Tuesday, 13 December 2016

ਸਰਹਿੰਦ

ਸਰਹਿੰਦ

ਸਰਹਿੰਦ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਰਹਿੰਦ ਦੇ ਪੁਰਾਣੇ ਸ਼ਾਸਕਾਂ ਨੇ ਸਾਰੇ ਸਰਹਿੰਦ ਦੇ ਆਲੇ-ਦੁਆਲੇ ਉੱਚੇ-ਉੱਚੇ ਬੁਰਜ ਬਣਾਏ ਹੋਏ ਸਨ। ਇਹਨਾਂ ਬੁਰਜਾਂ ਵਿੱਚ ਖੜ੍ਹ ਕੇ ਪਹਿਰੇਦਾਰ ਦੂਰੋਂ ਹੀ ਆਉਣ ਵਾਲੇ ਖਤਰੇ ਨੂੰ ਭਾਂਫ ਕੇ ਆਪਣੀ ਸੈਨਾ ਨੂੰ ਆਗਾਹ ਕਰਦਿਆਂ ਕਰਦੇ ਸਨ। ਸਰਹਿੰਦ ਕਿਲ੍ਹੇ ਦੇ ਨਾਲ ਲੱਗਦੇ ਇੱਕ ਬੁਲੰਦ ਬੁਰਜ਼ ਉੱਪਰ ਚੜ੍ਹ ਕੇ ਮੈਂ ਸਰਹਿੰਦ ਨੂੰ ਦੇਖਦਿਆਂ ਹੀ ਇਸ ਦੇ ਇਤਿਹਾਸ ਬਾਰੇ ਸੋਚਣ ਲੱਗ ਪਿਆ ਸੀ।



ਸਰਹਿੰਦ (ਮੌਜੂਦਾ ਫਤਿਹਗੜ੍ਹ ਸਾਹਿਬ) ਹਿੰਦੁਸਤਾਨ ਦਾ ਪੁਰਾਤਨ ਅਤੇ ਇਤਿਹਾਸਕ ਸ਼ਹਿਰ ਸੀ। ਦਿੱਲੀ ਤੋਂ ਲਾਹੌਰ ਦੇ ਮੱਧ ਵਿੱਚ ਪੈਂਦਾ ਹੋਣ ਕਰਕੇ ਇਸ ਦੀ ਅਹਿਮੀਅਤ ਹੋਰ ਵੀ ਵਧੇਰੇ ਸੀ। ਇਸ ਸ਼ਹਿਰ ਨੂੰ ਰਾਜੇ-ਮਹਾਰਾਜਿਆਂ ਅਤੇ ਬਾਦਸ਼ਾਹਾਂ ਵੱਲੋਂ ਦਿੱਲੀ ਤੋਂ ਕਸ਼ਮੀਰ ਨੂੰ ਆਉਂਦਿਆਂ ਜਾਂਦਿਆਂ ਅਰਾਮ ਕਰਨ ਅਤੇ ਛੁੱਟੀਆਂ ਦੀ ਠਾਹਰ ਵਜੋਂ ਵਰਤਿਆ ਜਾਂਦਾ ਸੀ। ਅਫਗਾਨੀ ਮੁਸਲਮਾਨ ਹੁਕਮਰਾਨ ਇਸ ਨੂੰ ਸਰ-ਏ-ਹਿੰਦ ਅਰਥਾਤ ਹਿੰਦ ਦਾ ਸਿਰ ਆਖਿਆ ਕਰਦੇ ਸਨ। ਸਰ-ਏ-ਹਿੰਦ ਵਿੱਚ ਦਾਖਲ ਹੁੰਦਿਆਂ ਹੀ ਇੱਕ ਪਾਸੇ ਲਾਹੌਰ ਨੂੰ ਰਾਹ ਜਾਂਦਾ ਸੀ ਤੇ ਦੂਜੀ ਤਰਫ ਦਿੱਲੀ ਮਾਰਗ ਸੀ। ਇੱਥੇ ਵਸਣ ਵਾਲੇ ਪੁਰਾਤਨ ਲੋਕ ਆਪਣੇ ਆਪ ਨੂੰ ਸੀਰੀਹਿੰਦਾ ਆਰੀਆ ਕਹਾਉਂਦੇ ਸਨ।

ਸਰਹਿੰਦ ਦੇ ਵਸਣ ਤੋਂ ਪਹਿਲਾਂ ਜਦੋਂ ਇੱਥੇ ਘਣੇ ਜੰਗਲ ਹੋਇਆ ਕਰਦੇ ਸਨ ਤੇ ਇੱਥੇ ਸ਼ੇਰਾਂ ਦੀ ਭਰਮਾਰ ਸੀ। ਫਾਰਸੀ ਵਿੱਚ ਸ਼ੇਰ ਨੂੰ ਸ਼ਾਹ ਅਤੇ ਰਿੰਦ ਦਾ ਮਤਲਬ ਗੜ੍ਹ, ਘੁਰਨਾ ਜਾਂ ਘਰ ਹੁੰਦਾ ਹੈ। ਸ਼ਾਹ-ਏ-ਰਿੰਦ ਜਾਣੀ ਸ਼ੇਰਾਂ ਦਾ ਘਰ ਅਰਥ ਲੈ ਕੇ ਵੀ ਸਰਹਿੰਦ ਨੂੰ ਯਾਦ ਕੀਤਾ ਜਾਂਦਾ ਰਿਹਾ ਸੀ।

੧੬੬ ਈ: ਵਿੱਚ ਭਗਵਾਨ ਕ੍ਰਿਸ਼ਨ ਦੇ ਵੰਸ਼ਜ਼ ਅਤੇ ਲਾਹੌਰ ਦੇ ਹੁਕਮਰਾਨ ਸਾਹਿਰ ਰਾਓ ਨੇ ਇਸ ਨੂੰ ਅਬਾਦ ਕੀਤਾ ਸੀ। ਉਸ ਮਗਰੋਂ ਤਾਬਰ-ਏ-ਹਿੰਦ (ਮੌਜੂਦਾ ਬਠਿੰਡਾ) ਦੇ ਤੋਮਰ ਰਾਜਾ ਜੈਪਾਲ ਨੇ ਸਰਹਿੰਦ ਨੂੰ ਵਿਕਸਤ ਕੀਤਾ ਤੇ ਇਹ ਉਸਦੀ ਰਿਆਸਤ ਪੂਰਬੀ ਵਾਹੀ ਸੀ।

੫੦੫-੫੮੭ ਈ: ਵਿੱਚ ਹੋਏ ਮਹਾਨ ਜੋਤਸ਼ੀ, ਖੰਗੋਲ ਵਿਗੀਆਨੀ ਅਤੇ ਗਣਿਤ ਸ਼ਾਸਤਰੀ ਬਾਰਾਹਮਹੀਰ ਦੇ ਰਚੇ ਗ੍ਰੰਥ ਬਾਰਾਹੀ ਸਹਿੰਤਾਂ ਵਿੱਚ ਬਾਰਾਹਮਹੀਰ ਨੇ ਸਰਹਿੰਦ ਨੂੰ ਸਤੂਧਰ ਦੇਸ਼ ਲਿੱਖਿਆ ਸੀ। ਬਾਰਾਹਮਹੀਰ, ਉਸ ਸਮੇਂ ਦੇ ਮਾਲਵਾ ਦੇਸ਼ (ਭਾਰਤ ਦਾ ਪੱਛਮੀ ਕੇਂਦਰੀ ਹਿੱਸਾ-ਮੌਜੂਦਾ ਮਹਾਰਾਸਟਰ, ਉੱਤਰੀ ਵਿੰਦਿਆ ਸੀਮਾ, ਦੱਖਣ-ਪੂਰਬੀ ਰਾਜਸਥਾਨ ਅਤੇ ਨਿਮਰ, ਦੱਖਣ-ਪੱਛਮੀ ਮੱਧਿਆ ਪ੍ਰਦੇਸ਼) ਦੇ ਰਾਜਾ ਯਸ਼ੋਧਰਮ ਦਾ ਨੌਵਾਂ ਦਰਬਾਰੀ ਰਤਨ ਮੰਨਿਆ ਜਾਂਦਾ ਸੀ। ਸੱਤਵੀਂ ਸਦੀ ਵਿੱਚ ਭਾਰਤੀ ਯਾਤਰਾ ਲਈ ਆਏ ਇੱਕ ਚੀਨੀ ਯਾਤਰੀ ਹੂਐਨਗ ਤਸੰਗ ਨੇ ਸਰਹਿੰਦ ਨੂੰ ਸਤਧਰੂ (ਮੌਜੂਦਾ ਸਤਲੁਜ ਦੇ ਆਸ-ਪਾਸ ਦਾ ਖੇਤਰ) ਦੇਸ਼ ਦੀ ਰਾਜਧਾਨੀ ਦੱਸਿਆ ਸੀ। ਕਿਸੇ ਵੇਲੇ ਸਰਹਿੰਦ, ਕਾਬੁਲ ਦੇ ਬਹਾਮਨ ਵੰਸ਼ (੬੪੧–੭੨੫) ਦੇ ਸਿੰਧ ਰਾਜ ਦਾ ਹਿੱਸਾ ਵੀ ਮੰਨਿਆ ਜਾਂਦਾ ਰਿਹਾ ਸੀ। 

ਜਦੋਂ ਸਰਹਿੰਦ ਪ੍ਰਿਥਵੀ ਰਾਜ ਦੇ ਕਬਜ਼ੇ ਵਿੱਚ ਸੀ ਤਾਂ ਰੁਬੀ-ਉੱਲ-ਅਵਲ ੫੮੭ ਹਿਜਰੀ (੧੧੯੧ ਈ:) ਵਿੱਚ ਪ੍ਰਿਥਵੀ ਰਾਜ ਚੌਹਾਨ (੧੧੬੮–੧੧੯੨) ਨੇ ਮੁਹੰਮਦ ਗੌਰੀ ਦਾ ਮੁਕਾਬਲਾ ਕਰਨ ਲਈ ਇੱਥੇ ਆਪਣੀ ਸੈਨਿਕ ਚੌਂਕੀ ਬਣਾਈ ਸੀ। ਰੁਬੀ-ਉੱਲ-ਅਵਲ ੫੮੮ ਹਿਜਰੀ  (੧੧੧੨ ਈ:) ਤਰਾਇਨ (ਤਾਰਰੋੜੀ) ਦੇ ਦੂਜੇ ਯੁੱਧ ਮਗਰੋਂ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਨੇ ਸਰਹਿੰਦ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾ ਲਿਆ ਸੀ। 

ਫਿਰ ਸੁਲਤਾਨ ਅਰਾਮ ਸ਼ਾਹ (ਪਰੋਬaਬਲੇ ਰeਗਿਨeਦ ੧੨੧੦–੧੨੧੧) ਨੇ ਵੀ ਇੱਥੋਂ ਕੁਝ ਸਮਾਂ ਸ਼ਾਸਨ ਕੀਤਾ ਸੀ ਤੇ ਸਰਹਿੰਦ ਨੂੰ ਦਿੱਲੀ ਦੀ ਸਿੱਕ (ਜਾਗੀਰ) ਬਣਾਇਆ। ਨਸੀਰ-ਉੱਦ-ਦੀਨ ਕਬਾਚਾ ਨੇ ੧੨੧੦ ਈ: ਵਿੱਚ ਸਰਹੰਦ ਉੱਪਰ ਕਬਜ਼ਾ ਕੀਤਾ ਸੀ। ਲੇਕੀਨ ਸੁਲਤਾਨ ਇਲਤੁਤਮਿਸ਼ ਨੇ ਉਸ ਕੋਲੋਂ ਮੁੜ ਸਰਹਿੰਦ ਨੂੰ ਜਿੱਤ ਲਿਆ ਸੀ। ਬਲਬਨ ਦੇ ਭਤੀਜੇ ਸ਼ੇਰ ਖਾਨ ਨੇ ਇੱਥੋਂ ਦਾ ਸ਼ਾਹੀ ਕਿਲ੍ਹਾ ਬਣਵਾਇਆ ਸੀ।

ਰੁਬੀ-ਉੱਲ-ਅਵਲ ੭੬੨ ਹਿਜਰੀ (੧੩੬੧ ਈ:) ਵਿੱਚ ਫਿਰੋਜ਼ ਸ਼ਾਹ ਤੁਗਲਕ (ਤੀਜਮ) ਨੇ ਆਪਣੇ ਬੁਖਾਰੇ ਦੇ ਧਰਮ ਗੁਰੂ ਸਯੀਅਦ ਜਲਾਲ-ਉੱਦ-ਦੀਨ ਬੁਖਾਰੀ ਦੀ ਰਹਿਨੁਮਾਈ ਵਿੱਚ ਸਰਹਿੰਦ ਦੀ ਪੁਨਰਸਥਾਪਨਾ ਕੀਤੀ ਸੀ। ਉਸ ਨੇ ਸਮਾਣੇ ਸਿੱਕ ਨਾਲੋਂ ਤੋੜ ਕੇ ਸਰਹਿੰਦ ਨੂੰ ਨਵੇਂ ਪਰਗਣੇ ਅਤੇ ਆਪਣੀ ਰਾਜਧਾਨੀ ਦਾ ਰੂਪ ਦਿੱਤਾ ਸੀ। 

ਪਰਗਨਾ ਸੂਬਿਆਂ ਦੀ ਪ੍ਰਬੰਧਕੀ ਇਕਾਈ ਹੋਇਆ ਕਰਦਾ ਸੀ। ਦਿੱਲੀ ਸਲਤਨਤ ਵਜੂਦ ਵਿੱਚ ਆਉਣ ਬਾਅਦ ਭਾਰਤ ਵਿੱਚ ਮਮੁਲਕ ਯਾਨੀ ਗੁਲਾਮ ਵੰਸ਼ੀਆਂ ਦਾ ਰਾਜ  ਆਇਆ। ਦਿੱਲੀ ਸਲਤਨਤ ਦੇ ਸਲਤਾਨ ਆਪਣੇ ਗੁਲਾਮ ਨੂੰ ਆਪਣੀ ਰਾਜਗੱਦੀ ਦਿਆ ਕਰਦੇ ਸਨ। ਮਮੁਲਕ ਸੁਲਤਾਨਾਂ ਨੇ ਪਿੰਡਾਂ ਦੇ ਮੁੱਖੀਆਂ ਨੂੰ ਪਾਟਿਲ ਜਾਂ ਕੁਲਕਰਨੀ ਦੀ ਉਪਾਧੀ ਦਿੱਤੀ। ਬਹੁਤ ਸਾਰੇ ਵੱਡੇ ਪਿੰਡਾਂ ਮਿਲ ਕੇ ਪਰਗਨਾ ਬਣਦੇ ਸਨ ਤੇ ਪਰਗਨੇ ਦੇ ਮੁੱਖੀ ਨੂੰ ਦੇਸ਼ਮੁੱਖ ਜਾਂ ਦੇਸ਼ਪਾਂਡੇ ਕਿਹਾ ਜਾਂਦਾ ਸੀ। ਨਿੱਕੇ ਪਿੰਡਾਂ ਦੇ ਸਮੂਹ ਨੂੰ ਮੌਜਾ ਕਿਹਾ ਜਾਂਦਾ ਸੀ। ਇੱਕ ਪਰਗਨੇ ਵਿੱਚ ਅਨੇਕਾਂ ਮੌਜੇ ਹੋਇਆ ਕਰਦੇ ਸਨ। ਪਰਗਨੇ ਦੇ ਵੱਡੇ ਪਿੰਡ ਅਤੇ ਜ਼ਿਲ੍ਹੇ ਤਰਫਾਂ ਵਿੱਚ ਵੰਡੇ ਹੁੰਦੇ ਸਨ। ਇਹ ਸਭ ਵੰਡੀਆਂ ਕਰ ਨੂੰ ਅਸਾਨੀ ਨਾਲ ਇਕੱਠਾ ਕਰਨ ਲਈ ਬਣਾਈਆਂ ਗਈਆਂ ਸਨ। ਪਾਟਿਲ ਆਪਣੇ ਪਿੰਡਾਂ ਦੀ ਆਮਦਨ ਅਤੇ ਕਰ ਦਾ ਹਿਸਾਬ ਦੇਸ਼ਮੁੱਖੀ ਨੂੰ ਦਿੰਦੇ ਸਨ ਤੇ ਅੱਗੋਂ ਦੇਸ਼ਮੁੱਖੀ ਉਹ ਮਸੂਲ ਅਤੇ ਚੁੰਗੀਆਂ ਆਪਣੇ ਪਰਗਨੇ ਵਿੱਚੋਂ ਇਕੱਤਰ ਕਰਕੇ ਸੂਬਾ ਮੁੱਖੀ ਯਾਨੀ ਸੂਬੇਦਾਰ ਜਾਂ ਵਤਨਦਾਰ ਰਾਹੀਂ ਬਾਦਸ਼ਾਹ ਜਾਂ ਹੁਕਮਰਾਨ ਤੱਕ ਪਹੁੰਚਾਇਆ ਕਰਦੇ ਸਨ। ਅਕਬਰ ਦੇ ਰਾਜ ਕਾਲ ਸਮੇਂ ਪਰਗਨਿਆ ਨੂੰ ਕੁਸ਼ਲਤਾ ਪੂਰਵਕ ਚਲਾਉਣ ਲਈ ਸਰਕਾਰਾਂ ਕਾਇਮ ਕਰ ਦਿੱਤੀਆਂ ਗਈਆਂ ਸਨ। ਸਰਕਾਰ ਬਾਦਸ਼ਾਹ ਦੇ ਵਿਸ਼ਵਾਸ਼ਪਾਤਰਾਂ ਦੀ ਮੰਡਲੀ ਹੁੰਦੀ ਸੀ, ਜਿਸ ਵਿੱਚ ਦੇਸ਼ਮੁੱਖੀ ਅਤੇ ਸੂਬੇਦਾਰ ਤੋਂ ਇਲਾਵਾਂ ਸਿੱਕਦਾਰ (ਪੁਲਿਸ ਮੁੱਖੀ), ਅਮੀਨ ਜਾਂ ਮੁਨਸਫ (ਕਰ ਉਗਰਾਹੁਣ ਵਾਲਾ ਅਫਸਰ) ਅਤੇ ਕਾਰਕੁਨ (ਮੁਨਸ਼ੀ ਜਾਂ ਹਿਸਾਬ ਕਿਤਾਬ ਰੱਖਣ ਵਾਲਾ ਕਲਰਕ) ਵੀ ਹੁੰਦੇ ਸਨ।

ਫਿਰੋਜ਼ ਸ਼ਾਹ ਨੇ ਸਰਹਿੰਦ ਦੀ ਪਹਾੜੀ ਜ਼ਮੀਨ ਨੂੰ ਜ਼ਰਖੇਜ਼ ਬਣਾਉਣ ਦੇ ਇਰਾਦੇ ਨਾਲ ਸਤਲੁਜ ਤੋਂ ਸਰਹਿੰਦ ਤੱਕ ਇੱਕ ਨਹਿਰ ਵੀ ਖੁਦਵਾ ਦਿੱਤੀ ਸੀ। ਸਰਹਿੰਦ ਨੂੰ ਦਿੱਲੀ ਸਲਤਨਤ ਦਾ ਅਟੁੱਟ ਅੰਗ ਮੰਨਿਆ ਜਾਂਦਾ ਸੀ।

ਰੁਬੀ-ਉੱਲ-ਅਵਲ ੮੧੮ ਹਿਜਰੀ  (੧੪੧੫ ਈ:) ਨੂੰ ਦਿੱਲੀ ਦੇ ਪਹਿਲੇ ਸਇਅਦ ਸ਼ਾਸਕ ਖਿਜ਼ਰ ਖਾਨ ਨੇ ਆਪਣੇ ਪੁੱਤਰ ਮਲਿਕ-ਉੱਸ਼-ਸ਼ਰਾਕ, ਮਲਿਕ ਮੁਬਾਰਕ ਖਾਨ ਨੂੰ ਫਿਰੋਜ਼ਪੁਰ ਅਤੇ ਸਰਹਿੰਦ ਦਾ ਸੂਬੇਦਾਰ ਥਾਪਿਆ ਤੇ ਮਲਿਕ ਸਾਧੂ ਨਾਦਿਰਾ ਨੂੰ ਉਸਦਾ ਨਾਇਬ ਬਣਾ ਦਿੱਤਾ ਸੀ। ੧੪੧੬ ਵਿੱਚ ਮਲਿਕ ਮੁਬਾਰਕ ਖਾਨ ਨੂੰ ਵਿਦਰੋਹੀ ਤੁਰਕਾਂ ਨੇ  ਤੁਗਹਨ ਰਿਆਸ ਰਾਹੀਂ ਮਰਵਾ ਦਿੱਤਾ ਸੀ। ਪਰ ਇਸ ਤੋਂ ਸਾਲ ਬਾਅਦ ਹੀ ਸਮਾਣੇ ਦੇ ਸੂਬੇਦਾਰ ਨੇ ਬਗਾਵਤ ਕਰ ਦਿੱਤੀ। ਕਾਫੀ ਜਦੋ-ਜਹਿਦ ਉਪਰੰਤ ਰੁਬੀ-ਉੱਲ-ਅਵਲ ੮੨੩ ਹਿਜਰੀ (੧੪੨੦ ਈ:) ਵਿੱਚ ਖਿਜ਼ਰ ਖਾਨ ਨੇ ਆਪਣੇ ਬਾਗੀ ਸਾਰੰਗ ਖਾਨ ਦੇ ਇੱਥੇ ਸਰਹਿੰਦ ਵਿਖੇ ਹੀ ਦੰਦ ਖੱਟੇ ਕੀਤੇ ਸਨ।

ਰੁਬੀ-ਉੱਲ-ਅਵਲ ੮੫੫ ਹਿਜਰੀ  (੧੪੫੧ ਈ:) ਵਿੱਚ ਸੁਲਤਾਨ ਮਲਿਕ ਸ਼ਾਹ ਲੋਧੀ ਦੀ ਸਰਪ੍ਰਸਤੀ ਬਹਿਲੋਲ ਖਾਨ ਲੋਧੀ ਸੁਤਲਤਾਨ ਬਣਿਆ ਤੇ ਉਸਨੇ ਸਰਹਿੰਦ ਤੋਂ ਆਪਣੀ ਹਕੁਮਤ ਦੀ ਸ਼ੁਰੂਆਤ ਕੀਤੀ ਸੀ। 

ਪਾਣੀਪਤ ਦੇ ਮੈਦਾਨ ਵਿੱਚ ਬਾਬਰ ਤੋਂ ਇਬਰਾਹਿਮ ਲੋਧੀ ਦੀ ਹਾਰ ਹੋਣ ਉਪਰੰਤ ੧੫੨੬ ਈ: ਵਿੱਚ ਸਰਹਿੰਦ ਮੁਗਲ ਹਕੁਮਤ ਕੋਲ ਚਲਾ ਗਿਆ ਸੀ। ਬਾਬਰ ਦੇ ਸਮੇਂ ੧੦੮ ਪਿੰਡ ਸਰਹਿੰਦ ਅਧੀਨ ਸਨ। ਬਾਬਰ ਦੇ ਪੋਤੇ ਬਾਦਸ਼ਾਹ ਅਕਬਰ ਦੇ ਸਮੇਂ ਸਰਹਿੰਦ ਦੀ ਮਹੱਤਤਾ ਦੇਸ਼ ਵਿੱਚ ਸਿਖਰ 'ਤੇ ਪਹੁੰਚ ਗਈ ਸੀ। ਉਸਨੇ ਸਰਹਿੰਦ ਨੂੰ ਪੰਜਾਬ ਦੀ ਸੂਬਾਈ ਰਾਜਧਾਨੀ ਬਣਾਇਆ ਸੀ। ਅਕਬਰ ਦੇ ਸਮੇਂ ਸਰਹਿੰਦ ਸਰਕਾਰ ਅਧੀਨ ਅਠਾਈ ਪਰਗਨੇ ਸਨ। ਕਹਿੰਦੇ ਹਨ ਕੇਵਲ ਸਰਹਿੰਦ ਵਿੱਚੋਂ ਹੀ ਬਾਦਸ਼ਾਹ ਨੂੰ ਬਵੰਜਾ ਲੱਖ ਕਰ ਦੀ ਵਸੂਲੀ ਹੁੰਦੀ ਸੀ। ਇਸ ਲਈ ਇਸ ਨੂੰ 'ਸਰਹਿੰਦ ਬਾਵਨੀ' ਆਖਿਆ ਜਾਂਦਾ ਸੀ। ਇੱਥੇ ਪੈਦਾ ਹੋਏ ਨਕਸ਼ਬੰਦੀ ਸੰਪਰਦਾਏ ਦੇ ਮੁਸਲਮਾਨ ਫਕੀਰ ਇਮਾਮ-ਏ-ਰਬਾਨੀ ਸ਼ੇਖ ਅਹਿਮਦ ਅਲ-ਫਾਰੂਖੀ ਅਲ-ਸਰਹੰਦੀ (੧੫੬੪–੧੬੨੪) ਉਰਫ ਮੁਜਾਦਿਦ-ਏ-ਅਲਿਫ-ਏ-ਸਾਨੀ ('੍ਰeਵਵਿeਰ ੋਡ ਟਹe ਢaਟਿਹ ਨਿ ਟਹe ਸ਼eਚੋਨਦ ੰਲਿਲeਨਨਿਮ')  ਕਾਰਨ ਲੋਕਾਂ ਨੇ ਸਰਹਿੰਦ ਨੂੰ ਧਰਮ ਕੇਂਦਰ ਵਜੋਂ ਮਾਨਤਾ ਦੇ ਦਿੱਤੀ ਸੀ। ਉਸ ਸਮੇਂ ਸਿੱਖਿਆ ਦੇ ਅਨੇਕਾਂ ਕੇਂਦਰ ਅਕਬਰ ਨੇ ਸਰਹਿੰਦ ਵਿੱਚ ਖੁਲ੍ਹਵਾਏ ਸਨ। ਕਿਸੇ ਵੇਲੇ ਕੇਵਲ ਸਰਹਿੰਦ ਵਿੱਚ ਹੀ ਮੁਸਲਮਾਨਾਂ ਦੇ ੩੬੦ ਮਦਰਸੇ, ਮਸਜਿਦਾਂ, ਬਾਗੀਚੇ, ਮਜਾਰ, ਸਰਾਵਾਂ, ਖੂਹ ਅਤੇ ਧਾਰਮਿਕ ਸਮਾਰਕ ਸਨ। ਜਿਨ੍ਹਾਂ ਵਿੱਚੋਂ ਤਾਜ ਬੀਬੀ ਦਾ ਮਕਬਰਾ, ਸ਼ੇਖ ਸਰਹੰਦੀ ਦਾ ਮਜਾਰ, ਹਾਜ਼ੀ ਮੁਹੰਮਦ, ਸੁਬਹਾਨ, ਖਵਾਜ਼ਾ ਮੁਹੰਮਦ ਨਕਸ਼ਬੰਦੀ, ਮੁਹੰਮਦ ਇਸਮਾਇਲ, ਸ਼ਾਹ ਜ਼ਮਾਨ, ਅਤੇ ਉਸਤਾਦ-ਸ਼ਾਗਿਰਦ ਦੇ ਮਕਬਾਰੇ,  ਸਦਨਾ ਕਸਾਈ ਮਸਜਿਦ, ਲਾਲ ਮਸਜਿਦ, ਰੋਜ਼ਾ ਸ਼ਰੀਫ, ਜਾਹਜ਼ਾਈ ਮਹਿਲ ਆਦਿ ਪ੍ਰਮੁੱਖ ਸਨ। ਬਹੁਤ ਸਾਰੇ ਕਵੀ, ਚਿੱਤਰਕਾਰ, ਦਸਤਕਾਰ, ਸੰਤ, ਫਕੀਰ, ਨਜ਼ੂਮੀ, ਇਤਿਹਾਸਕਾਰ ਅਤੇ ਵੈਦ ਹਕੀਮਾਂ ਆ ਕੇ ਸਰਹਿੰਦ ਵਿੱਚ ਵਸਣ ਲੱਗ ਪਏ ਸਨ।

ਜਹਾਂਗੀਰ ਨੇ ਸਰਹਿੰਦ ਨੂੰ ਮਾਲਵੇ ਦੀ ਰਾਜਧਾਨੀ ਬਣਾ ਦਿੱਤਾ ਸੀ। ਮੁਗਲਾਂ ਦੇ ਪੂਰਬੀ ਪੰਜਾਬ ਦੇ ਪ੍ਰਸਾਸਨਿਕ ਪ੍ਰਬੰਧਾਂ ਦਾ ਮੁੱਖ ਦਫਤਰ ਵੀ ਸਰਹਿੰਦ ਵਿੱਚ ਹੀ ਸੀ। ਅਕਬਰ ਤੋਂ ਬਾਅਦ ਜਹਾਂਗੀਰ ਨੇ ਇਮਾਰਸਾਜ਼ੀ ਦਾ ਕੰਮ ਜਾਰੀ ਰੱਖਿਆ ਸੀ।

ਸ਼ਾਹ ਜਹਾਨ ਨੇ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਇੱਥੇ ਅਨੇਕਾਂ ਇਮਾਰਤਾਂ ਤਾਮੀਰ ਕਰਵਾਉਣ ਤੋਂ ਇਲਾਵਾਂ ਇੱਕ ਆਲੀਸ਼ਾਨ ਬਾਗ ਬਣਵਾਇਆ ਸੀ, ਜਿਸ ਨੂੰ ਆਮ-ਖਾਸ ਬਾਗ ਕਿਹਾ ਜਾਂਦਾ ਹੈ। ਇੰਝ ਆਲਮਗੀਰ ਔਰੰਗਜ਼ੇਬ ਦੇ ਹੱਥਾਂ ਵਿੱਚ ਜਾਣ ਤੱਕ ਸਰਹਿੰਦ ਇੱਕ ਅਮੀਰ ਤੇ ਖੁਸ਼ਹਾਲ ਰਿਆਸਤ ਬਣ ਚੁੱਕਾ ਸੀ।

ਸਰਹਿੰਦ ਉੱਪਰ ਪੂਰਨ ਤੌਰ 'ਤੇ ਸਿੱਖਾਂ ਦਾ ਕਬਜ਼ਾ ਹੋਣ ਉਪਰੰਤ ਮੈਂ ਗਸ਼ਤ ਕਰਕੇ ਸਾਰੀ ਸਰਹਿੰਦ ਦਾ ਜਾਇਜ਼ਾ ਲਿਆ। ਅਨੇਕਾਂ ਫਰਿਆਦੀ ਮੈਨੂੰ ਆ ਕੇ ਮਿਲੇ। ਮੈਂ ਜਾਣਦਾ ਸੀ ਕਿ ਡਰਦੇ ਮਾਰੇ ਬਹੁਤਿਆਂ ਨੇ ਮੇਰੇ ਤੱਕ ਆਉਣ ਦੀ ਹਿੰਮਤ ਨਹੀਂ ਸੀ ਕੀਤੀ। ਮੈਂ ਸਰਹਿੰਦ ਦੀ ਸਾਰੀ ਬਰਬਾਦੀ ਨੂੰ ਆਪਣੇ ਅੱਖੀਂ ਦੇਖਿਆ ਸੀ। ਲੋਕਾਂ ਦੇ ਦੁੱਖ ਦਰਦ ਬਿਨਾ ਬੋਲਿਆਂ ਹੀ ਮੈਂ ਸਮਝ ਗਿਆ ਸੀ। ਸਰਹਿੰਦ ਨੂੰ ਜਿੱਤਣ ਦੀ ਹੋੜ ਵਿੱਚ ਮੈਂ ਆਪਣੀ ਫੌਜ ਦੀਆਂ ਕਾਰਵਾਈਆਂ ਪ੍ਰਤੀ ਬਹੁਤ ਅਵੇਸਲਾ ਹੋ ਗਿਆ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਸਰਹਿੰਦ ਵਿੱਚ ਦਾਖਲ ਹੋਈ ਮੇਰੀ ਫੌਜ ਕੀ ਕਰ ਰਹੀ ਸੀ। ਦਰਅਸਲ ਫੌਜ ਨੂੰ ਨਾ ਤਾਂ ਮੈਂ ਉਦੋਂ ਕਾਬੂ ਰੱਖ ਸਕਦਾ ਸੀ ਤੇ ਨਾ ਹੀ ਆਪਣੇ ਨਿਯਤੰਰਣ ਵਿੱਚ ਰੱਖ ਕੇ ਉਨ੍ਹਾਂ ਨੂੰ ਕੋਈ ਆਦੇਸ਼ ਦੇ ਸਕਦਾ ਸੀ। ਸਾਡੀ ਫੌਜ ਵਿੱਚ ਸ਼ਾਮਿਲ ਲੇਟੇਰਿਆਂ ਨੇ ਵੀ ਆਪਣੀ ਲੁੱਟਮਾਰ ਕਰਨੀ ਸੀ ਤੇ ਸਿੱਖਾਂ ਅੰਦਰ ਵੀ ਬਦਲੇ ਦੀ ਭਾਵਨਾ ਅਤੇ ਗੁੱਸਾ ਸੀ। ਮੈਂ ਕਿਸ ਨੂੰ ਹਟਾਉਂਦਾ ਤੇ ਕਿਸ ਨੂੰ ਮੂਹਰੇ ਲਾਉਂਦਾ? 

ਸਿੱਖਾਂ ਦੇ ਹਮਲੇ ਨਾਲ ਸਰਹਿੰਦ ਦੇ ਆਮ ਲੋਕਾਂ ਉੱਪਰ ਬਹੁਤ ਜ਼ੁਲਮ ਹੋਇਆ ਸੀ। ਵਸਦੇ ਗਰੀਬਾਂ ਨੂੰ ਘਰਾਂ ਤੋਂ ਉਜਾੜ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਅੱਗ ਲਾ ਦਿੱਤੀਆਂ ਗਈਆਂ ਸਨ। ਬਹੂ-ਬੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਨ। ਸੋਨੇ, ਚਾਂਦੀ ਅਤੇ ਸਿੱਕਿਆਂ ਦੇ ਲਾਲਚ ਵਿੱਚ ਗਰਭਵਤੀ ਔਰਤਾਂ ਦੇ ਪੇਟ ਚਾਕ ਕਰਕੇ ਵੀ ਦੇਖੇ ਗਏ ਸਨ ਤਾਂ ਕਿ ਉਨ੍ਹਾਂ ਨੇ ਨਿਗਲ ਕੇ ਕੁਝ ਆਪਣੇ ਅੰਦਰ ਨਾ ਲਕੋਇਆ ਹੋਵੇ। ਕਈ ਮੋਟੇ ਪੇਟ ਵਾਲੀਆਂ ਮੁਲਸਮਾਨ ਔਰਤਾਂ ਨੂੰ ਇਸ ਲਈ ਮਾਰ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਪੇਟ ਵਿੱਚ ਮੁਸਲਮਾਨਾਂ ਦੇ ਤੁਖਮ ਪਲ ਰਹੇ ਸਮਝੇ ਗਏ ਸਨ। ਨਿਰਦੋਸ਼ ਮੁਸਲਮਾਨਾਂ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਕਿਉਂਕਿ ਉਹ ਮੁਸਲਮਾਨ ਸਨ। ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਾਹਰੀ ਹਮਲਾਵਰਾਂ ਉੱਤੇ ਸਥਾਨਕ ਹਿੰਦਵਾਸੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸਿੱਖਾਂ ਦੀ ਤਵਾਰੀਖ ਨੇ ਇਹ ਸਭ ਤੋਂ ਵੱਡੀ ਜਿੱਤ ਦਰਜ਼ ਕਰੀ ਸੀ ਤੇ ਇਸ ਦੇ ਨਾਲ ਹੀ ਸਿੱਖਾਂ ਵੱਲੋਂ ਕੀਤਾ ਗਿਆ ਪਹਿਲਾ ਸਭ ਤੋਂ ਵੱਡਾ ਜ਼ੁਲਮ ਵੀ ਇਤਿਹਾਸ ਦੇ ਪੰਨਿਆਂ ਉੱਪਰ ਉਕਰਿਆ ਗਿਆ ਸੀ। ਇਹ ਕੁਕਰਮ ਅਤੇ ਤਸ਼ੱਦਦ ਸਿੱਖਾਂ ਨੇ ਰੋਹ ਵਿੱਚ ਆ ਕੇ ਕੀਤੇ ਸਨ ਜਾਂ ਸਿੱਖ ਫੌਜ ਵਿੱਚ ਸ਼ਾਮਿਲ ਲੁਟੇਰਿਆਂ ਨੇ? ਮੈਂ ਨਹੀਂ ਸੀ ਜਾਣਦਾ। ਭਾਵੇਂ ਗੁਨਾਹਗਾਰ ਕੋਈ ਵੀ ਸੀ, ਲੇਕਿਨ ਸਿੱਖ ਫੌਜ ਦਾ ਸੈਨਾਪਤੀ ਹੋਣ ਕਰਕੇ ਇਸ ਸਭ ਪਾਪਾਂ ਦਾ ਜ਼ਿੰਮੇਵਾਰ ਮੈਂ ਸੀ। ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਮੇਰੀ ਫੌਜ ਆਪਹੁਦਰੀ ਹੋ ਕੇ ਕੀ ਕਰ ਰਹੀ ਸੀ। ਦੁੱਖੀ ਅਤੇ ਪੀੜਤਾਂ ਦੇ ਦੁੱਖ, ਦਰਦ, ਜ਼ਖਮ ਅਤੇ ਵਿਰਲਾਪ ਕਰਦੇ ਚਿਹਰੇ ਦੇਖ ਕੇ ਮੇਰੇ ਮਨ ਨੂੰ ਬਹੁਤ ਠੇਸ ਲੱਗੀ ਸੀ। ਮੇਰੇ ਤੋਂ ਧਾਹਾਂ ਮਾਰਦੇ ਲੋਕ ਝੱਲੇ ਨਹੀਂ ਸੀ ਜਾਂਦੇ। ਮੇਰੇ ਲਈ ਸਰਹਿੰਦ ਦੀਆਂ ਗਲੀਆਂ ਬਜ਼ਾਰਾਂ ਵਿੱਚੋਂ ਲੰਘਣਾ ਦੁੱਭਰ ਹੋ ਗਿਆ ਸੀ। ਕਤਲ-ਓ-ਗਾਰਤ ਦੇਖ ਕੇ ਮੇਰਾ ਕਾਲਜਾਂ ਮੂੰਹ ਨੂੰ ਆਉਂਦਾ ਸੀ। ਮੈਂ ਆਪਣੇ ਸਾਫੇ ਵਿੱਚ ਆਪਣਾ ਮੂੰਹ ਲਪੇਟ ਕੇ ਸਰਹਿੰਦ ਦੇ ਕਿਲ੍ਹੇ ਨੂੰ ਵਾਪਿਸ ਆ ਗਿਆ ਸੀ ਤੇ ਦੋ ਤਿੰਨ ਦਿਨ ਤੱਕ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਨਿਕਲਿਆ।

ਮੈਂ ਜ਼ੁਲਮ ਨੂੰ ਠੱਲ ਪਾਉਣ ਆਇਆ ਸੀ ਜਾਂ ਜ਼ੁਲਮ ਕਰਨ? ਦਿਨ ਰਾਤ ਬਿਸਤਰੇ 'ਤੇ ਪਿਆ ਆਪਣੇ ਆਪ ਨੂੰ ਮੈਂ ਇਹ ਸਵਾਲ ਕਰੀ ਜਾ ਰਿਹਾ ਸੀ। ਫੇਰ ਆਪਣੇ ਆਪ ਨੂੰ ਸੰਭਾਲ ਕੇ ਮੈਂ ਸਾਰੇ ਸਿੱਖ ਜਥੇਦਾਰ ਇਕੱਤਰ ਕੀਤੇ ਤੇ ਸਰਹਿੰਦ ਵਾਸਿਆਂ ਉੱਪਰ ਹੋਏ ਸਾਡੇ ਜ਼ੁਲਮ ਦੀ ਤਫਤੀਸ਼ ਕੀਤੀ। ਸਾਰੇ ਜਥੇਦਾਰ ਮੇਰੇ ਵਾਂਗ ਹੀ ਇਸ ਮਾਮਲੇ ਤੋਂ ਅਣਜਾਣ ਸਨ ਤੇ ਕਈ ਤਾਂ ਇਹ ਮੰਨਣ ਲਈ ਵੀ ਤਿਆਰ ਨਹੀਂ ਸਨ ਕਿ ਸਿੱਖ ਫੌਜ ਨੇ ਕੋਈ ਜ਼ਾਲਿਮਾਨਾਂ ਕਾਰਵਾਈ ਕੀਤੀ ਹੋਵੇਗੀ। ਪਰ ਮੈਂ ਸਭ ਕੁਝ ਆਪਣੇ ਅੱਖੀਂ ਦੇਖ ਤੇ ਕੰਨੀ ਸੁਣ ਆਇਆ ਸੀ। ਮੈਂ ਜਾਣਦਾ ਸੀ ਕਿ ਸਿੱਖ ਇਸ ਅਤਿਆਚਾਰ ਲਈ ਜ਼ਿੰਮੇਵਾਰ ਸਨ।

ਜੋ ਹੋ ਗਿਆ ਸੀ, ਉਸ ਨੂੰ ਬਦਲਿਆ ਨਹੀਂ ਸੀ ਜਾ ਸਕਦਾ। ਮੈਂ ਸਾਰੇ ਜਥੇਦਾਰਾਂ ਦੀ ਸਲਾਹ ਨਾਲ ਇਸ ਨਤੀਜੇ ਉੱਪਰ ਪੁੱਜਾ ਸੀ ਕਿ ਪੀੜਤਾਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਸਹਾਇਤਾ ਦੇ ਕੇ ਮੁੜ ਆਬਾਦ ਕਰੀਏ ਤੇ ਅੱਗੇ ਤੋਂ ਖਾਲਸਾ ਫੌਜ ਵਿੱਚ ਲੇਟੇਰਿਆਂ ਨੂੰ ਰਲਣ ਰੋਕ ਦੇਈਏ। ਲੁਟੇਰਿਆਂ ਨੂੰ ਦੂਰ ਰੱਖਣ ਦੇ ਮਕਸਦ ਨਾਲ ਮੈਂ ਫੌਜ ਦੀ ਭਰਤੀ ਕਰਨ ਲਈ ਬਾਜ ਸਿੰਘ ਅਤੇ ਬਾਕੀ ਸਾਰੇ ਜਥੇਦਾਰਾਂ ਨੂੰ ਆਦੇਸ਼ ਦੇ ਦਿੱਤੇ ਸਨ।

ਕੁਝ ਦਿਨਾਂ ਬਾਅਦ ਅਸੀਂ ਸਰਹਿੰਦ ਵਿੱਚ ਸ਼ਾਂਤੀ ਦਾ ਢਿੰਡੋਰਾ ਪਿਟਵਾ ਕੇ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਕਿਸੇ ਪਸ਼ੂ ਅਤੇ ਪੰਛੀ ਤੱਕ ਨੂੰ ਵੀ ਹੱਥ ਨਾ ਲਾਵੇ। ਸਰਹਿੰਦ ਦੀ ਪਹਿਲਾਂ ਹੀ ਬਹੁਤ ਬਰਬਾਦੀ ਹੋ ਚੁੱਕੀ ਸੀ। 

ਫਿਰ ਸਭ ਕੁਝ ਸ਼ਾਂਤ ਹੋ ਗਿਆ। ਲੋਕਾਂ ਨੇ ਆਪਣੇ ਕੰਮਾਂ-ਕਾਰਾਂ ਨੂੰ ਮੁੜ ਸ਼ੁਰੂ ਕਰਨ ਲਈ ਮਲਬਿਆਂ ਦੀਆਂ ਇੱਟਾਂ ਚੁੱਕ ਕੇ ਨੇੜੇ ਵਗਦੀ ਨਹਿਰ ਨੂੰ ਪੂਰ ਦਿੱਤਾ। ਸਾਰੇ ਨਗਰ ਦਾ ਮਾਹੌਲ ਆਹੀਸਤਾ-ਆਹੀਸਤਾ ਆਮ ਵਾਂਗ ਅਮਨ ਅਮਾਨ ਵਾਲਾ ਹੋਣ ਲੱਗ ਪਿਆ ਸੀ।

ਸਾਡਾ ਅਮਨ ਸ਼ਾਂਤੀ ਦਾ ਐਲਾਨਨਾਮਾ ਸੁਣ ਕੇ ਨਗਰ ਦੇ ਸਾਰੇ ਮੁਹਤਬਰ ਹਿੰਦੂ ਅਤੇ ਮੁਸਲਮਾਨ ਮੈਨੂੰ ਮੇਰੇ ਦਰਬਾਰ ਵਿੱਚ ਆ ਕੇ ਮਿਲੇ। ਸਰਹਿੰਦ ਦੀ ਜੰਗ ਤੋਂ ਪਹਿਲਾਂ ਵੀ ਮੈਂ ਜੰਗਾਂ ਲੜੀਆਂ ਸਨ ਤੇ ਅਨੇਕਾਂ ਇਲਾਕੇ ਕਬਜ਼ੇ ਵਿੱਚ ਲਏ ਸਨ। ਹਰ ਇਲਾਕੇ ਵਿੱਚ ਅਸੀਂ ਦੋ ਵੇਲੇ ਦੀਵਾਨ ਤਾਂ ਲਾਉਂਦੇ ਰਹੇ ਸੀ, ਪਰ ਦਰਬਾਰ ਕਿਤੇ ਵੀ ਨਹੀਂ ਸੀ ਲਾਇਆ। ਦੀਵਾਨਾਂ ਵਿੱਚ ਅਸੀਂ ਬਾਣੀ ਪੜ੍ਹਦੇ ਅਤੇ ਉਸ ਇਲਾਕੇ ਦੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰੇ ਕਰ ਲੈਂਦੇ ਸੀ। ਮੈਂ ਹੁਕਮਰਾਨਾਂ ਵਾਂਗ ਆਪਣੀ ਜ਼ਿੰਦਗੀ ਦਾ ਪਹਿਲਾ ਦਰਬਾਰ ਲਾਉਣ ਜਾ ਰਿਹਾ ਸੀ। ਦਰਬਾਰ ਲਾਉਣ ਲਈ ਮੈਂ ਕਿਲ੍ਹੇ ਦੇ ਨਜ਼ਦੀਕ ਆਮ-ਖਾਸ ਬਾਗ ਨੂੰ ਚੁਣਿਆ ਸੀ।

ਪਹਿਲੀ ਵਾਰ ਮੈਂ ਆਮ-ਖਾਸ ਬਾਗ ਦੇਖਿਆ ਸੀ ਤੇ ਇਸਦੀ ਖੂਬਸੂਰਤੀ ਅਤੇ ਕਾਰੀਗਰਾਂ ਦੀ ਕਾਰਗਰੀ ਉੱਪਰ ਮੋਹਿਤ ਹੋ ਗਿਆ ਸੀ। ਇਸ ਬਾਗ ਨੂੰ ਮੁਗਲ ਬਾਦਸ਼ਾਹ ਬਾਬਰ ਨੇ ਬਣਵਾਇਆ ਸੀ ਤੇ ਇਸਦੀ ਅਸਲ ਪੁਨਰ ਉਸਾਰੀ ਸ਼ਾਹਜਹਾਨ ਨੇ ਕਰਵਾਈ ਸੀ। ਬਹੁਤ ਹੀ ਆਲੀਸ਼ਾਨ ਬਾਗ ਸੀ ਇਹ। ਲਾਹੌਰ ਨੂੰ ਜਾਂਦੇ ਹੋਏ ਸ਼ਾਹੀ ਪਰਿਵਾਰ ਇੱਥੇ ਹੀ ਠਹਿਰਿਆ ਕਰਦੇ ਸਨ। ਇਸ ਵਿੱਚ ਜਹਾਂਗੀਰ ਨੇ ਦੋ ਮੰਜਿਲੇ ਸ਼ੀਸ਼ ਮਹਿਲ ਦੇ ਰੂਪ ਵਿੱਚ ਦੌਲਤ-ਏ-ਖਾਨਾ-ਏ-ਖਾਸ ਬਹੁਤ ਸ਼ਾਨਦਾਰ ਬਣਵਾਇਆ ਸੀ। ਉਸਦੀ ਨਕਾਸ਼ੀ, ਕੰਧ-ਚਿੱਤਰ ਤੇ ਮੀਨਾਕਾਰੀ ਦੇਖ ਕੇ ਭੁੱਖ ਲਹਿੰਦੀ ਸੀ। ਇਸਦੀਆਂ ਕੰਧਾਂ ਅਤੇ ਫਰਸ਼ ਦੀਆਂ ਇੱਟਾਂ ਐਨੀਆਂ ਚਮਕੀਲੀਆਂ ਸਨ ਕਿ ਹਨੇਰੇ ਵਿੱਚ ਲਿਸ਼ਕਦੀਆਂ ਹੋਈਆਂ ਰੌਸ਼ਨੀ ਪੈਂਦਾ ਕਰਦੀਆਂ ਸਨ। ਦੌਲਤ-ਏ-ਖਾਨਾ-ਏ-ਖਾਸ ਨੂੰ ਬਾਅਦ ਵਿੱਚ ਸ਼ਾਹਜਹਾਨ ਨੇ ਹੋਰ ਸ਼ਿੰਗਾਰਿਆ ਸੀ। ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਸਰਦਖਾਨਾ ਅਰਾਮਗਾਹ ਬਣੀ ਹੋਈ ਸੀ। ਇਸ ਨੂੰ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਸੀ। ਇਸ ਸਰਦ ਖਾਨੇ ਦੀ ਜ਼ਮੀਨ ਅਤੇ ਕੰਧਾਂ ਵਿੱਚ ਨਾਲੀਆਂ ਬਣੀਆਂ ਹੋਈਆਂ ਸਨ। ਇਹਨਾਂ ਨਾਲੀਆਂ ਵਿੱਚ ਬਾਗ ਅੰਦਰ ਬਣੇ ਖੂਹ ਤੋਂ ਠੰਡਾ ਪਾਣੀ ਕੱਢ ਕੇ ਛੱਡਿਆ ਜਾਂਦਾ ਸੀ। ਜਿਸ ਨਾਲ ਸਾਰੇ ਗ੍ਰਹਿ ਵਿੱਚ ਅੱਤ ਦੀ ਗਰਮੀ ਹੁੰਦਿਆਂ ਹੋਇਆਂ ਵੀ ਠੰਡ ਰਹਿੰਦੀ ਸੀ। ਸਰਦੀਆਂ ਵਿੱਚ ਬੇਗਮਾਂ ਦੇ ਨਹਾਉਣ ਲਈ ਕੋਸੇ ਹਮਾਮ ਬਣੇ ਹੋਏ ਸਨ। ਜਿਨ੍ਹਾਂ ਵਿੱਚ ਭੱਠੀਆਂ ਅਤੇ ਸੂਰਜ ਲੋਅ ਨਾਲ ਗਰਮ ਕੀਤਾ ਪਾਣੀ ਛੱਡਿਆ ਜਾਂਦਾ ਸੀ। ਨਿਹਾਇਤ ਹੀ ਖੂਬਸੂਰਤ ਗੁੰਬਦ, ਰੰਗਦਾਰ ਪਾਣੀ ਵਾਲੇ ਫੁਆਰੇ ਅਤੇ ਭਾਂਤ-ਸੁਭਾਂਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਇਸ ਆਮ-ਖਾਸ ਬਾਗ ਨੂੰ। ਦੌਲਤਖਾਨੇ ਦੇ ਮਗਰ ਵਿਸ਼ਾਲ ਤਲਾਅ ਬਣਿਆ ਹੋਇਆ ਸੀ। ਤਲਾਅ ਦੇ ਵਿਚਾਲੇ ਮਹਿਤਾਬੀ ਚਬੂਤਰਾ ਬਣਿਆ ਹੋਇਆ ਸੀ। ਤਲਾਅ ਦੇ ਦੂਜੇ ਪਾਸੇ ਬੇਗਮਾਂ ਦਾ ਹਰਮ ਬਣਿਆ ਹੋਇਆ ਸੀ। ਹਰਮ ਨੂੰ ਜਾਣ ਲਈ ਤਲਾਅ ਦੇ ਵਿੱਚ ਦੀ ਫੁਆਰਿਆ ਵਾਲਾ ਪੱਕੀਆਂ ਇੰਟਾਂ ਦਾ ਰਸਤਾ ਬਣਾਇਆ ਹੋਇਆ ਸੀ। ਮੁਕਦੀ ਗੱਲ ਕਿ ਅਰਾਮ ਅਤੇ ਐਸ਼-ਓ-ਇਸ਼ਰਤ ਦਾ ਹਰ ਸਮਾਨ ਇਸ ਬਾਗ ਵਿੱਚ ਮੁਹੱਈਆਂ ਕਰਵਾਇਆ ਗਿਆ ਸੀ। ਇਹ ਬਾਗ ਦੇਖਣ ਵਾਲੇ ਨੂੰ ਪਹਿਲੀ ਨਜ਼ਰ ਵਿੱਚ ਹੀ ਮੋਹ ਲੈਂਦਾ ਸੀ। 

ਅਨੇਕਾਂ ਹਿੰਦੂ ਅਤੇ ਮੁਸਲਮਾਨ ਚੋਧਰੀ, ਵਪਾਰੀ ਅਤੇ ਧਨਾਡ ਮੇਰੇ ਦਰਬਾਰ ਵਿੱਚ ਆਏ। ਸਰਹਿੰਦ ਦਾ ਹਰ ਸ਼ਹਿਰੀ ਬੁਰੀ ਤਰ੍ਹਾਂ ਦਹਿਲਿਆ ਪਿਆ ਸੀ। ਦਰਬਾਰ ਵਿੱਚ ਵੀ ਡਰ ਅਤੇ ਸਹਿਮ ਉਨ੍ਹਾਂ ਦੇ ਚਿਹਰਿਆਂ ਤੋਂ ਪ੍ਰਤੱਖ ਨਜ਼ਰ ਆਉਂਦਾ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਜ਼ੀਰ ਖਾਨ ਤੇ ਉਸਦੇ ਅਹਿਲਕਾਰਾਂ ਦੇ ਜ਼ੁਲਮਾਂ ਤੋਂ ਉਹ ਇਸ ਕਦਰ ਟੁੱਟ ਚੁੱਕੇ ਸਨ ਕਿ ਉਹਨਾਂ ਵਿੱਚ ਹੋਰ ਜ਼ੁਲਮ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਸੀ। 

ਮੈਂ ਉਨ੍ਹਾਂ ਨੂੰ ਯਕੀਨ ਦੁਵਾਇਆ ਕਿ ਅੱਗੇ ਤੋਂ ਕਿਸੇ ਬੇਗੁਨਾਹ ਨੂੰ ਤੰਗ ਨਹੀਂ ਕੀਤਾ ਜਾਵੇਗਾ ਤੇ ਗੁਨਾਹਗਾਰ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਸਰਹਿੰਦ ਦੇ ਸ਼ੇਖਾਂ ਨੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਖੁਸ਼ੀਆਂ ਮਨਾਈਆਂ ਸਨ। ਮੈਂ ਉਨ੍ਹਾਂ ਦੇ ਜਥੇ ਨੂੰ ਮੁਖਾਤਿਬ ਹੋ ਕੇ ਪੁੱਛਿਆ ਸੀ, "ਹਾਂ ਬਈ ਸ਼ੇਖੋ, ਹੁਣ ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇ?"

ਸਾਰੇ ਸ਼ੇਖ ਮੇਰੇ ਪੈਰੀਂ ਡਿੱਗ ਕੇ ਗਿੜਗਿੜਾਉਂਦੇ ਹੋਏ ਰਹਿਮ ਦੀ ਭੀਖ ਮੰਗਣ ਲੱਗ ਪਏ। ਉਹਨਾਂ ਨੇ ਆਪਣੇ ਛੁਟਕਾਰੇ ਲਈ ਇੱਕ ਵੱਡੀ ਰਕਮ ਦਰਬਾਰ ਵਿੱਚ ਪੇਸ਼ ਕੀਤੀ। ਮੈਂ ਉਹਨਾਂ ਨੂੰ ਅੱਗੇ ਤੋਂ ਕੋਈ ਗਲਤੀ ਨਾ ਕਰਨ ਦੀ ਤਾੜਨਾ ਕਰਕੇ ਛੱਡ ਦਿੱਤਾ ਸੀ। 

ਦਰਬਾਰ ਵਿੱਚ ਹਿੰਦੂ ਪ੍ਰੋਹਿਤਾਂ ਅਤੇ ਜੋਤਿਸ਼ੀਆਂ ਦਾ ਇੱਕ ਵਗ ਵੀ ਆਇਆ ਹੋਇਆ ਸੀ। ਉਨ੍ਹਾਂ ਦਾ ਮੁੱਖੀਆ ਮੈਨੂੰ ਸਲਾਹ ਦਿੰਦਿਆਂ ਕਹਿਣ ਲੱਗਾ, "ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਣੇ ਆਪਣੇ ਤੀਥ-ਤਿਉਹਾਰ ਮਨਾਉਣ ਲਈ ਤਾਰੀਕਾਂ ਹਨ। ਮੁਗਲ ਬਾਦਸ਼ਾਹ ਆਪਣੇ ਰਾਜ ਦੇ ਆਰੰਭ ਤੋਂ ਸੰਨਿ-ਜਲੂਸ ਸ਼ੁਰੂ ਕਰਦੇ ਸਨ ਤੇ ਹਿੰਦੂ ਸ਼ਾਸਕ ਸੰਮਤ ਚਲਾਉਂਦੇ ਸਨ। ਅਗਰ ਸਰਹਿੰਦ ਫਤਿਹ ਵਾਲੇ ਦਿਨ ਤੋਂ ਤੁਸੀਂ ਸਿੱਖਾਂ ਦਾ ਆਪਣਾ ਸੰਮਤ ਚਲਾ ਦੇਵੋਂ ਤਾਂ ਉਹ ਤੁਹਾਡੇ ਲਈ ਬਹੁਤ ਲਾਭਕਾਰੀ ਰਹੇਗਾ।"

ਉਸਦੀ ਗੱਲ ਸੁਣ ਕੇ ਮੈਂ ਤਾਂ ਚੁੱਪ ਕਰ ਗਿਆ ਸੀ, ਲੇਕਿਨ ਬਾਕੀ ਸਿੰਘ ਉਤਸ਼ਾਹਿਤ ਹੋ ਗਏ ਸਨ। ਜੋਤਸ਼ੀ ਦੀ ਕਹੀ ਗੱਲ ਉਨ੍ਹਾਂ ਦੇ ਖਾਨੇ ਵਿੱਚ ਵੜ ਗਈ ਸੀ। ਸਭ ਨੇ ਮੈਨੂੰ ਨਵਾਂ ਸੰਮਤ ਚਲਾਉਣ ਵਾਲੀ ਤਜਵੀਜ਼ ਉੱਪਰ ਅਮਲ ਕਰਨ ਲਈ ਜ਼ੋਰ ਪਾਇਆ ਸੀ। ਮੈਂ ਉਨ੍ਹਾਂ ਬ੍ਰਾਹਮਣਾਂ ਨੂੰ ਸਿੱਖਾਂ ਦਾ ਨਵਾਂ ਸੰਮਤ ਚਾਲੂ ਕਰਨ ਦੀ ਕਾਰਵਾਈ ਆਰੰਭ ਕਰਨ ਦਾ ਹੁਕਮ ਦੇ ਦਿੱਤਾ ਤੇ ਐਲਾਨ ਕਰ ਦਿੱਤਾ ਸੀ, "ਖਾਲਸੇ ਦੇ ਰਾਜ ਵਿੱਚ ਖਾਲਸੇ ਦਾ ਨਵਾਂ ਸੰਮਤ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਲਾਗੂ ਹੋਵੇਗਾ ਤੇ ਸਾਰੇ ਦਿਨ ਤਿਉਹਾਰ ਉਸੇ ਅਨੁਸਾਰ ਮਨਾਇਆ ਜਾਇਆ ਕਰਨਗੇ। ਸਰਹਿੰਦ ਉੱਪਰ ਸਾਡੀ ਫਤਿਹ ਵਾਲੇ ਦਿਨ ਤੋਂ  ਸਿੱਖ ਸੰਮਤ ਦਾ ਆਗਾਜ਼ ਹੋਵੇਗਾ।"

ਇਸ ਉਪਰੰਤ ਸਿੱਖਾਂ ਦੇ ਉੱਚੀ-ਉੱਚੀ ਲੱਗੇ ਜੈਕਾਰਿਆਂ ਨਾਲ ਅਸੀਂ ਉਸ ਦਿਨ ਦਰਬਾਰ ਦੀ ਸਮਾਪਤੀ ਕਰ ਦਿੱਤੀ ਸੀ।
--------------------

No comments:

Post a Comment