Thursday, 8 December 2016

ਦਿਉਬੰਦ, ਸਹਾਰਨਪੁਰ, ਜਲਾਲਾਬਾਦ 'ਤੇ ਹਮਲੇ

ਚਹaਪ ੨੧
ਦਿਉਬੰਦ, ਸਹਾਰਨਪੁਰ, ਜਲਾਲਾਬਾਦ 'ਤੇ ਹਮਲੇ
ਸਿੱਖਾਂ ਦੀ ਚੜ੍ਹਤ ਅਤੇ ਦਬਦਬਾ ਦੇਖ ਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਵੀ ਅੰਮ੍ਰਿਤ ਚਕ ਕੇ ਸਿੰਘ ਸਜਣ ਲੱਗ ਪਏ ਸਨ। ਸੱਜਰੇ ਸਿੱਖੀ ਵਿੱਚ ਆਏ ਸਿੱਖਾਂ ਦਾ ਇੱਕ ਵੱਡਾ ਦਲ ਜਮਨਾ ਪਾਰ ਦਿਉਬੰਦ ਦੇ ਪ੍ਰਗਣੇ ਉਨਾਰਸਾ ਵਿੱਚ ਰਹਿੰਦਾ ਸੀ। ਜਦ ਉੱਥੋਂ ਦੇ ਫ਼ੌਜਦਾਰ ਜਲਾਲ-ਉਦ-ਦੀਨ ਮੁਹੰਮਦ ਨੂੰ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਧਰਮ ਪ੍ਰਵਿਰਤਨ ਕਰਕੇ ਸਿੱਖ ਸਜਣ ਬਾਰੇ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਸਿੱਖਾਂ ਨੂੰ ਕੈਦ ਵਿੱਚ ਸੁੱਟ ਦਿੱਤਾ ਤੇ ਤਸੀਹੇ ਦੇਣੇ ਸ਼ੁਰੂ ਕੀਤੇ। ਉਹ ਉਨ੍ਹਾਂ ਸਿੱਖਾਂ ਨੂੰ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾਣ ਲਈ ਜ਼ੋਰ ਪਾਉਣ ਲੱਗਾ। ਉਨਾਰਸਾ ਦੇ ਪ੍ਰਚਾਰਕ ਕਪੂਰ ਸਿੰਘ ਨੇ ਮੈਨੂੰ ਆ ਕੇ ਖ਼ਬਰ ਦਿੱਤੀ ਤੇ  ਬੇਨਤੀ ਕੀਤੀ ਕਿ ਸਿੰਘ ਬਹੁਤ ਤਕਲੀਫ ਵਿੱਚ ਸਨ ਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।  



ਇਹ ਸੁਣ ਕੇ ਮੈਂ ਦਿਉਬੰਦ ਨੂੰ ਸੋਧਣ ਦਾ ਫ਼ੈਸਲਾ ਕਰ ਲਿਆ। ਕੁਝ ਹੀ ਦਿਨਾਂ ਬਾਅਦ ਅਸੀਂ ਜੁਮਨਾ ਅਤੇ ਗੰਗਾ ਦੋਆਬ ਦੇ ਇਲਾਕਿਆਂ ਵੱਲ ਚੜ੍ਹਾਈ ਕਰਨ ਤੁਰ ਪਏ ਤੇ ਸਭ ਤੋਂ ਪਹਿਲਾਂ ਦਿਉਬੰਦ 'ਤੇ ਹਮਲਾ ਕਰ ਦਿੱਤਾ ਤੇ ਕਬਜ਼ਾ ਕਰਕੇ ਉੱਥੇ ਖਾਲਸਾ ਰਾਜ ਐਲਾਨ ਦਿੱਤਾ। 

ਇਸ ਮਗਰੋਂ ਮੈਂ ਜਲਾਲਾਬਾਦ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ ਸੀ। ਪਰ ਸਿੱਖਾਂ ਦੇ ਕਹਿਣ 'ਤੇ ਪਹਿਲਾਂ ਸਹਾਰਨਪੁਰ ਨੂੰ ਜਿੱਤਣ ਦਾ ਮਨ ਬਣਾ ਕੇ ਮੈਂ ਫੌਜ ਨਾਲ ਉਧਰ ਨੂੰ ਤੁਰ ਪਿਆ ਸੀ। ਰਸਤੇ ਵਿੱਚ ਬੂੜੀਆ ਆਉਂਦਾ ਸੀ। ਬੂੜੀਏ ਨੂੰ ਲੁੱਟਣ ਦੇ ਮਕਸਦ ਨਾਲ ਅਸੀਂ ਬੂੜੀਏ ਉੱਪਰ ਚੜ੍ਹਾਈ ਕਰ ਦਿੱਤੀ। ਬੂੜੀਏ ਦੀ ਫੌਜ ਸਾਡੇ ਅੱਗੇ ਬਹੁਤਾ ਚਿਰ ਟਿਕ ਨਾ ਸਕੀ ਤੇ ਮੈਦਾਨ ਛੱਡ ਕੇ ਭੱਜ ਗਈ ਸੀ। ਸਾਡੇ ਜੱਥੇ ਵਿੱਚ ਇੱਕ ਗੁਲਾਬ ਸਿੰਘ ਨਾਮ ਦਾ ਸਿੱਖ ਸੀ। ਉਹ ਪਹਿਲਾਂ ਮੁਗਲਾਂ ਦੀ ਫੌਜ ਦਾ ਬਖਸ਼ੀ ਹੁੰਦਾ ਸੀ। ਬਖਸ਼ੀ ਫੌਜ ਨੂੰ ਬਖਸ਼ੀਸ ਅਰਥਾਤ ਤਨਖਾਹ ਦੇਣ ਵਾਲੇ ਨੂੰ ਕਹਿੰਦੇ ਹਨ। ਅਸੀਂ ਬੂੜੀਏ ਨੂੰ ਬਖਸ਼ੀ ਗੁਲਾਬ ਸਿੰਘ ਦੀ ਮਦਦ, ਸਿਆਣਪ ਅਤੇ ਦਲੇਰੀ ਨਾਲ ਜਿੱਤਿਆ ਸੀ। ਗੁਲਾਬ ਸਿੰਘ ਨੂੰ ਉਸਦੀ ਬਹਾਦਰੀ ਦਾ ਇਨਾਮ ਦੇਣ ਲਈ ਮੈਂ ਬੂੜੀਏ ਦਾ ਨਾਮ ਬਦਲ ਕੇ ਉਸੇ ਦਿਨ ਤੋਂ ਗੁਲਾਬ ਨਗਰ ਰੱਖ ਦਿੱਤਾ ਸੀ। ਉਸ ਤੋਂ ਬਾਅਦ ਮੈਂ ਗੁਰਬਖ਼ਸ਼ ਸਿੰਘ ਨਾਮੀ ਆਪਣੇ ਸਿੱਖ ਨੂੰ ਇਸ ਪਰਗਨੇ ਦਾ ਫ਼ੌਜਦਾਰ ਅਤੇ ਅਮੀਨ ਲਾ ਦਿੱਤਾ ਸੀ। 

ਗੁਲਾਬ ਨਗਰ (ਬੂੜੀਆ) ਦਾ ਕਾਜ਼ੀ, ਸ਼ਾਹ ਮੁਹੰਮਦ, ਧੱਕੇਸ਼ਾਹ ਸੀ। ਮੈਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੋਹਗੜ੍ਹ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਅਤੇ ਨਾਲ ਹੀ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦੇ ਦਿੱਤਾ। ਗੁਰਬਖ਼ਸ਼ ਸਿੰਘ ਨੇ ਲੋਹਗੜ੍ਹ ਕਿਲ੍ਹੇ ਦੇ ਕਿਲ੍ਹੇਦਾਰ ਮੀਂਹਾ ਸਿੰਘ ਨਾਲ ਰਲ ਕੇ ਕਾਜ਼ੀ ਦੀ ਜਾਇਦਾਦ ਵਿੱਚ ਕੁਝ ਗੜਬੜ ਕਰ ਲਈ ਸੀ। ਜਦ ਮੈਨੂੰ ਉਸ ਦੀ ਇਸ ਹਰਕਤ ਦਾ ਪਤਾ ਲੱਗਾ ਸੀ ਤਾਂ ਮੈਂ ਗੁਰਬਖ਼ਸ਼ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਕਿਸ਼ੋਰ ਸਿੰਘ ਨੂੰ ਉਸਦੀ ਜਗ੍ਹਾ ਫ਼ੌਜਦਾਰ ਤੇ ਅਮੀਨ ਲਾ ਦਿੱਤਾ ਸੀ।

ਗੁਲਾਬ ਨਗਰ ਕੁਝ ਦਿਨ ਵਿਸ਼ਰਾਮ ਕਰਕੇ ਅਸੀਂ ਸਹਾਰਨਪੁਰ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ ਤਾਂ ਮੈਂ ਆਪਣੇ ਸਾਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਕਿਹਾ ਸੀ, "ਖਾਲਸਾ ਜੀ ਸਹਾਰਨਪੁਰ ਚੌਲਾਂ ਤੇ ਅੰਬਾਂ ਦੀ ਖੇਤੀ ਲਈ ਮਸ਼ਹੂਰ ਹੈ। ਆਪਾਂ ਵੀ ਬਸ ਸਹਾਰਨਪੁਰੀਆਂ ਦੇ ਚੌਲਾਂ ਵਾਂਗ ਫੱਕੇ ਮਾਰਨੇ ਹਨ।"

"ਮਰਦਾਂ ਦੇ ਚੌਲਾਂ ਵਾਂਗੂ ਤੁਸੀਂ ਫੱਕੇ ਤੁਸੀਂ ਮਾਰੀ ਜਾਇਓ। ਮੈਨੂੰ ਤਾਂ ਸੁਨੱਖੀਆਂ ਜਿਹੀਆਂ ਪੰਜ ਸੱਤ ਜਨਾਨੀਆਂ ਦੇ ਦਿਉ। ਮੈਂ ਅੰਬਾਂ ਵਾਂਗੂ ਚੁੱਪੀ ਚੱਲੂ।" 

ਸਾਡੀ ਫੌਜ ਵਿੱਚ ਸੱਜਰੇ ਭਰਤੀ ਹੋਏ ਇੱਕ ਨੌਜਵਾਨ ਨੇ ਇਹ ਕਿਹਾ ਤਾਂ ਮੈਨੂੰ ਗੁੱਸਾ ਆ ਗਿਆ ਸੀ। ਮੈਂ ਉਸਨੂੰ ਘੂਰਿਆ ਸੀ, "ਖਬਰਦਾਰ ਜੇ ਕਿਸੇ ਔਰਤ ਵੱਲ ਮਾੜੀ ਅੱਖ ਨਾ ਵੀ ਦੇਖਿਆ ਤਾਂ... ਉੱਥੇ ਹੀ ਆਪਣੇ ਖੰਡੇ ਨਾਲ ਤੇਰੀਆਂ ਅੱਖਾਂ ਕੱਢ ਦਿਊਂ। ਤੀਵੀਂ ਭਾਵੇਂ ਦੁਸ਼ਮਣ ਦੀ ਹੋਵੇ, ਹਰ ਖਾਲਸਾ ਉਸਦਾ ਸਤਿਕਾਰ ਕਰੇਗਾ।"

ਮੇਰੀ ਤਾੜਨਾ ਸੁਣ ਕੇ ਸਭ ਤ੍ਰਬਕ ਗਏ ਸਨ। ਅਸੀਂ ਸਹਾਰਨਪੁਰ  (ਯੂ. ਪੀ.) ਨੂੰ ਚੜ੍ਹ ਗਏ। ਸਹਾਰਨਪੁਰ, ਉਦੋਂ ਜਮੁਨਾ ਅਤੇ ਗੰਗਾ ਵਿਚਾਲੇ ਪੈਂਦੇ ਇਲਾਕਿਆਂ ਜੁਮਾਨਾ-ਗੰਗਾ ਦੁਆਬ ਦਾ ਪ੍ਰਸਿੱਧ ਨਗਰ ਸੀ। ਅਨੇਕਾਂ ਸ਼ਾਸਕਾਂ ਨੇ ਸਮੇਂ ਸਮੇਂ ਸਿਰ ਸਹਾਰਨਪੁਰ ਉੱਤੇ ਰਾਜ ਕੀਤਾ ਸੀ। ਜਿਨ੍ਹਾਂ ਵਿੱਚੋਂ ਨੰਦਾ, ਮੋਰੀਆ, ਸ਼ੂੰਗਾ, ਯੌਦੀਆ, ਕੁਸ਼ਨਾ, ਗੁਪਤ, ਯਸ਼ੋਧਰਮਨ, ਵਾਰਧਾਨਾ, ਮੁਖਾਰੀ, ਖਾਤਿਸ਼, ਨਟੋਲੀਏ, ਚੰਦੇਲ, ਮੁਕਤਾਪੀਧਾ, ਆਯੂਧਾਸ, ਗੁਜ਼ਰ-ਪਥੀਰਾ ਅਤੇ ਪਾਲਸ ਆਦਿ ਮੁਢਲੇ ਸਨ।

ਸੁਲਤਾਨ ਸ਼ਮਸ-ਉੱਦ-ਦੀਨ ਇਲਤੁਤਮਿਸ਼ (੧੨੧੧–੩੬) ਨੇ ਆਪਣੇ ਸ਼ਾਸਨਕਾਲ ਸਮੇਂ ਸਹਾਰਨਪੁਰ ਨੂੰ ਦਿੱਲੀ ਸਲਤਨਤ ਦਾ ਹਿੱਸਾ ਬਣਾ ਲਿਆ ਸੀ। ਉਸ ਵੇਲੇ ਇਹ ਘਣਾ ਜੰਗਲ ਹੁੰਦਾ ਸੀ ਤੇ ਪਾਉਨਧੋਹੀ, ਧਮੋਲਾ ਅਤੇ ਗੰਦਾ ਨਾਲਾ ਨਦੀਆਂ ਇੱਥੋਂ ਦੀ ਵਗਦੀਆਂ ਸਨ। ਦਿੱਲੀ ਦਾ ਸੁਲਤਾਨ ਮੁਹੰਮਦ ਬਿਨ ਤੁਗਲਕ (੧੩੨੫–੧੩੫੧)  ਜਦੋਂ ੧੩੪੦ ਵਿੱਚ ਉਤਰੀ ਦੋਆਬ ਦੇ ਸ਼ਿਵਾਲਿਕੀ ਰਾਜਿਆਂ ਦੀ ਬਗਾਵਤ ਦਬਾਉਣ ਨਿਕਲਿਆ ਤਾਂ ਉਸਨੂੰ ਕਿਸੇ ਨੇ ਪਾਉਨਧੋਹੀ ਨਦੀ ਕੰਢੇ ਰਹਿੰਦੇ ਸੂਫੀ ਸੰਤ ਸ਼ਾਹ ਹਰੂਨ ਚਿਸ਼ਤੀ ਬਾਰੇ ਦੱਸਿਆ ਸੀ। ਤੁਗਲਕ ਸੰਤ ਦਾ ਅਸ਼ਿਰਵਾਦ ਲੈਣ ਉਸਦੇ ਡੇਰੇ ਵਿੱਚ ਗਿਆ ਤੇ ਸੰਤ ਦੀਆਂ ਦਿੱਤੀਆਂ ਅਸੀਸਾਂ ਤੋਂ ਖੁਸ਼ ਹੋ ਕੇ ਤੁਗਲਕ ਇਸ ਜਗ੍ਹਾ ਦਾ ਨਾਮ ਸ਼ਾਹ ਹਰੂਨਪੁਰ ਰੱਖ ਦਿੱਤਾ ਸੀ। ਸੰਤ ਸ਼ਾਹ ਹਰੂਨ ਚਿਸ਼ਤੀ ਦਾ ਮਕਬਰਾ ਸਹਾਰਨਪੁਰ ਦੇ ਦੀਨਾਨਾਥ ਬਜ਼ਾਰ ਅਤੇ ਹਲਵਾਈ ਹਾਤਾ ਵਿਚਕਾਰ ਬਣਿਆ ਹੋਇਆ ਸੀ। 

ਚੌਦਵੀ ਸਦੀ ਵਿੱਚ ਦਿੱਲੀ ਸਲਤਨਤ ਦਾ ਖਾਤਮਾ ਕਰਨ ਲਈ ਤੈਮੂਰ (੧੩੩੬–੧੪੦੫)  ਨੇ ਚੜ੍ਹਾਈ ਕੀਤੀ ਤਾਂ ੧੩੯੯ ਵਿੱਚ ਉਸਦੀਆਂ ਫੌਜਾਂ ਸਹਾਰਨਪੁਰ ਵਿਖੇ ਅਰਾਮ ਕਰਕੇ ਅੱਗੇ ਦਿੱਲੀ ਵੱਲ ਵਧੀਆਂ ਸਨ। ਤੈਮੂਰ ਦਾ ਹਮਲਾ ਨਾਕਾਮ ਰਿਹਾ ਸੀ।  ਉਸ ਤੋਂ ਮਗਰੋਂ ਚੌਦਵੀ ਸਦੀ ਵਿੱਚ ਤੈਮੂਰ ਅਤੇ ਚੰਗੇਜ਼ ਖਾਨ ਦੇ ਵੰਸ਼ਜ਼ ਮੁਗਲ ਬਾਦਸ਼ਾਹ ਬਾਬਰ (੧੪੮੩–੧੫੩੧) ਨੇ ਕਾਬੁਲ ਤੋਂ ਦਰਾ-ਏ-ਖਹਿਬਰ ਰਾਹੀਂ ਆ ਕੇ ਪਾਨੀਪਤ ਦੇ ਮੈਦਾਨ ਵਿੱਚ ਇਬਰਾਇਹਮ ਲੋਧੀ ਨੂੰ ਹਰਾ ਕੇ ਦਿੱਲੀ ਦਾ ਤਖਤ ਹਾਸਿਲ ਕੀਤਾ ਸੀ। ਅਕਬਰ ਦੇ ਸਮੇਂ ਸਹਾਰਪੁਰ ਦਿੱਲੀ ਦਰਬਾਰ ਦੇ ਸਾਰੇ ਪਰਗਣਿਆਂ ਦਾ ਪ੍ਰਸਾਸਨਿਕ ਕੇਂਦਰ ਹੁੰਦਾ ਸੀ। ਅਕਬਰ ਨੇ ਸਹਾਰਨਪੁਰ ਦੀ ਸਾਰੀ ਜਾਗੀਰ ਆਪਣੇ ਜੈਨੀ ਖਜ਼ਾਨਚੀ ਸ਼ਾਹ ਰਣਬੀਰ ਸਿੰਘ ਨੂੰ ਬਖਸ਼ ਦਿੱਤੀ ਸੀ। ਸ਼ਾਹ ਰਣਬੀਰ ਸਿੰਘ ਅਗਰਵਾਲ ਨੇ ਇਸ ਸ਼ਹਿਰ ਦੀ ਨੀਂਹ ਰੱਖ ਕੇ ਪੁਨਰ ਉਸਾਰੀ ਕੀਤੀ ਸੀ। ਉਸ ਨੇ ਸ਼ਹਿਰ ਵਿੱਚ ਕਿਲ੍ਹਾ ਬਣਵਾ ਕੇ ਸਾਰੇ ਸ਼ਹਿਰ ਦੇ ਇਰਦ-ਗਿਰਦ ਇੱਕ ਵੱਡੀ ਤੇ ਮਜ਼ਬੂਤ ਫਸੀਲ ਬਣਵਾ ਕੇ ਉਸ ਨੂੰ ਚਾਰ ਦਰਵਾਜ਼ੇ ਲਗਵਾਏ ਸਨ। ਚਾਰਾਂ ਦਰਵਾਜ਼ਿਆਂ ਦੇ ਨਾਮ ਉਸ ਨੇ ਸਰਾਂ ਦਰਵਾਜ਼ਾ, ਮਾਲੀ ਦਰਵਾਜ਼ਾ, ਬੂਰੀਆ ਦਰਵਾਜ਼ਾ ਅਤੇ ਲੱਖੀ ਦਰਵਾਜ਼ਾ ਰੱਖੇ ਸਨ। ਸ਼ਹਿਰ ਨੂੰ ਉਸ ਨੇ ਨਕਸ਼ਾ ਬਜ਼ਾਰ, ਸ਼ਾਹ ਬਹਿਲੋਲ, ਰਾਣੀ ਬਜ਼ਾਰ ਅਤੇ ਲੱਖੀ ਦਰਵਾਜ਼ੇ ਆਦਿਕ ਖੇਤਰਾਂ ਵਿੱਚ ਵੰਡ ਦਿੱਤਾ ਗਿਆ ਸੀ। 

ਸ਼ਾਹ ਜਹਾਨ ਨੇ ਸਰਾਵਤ ਨੂੰ ਆਪਾ ਪਰਸ਼ਾਸਨਿਕ ਪਰਗਣਾ ਬਣਾ ਕੇ ਸਇਯਦਾਂ ਨੂੰ ਦੇ ਦਿੱਤਾ ਸੀ। ਸ਼ਾਹ ਜਹਾਨ ਦੇ ਸਯੀਅਦ ਅਧਿਕਾਰੀ ਨੇ ੧੬੩੩  ਆਪਣੇ ਪਿਤਾ ਸਇਅਦ ਮੁਜ਼ੱਫਰ ਅਲੀ ਖਾਨ ਦੇ ਨਾਮ 'ਤੇ ਮੁਜ਼ੱਫਰਨਗਾਰ, ਸਹਾਰਨਪੁਰ ਕੋਲ ਵਸਾਇਆ ਸੀ। ਨਾਦਰ ਸ਼ਾਹ ਦੇ ੧੭੩੯ ਵਿੱਚ ਕੀਤੇ ਹਮਲੇ ਤੱਕ ਸਇਅਦਾਂ ਨੇ ਸਹਾਰਨਪੁਰ 'ਤੇ ਆਸ-ਪਾਸ ਦੇ ਖੇਤਰਾਂ ਉੱਪਰ ਆਪਣੀ ਹਕੂਮਤ ਕੀਤੀ ਸੀ। ਉਸ ਤੋਂ ਉਪਰੰਤ ਰਾਜਪੂਤ, ਤਿਆਗੀ, ਜੱਟ ਅਤੇ ਰੋਹੀਲੇ ਪਠਾਨ ਇੱਥੇ ਕਾਬਜ਼ ਹੋਏ।

ਸਹਾਰਨਪੁਰ ਵੀ ਉਸ ਵੇਲੇ ਦਿੱਲੀ, ਸਰਹਿੰਦ ਤੇ ਹਿਸਾਰ-ਫ਼ੀਰੋਜ਼ਾ ਵਾਂਗ ਇੱਕ ਵੱਡਾ ਸੂਬਾ ਸੀ। ਇਸ ਦੇ ੨੮ ਪਰਗਣੇ ਸਨ। ਸਹਾਰਨਪੁਰ ਕੱਟੜ ਮੁਸਲਮਾਨਾਂ ਦਾ ਇੱਕ ਤਕੜਾ ਗੜ੍ਹ ਸੀ। ਸਹਾਰਨਪੁਰ ਦਾ ਫ਼ੌਜਦਾਰ ਸਈਅਦ ਅਲੀ ਮੁਹੰਮਦ ਹਾਮਿਦ ਖ਼ਾਨ ਕਨੌਜੀ ਸੀ। ਮੈਂ ਫੌਜਦਾਰ ਨੂੰ ਪਹਿਲਾਂ ਹੀ ਪੈਗ਼ਾਮ ਭੇਜ ਦਿੱਤਾ ਕਿ ਉਹ ਸਿੱਖ ਫ਼ੌਜਾਂ ਦੀ ਸਿਰਦਾਰੀ ਮੰਨ ਲਵੇ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਉਹ ਸਿੱਖਾਂ ਤੋਂ ਬੁਰੀ ਤਰ੍ਹਾਂ ਡਰ ਗਿਆ ਤੇ ਸ਼ਹਿਰ ਤੋਂ ਦੌੜ ਜਾਣ ਦੀ ਤਿਆਰੀ ਕਰਨ ਲਗ ਪਿਆ ਸੀ। ਸ਼ਹਿਰ ਦੇ ਅਮੀਰਾਂ-ਵਜ਼ੀਰਾਂ ਨੇ ਉਸ ਨੂੰ ਭਾਰੀ ਮਦਦ ਦੇਣ ਦਾ ਯਕੀਨ ਦਿਵਾਇਆ ਤੇ ਕਿਹਾ ਸੀ ਕਿ ਤਕੜਾ ਹੋ ਕੇ ਉਹ ਸ਼ਹਿਰ ਦੀ ਰਾਖੀ ਕਰਨ ਦੇ ਪ੍ਰਬੰਧ ਪੱਕੇ ਕਰੇ।  ਪਰ ਉਹ ਏਨਾ ਦਹਿਲ ਗਿਆ ਸੀ ਕਿ ਡਰਦਾ ਹੋਇਆ ਰਾਤ ਨੂੰ ਸਿੰਘਾਂ ਦੇ ਜਮੁਨਾ ਟੱਪ ਆਉਂਣ ਦੀ ਖ਼ਬਰ ਸੁਣ ਕੇ ਆਪਣੇ ਪੁੱਤਰ ਦੀਨਦਾਰ ਅਲੀ ਖ਼ਾਨ (ਜੋ ਆਪ ਫ਼ੌਜ ਦਾ ਵੱਡਾ ਅਫ਼ਸਰ ਸੀ) ਸਮੇਤ ਆਪਣਾ ਟੱਬਰ ਅਤੇ ਧਨ-ਦੌਲਤ ਲੈ ਕੇ ਦਿੱਲੀ ਨੂੰ ਦੌੜ ਗਿਆ ਸੀ। ਉਸ ਦੇ ਜਾਣ ਪਿੱਛੋਂ ਅਮੀਰਾਂ-ਵਜ਼ੀਰਾਂ ਤੇ ਕੁਝ ਤੁਅਸਬੀ ਮੁਸਲਮਾਨਾਂ ਨੇ ਕੁਝ ਫ਼ੌਜ ਇਕੱਠੀ ਕਰ ਕੇ ਸਿੱਖਾਂ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸ਼ਹਿਰ ਦੀ ਚਾਰਦੀਵਾਰੀ ਨੂੰ ਵੀ ਤਗੜਿਆਂ ਕਰ ਲਿਆ। ਜਦੋਂ ਸਿੱਖ ਫ਼ੌਜਾਂ ਨੇ ਹਮਲਾ ਕੀਤਾ ਤਾਂ ਇਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਤੋਂ ਖ਼ੂਬ ਗੋਲਾਬਾਰੀ ਕੀਤੀ ਅਤੇ ਤੀਰਾਂ ਦਾ ਮੀਂਹ ਵਰ੍ਹਾਇਆ। ਪਰ ਉਹ ਸਾਰੇ ਮਿਲ ਕੇ ਵੀ ਸਿੱਖਾਂ ਦੇ ਜ਼ੋਰਦਾਰ ਹੱਲੇ ਦਾ ਮੁਕਬਲਾ ਨਾ ਕਰ ਸਕੇ ਤੇ ਛੇਤੀ ਹੀ ਸਹਾਰਨਪੁਰ 'ਤੇ ਵੀ ਸਿੱਖਾਂ ਨੇ ਕਬਜ਼ਾ ਕਰ ਲਿਆ ਸੀ। 

ਦਿਨ ਰਾਤ ਅਸੀਂ ਸਹਾਰਨਪੁਰ ਸ਼ਹਿਰ ਨੂੰ ਲੁੱਟਦੇ ਰਹੇ ਸੀ। ਸ਼ਹਿਰ ਦੇ ਲੋਕਾਂ ਨੇ ਸਾਡੀ ਆਸ ਨਾਲੋਂ ਕਿਤੇ ਵੱਧ ਸਿਰਮਾਇਆ ਜਮ੍ਹਾ ਕਰ ਰੱਖਿਆ ਸੀ। ਜਮੁਨਾ ਪਾਰ ਦੇ ਇਲਾਕੇ ਵਿੱਚ ਚੋਖੀ ਵਸੋਂ ਗੁੱਜਰਾਂ ਦੀ ਸੀ, ਜੋ ਹਰ ਸਮੇਂ ਲੁੱਟ ਮਾਰ ਦੀ ਤਾਕ ਵਿੱਚ ਰਹਿੰਦੇ ਸਨ। ਹਲ-ਵਾਹਕ ਹੋਣ ਕਰਕੇ ਇਹ ਸਰਕਾਰੀ ਕਰਮਚਾਰੀ ਤੋਂ ਅੱਕ ਕੇ ਆਪਣੀ ਗੁਜ਼ਰ-ਵਸਰ ਲਈ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਿਆ ਕਰਦੇ ਸਨ। ਮੌਕੇ ਦਾ ਫਾਇਦਾ ਉਠਾਉਣ ਲਈ ਕੁਝ ਗੁੱਜਰ ਹਿੰਦੂ ਲੁਟੇਰੇ ਵੀ ਸਾਡੀ ਫੌਜ ਵਿੱਚ ਰਲ ਕੇ ਲੁੱਟਮਾਰ ਕਰਨ ਲੱਗ ਪਏ ਸਨ। ਜਦੋਂ ਮੈਨੂੰ ਉਨ੍ਹਾਂ ਬਾਰੇ ਪਤਾ ਲੱਗਿਆ ਤਾਂ ਮੈਂ ਉਨ੍ਹਾਂ ਨੂੰ ਖ਼ੂਬ ਲਾਅਨਤਾਂ ਪਾਈਆਂ ਤੇ ਉੱਥੋਂ ਭਜਾ ਦਿੱਤਾ। 

ਇਸ ਸ਼ਹਿਰ ਵਿੱਚ ਬਹੁਤੀ ਆਬਾਦੀ ਮੁਸਲਮਾਨਾਂ ਦੀ ਸੀ ਤੇ ਉਹ ਗ਼ੈਰ-ਮੁਸਲਮਾਨਾਂ ਨਾਲ ਧੱਕਾ ਕਰਦੇ ਰਹਿੰਦੇ ਸਨ। ਇਸ ਕਰ ਕੇ ਸਹਾਰਨਪੁਰ 'ਤੇ ਸਿੱਖਾਂ ਦਾ ਕਬਜ਼ਾ ਹੋਣ ਮਗਰੋਂ ਗ਼ੈਰ-ਮੁਸਲਮਾਨਾਂ ਨੇ ਬੜੀ ਰਾਹਤ ਮਹਿਸੂਸ ਕੀਤੀ ਸੀ। ਸਿੱਖਾਂ ਦੀ ਜਿੱਤ ਮਗਰੋਂ ਬਹੁਤ ਸਾਰੇ ਅਮੀਰ ਮੁਸਲਮਾਨ ਗੁਜ਼ਰਾਂ ਦੀ ਲੁੱਟਮਾਰ ਤੋਂ ਡਰਦੇ ਆਪਣਾ ਬਚਦਾ-ਖੁਚਦਾ ਮਾਲ-ਮੱਤਾ ਘੋੜਿਆਂ 'ਤੇ ਲੱਦ ਕੇ ਸਹਾਰਨਪੁਰ ਛੱਡ ਕੇ ਦਿੱਲੀ ਚਲੇ ਗਏ ਸਨ। ਕਈ ਜਨਾਨੀਆਂ ਜਿਨ੍ਹਾਂ ਨੇ ਕਦੇ ਆਪਣੇ ਵਿਹੜਿਆਂ ਵਿੱਚੋਂ ਪੈਰ ਬਾਹਰ ਨਹੀਂ ਸੀ ਰੱਖ ਕੇ ਦੇਖਿਆ। ਉਹ ਆਪਣੇ ਨਿਆਣੇ ਕੁੱਛੜ ਚੁੱਕੀ ਪੈਦਲ ਦਿੱਲੀ ਵੱਲ ਭੱਜੀਆਂ ਸਨ। ਸਾਰੇ ਸ਼ਹਿਰ ਵਿੱਚ ਤੋਹਲਕਾ ਮੱਚ ਗਿਆ ਸੀ। ਛੇਤੀ ਹੀ ਸਹਾਰਨਪੁਰ ਦਾ ਕਾਫ਼ੀ ਇਲਾਕਾ ਖ਼ਾਲੀ ਹੋ ਗਿਆ। ਸਿੱਖਾਂ ਨੂੰ ਬਹੁਤ ਸਾਰਾ ਖਜ਼ਾਨਾ ਇੱਥੋਂ ਪ੍ਰਾਪਤ ਹੋਇਆ ਸੀ। ਸਹਾਰਨਪੁਰ ਸਾਡੇ ਲਈ ਭਾਗਾਂ ਵਾਲਾ ਸ਼ਹਿਰ ਹੋ ਨਿਬੜਿਆ ਸੀ। ਇਸ ਲਈ ਮੈਂ ਸਹਾਰਨਪੁਰ ਦਾ ਨਾਂ ਬਦਲ ਕੇ ਭਾਗਨਗਰ (ਭਾਗਾਂਵਾਲਾ ਨਗਰ) ਰੱਖ ਦਿੱਤਾ ਸੀ। ਮੈਂ ਆਪਣਾ ਡੇਰਾ ਸਹਾਰਨਪੁਰ ਵਿੱਚ ਹੀ ਜਮਾ ਲਿਆ ਸੀ।

ਜਦ ਸਹਾਰਨਪੁਰ ਦੇ ਫ਼ੌਜਦਾਰ ਅਲੀ ਮੁਹੰਮਦ ਖ਼ਾਨ ਦੇ ਸ਼ਹਿਰ ਛੱਡ ਕੇ ਭੱਜਣ ਦੀ ਖ਼ਬਰ ਦਿੱਲੀ ਦੇ ਫ਼ੌਜਦਾਰ ਨੂੰ ਮਿਲੀ ਤਾਂ ਉਸ ਨੇ ਉਸ ਨੂੰ 'ਬੁਜ਼ਦਿਲ' ਗਰਦਾਨ ਕੇ ਉਸ ਤੋਂ ਫ਼ੌਜਦਾਰੀ ਖੋਹ ਲਈ ਅਤੇ ਜਲਾਲ ਖ਼ਾਨ ਨੂੰ ਸੌਂਪ ਦਿੱਤੀ ਸੀ।

No comments:

Post a Comment