Monday, 26 December 2016

ਪੰਜਵਾਂ ਸਿੱਖੀ


ਦੱਖਣ ਦੇਸ਼, ਮਹਾਰਾਸ਼ਟਰ ਵਿੱਚ ਮੁਗਲਾਂ ਨੇ ਮਰਾਠਿਆਂ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਸੀ। ਰਾਜਪੁਤਾਨੇ ਦੇ ਬਹੁਤੇ ਰਾਜਪੂਤ ਲੜ ਨਾ ਸਕਣ ਕਾਰਨ ਮੁਗਲਾਂ ਅੱਗੇ ਝੁੱਕ ਗਏ ਸਨ। ਉਹ ਮੁਗਲ ਹਾਕਮਾਂ ਨਾਲ ਸੰਧੀਆਂ ਕਰਨ ਲਈ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਦੇਣ ਲੱਗ ਪਏ ਸਨ। ਪੰਜਾਬ ਵਿੱਚ ਵੀ ਨਾਨਕ ਪੰਥੀਆਂ ਦੇ ਮੁਗਲਾਂ ਨੇ ਪੈਰ ਨਹੀਂ ਲੱਗਣ ਦਿੱਤੇ ਸਨ। ੩੦ ਮਾਰਚ ੧੬੯੯ ਈ: ਦੀ ਵਿਸਾਖੀ ਨੂੰ ਸਿੱਖਾਂ ਦੇ ਦਸਵੇਂ ਨਾਨਕ, ਗੁਰੂ ਗੋਬਿੰਦ ਰਾਏ ਨੇ ਭਾਵੇਂ ਖਾਲਸਾ ਸਾਜ ਕੇ ਆਪਣਾ ਨਵਾਂ ਪੰਥ ਚਲਾ ਦਿੱਤਾ ਸੀ, ਪਰ ਭਾਰਤ ਦੇ ਬਹੁਤੇ ਲੋਕ ਅਜੇ ਵੀ ਉਨ੍ਹਾਂ ਨੂੰ ਸਿੱਖ ਦੀ ਬਜਾਏ ਨਾਨਕ ਪੂਜ ਜਾਂ ਨਾਨਕ ਪੰਥੀਏ ਹੀ ਸੱਦਦੇ ਸਨ। 



ਸਿੱਖ ਧਰਮ ਦਾ ਮੁੱਢ ਗੁਰੂ ਨਾਨਕ ਦੇਵ ਜੀ ਨੇ ਬੰਨਿਆ ਸੀ ਤੇ ਗੁਰੂ ਗੋਬਿੰਦ ਸਿੰਘ ਤੱਕ ਇਹ ਗੁਰੂ ਗੱਦੀ ਚੱਲਦੀ ਦਸਵੀਂ ਥਾਂ ਆ ਗਈ ਸੀ। ਇਹਨਾਂ ਦੱਸਾਂ ਗੱਦੀਨਸ਼ੀਨਾਂ ਵਿੱਚੋਂ ਅੱਠਾਂ ਨੇ ਗੁਰਆਈ ਹਾਸਿਲ ਕਰਕੇ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਿਆਂ ਭਗਤੀ ਦੇ ਰਾਹ ਚੁਣਿਆ ਸੀ। ਪਰੰਤੂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ ਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਤੋਂ ਸ਼ਸਤਰ ਅਤੇ ਘੋੜੇ ਭੇਟਾ ਕਰਵਾ ਕੇ ਆਪਣੀ ਇੱਕ ਫੌਜ ਤਿਆਰ ਕੀਤੀ ਸੀ। 

ਗੁਰੂ ਹਰਗੋਬਿੰਦ ਜੀ ਦੀ ਗੜਵਾਲ (ਸ਼੍ਰੀਨਗਰ) ਵਿਖੇ ਮੇਰੇ ਗੁਰੂ ਰਾਮਦਾਸ ਸਮਰੱਥ ਜੀ ਨਾਲ ਮੁਲਾਕਾਤ ਵੀ ਹੋਈ ਸੀ। ਮੇਰੇ ਗੁਰੂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਤੁਸੀਂ ਤਾਂ ਭਜਨ ਬੰਦਗੀ ਅਤੇ ਧਰਮ ਦਾ ਪ੍ਰਚਾਰ ਕਰਦੇ ਹੋ, ਫਿਰ ਇਹ ਸ਼ਸਤਰ ਅਤੇ ਸੈਨਿਕ ਕਿਉਂ ਰੱਖੇ ਹਨ? 

ਗੁਰੂ ਹਰਗੋਬਿੰਦ ਜੀ ਨੇ ਮੇਰੇ ਮੁਰਸ਼ਦ ਰਾਮਦਾਸ ਜੀ ਨੂੰ ਦੱਸਿਆ ਸੀ, "ਬਾਤਨ ਫਕੀਰੀ, ਜਾਹਿਰਾ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਲਈ ਹਨ।  ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ, ਮਾਇਆ ਤਿਆਗੀ ਥੀ।"

"ਯੇ ਬਾਤ ਹਮਾਰੇ ਮਨ ਬਾਬਤੀ।" ਆਖ ਕੇ ਰਾਮਦਾਸ ਹੱਸ ਪਏ ਸਨ।

ਗੁਰੂ ਹਰਗੋਬਿੰਦ ਜੀ ਤੋਂ ਉਪਰੰਤ ਉਨ੍ਹਾਂ ਦੇ ਪੋਤੇ ਅਤੇ ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਜੀ ਨੇ ਇਸ ਜਝਾਰੂ ਪਰੰਪਰਾ ਨੂੰ ਨਵੇਂ ਦਿੱਸਹੱਦੇ ਛੁਹਾਏ ਸਨ। ਗੁਰੂ ਗੋਬਿੰਦ ਸਿੰਘ ਦੇ ਪਿਤਾ ਨੂੰ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ ਸੀ। ਉਦੋਂ ਤੋਂ ਗੁਰੂ ਗੋਬਿੰਦ ਸਿੰਘ ਦਾ ਮੁਗਲ ਸਾਮਰਾਜ ਨਾਲ ਵੈਰ ਪੈ ਗਿਆ ਸੀ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਅਨੇਕਾਂ ਜੰਗਾਂ ਲੜੀਆਂ ਤੇ ਮੁਗਲਾਂ ਦੇ ਖਾਤਮੇ ਲਈ ਖਾਲਸਾ ਫੌਜ ਤਿਆਰ ਕੀਤੀ ਸੀ। ਲੇਕਿਨ ਚਮਕੌਰ ਦੀ ਜੰਗ ਉਪਰੰਤ ਉਨ੍ਹਾਂ ਨੂੰ ਭੇਸ ਬਦਲ ਕੇ ਨਿਕਲਣਾ ਪਿਆ ਸੀ। ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮਾਂ, ਮਾਤਾ ਗੁਜਰੀ ਅਤੇ ਛੋਟੇ ਸ਼ਹਿਬਜ਼ਾਦੇ ਅਨੰਦਪੁਰ ਛੱਡਣ ਸਮੇਂ ਸਰਸਾ ਨਦੀ ਪਾਰ ਕਰਦਿਆਂ ਹੜ੍ਹ ਆਉਣ ਕਾਰਨ ਵਿਛੜ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੇ ਰਸੋਈਏ ਗੰਗੂ ਬ੍ਰਹਾਮਣ ਦੀ ਮੁਖਬਰੀ ਨਾਲ ਸੂਬਾ ਸਰਹੰਦ ਨੇ ਫੜ ਕੇ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਸੀ। ਇਸ ਉਪਰੰਤ ਸਿੱਖਾਂ ਦਾ ਮੁਗਲਾਂ ਖਿਲਾਫ ਜੰਗ ਦਾ ਜੋਸ਼ ਵੀ ਮੱਠਾ ਪੈ ਗਿਆ ਸੀ।

੫੦ ਸਾਲ ਤਾਨਾਸ਼ਾਹੀ ਹਕੂਮਤ ਵਾਲੇ ਆਲਮਗੀਰ ਔਰੰਗਜ਼ੇਬ ਦੀ ਮੌਤ ੮੮ ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ੨੦ ਫਰਵਰੀ ੧੭੦੭ ਨੂੰ ਅਹਿਮਦ ਨਗਰ, ਮਹਾਰਾਸ਼ਟਰ ਵਿਖੇ ਮੌਤ ਹੋ ਗਈ ਸੀ। ਉਸਨੂੰ ਉਸਦੀ ਵਸੀਅਤ ਅਨੁਸਾਰ ਔਰੰਗਾਬਾਦ ਜ਼ਿਲ੍ਹੇ ਦੇ ਤਲਕਾ ਰੋਜ਼ਾ ਸ਼ਰੀਫ ਜਿਸਨੂੰ ਹੁਣ ਖੁਲਦਾਬਾਦ ਕਿਹਾ ਜਾਂਦਾ ਹੈ, ਵਿਖੇ ਲਿਆ ਕੇ ਦਫਨਾਇਆ ਗਿਆ ਸੀ। ਔਰੰਗਜ਼ੇਬ ਦੇ ਪੰਜ ਪੁੱਤਰ ਅਤੇ ਪੰਜ ਧੀਆਂ ਸਨ। ੧੨ ਅਗਸਤ ੧੬੮੧ ਨੂੰ ਔਰੰਗਜ਼ੇਬ ਨੇ ਆਪਣੇ ਵੱਡੇ ਪੁੱਤਰ ਆਜ਼ਮ ਸ਼ਾਹ ਨੂੰ ਆਪਣੀ ਰਾਜਗੱਦੀ ਦਾ ਵਾਰਿਸ ਸ਼ਾਹੀ ਅਲੀ ਜਾਹ ਐਲਾਨ ਦਿੱਤਾ ਸੀ। ਔਰੰਗਜ਼ੇਬ ਤੋਂ ਬਾਅਦ ਉਸਦਾ ਪੁੱਤਰ ਸ਼ਹਿਜ਼ਾਦਾ ਆਜ਼ਮ ਸ਼ਾਹ ਤਖਤ ਉੱਪਰ ਅਹਿਮਦ ਨਗਰ ਤੋਂ ੧੪ ਮਾਰਚ ੧੭੦੭ ਨੂੰ ਬੈਠਿਆ। ਇਸ ਉਪਰੰਤ ਆਜ਼ਮ ਸ਼ਾਹ ਦੇ ਸੌਤੇਲੇ ਭਰਾ ਸ਼ਹਿਜ਼ਾਦਾ ਸ਼ਾਹ ਆਲਮ ਨੇ ਬਗਾਵਤ ਕਰ ਦਿੱਤੀ ਤੇ ਜੱਜੂ (ਉਤਰ ਪ੍ਰਦੇਸ਼) ਵਿਖੇ ੮ ਜੂਨ ੧੭੦੭ ਨੂੰ ਆਜ਼ਮ ਸ਼ਾਹ ਅਤੇ ਉਸਦੇ ਤਿੰਨ ਪੁੱਤਰਾਂ ਸੁਲਤਾਨ ਬਿਦਰ ਬਖਤ, ਸ਼ਹਿਜ਼ਾਦਾ ਜਵਾਨ ਬਖਤ ਅਤੇ ਰਾਜਕੁਮਾਰ ਸਿਕੰਦਰ ਸ਼ਾਹ ਨੂੰ ਹਰਾ ਕੇ ਤਖਤ ਹਥਿਆ ਲਿਆ ਤੇ ਆਪ ੧੯ ਜੂਨ ੧੭੦੭ ਨੂੰ ੬੩ ਸਾਲ ਦੀ ਉਮਰ ਵਿੱਚ ਬਾਦਸ਼ਾਹ ਬਹਾਦਰ ਸ਼ਾਹ (ਪ੍ਰਥਮ) ਬਣ ਗਿਆ। ਤਖਤ ਉੱਪਰ ਬੈਠਦਿਆਂ ਹੀ ਬਹਾਦਰ ਸ਼ਾਹ ਰਾਜਪੂਤਾਨੇ ਹੁੰਦਾ ਹੋਇਆ ਦੱਖਣੀ ਤਾਕਤਾਂ ਨੂੰ ਦਬਾਉਣ ਨਿਕਲ ਪਿਆ ਸੀ ਤੇ ਨਾਦੇੜ ਮੇਰੇ ਡੇਰੇ ਕੋਲ ਆ ਉਸਨੇ ਕਿਆਮ ਕੀਤਾ ਸੀ।

ਆਜ਼ਮ ਸ਼ਾਹ ਨਾਲ ਹੋਈ ਬਹਾਦਰ ਸ਼ਾਹ ਦੀ ਜੰਗ ਵਿੱਚ ਸਿੱਖਾਂ ਨੇ ਵੀ ਬਹਾਦਰ ਸ਼ਾਹ ਦੀ ਮਦਦ ਕੀਤੀ ਸੀ। ਬਹਾਦਰ ਸ਼ਾਹ ਜਦੋਂ ਨਾਦੇੜ ਆਇਆ ਤਾਂ ਉਸਦੇ ਨਾਲ ਨਾਲ ਅਗਸਤ ੧੭੦੭ ਨੂੰ ਸਾਉਣ ਮਹੀਨੇ ਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਨਾਦੇੜ ਆ ਪਹੁੰਚੇ ਸਨ। ਮੇਰੇ ਮੱਠ ਦੇ ਨੇੜਲੇ ਜੰਗਲਾਂ ਵਿੱਚ ਸਿੱਖ ਆ ਕੇ ਸ਼ਿਕਾਰ ਖੇਡਣ ਅਤੇ ਯੁੱਧ ਕਲਾ ਦਾ ਅਭਿਆਸ ਕਰਨ ਲੱਗ ਪਏ ਸਨ। ਜਦੋਂ ਮੈਨੂੰ ਉਨ੍ਹਾਂ ਦੀਆਂ ਆਪਣੇ ਇਲਾਕੇ ਵਿੱਚ ਹੁੰਦੀਆਂ ਗਤੀਵਿਧੀਆਂ ਬਾਰੇ ਪਤਾ ਚੱਲਿਆ ਤਾਂ ਮੈਂ ਉਨ੍ਹਾਂ ਮਗਰ ਆਪਣੇ ਸੂਹੀਏ ਲਗਾ ਦਿੱਤੇ ਤਾਂ ਜੋ ਜਾਣ ਸਕਾਂ ਕਿ ਉਹ ਉੱਥੇ ਕਿਸ ਮਕਸਦ ਨਾਲ ਆਏ ਸਨ। ਉਸ ਸਮੇਂ ਬਹੁਤੇ ਲੋਕ ਮੈਨੂੰ ਮਰਾਠਾ ਫੌਜ ਦਾ ਭਗੌੜਾ ਪੇਸ਼ਵਾ ਸਮਝਦੇ ਸਨ। ਮੁਗਲ ਦਰਬਾਰ ਤੋਂ ਇਨਾਮ ਲੈਣ ਦੇ ਲਾਲਚ ਵਿੱਚ ਲੋਕਾਂ ਨੇ ਮੁਖਬਰੀ ਕਰਕੇ ਬਹੁਤ ਸਾਰੇ ਮਰਾਠੇ ਸਰਦਾਰ ਫੜਾ ਕੇ ਮਰਵਾਏ ਵੀ ਸਨ। ਮੇਰੀਆਂ ਵੀ ਕਈਆਂ ਨੇ ਸੂਹਾਂ ਲੈਣ ਦਾ ਯਤਨ ਕੀਤਾ ਸੀ, ਪਰ ਉਹ ਮੇਰੇ ਹੱਥੋਂ ਮਾਰੇ ਗਏ ਸਨ। 

ਉਸ ਸਮੇਂ ਮੇਰੇ ਡੇਰੇ ਦੇ ਕਰੀਬ ਹੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਢਾਈ ਤਿੰਨ ਸੌ ਸਿੱਖਾਂ ਨਾਲ ਤੰਬੂ ਲਾ ਕੇ ਪੜਾਅ ਕੀਤਾ ਹੋਇਆ ਸੀ। ਮੇਰੇ ਚੇਲਿਆਂ ਨੇ ਸਾਰੀ ਖਬਰ ਜਦ ਮੈਨੂੰ ਆ ਕੇ ਦੱਸੀ ਤਾਂ ਮੈਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਸੀ। ਜਿਹੜੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਦੇ ਪਿਤਾ ਦਾ ਕਤਲ ਕਰਵਾਇਆ ਸੀ, ਗੁਰੂ ਗੋਬਿੰਦ ਸਿੰਘ ਉਸੇ ਦੇ ਪੁੱਤਰ ਬਹਾਦਰ ਸ਼ਾਹ ਨੂੰ ਦੱਖਣੀ ਤਾਕਤਾਂ ਦਾ ਵਿਦਰੋਹ ਦਬਾਉਣ ਵਿੱਚ ਸਹਿਯੋਗ ਦੇਣ ਨਾਦੇੜ ਆਏ ਹੋਏ ਸਨ। ਇਸ ਤੋਂ ਮੈਂ ਸਮਝ ਗਿਆ ਸੀ ਕਿ ਮਰਾਠੇ ਅਤੇ ਰਾਜਪੂਤਾਂ ਵਾਂਗ ਸਿੱਖਾਂ ਨੂੰ ਵੀ ਮੁਗਲ ਹਕੁਮਤ ਨੇ ਦੱਬ ਲਿਆ ਸੀ। ਬਹਾਦਰ ਸ਼ਾਹ ਦੱਖਣ ਦੇ ਸਰਦਾਰਾਂ ਤੋਂ ਨਜ਼ਰਾਨੇ ਲੈ ਕੇ ਅਗਾਂਹ ਚਲਾ ਗਿਆ। ਪਰ ਗੁਰੂ ਗੋਬਿੰਦ ਸਿੰਘ ਉੱਥੇ ਹੀ ਰੁੱਕੇ ਰਹੇ ਸਨ।

ਬਾਦਸ਼ਾਹ ਦੇ ਚਲੇ ਜਾਣ ਬਾਅਦ ਮੈਂ ਸਿੱਖਾਂ ਵੱਲੋਂ ਆਪਣਾ ਧਿਆਨ ਹਟਾ ਕੇ ਆਪਣੀ ਜ਼ਿੰਦਗੀ ਵਿੱਚ ਹੀ ਮਸਤ ਰਹਿਣ ਲੱਗ ਪਿਆ ਸੀ। ਸਿੱਖ ਜੰਗਲ ਵਿੱਚ ਸ਼ਿਕਾਰ ਖੇਡਦੇ ਤੇ ਰਾਹ ਖਹਿੜੇ ਮੈਨੂੰ ਅਤੇ ਮੇਰੇ ਚੇਲਿਆਂ ਨੂੰ ਟੱਕਰਦੇ ਰਹਿੰਦੇ ਸਨ। ਮੈਨੂੰ ਸਿੱਖਾਂ ਅਤੇ ਉਨ੍ਹਾਂ ਦੇ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਵਾਰਿਸ ਗੁਰੂ ਬਾਰੇ ਕਾਫੀ ਕੁਝ ਪਤਾ ਲੱਗਦਾ ਰਹਿੰਦਾ ਸੀ। ਸਿੱਖਾਂ ਤੋਂ ਸੁਣ ਕੇ ਮੇਰੇ ਚੇਲੇ ਆ ਕੇ ਮੈਨੂੰ ਉਨ੍ਹਾਂ ਦੀਆਂ ਗੱਲਾਂ ਦੱਸ ਦਿੰਦੇ ਸਨ।

ਛੇ ਕੁ ਮਹੀਨੇ ਬਾਅਦ ਦੋ ਸਿੱਖ, ਧਰਮ ਸਿੰਘ ਅਤੇ ਦਇਆ ਸਿੰਘ ਮੇਰੇ ਡੇਰੇ ਵਿੱਚ ਆਏ ਤੇ ਕਹਿਣ ਲੱਗੇ ਕਿ ਸਾਡੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਤੁਹਾਨੂੰ ਮਿਲਣਾ ਚਾਹੁੰਦੇ ਹਨ। 

"ਕਿਉਂ? ਉਹਨਾਂ ਨੂੰ ਕੀ ਕੰਮ ਹੈ?" ਮੈਂ ਬੇਰੁਖੀ ਨਾਲ ਪੁੱਛਿਆ ਸੀ।

"ਉਹ ਤੁਹਾਡੇ ਨਾਲ ਮਿੱਤਰਤਾ ਕਰਨੀ ਚਾਹੁੰਦੇ ਹਨ।" 

ਧਰਮ ਸਿੰਘ ਦੇ ਮੂੰਹੋਂ ਇਹ ਸੁਣ ਕੇ ਮੇਰੇ ਕੰਨ ਖੜੇ ਹੋ ਗਏ ਸਨ। ਮੇਰੇ ਵੱਲ ਮਿੱਤਰਤਾ ਦਾ ਹੱਥ ਵਧਾਉਣ ਵਿੱਚ ਸਿੱਖਾਂ ਦੇ ਗੁਰੂ ਦੀ ਕੋਈ ਚਾਲ ਵੀ ਹੋ ਸਕਦੀ ਸੀ। ਹੋ ਸਕਦੈ ਸਿੱਖ ਗੁਰੂ ਮੈਨੂੰ ਮਰਾਠਿਆਂ ਵਿਰੁੱਧ ਵਰਤਣਾ ਚਾਹੁੰਦਾ ਹੋਵੇ? ਜਾਂ ਗ੍ਰਿਫਤਾਰ ਕਰਵਾਉਣਾ ਚਾਹੁੰਦਾ ਹੋਵੇ? ਲੋਕ ਤਾਂ ਮੈਨੂੰ ਭਗੌੜਾ ਪੇਸ਼ਵਾ ਹੀ ਸਮਝਦੇ ਸਨ। ਇਹ ਵੀ ਹੋ ਸਕਦਾ ਦੀ ਕਿ ਸਿੱਖਾਂ ਦਾ ਪੰਜਾਬ ਚੋਂ ਉਜੜ ਕੇ ਆਇਆ ਗੁਰੂ ਮੈਨੂੰ ਮਾਰ ਕੇ ਜਾਂ ਮਰਵਾ ਕੇ ਮੇਰੇ ਡੇਰੇ ਉੱਪਰ ਕਾਬਜ਼ ਹੋਣਾ ਚਾਹੁੰਦਾ ਹੋਵੇ? ਅਨੇਕਾਂ ਸਵਾਲ ਅਤੇ ਸ਼ੰਕੇ ਮੇਰੇ ਜ਼ਿਹਨ ਵਿੱਚ ਮੰਡਰਾਉਣ ਲੱਗ ਪਏ ਸਨ। ਲੇਕਿਨ ਉਨ੍ਹਾਂ ਦੋਨਾਂ ਸਿੱਖਾਂ ਨੂੰ ਮੈਂ ਕੁਝ ਵੀ ਜਾਹਿਰ ਨਾ ਹੋਣ ਦਿੱਤਾ ਕਿ ਉਸ ਸਮੇਂ ਮੇਰੇ ਅੰਦਰ ਕੀ ਵਿਚਾਰ ਚੱਲਦੇ ਸਨ। ਮੈਂ ਸਿੱਖਾਂ ਦੇ ਗੁਰੂ ਦੇ ਏਲਚੀਆਂ ਨੂੰ ਕਿਹਾ ਸੀ, "ਮੈਂ ਗੋਰਖਨਾਥ ਦਾ ਭਗਤ, ਇੱਕ ਬੈਰਾਗੀ ਨਾਥ ਜੋਗੀ ਹਾਂ। ਮੇਰਾ ਸਿੱਖਾਂ ਦੇ ਗੁਰੂ ਨਾਲ ਕੋਈ ਸਰੋਕਾਰ ਨਹੀਂ ਹੈ। ਤੁਸੀਂ ਮਾਸ ਖਾਂਦੇ ਹੋ ਤੇ ਮੈਂ ਵੈਸ਼ਨਵ ਸਾਧ ਹਾਂ। ਮੈਂ ਤੁਹਾਡੇ ਗੁਰੂ ਨਾਲ ਦੋਸਤੀ ਕਿਵੇਂ ਕਰ ਸਕਦਾ ਹਾਂ? ਫੇਰ ਵੀ ਤੁਹਾਡਾ ਗੁਰੂ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਜੀਅ ਸਦਕੇ ਜਦੋਂ ਮਰਜ਼ੀ ਆ ਕੇ ਮਿਲ ਲਵੇ।" 

ਉਹ ਚਲੇ ਗਏ ਤੇ ਮੈਂ ਥੋੜ੍ਹਾ ਸਤਰਕ ਹੋ ਗਿਆ ਸੀ। ਮੈਂ ਆਪਣੇ ਚੇਲਿਆਂ ਨੂੰ ਵੀ ਚੰਡ ਦਿੱਤਾ ਸੀ ਕਿ ਅਗਰ ਕੋਈ ਓਪਰਾ ਬੰਦਾ ਡੇਰੇ ਵਿੱਚ ਆਵੇ ਤਾਂ ਉਸ ਉੱਪਰ ਸਖਤ ਨਿਗਾਹ ਰੱਖੀ ਜਾਵੇ ਤੇ ਉਸਦਾ ਡੇਰੇ ਆਉਣ ਦਾ ਮਕਸਦ ਜਾਣਿਆ ਜਾਵੇ। ਲੋੜ੍ਹ ਪਏ ਤਾਂ ਉਸਦੀ ਤਲਾਸ਼ੀ ਵੀ ਲਈ ਜਾਵੇ।

ਹਫਤੇ ਕੁ ਬਾਅਦ ਦਸ ਬਾਰਾਂ ਹਥਿਆਰਬੰਦ ਘੋੜ ਸਵਾਰਾਂ ਨਾਲ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਆਏ ਤੇ ਕਿਤੇ ਇਕਾਂਤ ਵਿੱਚ ਗੋਸ਼ਟੀ ਕਰਨ ਦੀ ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ। ਮੈਂ ਉਨ੍ਹਾਂ ਨੂੰ ਗੋਦਾਵਰੀ ਨਦੀ ਦੇ ਕੋਲ ਲੈ ਗਿਆ। ਅਸੀਂ ਦੋਨੋਂ ਪੱਥਰਾਂ ਉੱਪਰ ਬੈਠ ਕੇ ਗੱਲਾਂ ਕਰਨ ਲੱਗੇ। 

ਗੁਰੂ ਗੋਬਿੰਦ ਸਿੰਘ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਦਾਦੂਵਾੜੇ ਦੇ ਮਹੰਤ ਜੈਤ ਰਾਮ ਤੋਂ ਮੇਰੇ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਨੇ ਮੇਰੇ ਬਾਰੇ ਮਹੰਤ ਦੇ ਮੂੰਹੋਂ ਬਹੁਤ ਕੁਝ ਸੁਣਿਆ ਸੀ। ਉੱਦਣ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਆਪਣੀ ਸਾਰੀ ਜੀਵਨ ਕਹਾਣੀ ਸੁਣਾਈ ਕਿ ਕਿਵੇਂ ਉਨ੍ਹਾਂ ਦੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ। ਆਨੰਦਪੁਰ ਦੇ ਕਿਲ੍ਹੇ ਨੂੰ ਛੱਡਣਾ, ਸਰਸਾ ਨਦੀ ਵਿੱਚ ਹੜ੍ਹ ਆਉਣ 'ਤੇ ਪਰਿਵਾਰ ਦਾ ਵਿਛੜਣਾ, ਭਗਾਣੀ ਦਾ ਯੁੱਧ, ਚਮਕੌਰ ਦੀ ਗੜ੍ਹੀ ਭੇਸ ਬਦਲ ਕੇ ਛੱਡਣੀ, ਮਾਛੀਵਾੜੇ ਦੇ ਜੰਗਲਾਂ ਵਿੱਚ ਪੋਹ ਦੇ ਮਹੀਨੇ ਸਰਦ ਰਾਤ ਕੱਟਣੀ, ਖਿਰਦਾਣੇ ਦੀ ਲੜਾਈ ਤੇ ਹੋਰ ਬਹੁਤ ਕੁਝ...। 

ਗੁਰੂ ਗੋਬਿੰਦ ਸਿੰਘ ਮੁਗਲਾਂ ਦੇ ਪੰਜੇ ਵਿੱਚੋਂ ਹਿੰਦੁਸਤਾਨ ਨੂੰ ਅਜ਼ਾਦ ਕਰਵਾਉਣਾ ਚਾਹੁੰਦੇ ਸਨ। ਸਭ ਤੋਂ ਪਹਿਲਾਂ ਉਹ ਆਪਣੇ ਜਾਨੀ ਦੁਸ਼ਮਣ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਸਜਾ ਦੇਣੀ ਚਾਹੁੰਦੇ ਸਨ ਤੇ ਇਸ ਕੰਮ ਵਿੱਚ ਮੇਰੀ ਸਹਾਇਤਾ ਚਾਹੁੰਦੇ ਸਨ। ਵਜ਼ੀਰ ਖਾਨ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ ਤੇ ਗੁਰੂ ਨਾਲ ਅਨੇਕਾਂ ਲੜਾਈਆਂ ਕਰਕੇ ਉਨ੍ਹਾਂ ਨੂੰ ਵਸੇ ਹੋਇਆਂ ਨੂੰ ਆਨੰਦਪੁਰ ਤੋਂ ਉਜਾੜਿਆ ਸੀ। 

ਬਹਾਦਰ ਸ਼ਾਹ ਨੇ ਆਪਣੀ ਬਗਾਵਤ ਸਮੇਂ ਬਹੁਤ ਸਾਰੇ ਹਿੰਦੂ ਰਾਜਿਆਂ, ਸਰਦਾਰਾਂ ਅਤੇ ਸਿੱਖਾਂ ਦੀ ਮਦਦ ਲਈ ਸੀ। ਮੁਗਲ ਦਰਬਾਰ ਵਿੱਚ ਭਾਈ ਨੰਦ ਲਾਲ ਗੋਆ ਇੱਕ ਉੱਚ ਆਹੁਦੇ ਦਾ ਅਧਿਕਾਰੀ ਸੀ ਤੇ ਉਹ ਗੁਰੂ ਘਰ ਦਾ ਪ੍ਰੇਮੀ ਵੀ ਸੀ। ਬਹਾਦਰ ਸ਼ਾਹ ਨੇ ਉਸਨੂੰ ਕਿਹਾ ਸੀ ਕਿ ਤੂੰ ਆਪਣੇ ਗੁਰੂ ਨੂੰ ਕਹਿ ਕਿ ਉਹ ਸਾਡੀ ਜੰਗ ਵਿੱਚ ਮਦਦ ਕਰੇ। ਅਸੀਂ ਉਸਦਾ ਬਾਦਸ਼ਾਹ ਬਣਨ ਬਾਅਦ ਖਿਆਲ ਰੱਖਾਂਗੇ। 

ਇਸ ਲਈ ਨੰਦ ਲਾਲ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਨੇ ਭਾਈ ਧਰਮ ਸਿੰਘ ਦੀ ਕਮਾਨ ਅਧੀਨ ਸੌ ਦੇ ਕਰੀਬ ਆਪਣੇ ਸਿੱਖ ਭੇਜ ਕੇ ਬਹਾਦਰ ਸ਼ਾਹ ਦੀ ਜੰਗੀ ਮਦਦ ਕੀਤੀ ਸੀ। ਜਿੱਤ ਉਪਰੰਤ ਬਾਦਸ਼ਾਹ ਨੇ ਦਰਬਾਰ ਵਿੱਚ ਬੁਲਾ ਕੇ ਗੁਰੂ ਗੋਬਿੰਦ ਸਿੰਘ ਨੂੰ ਖਿਲਤਾਂ ਅਤੇ ਇਨਾਮ ਦਿੱਤੇ ਸਨ। ਗੁਰੂ ਗੋਬਿੰਦ ਸਿੰਘ ਨੇ ਵਜ਼ੀਰ ਖਾਨ ਨੂੰ ਸਜਾ ਦੇਣ ਲਈ ਆਖਿਆ ਸੀ ਤਾਂ ਬਾਦਸ਼ਾਹ ਨੇ ਟਾਲ ਦਿੱਤਾ ਸੀ। ਫੇਰ ਦੱਖਣੀ ਬਗਾਵਤਾਂ ਨੂੰ ਦਬਾਉਣ ਤੁਰਿਆ ਤਾਂ ਗੁਰੂ ਆਪ ਉਸ ਦੀ ਸਹਾਇਤਾ ਕਰਨ ਉਸਦੇ ਨਾਲ ਇਸ ਆਸ ਵਿੱਚ ਆਏ ਸਨ ਕਿ ਸ਼ਾਇਦ ਉਹ ਵਜ਼ੀਰ ਖਾਨ ਨੂੰ ਸਜ਼ਾ ਦੇਣ ਵਿੱਚ ਉਨ੍ਹਾਂ ਦੀ ਮਦਦ ਕਰੇਗਾ। ਪਰ ਬਾਦਸ਼ਾਹ ਨੇ ਕੋਈ ਲੱਤ ਨਹੀਂ ਸੀ ਲਾਈ। ਬਹਾਦਰ ਸ਼ਾਹ ਨਾਦੇੜ ਤੋਂ ਨਜ਼ਰਾਨੇ ਲੈ ਕੇ ਅੱਗੇ ਚਲਾ ਗਿਆ ਸੀ ਤੇ ਬੇਆਸ ਹੋ ਕੇ ਗੁਰੂ ਨੇ ਉਸ ਤੋਂ ਪਾਸਾ ਵੱਟ ਲਿਆ ਸੀ। ਬਹਾਦਰ ਸ਼ਾਹ ਦੀ ਦਲੀਲ ਸੀ ਕਿ ਅਗਰ ਉਹ ਵਜ਼ੀਰ ਖਾਨ ਨੂੰ ਸਜਾ ਦਿੰਦਾ ਸੀ ਤਾਂ ਇਸ ਨਾਲ ਉਸਦੇ ਰਾਜ ਵਿੱਚ ਬਗਾਵਤ ਪੈਦਾ ਹੋ ਜਾਣੀ ਸੀ। ਹੋਰ ੭ ਨਾਮ

ਗੁਰੂ ਗੋਬਿੰਦ ਸਿੰਘ ਬਾਦਸ਼ਾਹ ਬਹਾਦਰ ਸ਼ਾਹ ਦਾ ਤਖਤਾ ਪਲਟਣ ਬਾਰੇ ਵੀ ਸੋਚਣ ਲੱਗ ਪਏ ਸਨ। ਇਸ ਕਾਰਜ ਲਈ ਉਹ ਰਾਜਪੁਤਾਨੇ ਵੀ ਗਏ ਸਨ। ਪਰ ਕਿਸੇ ਨੇ ਉਨ੍ਹਾਂ ਨੂੰ ਤਸੱਲੀਬਖਸ਼ ਹੁੰਗਾਰਾ ਨਹੀਂ ਸੀ ਦਿੱਤਾ।

ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਵਿਚਾਰ ਕੇ ਮੈਂ ਜੁਆਬ ਦਿੱਤਾ ਸੀ, "ਮੁਆਫ ਕਰਨਾ। ਇਸ ਵਿੱਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਨਾ ਹੀ ਮੇਰੇ ਕੋਲ ਚੇਲਿਆਂ ਦੀ ਐਨੀ ਫੌਜ ਹੈ ਕਿ ਮੈਂ ਬਾਦਸ਼ਾਹ ਨਾਲ ਟੱਕਰ ਲੈ ਸਕਾਂ ਤੇ ਨਾ ਹੀ ਤੁਹਾਡੇ ਕੋਲ ਵਸੀਲੇ ਹਨ। ਜੰਗਾਂ ਲੜਣ ਲਈ ਹਥਿਆਰ, ਹਾਥੀ, ਘੋੜੇ ਤੇ ਬਹੁਤ ਸਾਰੀ ਫੌਜ ਦੀ ਲੋੜ੍ਹ ਹੁੰਦੀ ਹੈ। ਜੰਗੀ ਸਮਾਨ ਇਕੱਠਾ ਕਰਨ ਲਈ ਧਨ ਦੀ ਜ਼ਰੂਰਤ ਪੈਂਦੀ ਹੈ। ਤੁਹਾਡੇ ਕੋਲ ਦਾਨ ਅਤੇ ਭੇਟਾ ਤੋਂ ਸਿਵਾਏ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ। ਖੈਰਾਤਾਂ ਜਾਂ ਨਜ਼ਰਾਨਿਆਂ ਨਾਲ ਯੁੱਧ ਨਹੀਂ ਲੜੇ ਜਾ ਸਕਦੇ। ਵੈਸੇ ਵੀ ਇਹ ਤੁਹਾਡੀ ਨਿੱਜੀ ਦੁਸ਼ਮਣੀ ਹੈ। ਤੁਸੀਂ ਇਸ ਨਾਲ ਆਪ ਹੀ ਨਜਿੱਠੋ। ਮੈਨੂੰ ਇਸ ਅੱਗ ਵਿੱਚ ਕਿਉਂ ਝੋਕਦੇ ਹੋ?"

"ਅਸੀਂ ਮੁਗਲਾਂ ਖਿਲਾਫ ਜੰਗ ਮਨੁੱਖਤਾ ਦੀ ਭਲਾਈ ਲਈ ਵਿੱਢੀ ਹੈ, ਕਿਸੇ ਜਾਤੀ ਮੁਫਾਦ ਲਈ ਨਹੀਂ। ਅਸੀਂ ਤਾਂ ਮਹਿਜ਼ ਇਸ ਸ਼ੁਭ ਕਾਰਜ ਵਿੱਚ ਤੁਹਾਡਾ ਯੋਗਦਾਨ ਪਵਾਉਣਾ ਚਾਹੁੰਦੇ ਹਾਂ।"

ਗੁਰੂ ਗੋਬਿੰਦ ਸਿੰਘ ਦੀ ਇਹ ਦਲੀਲ ਸੁਣ ਕੇ ਮੈਂ ਜੁਆਬ ਦਿੱਤਾ ਸੀ, "ਮੈਂ ਆਪਣੀ ਸਮਰਥਾ ਮੁਤਾਬਿਕ ਲੋਕ ਹਿੱਤਾਂ ਤੇ ਜਨ-ਕਲਿਆਣ ਲਈ ਹਰ ਸੰਭਵ ਕਾਰਜ ਕਰੀ ਜਾ ਰਿਹਾ ਹਾਂ। ਮੈਂ ਕਿਸੇ ਹੋਰ ਮਾਮਲੇ ਵਿੱਚ ਉਲਝ ਕੇ ਆਪਣੀ ਜ਼ਿੰਦਗੀ ਦੁਸ਼ਵਾਰ ਨਹੀਂ ਬਣਾਉਣੀ ਚਾਹੁੰਦਾ।"

ਮੇਰਾ ਜੁਆਬ ਸੁਣ ਕੇ ਗੁਰੂ ਗੋਬਿੰਦ ਸਿੰਘ ਮਾਯੂਸ ਹੋ ਕੇ ਜਾਣ ਲੱਗੇ ਬੋਲੇ, "ਕੋਈ ਗੱਲ ਨਹੀਂ। ਇੱਕ ਵਾਰ ਫਿਰ ਸੋਚ ਲੈਣਾ।"

ਮੈਂ ਤਾਂ ਸੋਚੀ ਬੈਠਾ ਸੀ। ਮੇਰੇ ਕੋਲ ਮੇਰਾ ਡੇਰਾ ਸੀ, ਜਿੱਥੇ ਮੈਂ ਸੁੱਖੀ ਵਸ ਰਿਹਾ ਸੀ। ਮੇਰੀ ਅੱਛੀ ਖਾਸੀ ਮਹਿਮਾ ਸੀ ਤੇ ਕਾਫੀ ਸਾਰੇ ਇੱਜ਼ਤ ਮਾਣ ਕਰਨ ਵਾਲੇ ਚੇਲੇ ਵੀ ਸਨ। ਗੁਰੂ ਗੋਬਿੰਦ ਸਿੰਘ ਦਾ ਅਗਰ ਮੈਂ ਸਾਥ ਦਿੰਦਾ ਸੀ ਤਾਂ ਉਸ ਵਿੱਚ ਮੇਰਾ ਹੀ ਨੁਕਸਾਨ ਸੀ। ਮੈਨੂੰ ਪੰਜਾਬ ਨਾਲ ਕੋਈ ਲਗਾਉ ਨਹੀਂ ਸੀ ਤੇ ਨਾ ਹੀ ਮੈਂ ਬਹੁਤਾ ਪੰਜਾਬ ਜਾਂ ਪੰਜਾਬੀਆਂ ਬਾਰੇ ਜਾਣਦਾ ਸੀ। ਜਿਹੜੇ ਲੋਕਾਂ ਦਾ ਮੇਰੇ ਜੀਵਨ ਨਾਲ ਕੋਈ ਸਰੋਕਾਰ ਨਹੀਂ ਸੀ, ਉਹਨਾਂ ਲਈ ਆਪਣੀ ਗਰਦਨ ਤਲਵਾਰ ਦੀ ਧਾਰ ਉੱਤੇ ਕਿਵੇਂ ਧਰ ਸਕਦਾ ਸੀ? ਮੈਂ ਕਸ਼ਮੀਰੀ ਪਿਛੋਕੜ ਵਾਲਾ ਰਾਜਪੂਤ ਸੀ। ਮੈਂ ਆਪਣੇ ਜੀਵਨ ਦਾ ਇੱਕ ਚੌਥਾਈ ਹਿੱਸਾ ਗੋਦਾਵਰੀ ਦੇ ਨਜ਼ਦੀਕ ਮਰਾਠਿਆਂ ਵਿੱਚ ਬਤੀਤ ਕੀਤਾ ਸੀ। ਮੈਂ ਥੋੜ੍ਹੀ ਬਹੁਤੀ ਫਾਰਸੀ ਅਤੇ ਕਸ਼ਮੀਰੀ ਜਾਂ ਹਿੰਦੀ ਦੇ ਮਿਲਗੋਬੇ ਵਾਲੀ ਮਰਾਠਿਆਂ ਦੀ ਬੋਲੀ ਬੋਲਦਾ ਸੀ। ਮੈਨੂੰ ਤਾਂ ਚੱਜ ਨਾਲ ਪੰਜਾਬੀ ਵੀ ਨਹੀਂ ਸੀ ਆਉਂਦੀ। ਜੇਕਰ ਮੈਂ ਸਿੱਖਾਂ ਨਾਲ ਕਿਸੇ ਜੰਗ ਵਿੱਚ ਸ਼ਰੀਕ ਹੁੰਦਾ ਸੀ ਤਾਂ ਮੁਗਲਾਂ ਨੇ ਮੈਨੂੰ ਫੜ ਕੇ ਮੇਰਾ ਵੀ ਉਹੀ ਹਸ਼ਰ ਕਰਨਾ ਸੀ, ਜੋ ਉਹ ਆਪਣੇ ਹਰ ਬਾਗੀ ਨਾਲ ਕਰਿਆ ਕਰਦੇ ਸਨ। ਤਸੀਹੇ ਦੇਣ ਬਾਅਦ ਮੈਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ ਤੇ ਮੇਰੀ ਚਮੜੀ ਵਿੱਚ ਫੂਸ ਭਰਕੇ ਮੇਰੇ ਬੁੱਤ ਨੂੰ ਸ਼ਹਿਰਾਂ ਵਿੱਚ ਘੁੰਮਾਉਣਾ ਸੀ। ਜਾਂ ਮੇਰੀ ਲਾਸ਼ ਦੇ ਟੁਕੜੇ ਕਰਕੇ ਮੇਰਾ ਸਿਰ ਨੇਜ਼ੇ ਉੱਪਰ ਟੰਗ ਕੇ ਆਪਣੀ ਬਹਾਦਰੀ ਦਾ ਢੰਡੋਰਾ ਪਿੱਟਣਾ ਸੀ। ਗੁਰੂ ਗੋਬਿੰਦ ਸਿੰਘ ਦੇ ਦੋ ਤਿੰਨ ਸੌ ਸਿੱਖਾਂ ਨਾਲ ਰਲ ਕੇ ਮੁਗਲਾਂ ਦੀ ਵਿਸ਼ਾਲ ਸੈਨਾ ਉੱਪਰ ਜਿੱਤ ਪਾਉਣ ਦੀ ਤਾਂ ਕੋਈ ਕਿਣਕਾ ਮਾਤਰ ਵੀ ਉਮੀਦ ਨਹੀਂ ਸੀ। ਮੈਂ ਗੁਰੂ ਗੋਬਿੰਦ ਸਿੰਘ ਦੀ ਗੱਲ ਨੂੰ ਵਿਸਾਰ ਦਿੱਤਾ ਸੀ। 

ਸਿੱਖਾਂ ਦੇ ਗੁਰੂ, ਗੋਬਿੰਦ ਸਿੰਘ ਜੀ ਵੇਦਾਂ, ਕੁਤੇਬਾਂ ਅਤੇ ਗ੍ਰੰਥਾਂ ਦੇ ਗਿਆਤਾ ਇੱਕ ਸੰਪੂਰਨ ਕਰਮ ਯੋਗੀ ਤੇ ਹਠੀ ਸੁਭਾਅ ਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਰੜੀ ਤਪੱਸਿਆ ਅਤੇ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਨਾਕਾਮਯਾਬ ਹੋਣ ਉਪਰੰਤ ਵੀ ਹਿੰਮਤ ਨਹੀਂ ਸੀ ਹਾਰੀ ਤੇ ਮੈਨੂੰ ਮਨਾਉਣ ਦੇ ਯਤਨ ਨਹੀਂ ਸਨ ਤਿਆਗੇ। 

ਗੁਰੂ ਗੋਬਿੰਦ ਸਿੰਘ ਮੈਨੂੰ ਗੋਦਾਵਰੀ ਤੱਟ ਉੱਪਰ ਅਕਸਰ ਮਿਲਦੇ ਰਹਿੰਦੇ ਤੇ ਹਰ ਵਾਰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਸਨ। ਮੈਂ ਹਰ ਵਾਰ ਉਨ੍ਹਾਂ ਦੀ ਗੱਲ ਨੂੰ ਟਾਲ ਜਾਂਦਾ ਹੁੰਦਾ ਸੀ। ਕਦੇ ਜੰਗਲ ਵਿੱਚ ਯੁੱਧ ਅਭਿਆਸ ਕਰਦੇ ਉਨ੍ਹਾਂ ਦੇ ਚੇਲਿਆਂ ਨੂੰ ਗਲਤ ਸ਼ਸਤਰ ਵਾਹੁੰਦੇ ਦੇਖ ਕੇ ਮੈਥੋਂ ਰਹਿ ਨਾ ਹੁੰਦਾ ਤੇ ਮੈਂ ਉਨ੍ਹਾਂ ਦੇ ਨੁਕਸ ਕੱਢ ਕੇ ਦਰੁਸਤ ਕਰਵਾਉਂਦਾ ਤਾਂ ਗੁਰੂ ਗੋਬਿੰਦ ਸਿੰਘ ਹੱਸ ਕੇ ਆਖਦੇ, "ਇਸੇ ਲਈ ਤਾਂ ਅਸੀਂ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਸਾਡੇ ਸਿੱਖਾਂ ਨੂੰ ਸ਼ਸਤਰ ਸਿਖਾਉ।"

ਮੈਂ ਕੋਰੀ ਨਾਂਹ ਵਿੱਚ ਸਿਰ ਹਿਲਾ ਦਿੰਦਾ ਜਾਂ ਬਹਾਨਾ ਮਾਰ ਕੇ ਉੱਥੋਂ ਆਪਣੇ ਡੇਰੇ ਵਿੱਚ ਆ ਜਾਂਦਾ ਹੁੰਦਾ ਸੀ।

ਇੱਕ ਦਿਨ ਮੈਂ ਆਪਣੇ ਚੇਲਿਆਂ ਨਾਲ ਜੰਗਲ ਵਿੱਚ ਜੜ੍ਹੀਆਂ ਬੂਟੀਆਂ ਲੈਣ ਗਿਆ ਹੋਇਆ ਸੀ। ਅਚਾਨਕ ਇੱਕ ਖੁੱਲ੍ਹੇ ਲੰਮੇ ਵਾਲਾਂ ਵਾਲਾ ਵਿਅਕਤੀ ਦੌੜਦਾ ਹੋਇਆ ਮੇਰੇ ਕੋਲ ਆਇਆ ਤੇ ਉਸ ਨੇ ਦੱਸਿਆ ਕਿ ਕਿਸੇ ਨੇ ਪੱਚੀ ਤੀਹ ਘੋੜਸਵਾਰਾਂ ਨਾਲ ਆ ਕੇ ਤੁਹਾਡੇ ਮੱਠ ਉੱਪਰ ਹਮਲਾ ਕਰ ਦਿੱਤਾ ਹੈ ਤੇ ਤੁਹਾਡਾ ਇੱਕ ਬੱਕਰਾ ਝਟਕਾ ਕੇ ਮਾਸ ਪਕਾ ਰਹੇ ਹਨ। 

ਇਹ ਸੁਣਦਿਆਂ ਹੀ ਮੇਰੇ ਤਨ ਬਦਨ ਨੂੰ ਅੱਗ ਲੱਗ ਗਈ ਸੀ। ਮੇਰੇ ਡੇਰੇ ਵਿੱਚ ਅਜਿਹਾ ਕੁਕਰਮ ਕਰਨ ਦੀ ਕੌਣ ਹਿਮਾਕਤ ਕਰ ਸਕਦਾ ਸੀ? ਮੈਂ ਕ੍ਰੋਧ ਵਿੱਚ ਆ ਕੇ ਆਪਣੇ ਚੇਲਿਆਂ ਨਾਲ ਡੇਰੇ ਵੱਲ ਭੱਜਿਆ।

ਜਦ ਮੈਂ ਡੇਰੇ ਪਹੁੰਚਿਆ ਤਾਂ ਪਗੜੀ ਬੰਨੀ ਕਲਗੀ ਸਜਾਈ ਕੋਈ ਸ਼ਖਸ ਮੇਰੇ ਪਲੰਘ ਉੱਪਰ ਬੈਠਾ ਸੀ। ਮੇਰਾ ਚਿੱਤ ਕਰਦਾ ਸੀ ਕਿ ਮੈਂ ਪਲੰਗ ਸਣੇ ਚੁੱਕ ਕੇ ਉਸਨੂੰ ਮੁੱਧਾ ਸੁੱਟ ਦੇਵਾਂ। ਇਹ ਪਲੰਘ ਮੇਰਾ ਸਿਘਾਸਨ ਸੀ ਤੇ ਮੈਂ ਕਿਸੇ ਚੇਲੇ ਨੂੰ ਵੀ ਇਸ ਉੱਪਰ ਬਿਰਾਜਮਾਨ ਨਹੀਂ ਹੋਣ ਦਿੰਦਾ ਸੀ। ਉਸ ਅਜਨਬੀ ਨੂੰ ਆਪਣੇ ਪਲੰਘ ਉੱਪਰ ਚੌਕੜੀ ਮਾਰੀ ਬੈਠਾ ਦੇਖ ਕੇ ਮੈਂ ਅੰਤਾਂ ਦਾ ਕ੍ਰੋਧਿਤ ਹੋ ਗਿਆ ਸੀ। ਰਸੋਈ ਘਰ ਵਿੱਚ ਚੁੱਲੇ ਉੱਪਰ ਕੁਝ ਰਿੱਝ ਰਿਹਾ ਸੀ। ਮੇਰੇ ਵੱਲ ਉਸਦੀ ਪਿੱਠ ਹੋਣ ਕਰਕੇ ਮੈਂ ਉਸਨੂੰ ਲਲਕਾਰਿਆ, "ਕੌਣ ਹੈ ਤੂੰ?"

"ਉਹੀ, ਜਿਸਨੂੰ ਤੂੰ ਜਾਣਦਾ ਹੈਂ।" ਇਹ ਅਵਾਜ਼ ਕੁਝ ਜਾਣੀ ਪਹਿਚਾਣੀ ਸੀ। ਮੈਂ ਉਸ ਵਿਅਕਤੀ ਦੇ ਮੂਹਰੇ ਗਿਆ ਤਾਂ ਇਹ ਗੁਰੂ ਗੋਬਿੰਦ ਸਿੰਘ ਸਨ। 

"ਗੁਰੂ ਗੋਬਿੰਦ ਸਿੰਘ!" ਮੈਂ ਚੱਕ੍ਰਿਤ ਹੋ ਗਿਆ ਸੀ। ਮੈਨੂੰ ਸਿੱਖਾਂ ਦੇ ਗੁਰੂ ਵੱਲੋਂ ਅਜਿਹੀ ਹਰਕਤ ਦੀ ਆਸ ਨਹੀਂ ਸੀ। ਮੈਂ ਆਪਣੇ ਗੁੱਸੇ ਉੱਪਰ ਕਾਬੂ ਪਾਉਣ ਦੇ ਯਤਨ ਕਰਦਿਆਂ ਆਪਣਾ ਜਾਬਤਾ ਕਾਇਮ ਰੱਖਿਆ ਸੀ, "ਮੇਰੇ ਡੇਰੇ ਵਿੱਚ ਆ ਕੇ ਹੁੱਲੜਬਾਜ਼ੀ ਕਰਨ ਦਾ ਮਤਲਬ ਹੈ? ਕੀ ਚਾਹੁੰਦੇ ਹੋ ਤੁਸੀਂ?"

ਗੁਰੂ ਗੋਬਿੰਦ ਸਿੰਘ ਮੁਸਕੁਰਾਏ ਸਨ, "ਉਹੀ ਜੋ ਸਾਰਾ ਹਿੰਦੁਸਤਾਨ ਚਾਹੁੰਦਾ ਹੈ। ਮੁਗਲਾਂ ਤੋਂ ਅਜ਼ਾਦੀ। ਸੁਤੰਤਰਤਾ ਹਰ ਪ੍ਰਾਣੀ ਦਾ ਜਨਮ ਸਿੱਧ ਅਧਿਕਾਰ ਹੁੰਦਾ ਹੈ।"

"ਹਿੰਦੁਸਤਾਨ ਨੂੰ ਮੈਂ ਤਾਂ ਗੁਲਾਮ ਨਹੀਂ ਬਣਾਇਆ?"

"ਪਰ ਅਜ਼ਾਦ ਤਾਂ ਤੂੰ ਕਰਵਾ ਸਕਦਾ ਹੈਂ!"

"ਤੁਸੀਂ ਇੱਥੇ ਕਿਉਂ ਆਏ ਹੋ?"

"ਅਸੀਂ ਤੈਨੂੰ ਆਪਣਾ ਸਿੱਖ ਬਣਿਆ ਦੇਖਣਾ ਚਾਹੁੰਦੇ ਹਾਂ।" 

"ਚੇਲੇ ਗੁਰੂ ਧਾਰਨ ਕਰਨ ਜਾਂਦੇ ਤਾਂ ਬਹੁਤ ਵਾਰ ਸੁਣੇ ਸੀ। ਗੁਰੂ ਚੇਲਾ ਅਪਨਾਉਣ ਜਾਂਦਾ ਪਹਿਲੀ ਵਾਰ ਦੇਖ ਰਿਹਾ ਹਾਂ। ਸ਼ਾਇਦ ਤੁਸੀਂ ਭੁੱਲ ਰਹੇ ਹੋ ਕੇ ਮੈਂ ਖੁਦ ਇਸ ਡੇਰੇ ਦਾ ਗੁਰੂ ਹਾਂ।"

ਗੁਰੂ ਗੋਬਿੰਦ ਸਿੰਘ ਨੇ ਪਲੰਘ ਤੋਂ ਉੱਠ ਕੇ ਮੇਰੇ ਮੋਢੇ ਫੜ ਲਏ ਸਨ, "ਤੇਰੇ ਵਰਗੇ ਸਿਰਲੱਥ ਯੋਧਿਆ ਦੀ ਅਸੀਂ ਦਿਲੋਂ ਕਦਰ ਕਰਦੇ ਹਾਂ। ਅਸੀਂ ਤੇਰੀ ਮਹਿਮਾ ਨੂੰ ਇਸ ਡੇਰੇ ਤੋਂ ਬਹਾਰ ਫੈਲਰਦਾ ਦੇਖਣਾ ਚਾਹੁੰਦੇ ਹਾਂ। ਤੇਰੇ ਅੰਦਰ ਸੁੱਤੀ ਮਹਾਨ ਆਤਮਾ ਨੂੰ ਜਗਾਉਣਾ ਚਾਹੁੰਦੇ ਹਾਂ ਅਸੀਂ।" 

"ਮੈਂ ਕੋਈ ਮਹਾਨ ਨਹੀਂ ਹਾਂ। ਮੈਂ ਤਾਂ ਪ੍ਰਮਤਾਮਾ ਦਾ ਅਦਨਾ ਜਿਹਾ ਬੰਦਾ ਹਾਂ।"

ਗੁਰੂ ਗੋਬਿੰਦ ਸਿੰਘ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ ਸਨ, "ਜੇ ਇਹ ਬੰਦਾ ਸਿੱਖ ਕੌਮ ਨੂੰ ਮਿਲ ਜਾਵੇ ਤਾਂ ਹਿੰਦੁਸਤਾਨ ਦਾ ਇਤਿਹਾਸ ਬਦਲ ਜਾਵੇਗਾ।"

"ਮੈਂ ਸਪਸ਼ਟ ਰੂਪ ਅਤੇ ਸਾਦੇ ਸ਼ਬਦਾਂ ਵਿੱਚ ਤੁਹਾਨੂੰ ਇੱਕ ਵਾਰ ਆਪਣਾ ਫੈਸਲਾ ਦੱਸ ਚੁੱਕਾ ਹਾਂ। ਮੈਂ ਤੁਹਾਡੇ ਨਾਲ ਤੁਹਾਡੀ ਜੰਗ ਵਿੱਚ ਸ਼ਰੀਕ ਨਹੀਂ ਹੋ ਸਕਦਾ। ਘਰ ਆਏ ਮਹਿਮਾਨ ਦੀ ਇੱਜ਼ਤ ਕਰਨਾ ਸਾਡੇ ਮੱਠ ਦੀ ਰੀਤ ਹੈ। ਇਸ ਲਈ ਮੈਂ ਨਿਮਰਤਾ ਨਾਲ ਪੇਸ਼ ਆ ਰਿਹਾ ਹਾਂ। ਪਰ ਕਿਸੇ ਧਰਮ ਦੇ ਗੁਰੂ ਹੋ ਕੇ ਤੁਹਾਨੂੰ ਇਹ ਹਰਗਿੱਜ਼ ਸ਼ੋਭਾ ਨਹੀਂ ਦਿੰਦਾ ਕਿ ਤੁਸੀਂ ਕਿਸੇ ਵੈਸ਼ਨਵ ਬੈਰਾਗੀ ਦੇ ਡੇਰੇ ਜਾ ਕੇ ਬੇਅਦਬੀ ਕਰੋ ਤੇ ਉਸਦੇ ਜਾਨਵਰਾਂ ਨੂੰ ਮਾਰ ਕੇ ਮਾਸ ਪਕਾਓ। ਇਸ ਬੇਹੁਰਮਤੀ ਦਾ ਮੈਂ ਕੀ ਅਰਥ ਲਵਾਂ? ਬੈਰਾਗੀ ਵੈਸ਼ਨਵ ਡੇਰੇ ਵਿੱਚ ਜੀਵ ਹੱਤਿਆ ਕਰਕੇ ਤੁਸੀਂ ਡੇਰੇ ਦਾ ਨਿਰਾਦਰ ਅਤੇ ਸਾਡਾ ਵੀ ਅਪਮਾਨ ਕੀਤਾ ਹੈ। ਨਾਨਕਪੰਥੀ ਸਿੱਖਾਂ ਦੇ ਦਸਵੇਂ ਗੁਰੂ ਹੋਣ ਕਰਕੇ ਤੁਹਾਡੇ ਵਰਗੇ ਸ਼ਿਸ਼ਟਾਚਾਰੀ ਭੱਦਰ ਪੁਰਸ਼ ਨੂੰ ਇਹੋ ਜਿਹਾ ਕੁਕਰਮ ਸ਼ੋਭਾ ਨਹੀਂ ਦਿੰਦਾ। ਆਖਿਰ ਤੁਸੀਂ ਸਿੱਧ ਕੀ ਕਰਨਾ ਚਾਹੁੰਦੇ ਹੋ?"

"ਮਾਧੋਦਾਸ, ਅਸੀਂ ਕੋਈ ਪਵਿੱਤਰਤਾ ਭੰਗ ਨਹੀਂ ਕੀਤੀ। ਜ਼ਰਾ ਉਸ ਚੁੱਲੇ ਉੱਪਰ ਪਈ ਦੇਗ ਨੂੰ ਦੇਖ।"

ਮੈਂ ਚੁੱਲੇ ਉੱਪਰ ਪਏ ਪਤੀਲੇ ਦਾ ਢੱਕਣ ਚੁੱਕ ਕੇ ਦੇਖਿਆ। ਉਸ ਵਿੱਚ ਸਬਜ਼ੀਆਂ ਉੱਬਲ ਰਹੀਆਂ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਨੂੰ ਬੱਕਰਾ ਪਕਾਉਣ ਦਾ ਸਨੇਹਾ ਕਿਉਂ ਦਿੱਤਾ ਗਿਆ ਸੀ। ਮੈਂ ਅਸਚਰਜ਼ਤਾ ਨਾਲ ਸੁਨੇਹਾ ਦੇਣ ਵਾਲੇ ਵੱਲ ਪ੍ਰਸ਼ਨਵਾਚਕ ਨਜ਼ਰਾਂ ਨਾਲ ਤੱਕਣ ਲੱਗਾ। ਉਸ ਵਿਅਕਤੀ ਨੇ ਆਪਣੇ ਵਾਲ ਬੰਨ ਕੇ ਪਗੜੀ ਸਿਰ ਉੱਪਰ ਰੱਖ ਲਈ ਸੀ। 

ਗੁਰੂ ਗੋਬਿੰਦ ਸਿੰਘ ਬੁੱਲ੍ਹਾਂ ਵਿੱਚ ਮੁਸਕਰਾ ਰਹੇ ਸਨ, "ਹੈਰਾਨ ਨਾ ਹੋ ਮਾਧੋਦਾਸ, ਇਹ ਸਾਡਾ ਹੀ ਸਿੱਖ ਸੀ। ਅਸੀਂ ਹੀ ਇਸ ਨੂੰ ਤੇਰੇ ਕੋਲ ਭੇਜਿਆ ਸੀ। ਅਸੀਂ ਤੈਨੂੰ ਇਹੀ ਕੌਤਕ ਦਿਖਾਉਣਾ ਚਾਹੁੰਦੇ ਸੀ। ਤੂੰ ਇੱਕ ਜਾਨਵਰ ਦੀ ਮੌਤ ਬਾਰੇ ਸੁਣ ਕੇ ਬੁਖਲਾ ਗਿਐਂ? ਕੀ ਤੈਨੂੰ ਹਜ਼ਾਰਾਂ ਲੱਖਾਂ ਨਿੱਤ ਜ਼ਾਲਿਮਾਂ ਹੱਥੋਂ ਮਰਦੇ ਇਨਸਾਨਾਂ ਦਾ ਕੋਈ ਦਰਦ ਨਹੀਂ? ਇੱਕ ਜੀਵ ਦੀ ਹੱਤਿਆ ਸੁਣ ਕੇ ਦੇਖ ਤੂੰ ਕਿੰਨਾ ਤੜਫਿਆ ਹੈਂ। ਤੈਨੂੰ ਨਿੱਤ ਹੁੰਦੀਆਂ ਮਾਨਸ ਹੱਤਿਆਵਾਂ ਦਾ ਰਤਾ ਵੀ ਦੁੱਖ ਨਹੀਂ? ਸਾਡੇ ਸਿੱਖ ਨੇ ਤੈਨੂੰ ਝੂਠ ਬੋਲਿਆ ਸੀ, ਇਸ ਲਈ ਅਸੀਂ ਖਿਮਾ ਜਾਚਕ ਹਾਂ। ਪਰ ਅਜਿਹਾ ਅਸੀਂ ਤੈਨੂੰ ਸਮਝਾਉਣ ਦੇ ਮਕਸਦ ਨਾਲ ਹੀ ਕੀਤਾ ਸੀ। ਅਸੀਂ ਤੇਰੇ ਡੇਰੇ ਦੀ ਬੇਅਦਬੀ ਕਿਵੇਂ ਕਰ ਸਕਦੇ ਸੀ? ਅਸੀਂ ਤੈਨੂੰ ਦੁਸ਼ਮਣ ਬਣਾਉਣ ਲਈ ਨਹੀਂ, ਦੋਸਤ ਬਣਾਉਣ ਆਏ ਹਾਂ। ਅਸੀਂ ਜੀਵ ਹੱਤਿਆ ਕਰਕੇ ਤੁਹਾਡੇ ਡੇਰੇ ਦੀ ਮਰਿਯਾਦਾ ਨੂੰ ਕਿਵੇਂ ਭੰਗ ਕਰ ਸਕਦੇ ਹਾਂ? ਅਜਿਹਾ ਨਾ ਮਾਫ ਕਰਨਯੋਗ ਧਾਰਮਿਕ ਗੁਨਾਹ ਅਸੀਂ ਹਰਗਿੱਜ਼ ਨਹੀਂ ਕਰ ਸਕਦੇ। ਤੂੰ ਇੰਝ ਸੋਚ ਵੀ ਕਿਵੇਂ ਲਿਆ? ਨਾ ਅਸੀਂ ਤੇਰੇ ਡੇਰੇ 'ਤੇ ਕਬਜ਼ਾ ਕਰਨ ਆਏ ਹਾਂ ਤੇ ਨਾ ਹੀ ਤੈਨੂੰ ਡਰਾਉਣ ਦੀ ਸਾਡੀ ਕੋਈ ਮਨਸ਼ਾ ਸੀ। ਅਸੀਂ ਤਾਂ ਤੈਥੋਂ ਸਹਿਯੋਗ ਲੈਣ ਆਏ ਹਾਂ। ਤੁਹਾਡੇ ਹੁਨਰ ਦਾ ਲਾਹਾ ਲੈਣ ਦੀ ਤਮੰਨਾ ਹੈ ਸਾਡੇ ਦਿਲ ਵਿੱਚ। ਅਸੀਂ ਤੇਰੀ ਮਿੱਤਰਤਾ ਚਾਹੁੰਦੇ ਹਾਂ।"

"ਮੈਨੂੰ ਤੁਹਾਡੀ ਮਿੱਤਰਤਾ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਮੈਨੂੰ ਮੁਗਲ ਹਕੁਮਤ ਖਿਲਾਫ ਭੜਕਾ ਰਹੇ ਹੋ ਤੇ ਖੁਦ ਤੁਸੀਂ ਮੁਗਲ ਬਾਦਸ਼ਾਹ ਦਾ ਜੰਗ ਵਿੱਚ ਸਾਥ ਦਿੱਤਾ ਹੈ ਤੇ ਹੁਣ ਦੱਖਣੀ ਤਾਕਤਾਂ ਦੀ ਬਗਾਵਤ ਨੂੰ ਦਬਾਉਣ ਉਸ ਨਾਲ ਇੱਥੇ ਨਾਦੇੜ ਤੱਕ ਆਏ ਹੋ!... ਮੈਂ ਜੰਗਾਂ ਲੜਣੀਆਂ ਬੰਦ ਕਰ ਦਿੱਤੀਆਂ ਹਨ ਤੇ ਹਥਿਆਰਾਂ ਨੂੰ ਤਿਲਾਜ਼ਲੀ ਦੇ ਦਿੱਤੀ ਹੈ। ਮਿਹਰਬਾਨੀ ਕਰਕੇ ਤੁਸੀਂ ਚਲੇ ਜਾਉ ਤੇ ਮੁੜ ਕੇ ਮੇਰੇ ਮੱਠ ਦੀ ਅਮਨ ਸ਼ਾਂਤੀ ਭੰਗ ਕਰਨ ਹਰਗਿੱਜ਼ ਇੱਧਰ ਨਾ ਆਉਣਾ।"

ਮੇਰੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਇੱਕ ਵਾਰ ਫੇਰ ਨਿਰਾਸ਼ ਹੋ ਕੇ ਉੱਥੋਂ ਜਾਣ ਲੱਗੇ,  ਖੌਰੇ ਕੀ ਸੋਚ ਕੇ ਰੁੱਕ ਗਏ। ਉਨ੍ਹਾਂ ਨੇ ਇੱਕ ਹੋਰ ਹੰਭਲਾ ਮਾਰ ਕੇ ਦੇਖਿਆ ਸੀ, "ਇਨਸਾਨ ਜਿਉਂਦੇ ਜੀਅ ਜੰਗ ਤੋਂ ਕਦੇ ਵੀ ਕਿਨਾਰਾਕਸ਼ੀ ਨਹੀਂ ਕਰ ਸਕਦਾ, ਕਿਉਂਕਿ ਜ਼ਿੰਦਗੀ ਖੁਦ ਇੱਕ ਜੰਗ ਹੁੰਦੀ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਅਸੀਂ ਬਹਾਦਰ ਸ਼ਾਹ ਦਾ ਬਾਦਸ਼ਾਹ ਬਣਨ ਲਈ ਇਸ ਕਰਕੇ ਸਹਿਯੋਗ ਦਿੱਤਾ ਕਿ ਉਹ ਸਾਨੂੰ ਨੇਕ ਤੇ ਰਹਿਮਦਿਲ ਲੱਗਿਆ ਸੀ। ਪਰ ਰਾਜਗੱਦੀ ਉੱਪਰ ਬੈਠਦਿਆਂ ਹੀ ਉਸਦੇ ਤੇਵਰ ਬਦਲ ਗਏ। ਉਸਨੇ ਵੀ ਆਪਣੇ ਬਾਪ ਵਾਂਗ ਜ਼ੁਲਮ ਦੇ ਬਾਬ ਪੜ੍ਹਣੇ ਸ਼ੁਰੂ ਕਰ ਦਿੱਤੇ। ਅਜੇ ਕੱਲ੍ਹ ਹੀ ਮਥੁਰਾ ਤੋਂ ਸਾਡੇ ਸੇਵਕ ਸਿੱਖਾਂ ਨੇ ਆ ਕੇ ਦੱਸਿਆ ਹੈ ਕਿ ਉੱਥੇ ਦੇ ੧੨੦੦ ਕਿਸਾਨ ਫਸਲ ਤਬਾਹ ਹੋ ਜਾਣ ਕਾਰਨ ਲਗਾਨ ਨਹੀਂ ਦੇ ਸਕੇ ਸਨ। ਬਾਦਸ਼ਾਹ ਦੇ ਅਹਿਲਕਾਰਾਂ ਨੇ ਉਨ੍ਹਾਂ ਉੱਪਰ ਅੰਨ੍ਹਾ ਤਸੱਦਦ ਕਰਦਿਆਂ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।" 

ਇਹ ਗੱਲ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਸਨ। ਮੈਨੂੰ ਆਪਣੇ ਪਿੰਡ ਦੇ ਕਿਸਾਨ ਚੇਤੇ ਆ ਗਏ ਸਨ। ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਸੀ ਤੇ ਮੇਰਾ ਸਾਰਾ ਵਜੂਦ ਗੁੱਸੇ ਨਾਲ ਤਪਣ ਲੱਗ ਪਿਆ ਸੀ। ਮੈਨੂੰ ਹਿਰਖ ਨਾਲ ਮੁੱਠੀਆਂ ਮੀਚਦਿਆਂ ਤੱਕ ਕੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਉੱਪਰ ਪ੍ਰਸੰਨਤਾ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਨੇ ਲੋਹਾ ਗਰਮ ਹੋਇਆ ਦੇਖ ਕੇ ਇੱਕ ਹੋਰ ਸੱਟ ਮਾਰੀ, "ਮਾਧੋਦਾਸ, ਅਗਰ ਤੁਸੀਂ ਖਾਲਸਾ ਫੌਜ ਦੀ ਅਗਵਾਈ ਕਰੋ ਤਾਂ ਆਪਾਂ ਉੱਤਰੀ ਭਾਰਤ ਵਿੱਚ ਇੱਕ ਹਥਿਆਰਬੰਦ ਵਿਦਰੋਹ ਪੈਦਾ ਕਰ ਸਕਦੇ ਹਾਂ। ਕਿਸਾਨ ਤੇ ਹੋਰ ਮੁਗਲਾਂ ਦੇ ਸਤਾਏ ਹੋਏ ਸਾਡਾ ਸਾਥ ਦੇਣਗੇ। ਸੰਭਾਜੀ ਦੇ ਕਤਲ ਅਤੇ ਰਾਜਾਰਾਮ ਦੇ ਜਿੰਜੀ ਵਿਖੇ ਮੁਗਲਾਂ ਦੇ ਘੇਰੇ ਵਿੱਚ ਫਸ ਜਾਣ ਕਾਰਨ ਬੇਸ਼ੱਕ ਮਰਾਠਿਆਂ ਨੂੰ ਘੋਰ ਨਿਰਾਸ਼ਾ ਹੈ। ਪਰੰਤੂ ਉਹ ਦੁਬਾਰਾ ਫਿਰ ਸਿਰ ਚੁੱਕਣਗੇ। ਅਜੇ ਕੋਈ ਯੋਗ ਨੇਤਾ ਨਾ ਹੋਣ ਕਾਰਨ ਉਹ ਮਧੋਲੇ ਹੋਏ ਮਹਿਸੂਸ ਕਰ ਰਹੇ ਹਨ। ਪਰ ਜਲਦ ਹੀ ਉਹ ਆਪਣੀ ਖਿੰਡੀ ਖੱਪਰੀ ਤਾਕਤ ਨੂੰ ਇਕੱਤਰ ਕਰਕੇ ਮੁਗਲਾਂ ਨਾਲ ਲੋਹਾ ਜ਼ਰੂਰ ਲੈਣਗੇ। ਅਸੀਂ ਮਰਾਠਿਆਂ ਦਾ ਮਨੋਬਲ ਕਾਇਮ ਕਰਕੇ ਉਨ੍ਹਾਂ ਨੂੰ ਮੁੜ ਜੰਗ ਲੜਨ ਲਈ ਪ੍ਰੇਰਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਨੂੰ ਸਾਡੇ ਉੱਪਰ ਯਕੀਨ ਨਹੀਂ ਹੈ। ਉਹ ਸਮਝਦੇ ਹਨ ਕਿ ਬਾਦਸ਼ਾਹ ਦਾ ਸਮਰਥਨ ਕੀਤਾ ਹੋਣ ਕਰਕੇ ਅਸੀਂ ਉਸਦੀ ਮੁਲਾਜ਼ਮਤ ਵਿੱਚ ਹਾਂ ਤੇ ਉਨ੍ਹਾਂ ਖਿਲਾਫ ਖੜਯੰਤਰ ਰਚ ਰਹੇ ਹਾਂ। ਤੁਹਾਡੀ ਸਹਾਇਤਾ ਨਾਲ ਇੱਧਰ ਆਪਾਂ ਮਰਾਠਿਆਂ ਨੂੰ ਅਜ਼ਾਦੀ ਦੀ ਚਿਣਗ ਲਾ ਜਾਵਾਂਗੇ। ਜੇਕਰ ਉਹ ਆਪਣੀ ਮਹਿੰਮ ਵਿੱਢ ਲੈਣ ਤਾਂ ਇਸ ਨਾਲ ਰਾਜਪੂਤ ਵੀ ਦਲੇਰੀ ਫੜ ਜਾਣਗੇ। ਮੁਗਲ ਫੌਜ ਲਈ ਇਕੋ ਸਮੇਂ ਭਾਰਤ ਦੇ ਵੱਖ-ਵੱਖ ਹਿੱਸਿਆ ਵਿੱਚੋਂ ਉੱਠੀ ਬਗਾਵਤ ਨੂੰ ਦਬਾਉਣਾ ਕਠਿਨ ਹੀ ਨਹੀਂ ਬਲਕਿ ਨਾਮੁਕਿਨ ਹੋਵੇਗਾ। ਮੁਗਲੀਆ ਸਲਤਨਤ ਕੋਲ ਇਸ ਸਮੇਂ ਵਸੀਲਿਆਂ ਦੀ ਘਾਟ ਹੈ। ਦੂਜਾ ਬਹਾਦਰ ਸ਼ਾਹ ਦਾ ਸਾਰਾ ਧਿਆਨ ਦੱਖਣ ਵਿੱਚ ਆਪਣੇ ਭਰਾ ਕਾਮਬਖਸ਼ ਦੀ ਬਗਾਵਤ ਨੂੰ ਰੋਕਣ ਉੱਪਰ ਕੇਂਦਰਿਤ ਹੈ। ਇਸ ਸੁਲੱਖਣੀ ਘੜੀ ਨੂੰ ਹੱਥੋਂ ਗਵਾਉਣਾ ਮੂਰਖਤਾ ਹੋਵੇਗੀ।... ਆ ਚੱਲ ਸਾਡੇ ਨਾਲ ਤੇ ਲਾਹ ਆਪਣੇ ਸ਼ਸਤਰਾਂ ਦਾ ਜੰਗਾਲ। ਜੇਕਰ ਤੂੰ ਇਸ ਸਮੇਂ ਇਸ ਜੰਗ ਦਾ ਮੋਹਰੀ ਬਣ ਗਿਆ ਤਾਂ ਇਤਿਹਾਸ ਵਿੱਚ ਤੇਰਾ ਨਾਮ ਸੁਨਿਹਰੀ ਹਰਫਾਂ ਨਾਲ ਲਿੱਖਿਆ ਜਾਵੇਗਾ।"

ਬੇਸ਼ੱਕ ਮੈਂ ਗੁਰੂ ਗੋਬਿੰਦ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਸੀ। ਪਰ ਸਨਿਆਸੀ ਸਾਧੂ ਬਣ ਚੁੱਕਿਆ ਹੋਣ ਕਰਕੇ ਉਨ੍ਹਾਂ ਦੇ ਉਕਸਾਉਣ ਦਾ ਮੇਰੇ ਉੱਪਰ ਬਹੁਤਾ ਅਸਰ ਨਾ ਹੋਇਆ। ਮੈਂ ਆਪਣੇ ਆਪ ਨੂੰ ਠਰਮੇ ਦੀ ਅਵਸਥਾ ਵਿੱਚ ਹੀ ਰੱਖਿਆ ਸੀ। 

ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਲੈ ਕੇ ਰੁਖਸਤ ਹੋ ਗਏ। ਲੇਕਿਨ ਉਨ੍ਹਾਂ ਦੇ ਕਹੇ ਹੋਏ ਬਚਨਾਂ ਦੀ ਗੁੰਜ਼ਾਰ ਮੈਨੂੰ ਬਹੁਤ ਸਮਾਂ ਬਾਅਦ ਤੱਕ ਸੁਣਦੀ ਰਹੀ ਤੇ ਮੇਰੇ ਮਨ ਮਸਤਕ ਵਿੱਚ ਨਗਾਰੇ 'ਤੇ ਲੱਗਦੀਆਂ ਡਗੇ ਦੀਆਂ ਚੋਟਾਂ ਵਾਂਗ ਵੱਜਦੀ ਰਹੀ ਸੀ। 

ਮੈਂ ਗੁਰੂ ਦੇ ਇਰਾਦਿਆਂ ਅਤੇ ਯੋਜਨਾਵਾਂ ਬਾਰੇ ਦੁਬਿਦਾ ਅਤੇ ਸ਼ੰਕਾ ਵਿੱਚ ਸੀ। ਪਰ ਇੱਕ ਗੱਲ ਮੈਨੂੰ ਸਪਸ਼ਟ ਹੋ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਬਾਦਸ਼ਾਹ ਤੋਂ ਬੁਰੀ ਤਰ੍ਹਾਂ ਮੋਹ ਭੰਗ ਹੋ ਗਿਆ ਸੀ ਤੇ ਉਨ੍ਹਾਂ ਦੇ ਦਿਲ ਵਿੱਚ ਬਹਾਦਰ ਸ਼ਾਹ ਲਈ ਸਿਰਫ ਨਫਰਤ ਹੀ ਸੀ। ਉਹ ਮੁਗਲ ਸਾਮਰਾਜ ਪ੍ਰਤੀ ਕੁੜੱਤਣ ਨਾਲ ਭਰੇ ਪਏ ਸਨ। ਜੋ ਬਿਲਕੁਲ ਜਾਇਜ਼ ਵੀ ਸੀ। ਇਹ ਜਾਣ ਕੇ ਮੈਨੂੰ ਕੁਝ ਰਾਹਤ ਮਿਲੀ ਸੀ।

ਉਸ ਰਾਤ ਮੈਨੂੰ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾ ਰਹੇ ਦਿਖਾਈ ਦਿੱਤੇ। ਤ੍ਰਬਕ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਉੱਠ ਕੇ ਬੈਠ ਗਿਆ। ਕਾਫੀ ਦੇਰ ਤੱਕ ਮੈਂ ਆਪਣੇ ਸੁਪਨੇ ਬਾਰੇ ਸੋਚਦਾ ਰਿਹਾ ਸੀ। ਮੈਨੂੰ ਇਹ ਖੁਆਬ ਕਿਉਂ ਆਇਆ ਸੀ? ਬੜੇ ਚਿਰ ਤੱਕ ਮੈਂ ਇਸ ਪ੍ਰਸ਼ਨ ਦਾ ਉੱਤਰ ਆਪਣੇ ਅੰਦਰੋਂ ਖੋਜਦਾ ਰਿਹਾ ਸੀ। 

ਫਿਰ ਮੈਂ ਸੌਣ ਦੇ ਮਕਸਦ ਨਾਲ ਲੇਟ ਕੇ ਅੱਖਾਂ ਬੰਦ ਕੀਤੀਆਂ ਤਾਂ ਮੈਨੂੰ ਬਚਪਨ ਵਿੱਚ ਮਾਰੀ ਹੋਈ ਹਿਰਨੀ ਅਤੇ ਉਸਦੇ ਸਹਿਕਦੇ ਦੋ ਬੱਚਿਆਂ ਦਾ ਦ੍ਰਿਸ਼ ਚੇਤੇ ਆ ਗਿਆ। ਉਸ ਘਟਨਾ ਨੂੰ ਯਾਦ ਕਰਕੇ ਮੈਂ ਹੋਰ ਵੀ ਬੇਚੈਨ ਹੋ ਗਿਆ। ਸਾਰੀ ਰਾਤ ਸੋਚਾਂ ਸੋਚਦਾ ਮੈਂ ਕਰਵਟਾਂ ਬਦਲਦਾ ਰਿਹਾ ਤੇ ਮੈਨੂੰ ਮੁੜ ਕੇ ਨੀਂਦ ਨਹੀਂ ਸੀ ਆਈ।

ਸਵੇਰੇ ਪਹੁੰ ਫੁਟਾਲਾ ਹੁੰਦਿਆਂ ਹੀ ਮੈਂ ਗੋਦਵਾਰੀ ਨਦੀ 'ਤੇ ਨਿਤਾਪ੍ਰਤੀ ਦੇ ਨਿਯਮ ਅਨੁਸਾਰ ਇਸ਼ਨਾਨ ਕਰਨ ਗਿਆ ਤਾਂ ਮੈਨੂੰ ਗੋਦਵਰੀ ਦਾ ਦੁੱਧੀਆ ਪਾਣੀ ਲਾਲ ਸੁਰਖ ਦਿਖਾਈ ਦੇਣ ਲੱਗ ਪਿਆ ਸੀ। ਮੈਨੂੰ ਇਉਂ ਜਾਪ ਰਿਹਾ ਸੀ ਜਿਵੇਂ ਗੋਦਾਵਰੀ ਵਿੱਚ ਪਾਣੀ ਨਹੀਂ ਬਲਕਿ ਖੂਨ ਵਹਿ ਰਿਹਾ ਹੋਵੇ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਨੂੰ ਕੀ ਹੋ ਗਿਆ ਸੀ। ਮੈਂ ਬਿਨਾ ਇਸ਼ਨਾਨ ਕੀਤਿਆਂ ਹੀ ਆਪਣੇ ਡੇਰੇ ਵਿੱਚ ਆ ਗਿਆ। 

ਐਨ ਉਸੇ ਵਕਤ ਇਕਦਮ ਤੇਜ਼ ਹਨੇਰੇ ਚੱਲੀ ਤੇ ਮੈਂ ਆਪਣੀ ਕੁਟੀਆ ਵਿੱਚ ਚਲਾ ਗਿਆ। ਕੁਟੀਆਂ ਵਿੱਚ ਮੈਨੂੰ ਮਜ਼ਲੂਮ ਲੋਕਾਂ ਦੀ ਹਾਹਾਕਾਰ ਸੁਣਨ ਲੱਗ ਪਈ ਸੀ। ਮੈਂ ਆਪਣੇ ਕੰਨਾਂ ਉੱਪਰ ਹੱਥ ਰੱਖ ਕੇ ਉਸ ਅਵਾਜ਼ ਤੋਂ ਪਿੱਛਾ ਛੁਡਾਉਣਾ ਚਾਹਿਆ ਸੀ। ਪਰ ਜਿੰਨਾ ਮੈਂ ਆਪਣੇ ਕੰਨਾਂ ਨੂੰ ਘੁੱਟਦਾ ਸੀ, ਜਨਤਾ ਦੀਆਂ ਚੀਕਾਂ-ਪੁਕਾਰਾਂ ਮੈਨੂੰ ਉਨੀਆਂ ਹੀ ਹੋਰ ਬੁਲੰਦ ਸੁਣਾਈ ਦੇਣ ਲੱਗ ਪੈਂਦੀਆਂ ਸਨ। 

ਦੋ ਤਿੰਨ ਦਿਨ ਮੇਰੇ ਨਾਲ ਇਹੀ ਸਿਲਸਿਲਾ ਚੱਲਦਾ ਰਿਹਾ ਸੀ। ਮੈਨੂੰ ਇਉਂ ਲੱਗਣ ਲੱਗ ਪਿਆ ਸੀ ਕਿ ਅਗਰ ਮੈਂ ਆਪਣੇ ਇਸ ਨਵੇਂ ਮਰਜ਼ ਦਾ ਜਲਦ ਇਲਾਜ ਨਾ ਕੀਤਾ ਤਾਂ ਮੈਂ ਪਾਗਲ ਹੋ ਜਾਵਾਂਗਾ।

ਬਹੁਤ ਸੋਚ ਵਿਚਾਰ ਬਾਅਦ ਮੈਂ ਇਸ ਨਤੀਜੇ ਉੱਪਰ ਪਹੁੰਚਿਆ ਕਿ ਸ਼ਾਇਦ ਮੇਰੀ ਇਸ ਬਿਮਾਰੀ ਦਾ ਗੁਰੂ ਗੋਬਿੰਦ ਸਿੰਘ ਹੀ ਕੋਈ ਇਲਾਜ ਕਰ ਸਕਦੇ ਹੋਣ। ਮੈਂ ਉਨ੍ਹਾਂ ਨੂੰ ਮਿਲਣ ਦਾ ਫੈਸਲਾ ਕਰਕੇ ਉਨ੍ਹਾਂ ਵੱਲ ਇਕੱਲਾ ਹੀ ਆਪਣਾ ਘੋੜਾ ਲੈ ਕੇ ਨਿਕਲ ਗਿਆ।

ਮੇਰੀ ਵਾਰਤਾ ਸੁਣ ਕੇ ਗੁਰੂ ਗੋਬਿੰਦ ਸਿੰਘ ਮੁਖਾਤਿਬ ਹੋਏ, "ਅਸੀਂ ਤਾਂ ਤੈਨੂੰ ਦੇਖਦੇ ਹੀ ਤੇਰੀ ਬੇਚੈਨ ਆਤਮਾ ਨੂੰ ਪਹਿਚਾਣ ਲਿਆ ਸੀ। ਸਾਨੂੰ ਇਲਮ ਹੋ ਗਿਆ ਸੀ ਕਿ ਤੂੰ ਵੀ ਸਾਡੇ ਵਾਂਗ ਦੇਸ਼ ਅਤੇ ਕੌਮ ਦੇ ਭਲੇ ਲਈ ਮਹੱਤਵਪੂਰਨ ਕਾਰਜ ਕਰਨ ਦਾ ਖੁਆਇਸ਼ਮੰਦ ਹੈਂ। ਤੈਨੂੰ ਕੋਈ ਰੋਗ ਨਹੀਂ ਹੈ। ਕੁਦਰਤ ਤੈਨੂੰ ਤੇਰੀ ਮੰਜ਼ਿਲ ਦਾ ਰਾਹ ਆਪਣੇ ਢੰਗ ਨਾਲ ਦਿਖਾ ਰਹੀ ਹੈ। ਆਪਣੇ ਅੰਦਰ ਬੈਠੇ ਯੋਧੇ ਨੂੰ ਜਗਾ। ਸਾਧ ਸਨਿਆਸੀ ਬਣਕੇ ਆਪਣਾ ਜੀਵਨ ਅਜਾਈਂ ਨਾ ਗਵਾ। ਹਿੰਦੁਸਤਾਨ ਦੀ ਜ਼ੁਲਮ ਨਾਲ ਲਤਾੜੀ ਜਾ ਰਹੀ ਖਲਕਤ ਤੇਰਾ ਰਾਹ ਦੇਖ ਰਹੀ ਹੈ। ਉਨ੍ਹਾਂ ਦੇ ਹੱਥਾਂ ਵਿੱਚ ਪਈਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੇਰੀ ਕਿਰਪਾਨ ਨੇ ਕਟਣਾ ਹੈ। ਤੇਰੇ ਹੱਥੀਂ ਇਸ ਸਮੇਂ ਤਸਬੀ ਨਹੀਂ ਤੀਰ, ਤਰਕਸ਼ ਅਤੇ ਤਲਵਾਰ ਦੀ ਲੋੜ੍ਹ ਹੈ। ਮੁਗਲਾਂ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ, ਹੁਣ ਉਸਨੂੰ ਠੁੱਡਾ ਮਾਰ ਕੇ ਭੰਨਣ ਦੀ ਜ਼ਰੂਰਤ ਹੈ।"

"ਫੇਰ ਤੁਸੀਂ ਹੀ ਸਲਾਹ ਦਿਉ ਮੈਨੂੰ ਕੀ ਕਰਨਾ ਚਾਹੀਦਾ ਹੈ?" ਅਜ਼ੀਬ ਕਿਸਮ ਦੇ ਮਾਨਸਿਕ ਦਵੰਦ ਨਾਲ ਜੂਝ ਰਿਹਾ ਸੀ ਉਸ ਸਮੇਂ ਮੈਂ।

ਗੁਰੂ ਗੋਬਿੰਦ ਸਿੰਘ ਨੇ ਆਪਣਾ ਮਨਸੂਬਾ ਸਪਸ਼ਟ ਕਰਿਆ ਸੀ, "ਮਾਧੋਦਾਸ, ਢਾਈ ਤਿੰਨ ਸਾਲ ਪਹਿਲਾਂ ਚਮਕੌਰ ਦੀ ਜੰਗ ਵਿੱਚ ਭਾਈ ਜੈਤੇ ਅਤੇ ਸੰਗਤ ਸਿੰਘ ਦੀ ਸ਼ਹੀਦੀ ਨਾਲ ਸਾਨੂੰ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਤੋਂ ਬਾਅਦ ਸਾਡੀ ਸਿੱਖ ਫੌਜ ਕੋਲ ਠਰਮੇ ਨਾਲ ਚੱਲਣ ਵਾਲਾ ਚੁਸਤ ਦਿਮਾਗ ਤੇ ਦੂਰਅੰਦੇਸ਼ ਕੋਈ ਹੋਰ ਸੈਨਾਪਤੀ ਨਹੀਂ ਰਿਹਾ। ਅਸੀਂ ਚਾਹੁੰਦੇ ਹਾਂ ਤੁਸੀਂ ਖਾਲਸਾ ਫੌਜ ਦੀ ਵਾਗ ਡੋਰ ਸੰਭਾਲ ਕੇ ਰਹਿਨੁਮਾਈ ਕਰੋ। ਤੁਹਾਨੂੰ ਮਰਾਠਿਆਂ ਨਾਲ ਰਹਿ ਕੇ ਜੰਗਾਂ ਲੜਨ ਦਾ ਕਾਫੀ ਤਜਰਬਾ ਹੈ ਤੇ ਅਸੀਂ ਤੁਹਾਡੇ ਤਜਰਬੇ ਦਾ ਲਾਹਾ ਖੱਟਣਾ ਚਾਹੁੰਦੇ ਹਾਂ।" 
"ਮੈਨੂੰ ਇਸਦੇ ਬਦਲੇ ਕੀ ਮਿਲੇਗਾ? ਕਿਧਰੇ ਇਹ ਨਾ ਹੋਵੇ ਤੁਸੀਂ ਮਤਲਬ ਨਿਕਲੇ ਤੋਂ ਛਿਲੜ ਵਾਂਗ ਕੱਢ ਕੇ ਬਾਹਰ ਮਾਰੋ।" ਮੈਂ ਆਪਣੀ ਸ਼ੰਕਾ ਜ਼ਾਹਰ ਕੀਤੀ ਸੀ।

"ਨਹੀਂ। ਅਜਿਹਾ ਕਦੇ ਨਹੀਂ ਹੋਵੇਗਾ। ਅਸੀਂ ਤੈਨੂੰ ਬਚਨ ਦਿੰਦੇ ਹਾਂ। ਦਿੱਲੀ ਦਾ ਤਖਤ ਖਾਲਸਾ ਨਾ ਵੀ ਹਾਸਿਲ ਕਰ ਸਕਿਆ ਤਾਂ ਘੱਟੋਘੱਟ ਪੰਜਾਬ ਦੀ ਬਾਦਸ਼ਾਹਤ ਤੁਹਾਨੂੰ ਦੇਣ ਦਾ ਅਸੀਂ ਵਾਅਦਾ ਕਰਦੇ ਹਾਂ। ਬਾਵਨ ਹਜ਼ਾਰੀ ਸਰਹਿੰਦ ਸਭ ਤੋਂ ਅਹਿਮ ਪਰਗਨਾ ਹੈ। ਬਸ ਇੱਕ ਵਾਰ ਪੰਜਾਬ ਜਾ ਕੇ ਸਰਹਿੰਦ ਫਤਿਹ ਕਰੋ। ਫੇਰ ਇੱਕ-ਇੱਕ ਕਰਕੇ ਸਾਰੇ ਸੂਬੇ ਅਤੇ ਪਰਗਣੇ ਖਾਲਸੇ ਦੇ ਕਦਮਾਂ ਵਿੱਚ ਡਿੱਗਣੇ ਸ਼ੁਰੂ ਹੋ ਜਾਣਗੇ। ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਤੁਸੀਂ ਹੋਵੋਗੇ।"

ਮੈਂ ਆਪਣੀ ਸ਼ੰਕਾ ਨਵਿਰਤੀ ਲਈ ਪ੍ਰਸ਼ਨ ਦਾਗ ਦਿੱਤਾ ਸੀ, "ਕੀ ਸਿੱਖ ਮੇਰਾ ਆਖਾ ਮੰਨ ਕੇ ਲੜਨਗੇ ਤੇ ਮਰਨ ਲਈ ਤਿਆਰ ਹੋਣਗੇ? ਜੇ ਮੇਰੀ ਜਾਣਕਾਰੀ ਗਲਤ ਨਹੀਂ ਤਾਂ ਜਦੋਂ ਤੁਹਾਡੇ ਉੱਪਰ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਸੀ ਤਾਂ ਆਨੰਦਪੁਰ ਦੇ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਉਨ੍ਹਾਂ ਨੇ ਮਦਮਸਤ ਹਾਥੀ ਛੱਡਿਆ ਸੀ। ਤੁਸੀਂ ਹਾਥੀ ਦੇ ਮੱਥੇ ਵਿੱਚ ਬਰਛੀ ਮਾਰਨ ਲਈ ਡੱਲੇ ਨੂੰ ਕਿਹਾ ਸੀ ਤਾਂ ਉਹ ਅੱਖ ਬਚਾ ਕੇ ਉੱਥੋਂ ਖਿਸਕ ਗਿਆ ਸੀ। ਉਸ ਤੋਂ ਬਾਅਦ ਜਦੋਂ ਲਾਹੌਰ ਦੇ ਸਿੱਖਾਂ ਨੇ ਤੁਹਨੂੰ ਬੰਦੂਕ ਭੇਂਟ ਕੀਤੀ ਤਾਂ ਤੁਸੀਂ ਡੱਲੇ ਨੂੰ ਪਰਖਣ ਲਈ ਨਿਸ਼ਾਨੇ ਉੱਪਰ ਖੜ੍ਹਣ ਨੂੰ ਕਿਹਾ ਸੀ। ਡੱਲਾ ਉਦੋਂ ਵੀ ਟਲ ਗਿਆ ਸੀ। ਆਨੰਦਪੁਰ ਨੂੰ ਘੇਰਾ ਪਏ ਤੋਂ ਤੁਹਾਡੇ ਸਿੱਖ ਤੁਹਾਨੂੰ ਬੇਦਾਵਾਂ ਲਿੱਖ ਕੇ ਦੇ ਗਏ ਸਨ। ਮਾਲਵੇ ਦੇ ਬਰਾੜ ਤਨਖਾਹ ਨਾ ਮਿਲਣ ਕਰਕੇ ਤੁਹਾਡੇ ਘੋੜੇ ਦੀਆਂ ਲਗਾਮਾਂ ਫੜ ਕੇ ਖੜ ਗਏ ਸਨ।"

"ਜੇ ਬਰਸ਼ੀ ਮਾਰਨੋਂ ਡੱਲਾ ਥਿੜਕ ਗਿਆ ਸੀ ਤਾਂ ਉਸ ਦੀ ਜਗ੍ਹਾ ਭਾਈ ਬਚਿੱਤਰ ਸਿੰਘ ਤਾਂ ਪੈਰ ਗੱਡ ਕੇ ਖਲੋਇਆ ਸੀ। ਡੱਲਾ ਨਿਸ਼ਾਨੇ ਉੱਪਰ ਨਹੀਂ ਖੜਿਆ ਸੀ ਤਾਂ ਦੋ ਰੰਘਰੇਟੇ ਬਾਪ ਬੇਟਾ ਸਿੱਖ ਉਸਦੀ ਥਾਂ ਆ ਗਏ ਸਨ। ਬੇਦਾਵਾਂ ਦੇ ਗਏ ਸਿੰਘ ਮਾਈ ਭਾਗੋ ਦੇ ਲਲਕਾਰਨ ਨਾਲ ਖਿਦਰਾਣੇ ਦੀ ਢਾਬ ਉੱਪਰ ਆ ਲੜੇ ਸਨ ਤੇ ਮਹਾਂ ਸਿੰਘ ਨੇ ਉਹ ਬੇਦਾਵਾਂ ਸਾਡੇ ਕੋਲੋਂ ਪੜ੍ਹਵਾ ਕੇ ਟੁੱਟੀ ਵੀ ਗੰਢੀ ਸੀ। ਮਾਲਵੇ ਦੇ ਬਰਾੜਾਂ ਦੀ ਬਦਸਲੂਕੀ ਲਈ ਬਾਬਾ ਦਾਨ ਸਿੰਘ ਨੇ ਮਾਫੀ ਵੀ ਮੰਗੀ ਸੀ ਤੇ ਸਾਡਾ ਸਹਿਯੋਗ ਦੇਣ ਦਾ ਅਹਿਦ ਵੀ ਕੀਤਾ ਸੀ।... ਤੁਸੀਂ ਮੇਰੇ 'ਤੇ ਭਰੋਸਾ ਰੱਖੋ, ਮੇਰਾ ਖਾਲਸਾ ਮਰਦੇ ਦਮ ਤੱਕ ਤੁਹਾਡਾ ਸਾਥ ਦੇਵੇਗਾ। ਪੰਜਾਬ ਦਾ ਬੱਚਾ-ਬੱਚਾ ਤੁਹਾਡੇ ਨਾਲ ਜੂਝਾਰੂ ਲਹਿਰ ਦਾ ਅੰਗ ਬਣਕੇ ਵਿਚਰੇਗਾ।" ਗੁਰੂ ਗੋਬਿੰਦ ਸਿੰਘ ਬੜੇ ਧੀਰਜ ਨਾਲ ਬੋਲੇ ਸਨ।

ਮੈਂ ਜਾਣਦਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਇੱਕ ਇਸ਼ਾਰੇ ਉੱਤੇ ਬਹੁਤ ਸਾਰੇ ਸਿੱਖ ਜਾਨਾਂ ਵਾਰਨ ਲਈ ਤਿਆਰ ਹੋ ਜਾਂਦੇ ਸਨ। ਪਿਸ਼ਾਵਰ ਦਾ ਉਨ੍ਹਾਂ ਦਾ ਇੱਕ ਸਿੱਖ ਜੋਗਾ ਆਪਣੀਆਂ ਲਾਵਾਂ ਵਿੱਚੇ ਛੱਡ ਕੇ ਗੁਰੂ ਦਾ ਹੁਕਮ ਵਜਾਉਣ ਆ ਗਿਆ ਸੀ। 

ਕੁਝ ਦੇਰ ਗੁਰੂ ਗੋਬਿੰਦ ਸਿੰਘ ਦੀ ਕਹੀ ਗੱਲ ਨੂੰ ਗੌਰ ਨਾਲ ਵਿਚਾਰਨ ਬਾਅਦ ਮੈਂ ਕਿਹਾ ਸੀ, "ਠੀਕ ਹੈ। ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਸਾਰੀ ਖਾਲਸਾ ਫੌਜ ਨੂੰ ਮੁੜ ਨਵੇਂ ਸਿਰਿਉਂ ਯੁੱਧ ਕਲਾ ਲਈ ਆਪਣੇ ਢੰਗ ਨਾਲ ਸਿਖਲਾਈ ਦੇਵਾਂਗਾ ਤੇ ਆਪਣੀ ਮੁਹਿੰਮ ਦਾ ਅਗਾਜ਼ ਅਸੀਂ ਛਾਪਾਮਾਰ ਯੁੱਧ ਵਿਧੀਆਂ ਨਾਲ ਕਰਾਂਗੇ। ਜਦੋਂ ਫੌਜ ਦੀ ਘੱਟ ਗਿਣਤੀ ਹੋਵੇ ਤਾਂ ਇਹੀ ਯੁੱਧ ਤਰੀਕਾ ਕਾਰਾਗਰ ਸਾਬਿਤ ਹੁੰਦਾ ਹੈ।"

"ਮੰਨਜ਼ੂਰ ਹੈ। ਹੁਣ ਤੋਂ ਤੁਸੀਂ ਸਿੱਖ ਫੌਜ ਦੇ ਦ੍ਰੋਣਾਚਾਰੀਆ ਹੋਵੋਂਗੇ।" ਗੁਰੂ ਗੋਬਿੰਦ ਸਿੰਘ ਨੇ ਮੈਨੂੰ ਗਲ ਨਾਲ ਲਾ ਲਿਆ ਸੀ।

ਉਸ ਦਿਨ ਤੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿਖਉਣੀ ਆਰੰਭ ਕਰ ਦਿੱਤੀ ਸੀ। ਬਹੁਤਾ ਜੰਗੀ ਅਭਿਆਸ ਅਸੀਂ ਜੰਗਲ ਵਿੱਚ ਹੀ ਕਰਦੇ ਸੀ। ਮੈਂ ਅਕਸਰ ਸਿਖਲਾਈ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦੇ ਤੰਬੂ ਵਿੱਚ ਚਲਾ ਜਾਂਦਾ ਸੀ। ਅਸੀਂ ਲੰਮੀ ਦੇਰ ਤੱਕ ਵਿਚਾਰ-ਵਟਾਂਦਰੇ ਕਰਦੇ ਰਹਿੰਦੇ। ਮੈਨੂੰ ਉਨ੍ਹਾਂ ਦੀਆਂ ਗੂੜ ਗਿਆਨ ਵਾਲੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਸਨ। ਫਾਰਸੀ ਸ਼ਾਇਰੀ ਵਿੱਚ ਗੁਫਤਗੂ ਕਰਨਾ ਉਨ੍ਹਾਂ ਦੀ ਫਿਤਰਤ ਸੀ। ਇੱਕ ਸੰਵੇਦਨਾਸ਼ੀਲ ਇਨਸਾਨ ਹੋਣ ਕਰਕੇ ਮੇਰੀ ਗੁਰੂ ਗੋਬਿੰਦ ਸਿੰਘ ਨਾਲ ਨੇੜਤਾ ਬਣਦੀ ਚਲੀ ਗਈ।

ਆਮ ਸਿੱਖ ਤਾਂ ਮੇਰੀਆਂ ਸੇਵਾਵਾਂ ਤੋਂ ਖੁਸ਼ ਸਨ ਤੇ ਮਨ-ਚਿੱਤ ਲਾ ਕੇ ਲੜਾਈ ਦਾ ਹੁਨਰ ਸਿੱਖ ਰਹੇ ਸਨ। ਲੇਕਿਨ ਸਿੱਖ ਖੇਮੇ ਵਿੱਚ ਸਿੱਖ ਜਥੇਦਾਰਾਂ ਵੱਲੋਂ ਮੇਰਾ ਦਿਲੋਂ ਸਵਾਗਤ ਨਹੀਂ ਸੀ ਕੀਤਾ ਗਿਆ। ਦਿਖਾਵੇ ਵਜੋਂ ਤਾਂ ਉਹ ਮੈਨੂੰ ਖੁਸ਼ ਹੋ ਕੇ ਮਿਲਣ ਦਾ ਪ੍ਰਭਾਵ ਦਿੰਦੇ ਸਨ। ਪਰ ਮੇਰੀ ਪਿੱਠ ਪਿੱਛੇ ਉਹ ਅਕਸਰ ਆਪਸ ਵਿੱਚ ਘੁਸਰ-ਮੁਸਰ ਕਰਦੇ ਰਹਿੰਦੇ, "ਕੀ ਗੁਰੂ ਸਾਹਿਬ ਨੂੰ ਸਾਡੇ 'ਤੇ ਭਰੋਸਾ ਨਹੀਂ ਰਿਹੈ, ਜੋ ਇੱਕ ਸਾਧ ਨੂੰ ਲਿਆਕੇ ਖਾਲਸਾ ਫੌਜ ਵਿੱਚ ਵਾੜ ਲਿਆ ਹੈ?"

"ਹੋਰ ਕੀ, ਇਹ ਤਾਂ ਸਾਡੀ ਬਹਾਦਰੀ ਉੱਪਰ ਗੁਰੂ ਸਾਹਿਬ ਨੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ!" ਬਿਨੋਦ ਸਿੰਘ ਆਪਣੀ ਵੇਦਨਾ ਪਰਗਟ ਕਰਦਾ।

ਅੱਗੋਂ ਬਾਜ਼ ਸਿੰਘ ਗੱਲ ਬੋਚ ਲੈਂਦਾ, "ਇਸ ਬੰਦੇ ਦੀ ਮਹਾਰਾਸ਼ਟਰ ਵਿੱਚ ਪਹਿਲਾਂ ਹੀ ਗੁਰੂ ਦੇ ਤੌਰ 'ਤੇ ਮਾਣਤਾ ਹੈ। ਉਸ ਕੋਲ ਆਪਣੇ ਚੇਲਿਆਂ ਦੀ ਫੌਜ ਵੀ ਹੈ। ਜੇ ਸਿੱਖਾਂ ਦਾ ਧਾਰਮਿਕ ਨੇਤਾ ਬਣ ਗਿਆ ਤਾਂ ਇਹ ਗੁਰਗੱਦੀ ਨੂੰ ਵੀ ਜ਼ਰੂਰ ਹੱਥ ਪਾਵੇਗਾ। ਖਾਲਸਾ ਫੇਰ ਇਸਦੀ ਵਧਦੀ ਹੋਈ ਤਾਕਤ ਅਤੇ ਪ੍ਰਤਿਸ਼ਠਾ ਨੂੰ ਰੋਕਣਾ ਅਸੰਭਵ ਹੋ ਜਾਵੇਗਾ।"

"ਹਾਂ, ਇਹ ਬੈਰਾਗੀ ਬੰਦਾ ਦੁਨੀਆਵੀ ਅਤੇ ਆਤਮਿਕ ਦੋਨਾਂ ਧਰਾਤਲਾਂ 'ਤੇ ਮਜ਼ਬੂਤ ਪਕੜ ਰੱਖਦਾ ਹੈ। ਮਸੰਦਾਂ ਦੀਆਂ ਕਪਟੀ ਚਾਲਾਂ ਨਾਲ ਪੰਥ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਇਹ ਸ਼ਕਤੀਸ਼ਾਲੀ ਹੋ ਗਿਆ ਤਾਂ ਹੋ ਸਕਦਾ ਹੈ ਨਵਾਂ ਮਸੰਦ ਬਣ ਕੇ ਖਲੋ ਜਾਵੇ। ਫੇਰ ਆਪਾਂ ਕੀ ਕਰਾਂਗੇ?" ਕਾਹਨ ਸਿੰਘ ਆਪਣੀ ਦਲੀਲ ਦਿੰਦਾ।

ਜਦੋਂ ਅਜਿਹੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਤੱਕ ਪਹੁੰਚੀਆਂ ਤਾਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਸੀ, "ਤੁਸੀਂ ਮਾਧੋਦਾਸ ਨੂੰ ਮਹਿਜ਼ ਬੈਰਾਗੀ ਨਾਥ ਜੋਗੀ ਨਾ ਸਮਝੋ। ਉਹ ਇੱਕ ਵਧੀਆ ਸੈਨਿਕ ਹੈ। ਮਰਾਠਿਆਂ ਨਾਲ ਉਸਦੇ ਚੰਗੇ ਸੰਬਧ ਹਨ। ਲੋੜ੍ਹ ਪਈ ਤੇ ਉਹ ਉਨ੍ਹਾਂ ਤੋਂ ਮਦਦ ਲੈ ਸਕਦਾ ਹੈ। ਮਾਧੋਦਾਸ, ਅਲੋਕਾਰੀ ਸ਼ਕਤੀਆਂ ਤੇ ਤਾਂਤਰਿਕ ਵਿੱਦਿਆ ਦਾ ਗਿਆਤਾ ਹੈ। ਵਸ਼ੀਕਰਨ ਦੀ ਕਲਾ ਉਸਨੂੰ ਆਉਂਦੀ ਹੈ। ਜੋ ਜੰਗ ਸਮੇਂ ਸੰਧੀਆਂ ਕਰਨ ਅਤੇ ਦੁਸ਼ਮਣ ਦੇ ਹੱਥ ਖੜ੍ਹੇ ਕਰਵਾਉਣ ਵਿੱਚ ਸਹਾਈ ਹੋ ਸਕਦੀਆਂ ਹਨ।"

ਵੈਸੇ ਤਾਂ ਮੇਰੀ ਆਮਦ ਤੋਂ ਕੋਈ ਵੀ ਜਥੇਦਾਰ ਪ੍ਰਸੰਨ ਨਹੀਂ ਸੀ ਆਉਂਦਾ। ਪਰੰਤੂ ਜਥੇਦਾਰ ਬਿਨੋਦ ਸਿੰਘ ਤਾਂ ਖਾਸਾ ਹੀ ਦੁੱਖੀ ਸੀ। ਮਿੰਨਾ-ਮੀਸਣਾ ਹੋਣ ਦੇ ਬਾਵਜੂਦ ਵੀ ਉਹ ਕਈ ਵਾਰ ਆਪਣੀਆਂ ਅੰਦਰੂਨੀ ਭਾਵਨਾਵਾਂ ਉਜਾਗਰ ਕਰਨੋਂ ਰਹਿ ਨਾ ਸਕਦਾ। ਗੁਰੂ ਗੋਬਿੰਦ ਸਿੰਘ ਨਾਲ ਦਿਨੋਂ ਦਿਨ ਬਣਦੀ ਮੇਰੀ ਨੇੜਤਾ ਉਸਨੂੰ ਤੇ ਉਸਦੇ ਪੁੱਤਰ ਕਾਹਨ ਸਿੰਘ ਨੂੰ ਬਹੁਤ ਅੱਖਰਦੀ ਸੀ। 

ਇੱਕ ਦਿਨ ਗੁਰੂ ਗੋਬਿੰਦ ਸਿੰਘ ਇੱਕ ਬਾਰਾਂ ਸੇਰ ਦਾ ਖੰਡਾ ਮੈਨੂੰ ਭੇਂਟ ਕਰਦੇ ਹੋਏ ਕਹਿਣ ਲੱਗੇ, "ਮਾਧੋਦਾਸ, ਸਾਡੇ ਖਾਲਸੇ ਦੀ ਅਜੇ ਐਨੀ ਹੈਸੀਅਤ ਨਹੀਂ ਹੈ ਕਿ ਤੁਹਾਨੂੰ ਗੁਰੂ ਦਕਸ਼ਣਾ ਦੇ ਸਕੇ। ਉਨ੍ਹਾਂ ਦੀ ਤਰਫੋਂ ਇਹ ਖੰਡੇ ਦੀ ਸੁਗਾਤ ਮੈਂ ਤੁਹਾਨੂੰ ਅਰਪਣ ਕਰਦਾ ਹਾਂ।"

ਮੈਂ ਗੁਰੂ ਗੋਬਿੰਦ ਸਿੰਘ ਤੋਂ ਖੰਡਾ ਸਵਿਕਾਰਿਆ ਤਾਂ ਬਿਨੋਦ ਸਿੰਘ ਨੇ ਆ ਕੇ ਮੇਰੇ ਹੱਥੋਂ ਉਹ ਖੰਡਾ ਖੋਹ ਲਿਆ ਸੀ, "ਗੁਰੂ ਸਾਹਿਬ, ਅਸੀਂ ਆਪਣਾ ਘਰਬਾਰ ਛੱਡ ਕੇ ਤੁਹਾਡੇ ਨਾਲ ਕਿੰਨੇ ਚਿਰ ਤੋਂ ਤੁਰੇ ਫਿਰਦੇ ਹਾਂ। ਤੁਸੀਂ ਸਾਨੂੰ ਤਾਂ ਕੋਈ ਸ਼ਸਤਰ ਭੇਂਟ ਨਹੀਂ ਕੀਤਾ? ਇਸ ਸੱਜਰੇ ਖੇਮੇ ਵਿੱਚ ਆਏ ਸਾਧ ਨੂੰ ਤੋਹਫੇ ਦੇਣੇ ਵੀ ਸ਼ੁਰੂ ਕਰ ਦਿੱਤੇ? ਇਹ ਖੰਡਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ। ਤੁਸੀਂ ਮੈਨੂੰ ਲੈ ਲੈਣ ਦਿਉ। ਦੇਖਿਉ ਇਸ ਨਾਲ ਮੈਂ ਮੁਗਲਾਂ ਦੀ ਕਿਵੇਂ ਭੁਤਨੀ ਭੁਲਾਉਂਦਾ ਹਾਂ।"

ਗੁਰੂ ਗੋਬਿੰਦ ਸਿੰਘ, ਜਥੇਦਾਰ ਬਿਨੋਦ ਸਿੰਘ ਦੇ ਮੂੰਹ ਵੱਲ ਦੇਖਦੇ ਰਹਿ ਗਏ ਸਨ। ਮੈਂ ਸਥਿਤੀ ਦੀ ਨਾਜੁਕਤਾ ਨੂੰ ਭਾਫਦਿਆਂ ਮੁਸਕਰਾਇਆ ਸੀ, "ਜਥੇਦਾਰ ਜੀ, ਚਲੋ ਇਹ ਖੰਡਾ ਤੁਸੀਂ ਮੇਰੇ ਵੱਲੋਂ ਨਜ਼ਰਾਨਾ ਸਮਝ ਕੇ ਰੱਖ ਲਉ।"

ਮੇਰੀ ਗੱਲ ਸੁਣ ਕੇ ਬਿਨੋਦ ਸਿੰਘ ਨੂੰ ਹੋਰ ਹਿਰਖ ਆ ਗਿਆ ਸੀ, "ਗੁਰੂ ਦੀਆਂ ਬਖਸ਼ਿਸ਼ਾਂ ਉੱਪਰ ਸਾਰੇ ਸਿੱਖਾਂ ਦਾ ਇਕੋ ਜਿਹਾ ਹੱਕ ਹੈ। ਤੁਸੀਂ ਕੌਣ ਹੁੰਦੇ ਹੋ, ਸਾਨੂੰ ਨਜ਼ਾਰਨੇ ਦੇਣ ਵਾਲੇ?"

ਮੈਂ ਵਿਵਾਦ ਨੂੰ ਜ਼ਿਆਦਾ ਵਧਾਉਣਾ ਨਹੀਂ ਸੀ ਚਾਹੁੰਦਾ। ਇਸ ਲਈ ਮੈਂ ਉਸ ਸਮੇਂ ਚੁੱਪ ਵੱਟਣ ਵਿੱਚ ਹੀ ਭਲਾਈ ਸਮਝੀ ਸੀ। ਇਸ ਘਟਨਾ ਤੋਂ ਦੋ ਕੁ ਦਿਨ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਕਾਂਤ ਵਿੱਚ ਲਿਜਾ ਕੇ ਦੱਸਿਆ ਸੀ, "ਗੁਰੂ ਜੀ, ਮਾਫ ਕਰਨਾ ਛੋਟਾ ਮੂੰਹ ਤੇ ਵੱਡੀ ਗੱਲ ਕਰਨ ਲੱਗਾ ਹਾਂ। ਜਿਵੇਂ ਤੁਸੀਂ ਹਿੱਕ ਥਾਪੜ ਕੇ ਦਾਅਵਾ ਕੀਤਾ ਸੀ, ਮੈਨੂੰ ਉਵੇਂ ਤੁਹਾਡੇ ਸਿੱਖ ਤੁਹਾਡੇ ਅਗਿਆਕਾਰ ਨਹੀਂ ਜਾਪਦੇ। ਇਉਂ ਲੱਗਦਾ ਹੈ, ਉਹ ਤੁਹਾਡੇ ਨਾਲ ਕਿਸੇ ਗਰਜ਼ ਜਾਂ ਮਜ਼ਬੂਰੀਵਸ ਜੁੜੇ ਹੋਏ ਹਨ।"

ਗੁਰੂ ਗੋਬਿੰਦ ਸਿੰਘ ਬੜੀ ਸੰਜੀਦਗੀ ਨਾਲ ਕਿਹਾ ਸੀ, "ਨਹੀਂ, ਅਜਿਹੀ ਗੱਲ ਨਹੀਂ ਹੈ। ਸਿੱਖਾਂ ਦਾ ਤੁਹਾਡੇ ਪ੍ਰਤੀ ਬੇਰੁੱਖਾ ਵਤੀਰਾ ਤਾਂ ਮੈਂ ਵੀ ਕੁਝ ਦਿਨਾਂ ਤੋਂ ਤਾੜ ਰਿਹਾ ਹਾਂ। ਮੈਂ ਮਨ ਹੀ ਮਨ ਇਸ ਬਾਰੇ ਕਾਫੀ ਸੋਚਿਆ ਹੈ। ਮੇਰੀ ਇੱਕ ਤਜਵੀਜ਼ ਹੈ, ਜੇਕਰ ਤੁਸੀਂ ਮੰਨ ਲਵੋ?"

"ਉਹ ਕੀ?"

"ਅਗਰ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਉ ਤਾਂ ਸਮੁੱਚਾ ਖਾਲਸਾ ਪੰਥ ਤੁਹਾਡੇ ਵਿੱਚੋਂ ਮੇਰਾ ਹੀ ਰੂਪ ਦੇਖੇਗਾ ਤੇ ਫਿਰ ਤੁਹਾਡਾ ਦਿੱਤਾ ਹੁਕਮ ਨਾ ਮੰਨਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਹੁਣ ਇਹ ਤੁਹਾਨੂੰ ਉਪਰਾ ਅਤੇ ਬਾਹਰਲਾ ਖਿਆਲ ਕਰਦੇ ਹਨ। ਸਿੱਖ ਧਰਮ ਅਪਨਾਉਣ ਨਾਲ ਤੁਸੀਂ ਇਨ੍ਹਾਂ ਨੂੰ ਆਪਣੇ ਲੱਗਣ ਲੱਗ ਜਾਵੋਗੇ।"

ਗੁਰੂ ਗੋਬਿੰਦ ਸਿੰਘ ਦਾ ਮਸ਼ਵਰਾ ਸੁਣ ਕੇ ਮੈਂ ਸੋਚੀਂ ਪੈ ਗਿਆ ਸੀ, "ਸਿੱਖ ਬਣਨ ਲਈ ਮੈਨੂੰ ਆਪਣੇ ਬੈਰਾਗੀ ਸੰਪਰਦਾਏ ਨੂੰ ਤਿਲਾਜ਼ਲੀ ਦੇਣੀ ਪਵੇਗੀ। ਫੇਰ ਤੁਸੀਂ ਮੇਰੇ ਮੁਰਸ਼ਦ ਬਣ ਜਾਉਗੇ। ਮੈਂ ਤੁਹਾਡੇ ਤੋਂ ਕਾਫੀ ਮੁਤਾਸਿਰ ਹਾਂ। ਤੁਹਾਨੂੰ ਗੁਰੂ ਤਾਂ ਮੈਂ ਧਾਰ ਲਵਾਂਗਾ। ਪਰ ਇੱਕ ਗੱਲ ਮੈਂ ਦੱਸ ਦੇਵਾਂ। ਮੈਂ ਜਿਸਨੂੰ ਵੀ ਆਪਣਾ ਗੁਰੂ ਸਵਿਕਾਰਦਾ ਹਾਂ, ਉਹ ਇਸ ਦੁਨੀਆਂ ਉੱਪਰ ਜ਼ਿਆਦਾ ਦੇਰ ਜਿਉਂਦਾ ਨਹੀਂ ਰਹਿੰਦਾ।" 

ਗੁਰੂ ਗੋਬਿੰਦ ਸਿੰਘ ਮੁਸਕਰਾਏ ਸਨ, "ਮੌਤ ਦੇ ਘੇਰੇ ਤੋਂ ਕੋਈ ਬਾਹਰ ਨਹੀਂ। ਇਹ ਕੁਦਰਤ ਦਾ ਨਿਯਮ ਹੈ, ਜੋ ਪੈਦਾ ਹੋਇਆ ਹੈ, ਉਸ ਨੇ ਇੱਕ ਦਿਨ ਮਰਨਾ ਹੈ। ਮੌਤ ਨਿਸਚਿਤ ਹੈ। ਰਾਵਨ, ਭੀਸ਼ਮ ਪਿਤਾਮਾ ਤੇ ਹਰਨਾਕਸ਼ ਵਰਗੇ ਮੌਤ ਨੂੰ ਟਾਲ ਨਹੀਂ ਸਕੇ। ਮੈਂ ਮਰਨੋ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾ, ਕੁਝ ਨਹੀਂ। ਬਹੁਤ ਕੁਝ ਕਰ ਜਾਣਾ ਚਾਹੁੰਦਾ ਹਾਂ। ਖਾਸਕਰ ਉਹ ਕੰਮ ਮੇਰੇ ਲਈ ਨੇਪਰੇ ਚਾੜ੍ਹਨੇ ਬਹੁਤ ਜ਼ਰੂਰੀ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਲਾ ਕੇ ਅਕਾਲਪੁਰਖ ਨੇ ਮੈਨੂੰ ਇਸ ਦੁਨੀਆਂ ਵਿੱਚ ਭੇਜਿਆ ਹੈ।"

"ਠੀਕ ਹੈ। ਮੈਂ ਬੈਰਾਗੀ ਪੰਥ ਤਿਆਗ ਕੇ ਸਿੱਖ ਪੰਥ ਅਪਨਾਉਣ ਲਈ ਤਿਆਰ ਹਾਂ।"

ਮੇਰੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਨੇ ਜਥੇਦਾਰਾਂ ਨੂੰ ਬੁਲਾ ਕੇ ਭਾਈ ਦਇਆ ਸਿੰਘ ਨੂੰ ਹੁਕਮ ਦਿੱਤਾ ਸੀ ਕਿ ਪੰਜ ਸਿੰਘ ਇਕੱਤਰ ਹੋ ਕੇ ਮੈਨੂੰ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕਰਨ। ਖੰਡਾ ਫੇਰ ਕੇ ਬਾਟੇ ਵਿੱਚ ਜਲ ਤੇ ਪਤਾਸੇ ਘੋਲ ਕੇ ਬਾਣੀ ਦੇ ਜਾਪ ਨਾਲ ਅੰਮ੍ਰਿਤ ਤਿਆਰ ਕੀਤਾ ਗਿਆ ਤੇ ਪਾਹੁਲ ਮੈਨੂੰ ਛਕਾਈ ਗਈ। ਸਿੱਖ ਧਰਮ ਦੀ ਰਵਾਇਤ ਮੁਤਾਬਿਕ ਅੰਮ੍ਰਿਤ ਪਾਨ ਕਰਨ ਵਾਲੇ ਹਰ ਵਿਅਕਤੀ ਦੇ ਨਾਮ ਨਾਲ ਸਿੰਘ ਜੁੜ ਜਾਇਆ ਕਰਦਾ ਹੈ। ਮੈਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ, "ਮਾਧੋਦਾਸ ਤੋਂ ਅਗਰ ਮੇਰਾ ਨਾਮ ਮਾਧੋ ਸਿੰਘ ਵੀ ਕਰ ਦਿੱਤਾ ਗਿਆ ਤਾਂ ਫੇਰ ਵੀ ਮੈਨੂੰ ਆਪਣੇ ਬੈਰਾਗੀ ਜੀਵਨ ਦੀ ਯਾਦ ਆਉਂਦੀ ਰਹੇਗੀ। ਤੁਸੀਂ ਮੈਨੂੰ ਸਿੱਖੀ ਬਖਸ਼ੀ ਹੈ ਤੇ ਚੰਗਾ ਹੋਵੇਗਾ ਜੇ ਸਿੱਖ ਨਾਮ ਵੀ ਬਖਸ਼ ਦੇਵੋ।"

"ਬਖਸ਼ਿਸ਼ਾਂ ਮੰਗਣ ਵਾਲੇ ਨੂੰ ਅਸੀਂ ਨਿਰਾਸ਼ ਕਿਵੇਂ ਕਰ ਸਕਦੇ ਹਾਂ? ਨਾਮ ਕੀ ਤੇਰੇ 'ਤੇ ਤਾਂ ਸਾਡੀਆਂ ਸਾਰੀਆਂ ਬਖਸ਼ਿਸ਼ਾਂ ਨੇ। ਅਸੀਂ ਨਿੱਡਰ ਯੋਧਾ ਸਿੱਖ ਕੌਮ ਨੂੰ ਬਖਸ਼ ਰਹੇ ਹਾਂ। ਅੱਜ ਤੋਂ ਤੇਰਾ ਨਾਮ ਗੁਰਬਖਸ਼ ਸਿੰਘ ਹੋਵੇਗਾ।"

ਉਸ ਰੋਜ਼ ਤੋਂ ਮੇਰਾ ਨਾਮ ਗੁਰਬਖਸ਼ ਸਿੰਘ ਹੋ ਗਿਆ ਸੀ। ਲੇਕਿਨ ਜ਼ਿਆਦਾਤਰ ਸਿੱਖ ਮੈਨੂੰ ਗੁਰੂ ਦਾ ਲਿਆਂਦਾ ਹੋਇਆ ਬੰਦਾ ਜਾਂ ਬੰਦਾ ਸਿੰਘ ਅੱਲ ਨਾਲ ਹੀ ਜਾਣਦੇ ਸਨ। ਅਕਸਰ ਸੰਬੋਧਨ ਵੀ ਉਹ ਮੈਨੂੰ ਬੰਦਾ ਸਿੰਘ ਆਖ ਕੇ ਕਰਿਆ ਕਰਦੇ ਸਨ। 

ਮੈਂ ਹੌਲੀ-ਹੌਲੀ ਬੈਰਾਗੀ ਜੀਵਨ ਤਿਆਗ ਕੇ ਆਪਣੇ ਆਪ ਨੂੰ ਉੱਤਰੀ ਭਾਰਤ ਵਿੱਚ ਧਰਮਯੁੱਧ ਲੜਣ ਲਈ ਤਿਆਰ ਕਰ ਲਿਆ ਸੀ। ਮੈਂ ਸਾਬਤ ਸੂਰਤ ਖਾਲਸਾ ਬਣ ਗਿਆ ਸੀ। ਗੁਰੂ ਗੋਬਿੰਦ ਸਿੰਘ ਦਾ ਹਾਣੀ ਹੋਣ ਕਰਕੇ ਲੰਮੀਆਂ ਮੁੱਛਾਂ, ਭਰਵੀਂ ਦਾੜੀ ਅਤੇ ਕੇਸ ਰੱਖਣ ਮਗਰੋਂ ਮੇਰੀ ਦਿੱਖ ਉਨ੍ਹਾਂ ਨਾਲ ਕਾਫੀ ਮਿਲਣ ਲੱਗ ਪਈ ਸੀ। ਨੈਣ ਨਕਸ਼ ਅਤੇ ਕੱਦਕਾਠ ਵੀ ਮੇਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ-ਜੁਲਦਾ ਸੀ। ਮੈਨੂੰ ਪਿੱਠ ਪਿਛੋਂ ਦੇਖਣ ਵਾਲਾ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਹੋਣ ਦਾ ਭੁਲੇਖਾ ਖਾਹ ਜਾਂਦਾ ਹੁੰਦਾ ਸੀ। 'ਅਲੱਖ ਨਿਰੰਜਣ' ਦੇ ਬੋਲੇ ਦੀ ਜਗ੍ਹਾ ਮੇਰੀ ਜ਼ਬਾਨ 'ਤੇ 'ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਦੀ ਕੀ ਫਤਿਹ' ਨੇ ਲੈ ਲਈ ਸੀ। 

ਗੁਰੂ ਗੋਬਿੰਦ ਸਿੰਘ ਸਿੱਖ ਧਰਮ ਦੇ ਅਸੂਲਾਂ ਅਤੇ ਰੀਤਾਂ ਰਸਮਾਂ ਦਾ ਮੈਨੂੰ ਗਿਆਨ ਕਰਵਾਉਂਦੇ ਰਹਿੰਦੇ। ਦਿਨੋਂ ਦਿਨ ਮੇਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਜ਼ਦੀਕੀ ਬਣਦੀ ਜਾਂਦੀ ਸੀ। ਇਸ ਨਾਲ ਸਿੱਖ ਜਥੇਦਾਰਾਂ ਦੇ ਸੰਸੇ ਵੱਧਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੂੰ ਫਿਕਰ ਪੈ ਗਿਆ ਸੀ ਕਿ ਕਿਧਰੇ ਗੁਰੂ ਸਾਹਿਬ ਮੈਨੂੰ ਗੁਰੂ ਨਾਨਕ ਦੀ ਗਿਆਰਵੀਂ ਗੱਦੀ ਉੱਪਰ ਨਾ ਬਿਠਾ ਦੇਣ। 

ਗੁਰੂ ਗੋਬਿੰਦ ਸਿੰਘ ਭਲੀਭਾਂਤ ਜਾਣਦੇ ਸਨ ਕਿ ਪੰਜਾਬ ਵਿੱਚ ਸਿੱਖਾਂ ਦੀ ਮਾਰ ਦਾ ਕਾਰਨ ਉਨ੍ਹਾਂ ਦੀ ਘੱਟ ਗਿਣਤੀ ਸੀ ਤੇ ਹਾਰ ਦਾ ਕਾਰਨ ਉਨ੍ਹਾਂ ਦਾ ਸ਼ਸਤਰ ਵਿੱਦਿਆ ਵਿੱਚ ਅਣਸਿੱਖਿਅਤ ਹੋਣਾ ਸੀ। ਸਿੱਖਾਂ ਦੀ ਸੰਖਿਆ ਵਧਾਉਣ ਲਈ ਉਹ ਨਿੱਤ ਦਿਵਾਨ ਲਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਤੇ ਸ਼ਸਤਰ ਵਿੱਦਿਆ ਸਿਖਾਉਣ ਲਈ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਉੱਪਰ ਸਿੱਟ ਦਿੱਤੀ ਸੀ। ਮੇਰੇ ਤੋਂ ਸ਼ਸਤਰ ਸਿੱਖਣ ਵਾਲੇ ਸਿੱਖ ਯੋਧੇ ਮੈਨੂੰ ਦਿਲੋਂ ਆਪਣਾ ਉਸਤਾਦ ਮੰਨਦੇ ਸਨ ਤੇ ਮੇਰੀ ਇੱਜ਼ਤ ਕਰਦੇ ਸਨ। ਉਹ ਯੁੱਧ ਸਿੱਖਦੇ ਸਮੇਂ ਸਥਾਨਿਕ ਰਵਾਇਤ ਅਨੁਸਾਰ ਮੈਨੂੰ ਗੁਰੂ ਜਾਂ ਉਸਤਾਦ ਆਖ ਕੇ ਸੰਬੋਧਨ ਕਰਦੇ ਸਨ। ਮੇਰੇ ਵਿਦਿਆਰਥੀ ਸਿੱਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਹੁੰਦਿਆਂ ਮੈਨੂੰ ਗੁਰੂ ਕਹਿ ਕੇ ਬੁਲਾਉਣਾ ਜਥੇਦਾਰਾਂ ਨੂੰ ਬਹੁਤ ਅੱਖਰਦਾ ਹੁੰਦਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਗੁਰੂ ਅਖਵਾ ਕੇ ਮੈਂ ਸਿੱਖ ਧਰਮ ਦੀ ਗੁਰੂਗੱਦੀ ਵੱਲ ਆਪਣੇ ਕਦਮ ਵਧਾ ਰਿਹਾ ਸੀ। ਹਾਲਾਂਕਿ ਮੈਨੂੰ ਗੁਰਗੱਦੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੈਨੂੰ ਸਿੱਖਾਂ ਵੱਲੋਂ ਗੁਰੂ ਕਹਿਣ ਉੱਤੇ ਕਦੇ ਕੋਈ ਇਤਰਾਜ਼ ਨਹੀਂ ਸੀ ਜਤਾਇਆ। ਉਹ ਸਮਝਦੇ ਸਨ ਕਿ ਸਿੱਖ ਮੈਨੂੰ ਗੁਰੂ ਕਿਉਂ ਕਹਿੰਦੇ ਸਨ। ਮੈਂ ਕੋਈ ਧਾਰਮਿਕ ਨਹੀਂ ਬਲਕਿ ਉਨ੍ਹਾਂ ਦਾ ਸ਼ਸਤਰ ਵਿੱਦਿਆ ਦਾ ਗੁਰੂ ਸੀ। 

ਥੋੜ੍ਹੇ ਜਿਹੇ ਅਰਸੇ ਦੀ ਸਿਖਲਾਈ ਉਪਰੰਤ ਸਿੱਖ ਯੋਧੇ ਸ਼ਸਤਰ ਵਿੱਦਿਆ ਵਿੱਚ ਕਾਫੀ ਮੁਹਾਰਤ ਹਾਸਿਲ ਕਰ ਗਏ ਸਨ। ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਬੈਠਕਾਂ ਕਰਕੇ ਆਪਣੀ ਪੰਜਾਬ ਵਿੱਚ ਮੁਹਿੰਮ ਸ਼ੁਰੂ ਕਰਨ ਦੀਆਂ ਵਿਉਂਤਬੰਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। 

ਗੁਰੂ ਗੋਬਿੰਦ ਸਿੰਘ ਆਥਣ ਸਵੇਰ ਦੀਵਾਨ ਲਗਾਇਆ ਕਰਦੇ ਸਨ ਤੇ ਦੁਪਿਹਰ ਨੂੰ ਅਰਾਮ ਕਰਿਆ ਕਰਦੇ ਸਨ। ਗੁਰੂ ਸਾਹਿਬ ਦੇ ਦਰਸ਼ਨ ਅਭਲਾਖੀ ਨਾਦੇੜ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਇਹਨਾਂ ਦੀਵਾਨਾਂ ਵਿੱਚ ਉਪਦੇਸ਼ ਸੁਣਨ ਆ ਜਾਇਆ ਕਰਦੇ ਸਨ। ਸਿੱਖਾਂ ਤੋਂ ਇਲਾਵਾ ਗੁਰੂ ਘਰ ਦੇ ਪ੍ਰੇਮੀ ਹਿੰਦੂ ਅਤੇ ਮੁਸਲਮਾਨ ਵੀ ਸਿੱਖ ਸੰਗਤ ਵਿੱਚ ਹੁੰਦੇ ਸਨ। ਇੰਝ ਹੀ ਦੋ ਪਠਾਣ ਕਈ ਦਿਨ ਦੀਵਾਨ ਵਿੱਚ ਰੋਜ਼ਾਨਾ ਆਉਂਦੇ ਰਹੇ ਤੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਨਜ਼ਦੀਕੀ ਬਣਾ ਲਿੱਤੀ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਦਿੱਲੀ ਮਾਤਾ ਸੁੰਦਰੀ ਕੋਲ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਗਏ ਸਨ, ਪਰ ਉੱਥੋਂ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਗੋਦ ਲਏ ਪੁੱਤਰ ਅਜੀਤ ਨੇ ਤੋਂ ਪਤਾ ਲੱਗਿਆ ਸੀ ਕਿ ਗੁਰੂ ਸਾਹਿਬ ਗੋਦਵਰੀ ਨਦੀ ਕੰਢੇ ਨਾਂਦੇੜ ਡੇਰਾ ਲਾਈ ਬੈਠੇ ਸਨ। ਇਸ ਲਈ ਉਹ ਨਾਂਦੇੜ ਆ ਗਏ ਸਨ। 

ਇੱਕ ਦਿਨ ਸੰਧਿਆ ਸਮੇਂ ਗੁਰੂ ਸਾਹਿਬ ਆਪਣੇ ਤੰਬੂ ਵਿੱਚ ਅਰਾਮ ਕਰ ਰਹੇ ਸਨ। ਇਹਨਾਂ ਦੋ ਪਠਾਣਾਂ ਵਿੱਚੋਂ ਇੱਕ ਰੁਸਤਮ ਖਾਨ ਪਹਿਰੇ ਉੱਪਰ ਖੜੇ ਸਿੱਖ ਨੂੰ ਗੱਲਾਂ ਵਿੱਚ ਉਲਝਾ ਕੇ ਖੜ ਗਿਆ ਤੇ ਦੂਜਾ ਗੁਲ ਖਾਨ (ਕੁਝ ਸਰੋਤਾਂ ਵਿੱਚ ਇਹ ਨਾਮ ਜਮਸ਼ੇਦ ਖਾਨ ਅਤੇ ਵਾਸਿਲ ਬੇਗ ਮਿਲਦੇ ਹਨ।), ਗੁਰੂ ਸਾਹਿਬ ਨੂੰ ਮਿਲਣ ਦਾ ਬਹਾਨਾ ਬਣਾ ਕੇ ਅੰਦਰ ਚਲਾ ਗਿਆ। ਪਹਿਲਾਂ ਵੀ ਉਹ ਗੁਰੂ ਸਾਹਿਬ ਨੂੰ ਮਿਲਦਾ ਹੋਣ ਕਰਕੇ ਪਹਿਰੇਦਾਰ ਨੇ ਉਸਨੂੰ ਰੋਕਿਆ ਨਹੀਂ। ਗੁਰੂ ਸਾਹਿਬ ਅੱਖਾਂ ਬੰਦ ਕਰੀ ਲੇਟੇ ਹੋਏ ਸਨ। ਗੁਲ ਖਾਨ ਨੇ ਯੋਗ ਮੌਕਾ ਦੇਖ ਕੇ ਆਪਣੀ ਕਟਾਰ ਨਾਲ ਗੁਰੂ ਸਾਹਿਬ 'ਤੇ ਵਾਰ ਕਰ ਦਿੱਤਾ। ਗੁਰੂ ਸਾਹਿਬ ਨੇ ਯਕਦਮ ਆਪਣੇ ਆਪ ਨੂੰ ਸੰਭਾਲਦਿਆਂ ਆਪਣੀ ਤਲਵਾਰ ਚੁੱਕ ਕੇ ਉਸ ਨਾਲ ਝਪਟ ਕੀਤੀ ਤੇ ਗੁਲ ਖਾਨ ਦਾ ਸਿਰ ਧੜ ਨਾਲੋਂ ਚੀਰ ਕੇ ਵੱਖ ਕਰ ਦਿੱਤਾ। ਉਸਦਾ ਸਾਥੀ ਰੁਸਤਮ ਖਾਨ ਭੱਜਣ ਲੱਗਾ ਪਹਿਰੇਦਾਰ ਲੱਖਾ ਸਿੰਘ ਨੇ ਦਬੋਚ ਕੇ ਮਾਰ ਦਿੱਤਾ। ਗੁਲ ਖਾਨ ਪਠਾਨ ਦੀ ਪਹਿਚਾਣ ਪੈਂਦੇ ਖਾਨ ਦੇ ਪੋਤੇ ਵਜੋਂ ਹੋਈ ਸੀ।

ਛੇਵੇਂ ਗੁਰੂ ਹਰਗੋਬਿੰਦ ਸਾਹਿਬ ਹੱਥੋਂ ਮਾਰੇ ਗਏ ਪਠਾਣ ਪੈਂਦਾ ਖਾਨ ਦਾ ਪੋਤਰਾ ਸੀ 'ਤੇ ਵਜ਼ੀਰ ਖਾਨ ਦੇ ਉਕਸਾਉਣ ਤੇ ਆਪਣੇ ਦਾਦੇ ਦਾ ਬਦਲਾ ਲੈਣ ਆਇਆ ਸੀ। ਇਸ ਉਪਰੰਤ ਨਾਦੇੜ ਤੋਂ ਜਰਾਹ ਬੁਲਾ ਕੇ ਗੁਰੂ ਸਾਹਿਬ ਦੇ ਮੱਲ੍ਹਮ ਪੱਟੀ ਕੀਤੀ ਗਈ। 
ਪੈਂਦਾ ਖਾਨ
ਗੁਰੂ ਸਾਹਿਬ ਨੇ ਦੀਵਾਨ ਲਾਉਣੇ ਬੰਦ ਕਰ ਦਿੱਤੇ ਸਨ। ਹਫਤੇ ਬਾਅਦ ਜ਼ਖਮ ਕੁਝ ਠੀਕ ਹੋਇਆ ਤਾਂ ਗੁਰੂ ਸਾਹਿਬ ਦਰਬਾਰ ਵਿੱਚ ਆਏ। ਪਰ ਉੱਦਣ ਅੱਧੀ ਰਾਤ ਨੂੰ ਗੁਰੂ ਸਾਹਿਬ ਨੇ ਸਿੱਖਾਂ ਵੱਲੋਂ ਭੇਂਟ ਕੀਤੀ ਕਮਾਨ ਦਾ ਚਿਲਾ ਚੜਾਉਣ ਲੱਗਿਆਂ ਜ਼ਖਮ ਫਿਰ ਖੁੱਲ੍ਹ ਗਿਆ ਤੇ ਉਸ ਵਿੱਚੋਂ ਖੂਨ ਵਗਣ ਲੱਗ ਪਿਆ ਸੀ। ਫੇਰ ਵੈਦ ਬੁਲਾ ਕੇ ਪੱਟੀਆਂ ਕੀਤੀਆਂ ਗਈਆਂ ਸਨ। ਮੈਂ ਕੁਝ ਜੜੀਆਂ ਬੂਟੀਆਂ ਦੇ ਕਾਹੜੇ ਬਣਾ ਕੇ ਗੁਰੂ ਸਾਹਿਬ ਨੂੰ ਪਿਲਾਏ ਸਨ। ਬਹੁਤਾ ਸਮਾਂ ਗੁਰੂ ਸਾਹਿਬ ਸਿਹਤ ਠੀਕ ਨਾ ਹੋਣ ਕਰਕੇ ਅਰਾਮ ਹੀ ਕਰਦੇ। ਮੈਂ ਸਿੱਖਾਂ ਨੂੰ ਯੁੱਧ ਅਭਿਆਸ ਨਿਰੰਤਰ ਕਰਵਾਈ ਜਾ ਰਿਹਾ ਸੀ। ਗੁਰੂ ਸਾਹਿਬ ਦਾ ਜ਼ਖਮ ਠੀਕ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਜ਼ਖਮ ਨਾ ਭਰਨ ਕਰਕੇ ਗੁਰੂ ਸਾਹਿਬ ਦੀ ਹਾਲਤ ਦਿਨੋਂ ਦਿਨ ਨਾਜ਼ੁਕ ਹੁੰਦੀ ਜਾ ਰਹੀ ਸੀ। ਉਹ ਬਹੁਤ ਕਮਜ਼ੋਰ ਵੀ ਹੋ ਗਏ ਸਨ। 

ਬਿਨੋਦ ਸਿੰਘ ਅਤੇ ਉਸਦੇ ਪੁੱਤਰ ਕਾਹਨ ਸਿੰਘ ਦੀ ਅੱਖ ਗੁਰਗੱਦੀ ਹਾਸਿਲ ਕਰਨ ਉੱਪਰ ਟਿਕੀ ਹੋਈ ਸੀ। ਉਨ੍ਹਾਂ ਨੇ ਆਪਣੇ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਸਨ। ਗੁਰੂ ਕੀ ਮਹਿਲ ਮਾਤਾ ਸਾਹਿਬ ਕੌਰ ਨੂੰ ਉਨ੍ਹਾਂ ਨੇ ਆਪਣੇ ਭਰੋਸੇ ਵਿੱਚ ਲੈ ਲਿਆ ਸੀ। ਮਾਤਾ ਸਾਹਿਬ ਕੌਰ ਨੂੰ ਵੀ ਖਾਲਸਾ ਫੌਜ ਵਿੱਚ ਮੇਰੀ ਸਮੂਲੀਅਤ ਚੁੱਭਣ ਲੱਗ ਪਈ ਸੀ। ਬਿਨੋਦ ਸਿੰਘ ਦੀ ਚੁੱਕ ਵਿੱਚ ਆ ਕੇ ਮਾਤਾ ਸਾਹਿਬ ਕੌਰ ਨੇ ਗੁਰੂ ਗੋਬਿੰਦ ਸਿੰਘ ਨੂੰ ਗੁਰਗੱਦੀ ਦਾ ਅਗਲਾ ਵਾਰਿਸ ਘੋਸ਼ਿਤ ਕਰ ਦੇਣ ਬਾਰੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ। ਗੁਰੂ ਸਾਹਿਬ ਇਸ ਮਸਲੇ ਨੂੰ ਲੈ ਕੇ ਖੁਦ ਚਿੰਤਤ ਸਨ। ਉਹ ਨਹੀਂ ਸੀ ਚਾਹੁੰਦੇ ਕਿ ਗੁਰਗੱਦੀ ਲੈਣ ਦੀ ਹਵਸ ਵਿੱਚ ਪਹਿਲਾਂ ਜੋ ਸਿੱਖ ਤਵਾਰੀਖ ਵਿੱਚ ਵਾਪਰਿਆ ਸੀ, ਉਹ ਘਟਨਾਵਾਂ ਫੇਰ ਘਟਨ। 

ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਆਪਣੇ ਸਰੀਰ ਦਾ ਅੰਗ ਆਖ ਕੇ ਅੰਗਦ ਬਣਾ ਦਿੱਤਾ ਤੇ ਗੁਰਗੱਦੀ ਬਖਸ਼ੀ ਤਾਂ ਗੁਰੂ ਨਾਨਕ ਦੇਵ ਜੀ ਦੇ ਦੋਨਾਂ ਪੁੱਤਰਾਂ, ਸ਼੍ਰੀ ਚੰਦ ਅਤੇ ਲਖਮੀ ਚੰਦ ਨੇ ਉਸਦਾ ਵਿਰੋਧ ਹੀ ਨਹੀਂ ਕੀਤਾ ਸੀ, ਸਗੋਂ ਸਿੱਖੀ ਦੇ ਸਮਾਨਅੰਤਰ ਆਪਣਾ ਨਵਾਂ ਉਦਾਸੀ ਪੰਥ ਵੀ ਚਲਾ ਦਿੱਤਾ ਸੀ। ਜਦੋਂ ਦੂਜੇ ਗੁਰੂ ਨੇ ਆਪਣੇ ਚੇਲੇ ਅਮਰ ਦਾਸ ਨੂੰ ਗੁਰਆਈ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾਦੂ ਅਤੇ ਦਾਸੂ ਨੇ ਰੋਸ ਕੀਤਾ ਸੀ। ਉਨ੍ਹਾਂ ਦੇ ਕ੍ਰੋਧ ਤੋਂ ਬਚਣ ਲਈ ਕਾਫੀ ਸਮਾਂ ਗੁਰੂ ਅਮਰ ਦਾਸ ਨੂੰ ਲੁੱਕ ਕੇ ਰਹਿਣਾ ਪਿਆ ਸੀ। ਤੀਜੇ ਗੁਰੂ ਨੇ ਜਦੋਂ ਗੁਰਗੱਦੀ ਆਪਣੇ ਜਵਾਈ ਭਾਈ ਜੇਠੇ ਨੂੰ ਦੇ ਕੇ ਗੁਰੂ ਰਾਮ ਦਾਸ ਬਣਾ ਦਿੱਤਾ ਸੀ ਤਾਂ ਗੁਰੂ ਅਮਰ ਦਾਸ ਦੇ ਦੋਨਾਂ ਪੁੱਤਰਾਂ ਭਾਈ ਮੋਹਨ ਅਤੇ ਭਾਈ ਮੋਹਰੀ ਨੇ ਮੁਖਾਲਫਤ ਕੀਤੀ ਸੀ। ਭਾਈ ਮੋਹਨ ਨੇ ਤਾਂ ਗੋਇੰਦਵਾਲ ਵਾਲੀ ਪੋਥੀ ਉੱਪਰ ਕਬਜ਼ਾ ਵੀ ਕਰ ਲਿਆ ਸੀ। ਫੇਰ ਚੌਥੇ ਗੁਰੂ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਦੀ ਬਜਾਏ ਆਪਣੇ ਸਭ ਤੋਂ ਛੋਟੇ ਬੇਟੇ ਗੁਰੂ ਅਰਜਨ ਦੇਵ ਨੂੰ ਗੁਰੂ ਬਣਾਇਆ ਤਾਂ ਪ੍ਰਿਥੀ ਚੰਦ ਨੇ ਕਰੜਾ ਵਿਰੋਧ ਕੀਤਾ ਸੀ। ਧੀਰਮੱਲ? ਨੇ ਗੁਰੂ ਹਰ ਰਾਏ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਸੱਤਵੇਂ ਗੁਰੂ ਦੇ ਪੁੱਤਰ ਰਾਮ ਰਾਏ ਨੇ ਵੀ ਵਿਰੋਧ ਕੀਤਾ ਸੀ ਤੇ ਆਪਣੇ ਭਰਾ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਮਿਲਣ 'ਤੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਸੀ। ਨੌਵੇਂ ਗੁਰੂ ਸਮੇਂ ਤਾਂ ਬਕਾਲੇ ਵਿੱਚ ਅਨੇਕਾਂ ਗੁਰੂ ਬਣ ਕੇ ਬੈਠ ਗਏ ਸਨ। ਬਿਨੋਦ ਸਿੰਘ ਦੀ ਅੱਖ ਗੁਰਗੱਦੀ 'ਤੇ ਸੀ। ਰਾਮ ਉੱਧਰੋਂ ਗੁਰੂ ਗੋਬਿੰਦ ਸਿੰਘ ਦਾ ਗੋਦ ਲਿਆ ਪੁੱਤਰ ਅਜੀਤ ਸਿੰਘ ਜਲਦ ਗੁਰਗੱਦੀ ਹਾਸਿਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ।
ਅਜੀਤ ਸਿੰਘ
ਗੁਰੂ ਗੋਬਿੰਦ ਸਿੰਘ ਨਹੀਂ ਚਾਹੁੰਦੇ ਸਨ ਕਿ ਉਹੀ ਇਤਿਹਾਸ ਫਿਰ ਦੁਹਰਾਇਆ ਜਾਵੇ। ਬਿਨੋਦ ਸਿੰਘ ਨੂੰ ਆਪਣੇ ਅਗਲਾ ਗੁਰੂ ਐਲਾਨੇ ਜਾਣ ਦੀ ਬਹੁਤ ਕਾਹਲ ਸੀ। ਉਹ ਦੂਜੇ ਗੁਰੂ ਅੰਗਦ ਦੇਵ ਦੀ ਕੁੱਲ ਦਾ ਤ੍ਰੇਹਨ ਖੱਤਰੀ ਹੋਣ ਕਰਕੇ ਗੁਰਗੱਦੀ ਉੱਪਰ ਆਪਣਾ ਹੱਕ ਸਮਝਦਾ ਸੀ। ਬਿਨੋਦ ਸਿੰਘ ਨੂੰ ਪਤਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਨੇੜੇ ਤੇ ਵੱਧ ਭਰੋਸੇ ਵਿੱਚ ਸੀ। ਗੁਰੂ ਸਾਹਿਬ ਦਾ ਮੇਰੇ ਨਾਲ ਖੁੱਲ੍ਹਣਾ ਤੇ ਮੇਰੀਆਂ ਉਨ੍ਹਾਂ ਨਾਲ ਨਜ਼ਦੀਕੀਆਂ ਮੇਰੇ ਸਿੱਖਾਂ ਦਾ ਗਿਆਰਵਾਂ ਗੁਰੂ ਬਣਨ ਦੇ ਸੰਕੇਤ ਦੇ ਰਹੀਆਂ ਸਨ। ਇਹ ਗੱਲ ਬਿਨੋਦ ਸਿੰਘ ਨੂੰ ਤੜਫਾ ਜਾਂਦੀ ਸੀ। ਉਸ ਨੂੰ ਭੈਅ ਸੀ ਕਿ ਜੇ ਬੈਰਾਗੀ ਗੁਰੂ ਬਣ ਗਿਆ ਤਾਂ ਸਿੱਖ ਧਰਮ ਵਿੱਚੋਂ ਖੱਤਰੀਆਂ ਦੀ ਚੌਧਰ ਸਦਾ ਲਈ ਖਤਮ ਹੋ ਜਾਵੇਗੀ। ਜਥੇਦਾਰ ਨਿੱਤ ਗੁਰੂ ਸਾਹਿਬ ਨੂੰ ਗੱਲਾਂ ਵਿੱਚ ਘੇਰ ਕੇ ਅਗਲੇ ਗੱਦੀਨਸ਼ੀਨ ਦਾ ਐਲਾਨ ਕਰਨ ਲਈ ਦਬਾਅ ਪਾਉਂਦੇ ਰਹਿੰਦੇ ਸਨ। ਫੇਰ ਇੱਕ ਦਿਨ ਗੁਰੂ ਸਾਹਿਬ ਨੇ ਫੈਸਲਾ ਕਰਕੇ ਆਪਣਾ ਨਿਰਣਾ ਸੁਣਾ ਦਿੱਤਾ, "ਸਾਡੇ ਤੋਂ ਬਾਅਦ ਖਾਲਸਾ ਪੰਥ ਦਾ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਮੈਂ ਸਾਰੀ ਸਰੀਰਕ ਸ਼ਕਤੀ ਖਾਲਸਾ ਪੰਥ ਅਤੇ ਅਧਿਆਤਮਕ ਸ਼ਕਤੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣ ਦਾ ਫੈਸਲਾ ਕਰ ਲਿਆ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦੇਣ ਦੀ ਰਸਮ ਅੱਜ ਹੀ ਕੀਤੀ ਜਾਵੇਗੀ।"

ਇਹ ਕਹਿ ਕੇ ਗੁਰੂ ਸਾਹਿਬ ਨੇ ਰੇਸ਼ਮੀ ਕਮਰਕਸਾ ਬੰਨਿਆ, ਮੋਢੇ 'ਤੇ ਕਮਾਣ ਟੰਗੀ ਅਤੇ ਹੱਥ ਵਿੱਚ ਬੰਦੂਕ ਪਕੜ ਕੇ ਦੀਵਾਨ ਲਾਉਣ ਚਲੇ ਗਏ। ਉਨ੍ਹਾਂ ਸ੍ਰੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਗ੍ਰੰਥ ਸਾਹਿਬ ਸਾਹਮਣੇ ਪੰਜ ਪੈਸੇ ਅਤੇ ਨਾਰੀਅਲ ਰੱਖ ਇਸ ਨੂੰ ਆਪਣਾ ਜਾਨਸ਼ੀਨ ਥਾਪ ਮੱਥਾ ਟੇਕਿਆ। ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ। 'ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ' ਉਚਾਰਦੇ ਹੋਏ ਉਹ ਉਨ੍ਹਾਂ ਪਵਿੱਤਰ ਗ੍ਰੰਥ ਸਾਹਿਬ ਦੇ ਰੁਮਾਲਾ ਹਟਾ ਕੇ ਦਰਸ਼ਨ ਕਰੇ ਤੇ ਐਲਾਨ ਕੀਤਾ, "ਬਾਣੀ ਗੁਰੂ, ਗੁਰੂ ਹੈ ਬਾਣੀ। ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਸਦੀਵੀ ਗੁਰੂ ਹੈ ਤੇ ਮਾਰਗ ਦਰਸ਼ਨ ਲਈ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨਣਗੇ। ਜਿਸਨੂੰ ਗੁਰੂ ਦੀ ਤਲਾਸ਼ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਖੋਜ ਸਕਦਾ ਹੈ। ਅੱਜ ਤੋਂ ਖਾਲਸਾ ਪੰਥ ਵਿੱਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਖਤਮ ਹੁੰਦੀ ਹੈ।"

ਗੁਰੂ ਸਾਹਿਬ ਦੇ ਇਸ ਨਿਰਣੇ ਨਾਲ ਜਥੇਦਾਰ ਖੁਸ਼ ਘੱਟ ਤੇ ਹੈਰਾਨ ਬਹੁਤੇ ਸਨ। ਉਹਨਾਂ ਨੂੰ ਗੁਰੂ ਸਾਹਿਬ ਦੀ ਇਸ ਯੋਜਨਾ ਦੀ ਕੋਈ ਆਸ ਨਹੀਂ ਸੀ। ਲੇਕਿਨ ਬਿਨੋਦ ਸਿੰਘ ਨੂੰ ਇਹ ਇਤਮਿਨਾਨ ਹੋ ਗਿਆ ਸੀ ਕਿ ਮੈਂ ਹੁਣ ਸਿੱਖਾਂ ਦਾ ਅਗਲਾ ਗੁਰੂ ਨਹੀਂ ਬਣ ਸਕਦਾ। ਉਸ ਲਈ ਗੁਰੂ ਬਣਨ ਦੀਆਂ ਅਜੇ ਵੀ ਕੁਝ ਮੋਰੀਆਂ ਖੁਲ੍ਹੀਆਂ ਸਨ।

ਕਾਫੀ ਦਿਨ ਗੁਜ਼ਰ ਜਾਣ ਬਾਅਦ ਵੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਜ਼ਖਮ ਠੀਕ ਨਾ ਹੋਇਆ ਤਾਂ ਉਨ੍ਹਾਂ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਪੰਜਾਬ ਜਾ ਕੇ ਸਿੱਖ ਫੌਜ ਨੂੰ ਇਕੱਤਰ ਕਰਕੇ ਆਪਣਾ ਸੰਘਰਸ਼ ਵਿੱਢ ਦੇਵਾਂ ਤੇ ਉਹ ਸਿਹਤਯਾਬ ਹੋ ਕੇ ਮੇਰੇ ਨਾਲ ਆ ਰਲਣਗੇ। ਮੈਨੂੰ ਵੀ ਜੰਗ ਛੇੜਣ ਵਿੱਚ ਦੇਰੀ ਕਰਨਾ ਵਾਜਬ ਨਹੀਂ ਸੀ ਲੱਗਦਾ। ਮੈਂ ਗੁਰੂ ਸਾਹਿਬ ਨਾਲ ਸਹਿਮਤ ਹੋ ਕੇ ਪੰਜਾਬ ਨੂੰ ਜਾਣ ਦੀ ਤਿਆਰੀ ਕਰ ਲਿੱਤੀ। ਗੁਰੂ ਸਾਹਿਬ ਨੇ ਭਰੇ ਦੀਵਾਨ ਵਿੱਚ ਮੈਨੂੰ ਆਪਣਾ ਨਾਇਬ ਥਾਪ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਆਪਣੀ ਸੰਗਤ ਲਈ ਕੁਝ ਹੁਕਮਨਾਮੇ ਲਿੱਖ ਕੇ ਮੈਨੂੰ ਫੜਾਉਂਦਿਆਂ ਕਿਹਾ ਕਿ ਮਾਖੋਵਾਲ (ਆਨੰਦਪੁਰ) ਜਾ ਕੇ ਇਹ ਹਰ ਦਿਸ਼ਾ ਦੇ ਖਾਲਸੇ ਤੱਕ ਪਹੁੰਚਦੇ ਕਰ ਦੇਣਾ। ਸਾਰਾ ਖਾਲਸਾ ਪੰਥ ਤੁਹਾਡੇ ਕੋਲ ਪਹੁੰਚ ਜਾਵੇਗਾ। ਗੁਰੂ ਸਾਹਿਬ ਨੇ ਚਾਂਦੀ ਰੰਗੇ ਆਪਣੇ ਪੰਜ ਤੀਰ ਮੈਨੂੰ ਦਿੰਦਿਆ ਕਿਹਾ, "ਇਹ ਆਪਣੇ ਭੱਥੇ ਵਿੱਚ ਹਮੇਸ਼ਾ ਰੱਖਣਾ ਤੇ ਕੇਵਲ ਔਖੇ ਸਮੇਂ ਹੀ ਵਰਤਣਾ। ਮੇਰੇ ਸਾਰੇ ਸਿੱਖ ਮੇਰੇ ਇਹਨਾਂ ਤੀਰਾਂ ਨੂੰ ਪਹਿਚਾਣਦੇ ਹਨ। ਇਸ ਲਈ ਉਹ ਸਮਝ ਜਾਣਗੇ ਕਿ ਮੈਂ ਤੁਹਾਨੂੰ ਉਨ੍ਹਾਂ ਦਾ ਜਥੇਦਾਰ ਬਣਾ ਕੇ ਭੇਜਿਆ ਹੈ। ਪੰਜਾਬ ਜਾਉ ਤੇ ਜ਼ਾਲਮਾਂ ਨੂੰ ਯੋਗ ਸਜ਼ਾਵਾਂ ਦਿਉ। ਤੁਹਾਡੀ ਰਹਿਨੁਮਾਈ ਅਤੇ ਸਲਾਹ ਮਸ਼ਵਰੇ ਲਈ ਅਸੀਂ  ਆਪਣੇ ਪੰਜ ਜ਼ਿੰਮੇਵਾਰ ਸਿੱਖ ਤੁਹਾਡੇ ਨਾ ਭੇਜ ਰਹੇ ਹਾਂ।"

ਗੁਰੂ ਸਾਹਿਬ ਅੱਧੇ ਸਿੱਖ ਮੇਰੇ ਨਾਲ ਭੇਜਣਾ ਚਾਹੁੰਦੇ ਸਨ। ਪਰ ਮੈਂ ਉਨ੍ਹਾਂ ਨੂੰ ਹਟਾ ਦਿੱਤਾ। ਅਗਰ ਮੈਂ ਵੱਡਾ ਦਲ ਨਾਲ ਲੈ ਕੇ ਤੁਰਦਾ ਸੀ ਤਾਂ ਮੁਗਲ ਫੌਜਾਂ ਨੂੰ ਸਾਡੇ ਮਨਸੂਬਿਆਂ ਦੀ ਖਬਰ ਹੋ ਜਾਣੀ ਸੀ। ਮੈਂ ਗੁਰੂ ਸਾਹਿਬ ਨੂੰ ਤਜਵੀਜ਼ ਦਿੱਤੀ ਕਿ ਉਹ ਛੋਟੇ-ਛੋਟੇ ਜਥੇ ਬਣਾ ਕੇ ਸਿੱਖਾਂ ਨੂੰ ਪੰਜਾਬ ਵੱਲ ਮਗਰੋਂ ਭੇਜ ਦੇਣ। ਗੁਰੂ ਸਾਹਿਬ ਤੋਂ ਆਗਿਆ ਲੈ ਕੇ ਮੈਂ ਕੂਚ ਦੀ ਤਿਆਰੀ ਕਰ ਲਿੱਤੀ ਸੀ। 

ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਵੀ ਗੁਰੂ ਸਾਹਿਬ ਨੇ ਮੈਨੂੰ ਤੁਰਨ ਲੱਗੇ ਨੂੰ ਬਖਸ਼ਿਆ ਸੀ। ਬਾਬਾ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਰਾਮ ਸਿੰਘ ਅਤੇ ਦਇਆ ਸਿੰਘ? ਭਾਈ ਫਤਿਹ ਸਿੰਘ? ਮੇਰੇ ਸਲਾਹਕਾਰ ਅਤੇ ਪੱਚੀ ਦੇ ਕਰੀਬ ਸਿੰਘਾਂ ਨੇ ਮੇਰੇ ਨਾਲ ਪੰਜਾਬ ਵੱਲ ਚੱਲਣਾ ਸੀ। ਤੁਰਨ ਲੱਗੇ ਨੂੰ ਮੈਨੂੰ ਗੁਰੂ ਸਾਹਿਬ ਕਹਿਣ ਲੱਗੇ, "ਮੁਗਲ ਬਾਦਸ਼ਾਹ ਨਾਲ ਮੱਥਾ ਲਾਉਣ ਅਸੀਂ ਤੁਹਾਨੂੰ ਭੇਜ ਰਹੇ ਹਾਂ। ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਬਣ ਕੇ ਤਖਤ ਉੱਪਰ ਬੈਠਾ ਸੀ, ਅਸੀਂ ਵੀ ਉਹਦਾ ਮੁਕਾਬਲਾ ਕਰਨ ਆਪਣਾ ਬਹਾਦਰ ਭੇਜ ਰਹੇ ਹਾਂ। ਅਸੀਂ ਗੁਰਬਖਸ਼ ਸਿੰਘ ਤੁਹਾਨੂੰ ਬਹਾਦਰ ਦਾ ਲਕਬ ਦਿੰਦੇ ਹਾਂ। ਹੁਣ ਤੋਂ ਬਾਅਦ ਸਾਰੇ ਸਿੱਖ ਤੁਹਾਡੇ ਨਾਮ ਨਾਲ ਇਸ ਲਕਬ ਨੂੰ ਜੋੜਿਆ ਕਰਨਗੇ।"   

ਸਿੱਖਾਂ ਲਈ ਮੈਂ ਉਦੋਂ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ ਸੀ। ਐਨ ਮੌਕੇ 'ਤੇ ਤੁਰਨ ਲੱਗਿਆਂ ਗੁਰੂ ਸਾਹਿਬ ਨੇ ਸਾਨੂੰ ਮਾਤਾ ਸਾਹਿਬ ਕੌਰ ਨੂੰ ਮਾਤਾ ਸੁੰਦਰੀ ਪਾਸ ਦਿੱਲੀ ਪਹੁੰਚਾਣ ਦੀ ਜ਼ਿੰਮੇਵਾਰੀ ਵੀ ਮੈਨੂੰ ਦੇ ਦਿੱਤੀ। ਭਾਈ ਮਨੀ ਸਿੰਘ ਅਤੇ ਬਖਸ਼ੀਸ ਸਿੰਘ ਨੂੰ ਉਨ੍ਹਾਂ ਦੇ ਅੰਗਰੱਖਕ ਵਜੋਂ ਸਾਡੇ ਨਾਲ ਤੋਰ ਦਿੱਤਾ ਗਿਆ। ਨਗਾਰੇ 'ਤੇ ਚੋਟ ਲਾ ਕੇ ਅਸੀਂ ਵਾਦੀ-ਏ-ਗੋਦਾਵਰੀ ਨੂੰ ਅਲਵਿਦਾ ਆਖ ਪੰਜਾਬ ਵੱਲ ਆਪਣਾ ਸਫਰ ਆਰੰਭ ਕਰ ਦਿੱਤਾ। ਕੁਝ ਹੀ ਪਲਾਂ ਵਿੱਚ ਘੋੜਿਆਂ ਦੀਆਂ ਸੁੰਮਾਂ ਨਾਲ ਉਡਾਈ ਧੂੜ ਵਿੱਚ ਗੋਦਵਾਰੀ ਵਾਦੀ ਦਾ ਖੇਤਰ ਅਦ੍ਰਿਸ਼ ਹੋ ਗਿਆ ਸੀ।

No comments:

Post a Comment