇ ਹੀ ਸਕੇ ਚਾਚੇ ਸੁੱਚਾ ਨੰਦ ਨੇ ਮੈਨੂੰ ਬਹੁਤ ਸਤਾਇਆ ਹੋਇਆ ਹੈ। ਉਹ ਹਮੇਸ਼ਾ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦਬਾਅ ਕੇ ਰੱਖਦੇ ਰਹੇ ਹਨ। ਇਸ ਲਈ ਔਖਾ ਹੋ ਕੇ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤੁਸੀਂ ਮੇਰੀ ਬਾਂਹ ਫੜੋ ਤੇ ਆਪਣੀ ਫੌਜ ਦਾ ਹਿੱਸਾ ਬਣਾ ਕੇ ਮੈਨੂੰ ਆਪਣੀ ਬਹਾਦਰੀ ਦਿਖਾਉਣ ਦਾ ਇੱਕ ਮੌਕਾ ਦਿਉ।" 

ਉਸਦੀ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ ਸੀ। ਮੈਨੂੰ ਮੇਰੇ ਨਾਲ ਦੇ ਸਿੱਖਾਂ ਨੇ ਬਹੁਤ ਕਿਹਾ ਸੀ ਕਿ ਮੈਂ ਗੰਡਾ ਮੱਲ ਦਾ ਯਕੀਨ ਨਾ ਕਰਾਂ। ਪਰ ਮੈਂ ਨਾ ਮੰਨਿਆ। ਯਕੀਨ ਕਰਨ ਵਿੱਚ ਮੈਨੂੰ ਕੋਈ ਹਰਜ਼ ਨਹੀਂ ਸੀ ਲੱਗਦਾ। ਮੈਂ ਗੰਡਾ ਮੱਲ ਦੀ ਫੌਜੀ ਟੁਕੜੀ ਨੂੰ ਅੱਗੇ ਲਾਉਣ ਦੀ ਬਜਾਏ ਮੈਦਾਨ-ਏ-ਜੰਗ ਵਿੱਚ ਆਖਰੀ ਕਤਾਰ ਵਿੱਚ ਰੱਖਣ ਦੇ ਮਕਸਦ ਨਾਲ ਗੰਡਾ ਮੱਲ ਨੂੰ ਗਲ ਨਾਲ ਲਾ ਲਿਆ। ਉਸਦੀ ਫੌਜ ਬੇਸ਼ਕ ਨਾ ਵੀ ਲੜਦੀ। ਫੇਰ ਵੀ ਸਾਡੀ ਫੌਜ ਦੀ ਗਿਣਤੀ ਵਿੱਚ ਵਾਧਾ ਕਰਦੀ ਸੀ। ਫੌਜ ਦੀ ਬਹੁ-ਗਿਣਤੀ ਕਈ ਵਾਰ ਦੁਸ਼ਮਣ ਨੂੰ ਪ੍ਰਭਾਵ ਪਾ ਕੇ ਡਰਾਉਣ ਵਿੱਚ ਹੀ ਸਹਾਈ ਹੁੰਦੀ ਹੈ।

ਉੱਧਰ ਸਤਲੁਜ ਕੰਢੇ ਬੈਠੀਆਂ ਦੋਨਾਂ ਧਿਰਾਂ ਨੇ ਰਾਤੋ-ਰਾਤ ਆਪਣੇ ਆਪਣੇ ਆਪ ਨੂੰ ਸੰਭਾਲਿਆ ਤੇ ਅਗਲੇ ਦਿਨ ਦੁਸ਼ਮਣ ਉੱਪਰ ਭਾਰੀ ਪੈਣ ਦੀਆਂ ਵਿਉਂਤਾਂ ਬਣਾਈਆਂ। ਰਾਤ ਦੇ ਪਿਛਲੇ ਪਹਿਰ ਪਿਛਿਉਂ ਆਨੰਦਪੁਰ ਇਕੱਤਰ ਹੋਏ ਮਾਲਵੇ ਦੇ ਚੌਧਰੀ ਅਤੇ ਸਿੱਧੂ-ਬਰਾੜਾਂ ਦੇ ਜਥੇ ਵੀ ਮਾਲਵੇ ਤੋਂ ਸਤਲੁਜ ਕੰਢੇ ਪਹੁੰਚ ਗਏ ਸਨ। ਇਸ ਨਾਲ ਉੱਥੇ ਬੈਠੀ ਸਿੱਖ ਫੌਜ ਦੇ ਹੌਂਸਲੇ ਹੋਰ ਬੁਲੰਦ ਹੋ ਗਏ। 

ਅਗਲੇ ਦਿਨ ਦਾ ਸੂਰਜ ਚੜ੍ਹਦਿਆਂ ਹੀ ਜੰਗੀ ਨਗਾਰਿਆਂ 'ਤੇ ਚੋਟਾਂ ਪਈਆਂ ਤੇ ਖੰਡੇ ਕਿਰਪਾਨਾਂ ਖੜਕਣ ਲੱਗ ਪਏ। ਖਿਜ਼ਰ ਖਾਨ ਨੇ ਚੌੜ ਵਿੱਚ ਆ ਕੇ ਸਿੰਘਾਂ ਨੂੰ ਲਲਕਾਰਿਆ, "ਤੁਹਾਡੇ ਵਿੱਚੋਂ ਇੱਕ ਵੀ ਜਿਉਂਦਾ ਬਚ ਕੇ ਨਹੀਂ ਜਾ ਸਕਦਾ। ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਤੁਸੀਂ ਹਥਿਆਰ ਸਿੱਟ ਕੇ ਆਤਮਸਮਰਪਣ ਕਰ ਦੇਵੋ।"

ਸਿੱਖ ਫੌਜ ਨੇ ਇਸ ਦੇ ਜੁਆਬ ਵਿੱਚ ਉਸ ਵੱਲ ਤੀਰਾਂ ਦੀ ਇੱਕ ਡਾਰ ਛੱਡੀ ਤਾਂ ਉਸਨੇ ਆਪਣੇ ਆਪ ਨੂੰ ਮਸਾਂ ਹੀ ਬਚਾਇਆ ਸੀ। ਸਿੱਖਾਂ ਦੀਆਂ ਕਮਾਨਾਂ ਵਿੱਚੋਂ ਨਿਕਲੇ ਤੀਰ ਗਿਰਝਾਂ ਵਾਂਗ ਮੁਗਲਾਂ ਦੇ ਉੱਤੇ ਝਪਟ ਪਏ ਸਨ। ਦੁਪਿਹਰ ਤੱਕ ਬਹੁਤ ਘਮਸਾਨ ਦਾ ਯੁੱਧ ਹੋਇਆ। ਆਥਣ ਤੱਕ ਉੱਥੇ ਖ਼ਬਰ ਪਹੁੰਚ ਗਈ ਸੀ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਬਨੂੜ ਵਿੱਚ ਤਬਾਹੀ ਮਚਾ ਕੇ ਬੜੀ ਤੇਜ਼ੀ ਨਾਲ ਸਰਹਿੰਦ ਵੱਲ ਵਧੀ ਜਾ ਰਹੀ ਸੀ। ਇਸ ਨਾਲ ਮੁਗਲਾਂ ਦੇ ਹੌਂਸਲੇ ਪਸਤ ਹੋ ਗਏ ਤੇ ਸਿੰਘਾਂ ਵਿੱਚ ਹੋਰ ਜੋਸ਼ ਆ ਗਿਆ। ਸਿੱਖਾਂ ਨੂੰ ਭਾਰੀ ਪੈਂਦੇ ਦੇਖ ਕੇ ਖਿਜ਼ਰ ਖਾਨ ਜੋਸ਼ ਵਿੱਚ ਆ ਗਿਆ। ਜੋਸ਼ ਵਿੱਚ ਆ ਕੇ ਉਹ ਹੋਸ਼ ਗਵਾਹ ਬੈਠਾ ਤੇ ਜਿਸਦਾ ਨਤੀਜਾ ਇਹ ਹੋਇਆ ਕਿ ਉਸਦੇ ਗੋਲੀ ਵੱਜੀ ਤੇ ਉਹ ਬੁੜਕ ਕੇ ਧਰਤੀ ਉੱਪਰ ਡਿੱਗਦਾ ਹੀ ਮਰ ਗਿਆ। ਖਿਜ਼ਰ ਖਾਨ ਦੇ ਦੋਨੋਂ ਪੁੱਤਰ, ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ ਆਪਣੇ ਪਿਉ ਦੀ ਲਾਸ਼ ਚੁੱਕਣ ਅੱਗੇ ਵਧੇ ਤਾਂ ਸਿੱਖਾਂ ਦੇ ਇੱਕ ਵੱਡੇ ਦਲ ਨੇ ਘੇਰ ਕੇ ਉਹ ਵੀ ਮੌਤ ਦੇ ਘਾਟ ਉਤਾਰ ਦਿੱਤੇ। ਸ਼ੇਰ ਮੁਹੰਮਦ ਆਪਣੇ ਚੋਣਵੇਂ ਸਿਪਾਹੀਆਂ ਨਾਲ ਆਪਣੇ ਇਹਨਾਂ ਤਿੰਨਾਂ ਜਰਨੈਲਾਂ ਦੀਆਂ ਮ੍ਰਿਤਕ ਦੇਹਾਂ ਚੁੱਕਣ ਆਇਆ ਤਾਂ ਸਿੱਖ ਜਰਨੈਲਾਂ ਨੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਡਰਦਾ ਹੋਇਆ ਲਾਸ਼ਾਂ ਛੱਡ ਕੇ ਉਹ ਪਿੱਛੇ ਭੱਜ ਗਿਆ। ਉਸਨੂੰ ਭੱਜਦਾ ਦੇਖ ਕੇ ਉਸਦੀ ਬਾਕੀ ਬਚਦੀ ਫੌਜ ਵੀ ਮੈਦਾਨ ਛੱਡ ਕੇ ਆਪਣੀਆਂ ਜਾਨਾਂ ਬਚਾਉਂਦੀ ਖਿਸਕਣ ਲੱਗ ਪਈ। ਇਸ ਸਮੇਂ ਤੱਕ ਖਿਜ਼ਰ ਖਾਨ, ਨਸ਼ਤਰ ਖਾਨ ਅਤੇ ਵਲੀ ਮੁਹੰਮਦ ਖਾਨ ਵਰਗੇ ਤਿੰਨ ਮੁੱਖੀ ਜਰਨੈਲ ਮਾਰੇ ਜਾਣ ਬਾਅਦ ਸਿੱਖ ਫੌਜ ਨੇ ਮੁਗਲਾਂ ਦੇ ਬਹੁਤ ਸਾਰੇ ਹਥਿਆਰ ਕਬਜ਼ੇ ਵਿੱਚ ਲੈ ਲਏ ਸਨ। ਸ਼ੇਰ ਮੁਹੰਮਦ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਸੈਨਾਪਤੀਆਂ ਬਿਨਾ ਟੁੰਢੀ ਹੋਈ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਸੀ। ਸਿੰਘਾਂ ਨੇ ਅਸਮਾਨ ਜੈਕਾਰਿਆਂ ਨਾਲ ਗੂੰਜਾ ਦਿੱਤਾ। 

ਮੈਂ ਬਨੂੜ ਤੋਂ ਸਰਹਿੰਦ ਦੀ ਬਜਾਏ ਸਿੰਘਾਂ ਦਾ ਸੁਅਗਤ ਕਰਨ ਲਈ ਰੋਪੜ ਵੱਲ ਚੱਲ ਪਿਆ। ਰਸਤੇ ਵਿੱਚ ਸਾਡਾ ਸਰਹਿੰਦ ਤੋਂ ਪੂਰਬ ਵਾਲੇ ਪਾਸੇ ਖਰੜ ਅਤੇ ਬਨੂੜ ਵਿਚਾਲੇ ਅੰਬਾਲਾ-ਰੋਪੜ ਮਾਰਗ ਉੱਪਰ ਮੇਲ ਹੋ ਗਿਆ। ਉੱਥੋਂ ਅਸੀਂ ਚੱਪੜ-ਚਿੜੀ ਕਲਾ ਅਤੇ  ਚੱਪੜ ਚਿੜੀ ਖੁਰਦ ਦੋਨਾਂ ਪਿੰਡਾਂ ਵਿਚਾਲੇ ਡੇਰਾ ਲਾਉਣ ਲਈ ਚਲੇ ਗਏ। ਇਹ ਦੋਨੇ ਪਿੰਡ ਹੀ ਮੁਸਲਮਾਨਾਂ ਦੀ ਭਾਰੀ ਅਬਾਦੀ ਵਾਲੇ ਸਨ।

ਮੋਹਾਲੀ ਦਾ ਨਾਮ ਅਜੀਤਗੜ੍ਹ

No comments:

Post a Comment