Monday, 5 December 2016

ਤਰਾਵੜੀ ਦੀ ਲੜਾਈ -ਬਿਨੋਦ ਸਿੰਘ

ਤਰਾਵੜੀ ਦੀ ਲੜਾਈ -ਬਿਨੋਦ ਸਿੰਘ
੧੬-੧੯ ਅਕਤੂਬਰ ੧੭੧੦
੧੬-੧੭ ਅਕਤੂਬਰ ੧੭੧੦ ਨੂੰ ਬਾਦਸ਼ਾਹ ਵੱਲੋਂ ਸਿੱਖਾਂ ਦੀ ਤਾਕਤ ਖਤਮ ਕਰਨ ਲਈ ਭੇਜੀ ਗਈ ਸੱਠ ਹਜ਼ਾਰ ਫੌਜ ਦੀ ਫਿਰੋਜ਼ ਖਾਨ ਮੇਵਾਤੀ ਵਾਲੀ ਟੁੱਕੜੀ ਨੇ ਤਰਾਵੜੀ ਨੇੜੇ ਕਰਨਾਲ ਤੋਂ ੨੪ ਕਿਲੋਮੀਟਰ ਦੂਰ ਅਮੀਨਗੜ੍ਹ (ਖੇੜਾ ਅਮੀਨ) ਦੀ ਜੂਹ ਵਿੱਚ ਹਮਲਾ ਕਰ ਦਿੱਤਾ ਸੀ। ਸਿੱਖ ਫੌਜਾਂ ਬਿਨੋਦ ਸਿੰਘ ਦੀ ਕਮਾਨ ਅਧੀਨ ਡੱਟ ਕੇ ਲੜੀਆਂ, ਪਰ ਮੁਗਲ ਫੌਜ ਦੀ ਬਹੁ-ਗਿਣਤੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਮੁਗਲ ਸੈਨਾ ਵੱਲੋਂ ਮਹਾਬਤ ਖਾਨ ਅਤੇ ਫਿਰੋਜ਼ ਖਾਨ ਮੇਵਾਤੀ ਆਪ ਮੂਹਰੇ ਹੋ ਕੇ ਲੜੇ ਸਨ। ਸਿੱਖ ਫੌਜ ਦੀ ਗਿਣਤੀ ਮਸਾਂ ਦੋ ਚਾਰ ਹਜ਼ਾਰ ਸੀ। ਬਹੁਤ ਸਾਰੇ ਸਿੱਖ ਇਸ ਜੰਗ ਵਿੱਚ ਮਾਰੇ ਗਏ। ਯੁੱਧ ਉਪਰੰਤ ਫਿਰੋਜ਼ ਖਾਨ ਮੇਵਾਤੀ ਨੇ ਤਿੰਨ ਸੌ ਸਿੱਖਾਂ ਦੇ ਮੈਦਾਨ-ਏ-ਜੰਗ ਵਿੱਚੋਂ ਸਿਰ ਕਲਮ ਕਰਕੇ ਨਜ਼ਰਾਨੇ ਵਜੋਂ ਬਾਦਸ਼ਾਹ ਨੂੰ ਦਿੱਲੀ ਭੇਜੇ ਸਨ। 

ਇਸ ਮਗਰੋਂ ਜੋਸ਼ ਵਿੱਚ ਆ ਕੇ ਫਿਰੋਜ਼ ਖਾਨ ਮੇਵਾਤੀ ਨੇ ੧੮ ਅਤੇ ੧੯ ਅਕਤੂਬਰ ਨੂੰ ਕ੍ਰਮਵਾਰ ਤਰਾਵੜੀ ਅਤੇ ਥਾਨੇਸਰ ਵਿਖੇ ਸਿੱਖਾਂ ਉੱਪਰ ਹਮਲੇ ਕਰ ਦਿੱਤੇ ਸਨ। ਦੋਨੋਂ ਥਾਵਾਂ ਤੋਂ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਮਿਲੀ। ਥਾਨੇਸਰ ਤੋਂ ਭੱਜ ਕੇ ਸਿੱਖ ਸਢੌਰੇ ਹੁੰਦੇ ਹੋਏ ਲੋਹਗੜ੍ਹ ਦੇ ਕਿਲ੍ਹੇ ਵਿੱਚ ਆ ਲੁੱਕੇ ਸਨ। 

ਇਸੇ ਹੀ ਦਰਮਿਆਨ ਬਾਦਸ਼ਾਹ ਦੀ ਇੱਕ ਹੋਰ ਫੌਜੀ ਟੁੱਕੜੀ ਨੇ ਸ਼ਾਹਬਾਦ ਵਿਖੇ ਸਿੱਖਾਂ ਨੂੰ ਕਰਾਰੀ ਹਾਰ ਦੇ ਦਿੱਤੀ ਸੀ। ਜਦੋਂ ਬਾਦਸ਼ਾਹ ਨੂੰ ਇਹਨਾਂ ਜਿੱਤਾਂ ਬਾਰੇ ਪਤਾ ਲੱਗਾ ਤਾਂ ਉਸਨੇ ੨੦ ਅਕਤੂਬਰ ਨੂੰ ਮੇਵਾਤੀ ਨੂੰ ਇੱਕ ਲੱਖ ਰੁਪਈਆਂ ਨਕਦ ਇਨਾਮ ਅਤੇ ਜ਼ੈਨ-ਉੱਦ-ਦੀਨ ਅਹਿਮਦ ਖਾਨ ਤੋਂ ਖੋਹ ਕੇ ਸਰਹੰਦ ਦੀ ਸੂਬਦਾਰੀ ਬਖਸ਼ਣ ਦਾ ਐਲਾਨ ਕੀਤਾ ਸੀ।


No comments:

Post a Comment