ਚੱਪੜ ਚਿੜੀ
ਮਾਲਵੇ, ਮਾਝੇ ਅਤੇ ਦੁਆਬੇ ਦੇ ਸਿੰਘਾਂ ਦੇ ਮੇਰੇ ਜਥੇ ਵਿੱਚ ਆ ਰਲਣ ਨਾਲ ਸਾਡਾ ਮਨੋਬਲ ਵੀ ਵਧਿਆ ਤੇ ਤਮਾਮ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਵੀ ਦੌੜ ਗਈ ਸੀ। ਨਿਰਸੰਦੇਅ ਸਾਡੀ ਤਾਕਤ ਅਤੇ ਫੌਜ ਵਿੱਚ ਇਜ਼ਾਫਾ ਤਾਂ ਹੋਇਆ ਹੀ ਸੀ। ਫਾਰਸੀ ਦੇ ਕਥਨ 'ਹਨੂਜ਼ ਦਿੱਲੀ ਦੂਰ ਅਸਤ' ਅਰਥਾਤ ਦਿੱਲੀ ਦੂਰ ਹੈ ਨੂੰ ਅਸੀਂ ਜਲਦ ਹੀ ਰੱਦ ਕਰਨ ਦੇ ਸਮਰਥ ਹੋਣ ਵਾਲੇ ਹੋ ਗਏ ਸੀ। ਮੈਨੂੰ ਪੂਰਨ ਭਰੋਸਾ ਸੀ ਕਿ ਸਰਹਿੰਦ ਨੂੰ ਫਤਿਹ ਕਰਨ ਉਪਰੰਤ ਉਹ ਦਿਨ ਵੀ ਦੂਰ ਨਹੀਂ ਹੋਵੇਗਾ, ਜਦੋਂ ਦਿੱਲੀ ਵੀ ਅਸੀਂ ਆਪਣੇ ਕਦਮਾਂ ਹੇਠ ਲਤਾੜਦੇ ਫਿਰਾਂਗੇ।
ਅਸੀਂ ਸਰਹੰਦ ਤੋਂ ਕੁਝ ਕੋਹਾਂ ਦੀ ਵਿੱਥ 'ਤੇ ਕਿਆਮ ਕੀਤਾ ਹੋਇਆ ਸੀ। ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਕੇ ਸਾਰੇ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਛਕੀ ਤੇ ਜਲਦ ਸੌਂ ਗਏ। ਅਗਲੇ ਦਿਨ ਅਸੀਂ ਸਰਹਿੰਦ ਉੱਪਰ ਚੜਾਈ ਕਰਨ ਦੀ ਮਨਸੂਬਾਬੰਦੀ ਕਰਨੀ ਸੀ।
ਨਵਾਬ ਵਜ਼ੀਰ ਖਾਨ ਨੂੰ ਖ਼ਿਜਰ ਖਾਨ ਅਤੇ ਉਸਦੇ ਦੋਨਾਂ ਪੁੱਤਰਾਂ ਦੇ ਮਰਨ ਅਤੇ ਸ਼ੇਰ ਮੁਹੰਮਦ ਦੇ ਜਖਮੀ ਹੋਣ ਦੀ ਖਬਰ ਮਿਲੀ ਤਾਂ ਉਹ ਬਹੁਤ ਦੁੱਖੀ ਹੋਇਆ। ਉਸ ਨੇ ਇਤਿਆਦ ਵਜੋਂ ਸਰਹਿੰਦ ਨੂੰ ਮਹਿਫੂਜ ਕਰਨ ਲਈ ਬਾਹਰੀ ਫਸੀਲ (ਕੰਧ) ਨੂੰ ਹੋਰ ਪੱਕਾ ਕਰਵਾ ਦਿੱਤਾ ਤੇ ਉੱਥੇ ਪਹਿਰਾ ਵਧਾ ਦਿੱਤਾ। ਦਿੱਲੀ ਅਤੇ ਲਾਹੌਰ ਤੋਂ ਉਹ ਪਹਿਲਾਂ ਹੀ ਹੋਰ ਫੌਜ ਅਤੇ ਹਥਿਆਰ ਵੀ ਮੰਗਵਾ ਚੁੱਕਾ ਸੀ। ਉਸ ਕੋਲ ਬਹੁਤ ਸਾਰਾ ਅਸਲਾ, ਬਾਰੂਦ ਸਿਪਾਹੀ ਅਤੇ ਹਾਥੀ ਘੋੜੇ ਸਨ। ਫੌਜ ਦੀ ਗਿਣਤੀ ਵੀ ਬਹੁਤ ਸੀ। ਵਜ਼ੀਰ ਖਾਨ ਨੇ ਕਾਫਰਾਂ ਵਿੱਰੁਧ ਧਾਰਮਿਕ ਯੁੱਧ ਯਾਨੀ ਜਹਾਦ ਵੀ ਆਰੰਭ ਦਿੱਤਾ ਸੀ। ਇਸ ਲਈ ਬਹੁਤ ਸਾਰੇ ਕੱਟੜ ਮੁਸਲਮਾਨ ਤੇ ਗਾਜ਼ੀ ਉਸ ਨਾਲ ਆ ਰਲੇ ਸਨ।
ਸਰਹਿੰਦ ਅੰਦਰ ਦਾਖਿਲ ਹੋਣਾ ਸੁਖਾਲਾ ਨਹੀਂ ਸੀ। ਮੇਰੇ ਤੋਂ ਹੋਰ ਉਡੀਕ ਨਹੀਂ ਸੀ ਹੁੰਦੀ। ਮੈਂ ਅਚਾਨਕ ਹਮਲਾ ਕਰਕੇ ਵਜ਼ੀਰ ਖਾਨ ਨੂੰ ਕਿਸੇ ਤਰੀਕੇ ਸਰਹਿੰਦ ਤੋਂ ਬਾਹਰ ਟੱਕਰਨਾ ਚਾਹੁੰਦਾ ਸੀ। ਸਰਹਿੰਦ ਬਹੁਤ ਅਮੀਰ ਪਰਗਨਾ ਹੋਣ ਕਰਕੇ ਬਹੁਤ ਸਾਰੇ ਧਾੜਵੀ ਅਤੇ ਲੁਟੇਰੇ ਲੁੱਟਣ ਦੇ ਮਕਸਦ ਨਾਲ ਆ ਕੇ ਸਾਡੀ ਫੌਜ ਦੀ ਗਿਣਤੀ ਵਿੱਚ ਵਾਧਾ ਕਰੀ ਜਾ ਰਹੇ ਸਨ।
ਸਰਹਿੰਦ ਨੂੰ ਜਿੱਤਣ ਲਈ ਮੈਂ ਇੱਕ ਨਿਰਣਾਇਕ ਯੁੱਧ ਲੜਣ ਜਾ ਰਿਹਾ ਸੀ। ਯਨਕੀਨ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜੰਗ ਹੋਣੀ ਸੀ। ਇਸ ਅਹਿਮ ਲੜਾਈ ਲਈ ਮੈਂ ਚੱਪੜ-ਚਿੱੜੀ ਕਲਾ ਅਤੇ ਚੱਪੜ-ਚਿੜੀ ਖੁਰਦ, ਦੋਨਾਂ ਪਿੰਡਾਂ ਤੋਂ ਹਟਵੇਂ ਜੰਗਲੀ ਮੈਦਾਨ ਨੂੰ ਚੁਣਿਆ ਸੀ। ਇਹ ਮੈਦਾਨ ਸਰਹਿੰਦ ਤੋਂ ਗਿਆਰਾਂ ਕੋਹ (੨੦ ਕਿਲੋਮੀਟਰ) ਦੂਰ ਸੀ। ਇੱਥੇ ਅਨੇਕਾਂ ਵੱਡੇ-ਵੱਡੇ ਛੱਪੜ ਤੇ ਸੰਗਣੀਆਂ ਝਿੜੀਆਂ ਸਨ। ਛੱਪੜ ਅਤੇ ਝਿੜੀਆਂ ਹੋਣ ਕਰਕੇ ਇਹ ਮੈਦਾਨ ਜੰਗ ਲਈ ਬਹੁਤ ਢੁਕਵਾਂ ਸੀ। ਇੱਥੋਂ ਦੇ ਛੱਪੜ ਅਤੇ ਝਿੜੀਆਂ ਕਾਰਨ ਇਸਦਾ ਨਾਮ ਛੱਪੜ-ਝਿੜੀ ਪੈ ਗਿਆ ਸੀ। ਹੌਲੀ-ਹੌਲੀ ਇਹ ਉਚਾਰਨ ਵਿਗੜਦਾ ਹੋਇਆ ਚੱਪੜ-ਚਿੜੀ ਬਣ ਗਿਆ ਸੀ। ਇਸ ਇਲਾਕੇ ਵਿੱਚੋਂ ਦੀ ਹੰਸਲੀ ਨਦੀ (ਅਜੋਕੀ ਪਟਿਆਲਾ ਕੀ ਰਾਓ) ਵਗਦੀ ਸੀ, ਜਿਸਦਾ ਵਹਿਣ ਸਰਹਿੰਦ ਵਿਚੋਂ ਹੋ ਕੇ ਜਾਂਦਾ ਸੀ। ਇਸ ਚੱਪੜ-ਚਿੜੀ ਦੇ ਜਲ ਸੋਮਿਆਂ ਕਾਰਨ ਇਸ ਦੇ ਦੋਨੇਂ ਪਾਸੇ ਦੋ ਪਿੰਡ ਵਸ ਗਏ ਸਨ। ਲੇਕਿਨ ਦੋਨਾਂ ਪਿੰਡਾਂ ਦਰਮਿਆਨ ਵਿਸ਼ਾਲ ਮੈਦਾਨ ਅਜੇ ਵੀ ਖਾਲੀ ਸੀ।
੨੪ ਰੱਬੀ-ਉਲ-ਅਵੱਲ, ੧੧੨੨ ਹਿਜਰੀ (੨੨ ਮਈ ੧੭੧੦ ਈ: ਸ਼ਨੀਵਾਰ?) ਦੀ ਸਵੇਰ ਨੂੰ ਸਾਰੇ ਸਿੱਖ ਚੱਪੜ-ਚਿੜੀ ਦੇ ਮੈਦਾਨ ਦੀ ਜੂਹ ਵਿੱਚ ਇਕੱਠੇ ਹੋ ਗਏ ਸਨ। ਸਰਹਿੰਦ 'ਤੇ ਚੜਾਈ ਕਰਨ ਲਈ ਖਾਲਸਾ ਫੌਜ ਤਿਆਰ-ਬਰ-ਤਿਆਰ ਸੀ। ਹਮਲਾ ਕਰਨ ਤੋਂ ਪਹਿਲਾਂ ਸਾਨੂੰ ਗੁਪਤਚਰਾਂ ਰਾਹੀਂ ਸੂਹ ਮਿਲੀ ਸੀ ਕਿ ਵਜ਼ੀਰ ਖਾਨ ਇੱਕ ਵੱਡੀ ਫੌਜ ਲੈ ਕੇ ਉੱਧਰ ਨੂੰ ਆ ਰਿਹਾ ਸੀ। ਮੈਂ ਆਪਣੀ ਸਾਰੀ ਫੌਜ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਸਾਡੇ ਸਿੱਖਾਂ ਕੋਲ ਕੁਝ ਤੋਪਾਂ ਸਨ, ਮਸ਼ਹੂਰ ਤੋਪਚੀ ਸ਼ਾਹਬਾਜ਼ ਸਿੰਘ ਨੂੰ ਮੈਂ ਇਹਨਾਂ ਦੀ ਮੁਖਤਿਆਰੀ ਸੰਭਾਲ ਦਿੱਤੀ। ਇਹਨਾਂ ਚਾਰਾਂ ਫੌਜੀ ਟੁਕੜੀਆਂ ਦੀ ਕਮਾਨ ਮੈਂ ਕਰਮਵਾਰ ਫ਼ਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੌਂਪ ਦਿੱਤੀ। ਆਪ ਮੈਂ ਪਰ੍ਹਾਂ ਕੁਝ ਹਟਵੇਂ ਬਣੇ ਇੱਕ ਉੱਚੇ ਟਿੱਬੇ 'ਤੇ ਮੋਰਚਾ ਲਾ ਕੇ ਸਾਰੀ ਹਾਲਤ 'ਤੇ ਨਿਗਾਹ ਰੱਖਣ ਲੱਗ ਪਿਆ। ਇਸ ਟਿੱਬੇ ਦੇ ਪਿਛਲੇ ਪਾਸੇ ਦੀ ਹੰਸਾਲੀ ਨਦੀ ਵਗਦੀ ਸੀ। ਇਸ ਲਈ ਉੱਧਰ ਜੰਗ ਲੜਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਯੁੱਧ ਲਈ ਕੇਵਲ ਟਿੱਬੇ ਦੇ ਮੂਹਰਲੇ ਉੱਭੜ-ਖਾਭੜ ਮੈਦਾਨ ਨੂੰ ਹੀ ਵਰਤਿਆ ਜਾ ਸਕਦਾ ਸੀ। ਇਹ ਸਾਰਾ ਚੱਪੜ-ਚਿੜੀ ਦਾ ਵਿਸ਼ਾਲ ਜੰਗੀ ਮੈਦਾਨ ਉੱਚੇ ਟਿੱਬੇ ਤੋਂ ਮੇਰੀਆਂ ਅੱਖਾਂ ਨੂੰ ਸਰੋਵਰ ਦੇ ਜਲ ਵਾਂਗ ਸਾਫ ਦਿਖਾਈ ਦਿੰਦਾ ਸੀ।
ਸਿੱਖ ਫੌਜ ਦੀ ਗਿਣਤੀ ਅੰਦਾਜ਼ਨ ਤੀਹ ਤੋਂ ਚਾਲੀ ਕੁ ਹਜ਼ਾਰ ਦੀ ਹੋਵੇਗੀ। ਵੈਰੀ ਦਲ ਕੋਲ ਸਾਡੇ ਨਾਲੋਂ ਵੱਡਾ ਲਸ਼ਕਰ, ਵਧੀਆ ਹਥਿਆਰ, ਬੇਸ਼ੁਮਾਰ ਤੋੜੇਦਾਰ ਬੰਦੂਕਾਂ, ਘੋੜ-ਚੜ੍ਹੇ ਸਵਾਰ, ਹਾਥੀ ਤੇ ਆਹਲਾ ਤੋਪਾਂ ਸਨ। ਸਾਡੇ ਕੋਲ ਸਿਰਫ਼ ਤਿੰਨ ਪੁਰਾਣੀਆਂ ਤੋਪਾਂ, ਤਲਵਾਰਾਂ, ਨੇਜ਼ੇ, ਤੀਰ ਕਮਾਨ ਤੇ ਕੁਝ ਕੁ ਬੰਦੂਕਾਂ ਸਨ। ਉਨ੍ਹਾਂ ਦੀ ਸੈਨਾ ਅਤੇ ਸਾਡੀ ਫੌਜ ਵਿੱਚ ਫ਼ਰਕ ਮਹਿਜ਼ ਇਹ ਸੀ ਕਿ ਉਨ੍ਹਾਂ ਲਈ ਲੜਨ ਵਾਲੇ ਤਨਖਾਹੀਏ ਸਿਪਾਹੀ ਸਨ, ਜੋ ਜੰਗ ਨੂੰ ਨੌਕਰੀ ਸਮਝ ਕੇ ਲੜ ਰਹੇ ਸਨ। ਮੇਰੀ ਫੌਜ ਦਾ ਹਰ ਇੱਕ ਸਿਪਾਹੀ ਮੁਗਲ ਹਕੁਮਤ ਵਿਰੁੱਧ ਬਾਗੀ ਹੋ ਕੇ ਵਜ਼ੀਰ ਖ਼ਾਨ ਤੋਂ ਬਦਲਾ ਲੈਣ ਤੇ ਸ਼ਹੀਦ ਹੋਣ ਲਈ ਲੜ ਰਿਹਾ ਸੀ। ਖਾਲਸਾ ਫੌਜ ਕੋਲ ਬੁਲੰਦ ਹੌਂਸਲੇ, ਲੜ ਮਰਨ ਦਾ ਜਜ਼ਬਾ ਸੀ ਤੇ ਉਨ੍ਹਾਂ ਦੀ ਫੌਜ ਕੋਲ ਹੁਕਮਬਰਦਾਰੀ ਸੀ। ਸਿੱਖਾਂ ਦਾ ਇਕੋ-ਇੱਕ ਨਿਸ਼ਾਨਾ ਸਰਹਿੰਦ ਨੂੰ ਤਬਾਹ ਕਰਨਾ ਸੀ। ਮੁਗਲਾ ਫੌਜ ਦੀ ਪ੍ਰਾਥਮਿਕਤਾ ਆਪਣੀਆਂ ਜਾਨਾਂ ਬਚਾਉਣੀਆਂ ਸੀ।
ਬਨੂੜ ਤੋਂ ਲੈ ਕੇ ਚੱਪੜ-ਚਿੜੀ ਤੱਕ ਦਾ ਸਾਰਾ ਇਲਾਕਾ ਖਾਲਸਾਈ ਫੌਜਾਂ ਦੇ ਕਬਜ਼ੇ ਹੇਠ ਸੀ ਤੇ ਦੂਜਾ ਪਾਸਾ ਚੱਪੜ-ਚਿੜੀ ਤੋਂ ਸਰਹਿੰਦ ਤੱਕ ਮੁਗਲ ਫੌਜਾਂ ਨੇ ਮੱਲ ਰੱਖਿਆ ਸੀ। ਵਜ਼ੀਰ ਖਾਨ ਨੇ ਕਦੇ ਕਰਾਰੀ ਹਾਰ ਦਾ ਮਜ਼ਾ ਨਹੀਂ ਸੀ ਚੱਖਿਆ। ਇਸ ਦਾ ਸਵਾਦ ਦੇਖਣ ਲਈ ਉਹ ਪਹਿਲੀ ਵਾਰ ਮੇਰੀਆਂ ਨਜ਼ਰਾਂ ਸਾਹਮਣੇ ਆ ਰਿਹਾ ਸੀ।
ਵਜ਼ੀਰ ਖਾਨ ਦੀ ਫੌਜ ਵੀ ਚੱਪੜ-ਚਿੜੀ ਦੇ ਮੈਦਾਨ ਵਿੱਚ ਪਹੁੰਚ ਚੁੱਕੀ ਸੀ। ਉੱਥੇ ਆਈ ਹੋਈ ਉਨ੍ਹਾਂ ਦੀ ਫੌਜ ਦੀ ਤਦਾਦ ਵੇਖਣ ਨੂੰ ਲੱਖਾਂ ਦੀ ਲੱਗਦੀ ਸੀ। ਪਰ ਮੈਂ ਜਾਣਦਾ ਸੀ ਕਿ ਹਮੇਸ਼ਾ ਚੜ੍ਹਾਈ ਕਰਨ ਵੇਲੇ ਜਦੋਂ ਕੋਈ ਫੌਜ ਜਾਂਦੀ ਸੀ ਤਾਂ ਖਿਲਰ ਕੇ ਜਾਇਆ ਕਰਦੀ ਸੀ। ਇਸ ਨਾਲ ਕਈ ਵਾਰ ਦੁਸ਼ਮਣ ਫੌਜ ਦੇਖ ਕੇ ਹੀ ਡਰ ਜਾਇਆ ਕਰਦਾ ਸੀ। ਮੇਰਾ ਅਨੁਮਾਨ ਸੀ ਕਿ ਮੁਸ਼ਕਿਲ ਨਾਲ ਵਜ਼ੀਰ ਖਾਨ ਦੀ ਫੌਜ ਵਿੱਚ ਵੀਹ ਬਾਈ ਕੁ ਹਜ਼ਾਰ ਫੌਜੀ ਸਨ। ਜਿਨ੍ਹਾਂ ਵਿੱਚ ਪੰਜ ਛੇ ਹਜ਼ਾਰ ਘੋੜ ਸਵਾਰ, ਸੱਤ ਅੱਠ ਹਜ਼ਾਰ ਬੰਦੂਕਚੀ ਬਰਕੰਦਾਜ਼, ਅੱਠ ਹਜ਼ਾਰ ਗਾਜ਼ੀ (ਜਹਾਦ ਵਾਲੇ), ਅਤੇ ਕੁਝ ਪੈਦਲ ਸੈਨਿਕ। ਵਜ਼ੀਰ ਖ਼ਾਨ ਦੀ ਫੌਜ ਦੀ ਗਿਣਤੀ ਯਕੀਨ ਸਾਡੇ ਨਾਲੋਂ ਘੱਟ ਸੀ। ਸਾਡੀ ਫੌਜ ਵਿੱਚ ਬਹੁਤ ਸਾਰੇ ਲੁਟੇਰੇ ਅਤੇ ਭਾਈ ਭਾਈ ਭਗਵੰਤ ਸਿੰਘ ਬੰਗੇਸਰੀ ਦੀ ਅਗਵਾਈ ਹੇਠ ਹਜ਼ਾਰਾਂ ਵਣਜਾਰੇ ਵੀ ਆ ਰਲੇ ਸਨ। ਵੈਸੇ ਵਜ਼ੀਰ ਖ਼ਾਨ ਕੋਲ ਸਾਡੇ ਸੂਹੀਆਂ ਮੁਤਾਬਕ ਉਸ ਸਮੇਂ ਅੱਸੀ ਹਜ਼ਾਰ ਸੈਨਿਕ ਸਨ। ਉਸ ਨੇ ਆਪਣੀ ਫੌਜ ਨੂੰ ਤਿੰਨ ਦਲਾਂ ਵਿੱਚ ਵੰਡਿਆ ਹੋਇਆ ਸੀ। ਪਹਿਲੇ ਦਲ ਨਾਲ ਉਸਨੇ ਜੰਗ ਦਾ ਆਗਾਜ਼ ਕਰਨਾ ਸੀ। ਦੂਜੇ ਦਲ ਨੇ ਦੁਪਿਹਰ ਤੋਂ ਬਾਅਦ ਸਾਡੇ ਉੱਪਰ ਆ ਕੇ ਹਮਲਾ ਕਰਨਾ ਸੀ ਤੇ ਤੀਜੇ ਦਲ ਨੇ ਸ਼ਾਮ ਨੂੰ ਤਾਜ਼ਾ ਦਮ ਆ ਕੇ ਸਾਰੇ ਯੁੱਧ ਨੂੰ ਅੰਜ਼ਾਮ ਦੇ ਕੇ ਵਜ਼ੀਰ ਖ਼ਾਨ ਦੇ ਸਿਰ ਜਿੱਤ ਦਾ ਸਿਹਰਾ ਬਨਾਉਣਾ ਸੀ।
ਵਜ਼ੀਰ ਖ਼ਾਨ ਦੀ ਪਹਿਲੀ ਫੌਜੀ ਟੁਕੜੀ ਵਿੱਚ ਉਹ ਫੌਜ ਸੀ, ਜਿਸਨੂੰ ਰੱਖਣ ਦੀ ਉਸ ਨੂੰ ਸਰਕਾਰੀ ਮਨਜ਼ੂਰੀ ਸੀ। ਦੂਜੀ ਟੁਕੜੀ ਵਿੱਚ ਬਹੁਤੀ ਗਿਣਤੀ ਗਾਜ਼ੀਆਂ ਦੀ ਸੀ, ਜੋ ਧਰਮ ਦੇ ਨਾਂ 'ਤੇ ਲੜਣ 'ਤੇ ਜਾਨਾਂ ਵਾਰਨ ਵਾਲੇ ਕੱਟੜ ਮੁਸਲਮਾਨ ਸਨ। ਤੀਜਾ ਦਸਤਾ ਬਾਦਸ਼ਾਹ ਦੇ ਵੱਲੋਂ ਸਹਾਇਤਾ ਲਈ ਭੇਜੀ ਗਈ ਫੌਜ ਦਾ ਸੀ। ਉਸ ਸਮੇਂ ਮੇਰੇ ਲਈ ਇਹ ਬਹੁਤ ਜ਼ਰੂਰੀ ਸੀ ਕਿ ਵਜ਼ੀਰ ਖ਼ਾਨ ਦੀ ਪਹਿਲੀ ਫੌਜੀ ਟੁਕੜੀ ਦਾ ਸਿਰ ਬੁਰੀ ਤਰ੍ਹਾਂ ਕੁਚਲਾਂ ਤਾਂ ਕਿ ਦੂਜੀਆਂ ਟੁਕੜੀਆਂ ਮੈਦਾਨ-ਏ-ਜੰਗ ਵਿੱਚ ਆਉਣ ਤੋਂ ਖੌਫਜ਼ਦਾ ਹੋ ਜਾਣ। ਸਰਹਿੰਦੀ ਫੌਜ 'ਯਾ ਅਲੀ' ਤੇ 'ਅੱਲ੍ਹਾ ਹੂ ਅਕਬਰ' ਦੇ ਨਾਅਰਾ ਲਾਈ ਜਾ ਰਹੀ ਸੀ।
ੲਿੱਧਰ ਖਾਲਸਾਈ ਫੌਜਾਂ ਨੂੰ ਵੀ ਲਾਲੀਆਂ ਚੜ੍ਹੀਆਂ ਹੋੲੀਆਂ ਸਨ। ਸਾਡੇ ਡੌਲੇ ਫਰਕ ਰਹੇ ਸਨ। ਅਸੀਂ ਬਦਲਾ ਲੈਣ ਲਈ ਕਚੀਚੀਆਂ ਵੱਟ ਰਹੇ ਸੀ। ਸਾਡੇ ਦਿਲਾਂ ਵਿੱਚ ਰੋਹ ਦੀ ਅਗਨੀ ਭੜਕ ਰਹੀ ਸੀ। ਸਿੱਖ ਵਜ਼ੀਰ ਖਾਨ ਤੋਂ ਬਦਲਾ ਲੈਣ ਲਈ ਤਰਲੋ-ਮੱਛੀ ਹੋ ਰਹੇ ਸਨ। ਇਸ ਪਾਸਿਉਂ ਸਿੱਖਾਂ ਦੇ 'ਵਾਹੇਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਦੇ ਜੈਕਾਰੇ ਅਸਮਾਨ ਤੱਕ ਗੁੰਜਾਉਣੇ ਸ਼ੁਰੂ ਕਰ ਦਿੱਤੇ ਸਨ।
ਵਜ਼ੀਰ ਖਾਨ ਦੀ ਫੌਜ ਵੱਲੋਂ ਸਭ ਤੋਂ ਅੱਗੇ ਘੋੜਸਵਾਰ ਸੈਨਿਕਾਂ ਦੀ ਟੁੱਕੜੀ ਸੀ। ਉਸ ਦੇ ਪਿਛੇ ਹਾਥੀ ਫੌਜ ਤੇ ਸਭ ਤੋਂ ਮਗਰ ਪੈਦਲ ਸਿਪਾਹੀ ਸਨ। ਵਜ਼ੀਰ ਖਾਨ ਆਪਣੀ ਫੌਜ ਦੇ ਬਿਲਕੁਲ ਵਿਚਾਲੇ ਹਾਥੀ ਉੱਪਰ ਸਵਾਰ ਸੀ। ਉਸਦੇ ਸੱਜੇ ਪਾਸੇ ਦੀਵਾਨ ਸੁੱਚਾ ਨੰਦ ਘੋੜੇ ਉੱਤੇ ਸੀ ਤੇ ਖੱਬੇ ਪਾਸੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਅਤੇ ਖਵਾਜ਼ਾ ਅਲੀ ਸਨ। ਇਹ ਦੋਵੇਂ ਹੀ ਆਪਣੇ ਸਮੇਂ ਦੇ ਪ੍ਰਸਿੱਧ ਤੁੰਮਨਦਾਰ (ਜਰਨੈਲ) ਮੰਨੇ ਜਾਂਦੇ ਸਨ।
'ਬੋਲੇ ਸੋ ਨਿਹਾਲ' ਦਾ ਜੈਕਾਰਾ ਲਾ ਕੇ ਮੈਂ ਆਪਣੀ ਫੌਜ ਨੂੰ ਹਮਲਾ ਕਰਨ ਭੇਜ ਦਿੱਤਾ। ਵੈਰੀ ਦੀਆਂ ਫੌਜਾਂ ਦੇ ਹੱਥ ਵੀ ਹਥਿਆਰਾਂ ਉੱਪਰ ਚਲੇ ਗਏ। ਲੜਾਈ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਦੇ ਹਾਥੀ ਸਾਡੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿੱਚ ਆ ਗਏ। ਸਿੱਖਾਂ ਨੇ ਕਹਿਰ ਦੀ ਗੋਲੀ ਵਰਸਾਈ ਤੇ ਕੁਝ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖਾਨ ਦੀ ਫੌਜ ਦੇ ਕੁਝ ਹਾਥੀ ਜ਼ਖਮੀ ਹੋ ਕੇ ਚਿੰਘਾੜਦੇ ਹੋਏ ਪਿਛੇ ਨੂੰ ਦੌੜੇ ਅਤੇ ਆਪਣੇ ਹੀ ਫੌਜੀਆਂ ਨੂੰ ਲਤਾੜਨ ਲੱਗ ਪਏ।
ਜੁਆਬੀ ਤੋਪਾਂ ਵੀ ਵਰਨ ਲੱਗ ਪਈਆਂ ਸਨ। ਸਿੱਖ ਝਿੜੀ ਵਾਲੇ ਪਾਸੇ ਸਨ ਇਸ ਲਈ ਉਨ੍ਹਾਂ ਨੂੰ ਦਰਖਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹਿੰਦੀ ਫੌਜ ਦੇ ਤੋਪਚੀ ਨੂੰ ਆਪਣੀ ਮਾਰ ਹੇਠ ਲੈ ਲਿਆ ਸੀ, ਜਿਸ ਨਾਲ ਤੋਪਾਂ ਵਰਨੀਆਂ ਬੰਦ ਹੋ ਗਈਆਂ। ਸਿੱਖ ਘੋੜ ਸਵਾਰ ਵਜ਼ੀਰ ਖਾਨ ਦੀ ਫੌਜ 'ਤੇ ਝਪਟ ਪਏ। ਕਤਲ-ਓ-ਗਾਰਤ ਸ਼ੁਰੂ ਹੋ ਗਈ। ਸਿੱਖਾਂ ਨੂੰ ਸੂਬਾ ਸਰਹਿੰਦ 'ਤੇ ਬਹੁਤ ਗੁੱਸਾ ਸੀ ਤੇ ਉਹ ਜ਼ਾਲਮਾਂ ਨੂੰ ਸਜ਼ਾ ਦੇਣੀ ਚਾਹੁੰਦੇ ਸਨ। ਸਭ ਜਾਨ ਤਲੀ ਉੱਪਰ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗਲ ਤੇ ਪਠਾਣੀ ਫੌਜਾਂ ਸਿਰਫ ਤਨਖਾਹਦਾਰ ਸਨ। ਇਹ ਜਾਨ ਵਾਰਨ ਲਈ ਤਿਆਰ ਨਹੀਂ ਸਨ, ਸਗੋਂ ਉਨ੍ਹਾਂ ਨੂੰ ਆਪਣੀਆਂ ਜਾਨ ਬਚਾਉਣ ਦੀ ਪਈ ਹੋਈ ਸੀ। ਜਦੋਂ ਮਾਰੋ ਮਾਰ ਖਤਮ ਹੋਈ ਤਾਂ ਬਹੁਤ ਸਾਰੇ ਸਰਹਿੰਦੀ ਫੌਜੀ ਜਾਨਾਂ ਬਚਾਉਣ ਲਈ ਭੱਜ ਗਏ।
ਜਹਾਦ ਦੇ ਨਾਮ 'ਤੇ ਇੱਕਠੇ ਕੀਤੇ ਪਠਾਣ ਜੰਗੀ ਤੌਰ ਤਰੀਕਿਆਂ ਤੋਂ ਅਣਜਾਣ ਹੋਣ ਕਰਕੇ ਬਹੁਤੀ ਦੇਰ ਲੜ ਨਾ ਸਕੇ। ਕਈ ਮਾਰੇ ਗਏ ਤੇ ਕਈ ਡਰਦੇ ਮੈਦਾਨ ਛੱਡ ਕੇ ਖਿਸਕ ਗਏ। ਇਸ ਮੌਕੇ ਗੰਡਾ ਮੱਲ ਵੀ ਆਪਣੀ ਫੌਜ ਲੈ ਕੇ ਭੱਜਣ ਲੱਗਾ। ਇਸ ਨਾਲ ਸਿੱਖਾਂ ਦੇ ਇੱਕ ਖੇਮੇ ਵਿੱਚ ਘਬਰਾਹਟ ਫੈਲ ਗਈ ਸੀ। ਇਸ ਨੂੰ ਵੇਖ ਕੇ ਮੈਂ ਟਿੱਲੇ ਤੋਂ ਉਤਰ ਕੇ ਆਪ ਮੈਦਾਨ ਜੰਗ ਵਿੱਚ ਆ ਗਿਆ। ਮੈਨੂੰ ਆਪਣੇ ਵਿੱਚ ਖੜਾ ਦੇਖ ਕੇ ਸਿੱਖਾਂ ਦੇ ਹੌਂਸਲੇ ਦੂਣ ਸਵਾਏ ਹੋ ਗਏ ਤੇ ਉਹ ਨਵੇਂ ਜੋਸ਼ ਨਾਲ ਫੌਜ ਨੂੰ ਟੁੱਟ ਕੇ ਪੈ ਗਏ। ਸਰਹਿੰਦੀ ਫੌਜ ਨੂੰ ਪਿਛੇ ਹਟਣਾ ਪਿਆ। ਇਹ ਵੇਖ ਕੇ ਵਜ਼ੀਰ ਖਾਨ ਤੇ ਸੁੱਚਾ ਨੰਦ ਆਪਣੀ ਫੌਜ ਨੂੰ ਹੱਲਾਸ਼ੇਰੀ ਦੇਣ ਲਈ ਆਪ ਅਗਲੀਆਂ ਸਫ਼ਾਂ ਵਿੱਚ ਆ ਗਏ।
ਸਭ ਤੋਂ ਪਹਿਲਾਂ ਬਾਜ਼ ਸਿੰਘ ਅਤੇ ਸੁੱਚਾ ਨੰਦ ਦੀ ਆਹਮੋ-ਸਾਹਮਣੀ ਟੱਕਰ ਹੋਈ। ਥੋੜ੍ਹੀ ਜਿਹੀ ਝੜਪ ਮਗਰੋਂ ਉਹ ਬਾਜ ਸਿੰਘ ਤੋਂ ਡਰਦਾ ਭੱਜ ਗਿਆ। ਇਸ ਤੋਂ ਬਾਅਦ ਬਾਜ਼ ਸਿੰਘ ਅਤੇ ਫਤਿਹ ਸਿੰਘ ਵਜ਼ੀਰ ਖਾਨ ਵੱਲ ਅਹੁਲੇ। ਉਨ੍ਹਾਂ ਨੇ ਉਸਦੇ ਹਾਥੀ ਨੂੰ ਘੇਰਾ ਪਾ ਲਿਆ। ਐਨ ਉਸੇ ਵਕਤ ਉੱਥੇ ਤੋਪ ਦਾ ਗੋਲਾ ਆ ਕੇ ਡਿੱਗਾ ਤੇ ਗਰਦ-ਓ-ਗੁਭਾਰ ਵਿੱਚ ਵਜ਼ੀਰ ਖਾਨ ਦਾ ਹਾਥੀ ਸਾਡੀਆਂ ਅੱਖਾਂ ਤੋਂ ਉਝਲ ਹੋ ਗਿਆ।
ਵਜ਼ੀਰ ਖਾਨ ਹਾਥੀ ਤੋਂ ਉਤਰ ਕੇ ਘੋੜੇ ਉੱਪਰ ਸਵਾਰ ਹੋ ਗਿਆ ਸੀ। ਮੈਂ ਵਾਪਿਸ ਉੱਚੇ ਟਿੱਬੇ 'ਤੇ ਆ ਕੇ ਬੈਠ ਗਿਆ। ਮੈਨੂੰ ਜਿਉਂ ਹੀ ਵਜ਼ੀਰ ਖਾਨ ਨਜ਼ਰ ਆਇਆ, ਮੈਂ ਆਪਣੇ ਘੋੜੇ 'ਤੇ ਸਵਾਰ ਹੋ ਕੇ ਉਸ ਵੱਲ ਭੱਜਿਆ। ਮੈਂ ਵਜ਼ੀਰ ਖਾਨ ਦਾ ਰਾਹ ਰੋਕ ਕੇ ਉਸਨੂੰ ਲਲਕਾਰਿਆ, "ਵਜ਼ੀਰ ਖਾਨ ਤੇਰੇ ਪਾਪਾਂ ਦਾ ਘੜਾ ਭਰ ਗਿਐ। ਦੇਖ ਤੇਰੀ ਮੌਤ ਤੇਰੇ ਸਾਹਮਣੇ ਖੜੀ ਹੈ। ਤੂੰ ਗੁਰੂ ਦੇ ਲਾਲਾਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ, ਅਸੀਂ ਤੇਰੀ ਲਾਸ਼ ਨੂੰ ਕਬਰ ਵੀ ਨਸੀਬ ਨਹੀਂ ਹੋ ਦੇਵਾਂਗੇ।"
"ਜਿਵੇਂ ਤੁਹਾਡੇ ਗੁਰੂ ਨੂੰ ਪੰਜਾਬ ਚੋਂ ਭਜਾਇਆ ਸੀ। ਉਵੇਂ ਸਾਧਾਂ ਤੈਨੂੰ ਭਜਾਉਂ।" ਵਜ਼ੀਰ ਖਾਨ ਨੇ ਆਪਣੀ ਕਮਾਨ ਸੂਤ ਕਰਕੇ ਨਿਸ਼ਾਨਾ ਮੇਰੇ ਵੱਲ ਸਾਧਿਆ ਸੀ।
ਐਨ ਉਸੇ ਵਕਤ ਬਾਜ ਸਿੰਘ ਆਪਣਾ ਘੋੜਾ ਲੈ ਕੇ ਮੇਰੇ ਅਤੇ ਵਜ਼ੀਰ ਖਾਨ ਵਿਚਕਾਰ ਆ ਗਿਆ। ਵਜ਼ੀਰ ਖਾਨ ਨੇ ਹੱਥ ਵਿੱਚ ਫੜਿਆ ਨੇਜਾ, ਬਾਜ਼ ਸਿੰਘ ਵੱਲ ਚਲਾ ਕੇ ਮਾਰਿਆ। ਬਾਜ਼ ਸਿੰਘ ਨੇ ਨੇਜਾ ਖੱਬੇ ਹੱਥ ਨਾਲ ਬੋਚ ਕੇ ਵਜ਼ੀਰ ਖਾਨ ਵੱਲ ਮੁੜਵਾਂ ਵਗਾਹ ਕੇ ਮਾਰਿਆ। ਉਹ ਬਰਛਾ ਵਜ਼ੀਰ ਖਾਨ ਦੇ ਘੋੜੇ ਦੇ ਲੱਗਾ ਤੇ ਘੋੜਾ ਹੇਠਾਂ ਡਿੱਗ ਪਿਆ। ਵਜੀਰ ਖਾਨ ਨੇ ਫੁਰਤੀ ਨਾਲ ਉੱਠ ਕੇ ਇੱਕ ਤੀਰ ਚਲਾਇਆ, ਜੋ ਬਾਜ ਸਿੰਘ ਦੀ ਬਾਂਹ ਵਿੱਚ ਆ ਕੇ ਲੱਗਾ। ਬਾਜ਼ ਸਿੰਘ ਦੇ ਹੱਥੋਂ ਤਲਵਾਰ ਭੁੰਜੇ ਡਿੱਗ ਪਈ ਤੇ ਉਸ ਨੇ ਆਪਣੀ ਜ਼ਖਮੀ ਬਾਂਹ ਨੂੰ ਦੂਜੇ ਹੱਥ ਨਾਲ ਘੁੱਟ ਕੇ ਫੜ ਲਿਆ।
ਵਜ਼ੀਰ ਖਾਨ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਧੂਹੀ ਤੇ ਬਾਜ ਸਿੰਘ ਵੱਲ ਵਾਰ ਕਰਨ ਲਈ ਪੈਦਲ ਹੀ ਅੱਗੇ ਵਧੀਆ। ਇਸ ਤੋਂ ਪਹਿਲਾਂ ਬਾਜ ਸਿੰਘ ਨੂੰ ਵਜ਼ੀਰ ਖਾਨ ਦੀ ਤਲਵਾਰ ਛੂੰਹਦੀ ਫ਼ਤਿਹ ਸਿੰਘ ਨੇ ਪਿਛੇ ਦੀ ਆ ਕੇ ਵਜੀਰ ਖਾਨ ਉੱਪਰ ਆਪਣੀ ਤਲਵਾਰ ਨਾਲ ਵਾਰ ਕਰ ਦਿੱਤਾ। ਫਤਹਿ ਸਿੰਘ ਦੀ ਤਲਵਾਰ ਵਜ਼ੀਰ ਖਾਨ ਦੀ ਬਾਂਹ ਨੂੰ ਵੱਢਦੀ ਹੋਈ ਉਹਦੇ ਲੱਕ ਤੱਕ ਪਾੜ ਪਾਉਂਦੀ ਚਲੀ ਗਈ। ਵਜ਼ੀਰ ਖਾਨ ਗਸ਼ੀ ਖਾਹ ਕੇ ਡਿੱਗਣ ਹੀ ਲੱਗਾ ਸੀ ਕਿ ਕਿਸੇ ਪਾਸਿਉਂ ਆ ਕੇ ਇੱਕ ਗੋਲੀ ਉਸਦੀ ਛਾਤੀ ਵਿੱਚ ਲੱਗੀ। ਵਜ਼ੀਰ ਖਾਨ ਦਾ ਧੜ ਧੜੱਮ ਕਰਕੇ ਹੇਠਾਂ ਡਿੱਗ ਪਿਆ। ਧਰਤੀ ਉੱਪਰ ਡਿੱਗਦਿਆਂ ਹੀ ਉਸਨੇ ਪ੍ਰਾਣ ਤਿਆਗ ਦਿੱਤੇ ਤੇ ਉਸਦੀਆਂ ਅੱਖਾਂ ਦੇ ਡੇਲੇ ਬਾਹਰ ਆ ਗਏ। ਮੈਂ ਆਪਣੀ ਤਲਵਾਰ ਨਾਲ ਵਜ਼ੀਰ ਖਾਨ ਦਾ ਸਿਰ ਵੱਢ ਕੇ ਆਪਣੇ ਨੇਜੇ ਉੱਪਰ ਟੰਗ ਲਿਆ।
ਉਸ ਵਕਤ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ, ਬਾਬਾ ਬਿਨੋਦ ਸਿੰਘ 'ਤੇ ਹਮਲਾ ਕਰਨ ਜਾ ਰਿਹਾ ਸੀ। ਜਦੋਂ ਉਸਨੇ ਵਜ਼ੀਰ ਖਾਨ ਨੂੰ ਮਾਰਿਆ ਦੇਖਿਆ ਤਾਂ ਉਸ ਦਾ ਧਿਆਨ ਉੱਧਰ ਹੋ ਗਿਆ। ਬਹਿਲੋਲਪੁਰ ਵਿੱਚ ਮਝੈਲਾਂ ਹੱਥੋਂ ਖਾਧੀ ਹਾਰ ਦਾ ਬਦਲਾ ਲੈਣ ਤੇ ਆਪਣੇ ਨੰਬਰ ਬਣਾਉਣ ਲਈ ਉਹ ਚੱਪੜ-ਚਿੜੀ ਵਿੱਚ ਆ ਲੜਿਆ ਸੀ। ਵਜ਼ੀਰ ਖਾਨ ਦੀ ਲਾਸ਼ ਚੁੱਕਣ ਜਾਂਦੇ ਸ਼ੇਰ ਮੁਹੰਮਦ ਖਾਨ ਨੂੰ ਭਾਈ ਆਲੀ ਸਿੰਘ ਨੇ ਰਸਤੇ ਵਿੱਚ ਹੀ ਪਾਰ ਬੁਲਾ ਦਿੱਤਾ। ਇਸ ਤੋਂ ਫੌਰਨ ਬਾਅਦ ਦੀ ਉਸਦਾ ਭਰਾ ਖਵਾਜਾ ਅਲੀ, ਭਾਈ ਕਰਮ ਸਿੰਘ ਨਾਲ ਦੋ ਹੱਥ ਕਰਦਾ ਹੋਇਆ ਮਾਰਿਆ ਗਿਆ। ਇਹਨਾਂ ਮੁੱਖੀਆਂ ਦੀ ਮੌਤ ਦੇਖਦਿਆਂ ਹੀ ਦੀਵਾਨ ਸੁੱਚਾ ਨੰਦ ਜੰਗ ਛੱਡ ਕੇ ਭੱਜ ਗਿਆ। ਉਸ ਤੋਂ ਬਾਅਦ ਕੋਈ ਵੀ ਮੈਦਾਨ ਵਿੱਚ ਨਾ ਠਹਿਰਿਆ। ਮੁਗਲ ਆਪਣੀਆਂ ਜਾਨਾਂ ਬਚਾ ਕੇ ਭੱਜਣ ਲੱਗ ਪਏ। ਇਹ ਲੜਾਈ ਸਵੇਰ ਤੋਂ ਦੁਪਿਹਰ ਤੱਕ ਹੀ ਚਲੀ ਸੀ। ਦੁਪਹਿਰ ਢਲਣ ਤੱਕ ਮੈਦਾਨ ਵਿੱਚੋਂ ਸਾਰੀ ਫੌਜ ਹਥਿਆਰ ਸਿੱਟ ਕੇ ਭੱਜ ਗਈ ਸੀ ਤੇ ਉਨ੍ਹਾਂ ਦੇ ਬਦਨ 'ਤੇ ਕਪੜਿਆਂ ਸਿਵਾ ਹੋਰ ਕੁਝ ਨਹੀਂ ਸੀ। ਭੱਜਦੀ ਹੋਈ ਸਰਹਿੰਦੀ ਫੌਜ ਦਾ ਪਿੱਛਾ ਕਰਦੇ ਸਾਡੇ ਕੁਝ ਸੈਨਿਕ ਵੀ ਉਨ੍ਹਾਂ ਮਗਰ ਚਲੇ ਗਏ ਸਨ।
ਚੱਪੜ-ਚਿੜੀ ਦੇ ਮੈਦਾਨ ਵਿੱਚ ਸਿਰਫ ਜੈਤੂ ਸਿੱਖ ਫੌਜ ਹੀ ਰਹਿ ਗਈ ਸੀ। ਸਿੱਖਾਂ ਦੇ ਇੱਕ ਜਥੇ ਨੇ ਸ਼ਹੀਦਾਂ ਦੀਆਂ ਲਾਂਸ਼ਾ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਤਕਰੀਬਨ ਹਜ਼ਾਰ ਪੰਦਰਾਂ ਸੌ ਸਿੱਖ ਮਾਰੇ ਗਏ ਸਨ, ਪਰ ਮਰਨ ਵਾਲੇ ਮੁਗਲਾਂ ਦੀ ਗਿਣਤੀ ਜ਼ਿਆਦਾ ਸੀ। ਤਿੰਨ ਚਾਰ ਹਜ਼ਾਰ ਦੇ ਕਰੀਬ ਸਿੱਖ ਜਖਮੀ ਹੋਏ ਸਨ। ਉਨ੍ਹਾਂ ਦਾ ਇਲਾਜ ਅਤੇ ਮੱਲਮ ਪੱਟੀ ਦਾ ਕੰਮ ਸਾਡੇ ਜਥੇ ਦੇ ਵੈਦਾਂ ਨੇ ਸ਼ੁਰੂ ਕਰ ਦਿੱਤਾ ਸੀ।
ਮੈਂ ਆਪਣੇ ਜਥੇ ਦੇ ਜਾਬਾਜ਼ਾਂ ਨਾਲ ਸਰਹੰਦ ਵੱਲ ਕੂਚ ਕਰਨ ਦੀ ਅਗਲੀ ਮਨਸੂਬਾਬੰਦੀ ਕਰ ਰਿਹਾ ਸੀ ਕਿ ਸਿੱਖ ਸਿਪਾਹੀ ਮੁਗਲ ਫੌਜ ਦੇ ਇੱਕ ਕਰਮਚਾਰੀ ਨੂੰ ਫੜ ਕੇ ਮੇਰੇ ਕੋਲ ਲੈ ਆਏ ਤੇ ਪੁੱਛਣ ਲੱਗੇ, "ਇਸ ਦਾ ਕੀ ਕਰਨਾ ਹੈ?"
"ਕੌਣ ਹੈ ਇਹ?" ਮੈਂ ਉਸ ਪਠਾਣ ਨੂੰ ਸਿਰ ਤੋਂ ਪੈਰਾਂ ਤੱਕ ਤੱਕਿਆ।
"ਇਹ ਆਪਣੇ ਆਪ ਨੂੰ ਸਰਹਿੰਦ ਦੇ ਸੂਬੇਦਾਰ ਦਾ ਵਾਕਿਆ ਨਿਗਾਰ ਦੱਸਦਾ ਹੈ।" ਉਸਨੂੰ ਗ੍ਰਿਫਤਾਰ ਕਰਕੇ ਲਿਆਏ ਸਿੰਘ ਨੇ ਦੱਸਿਆ ਸੀ।
ਮੈਂ ਉਸ ਪਠਾਣ ਦੇ ਚਿਹਰੇ ਦੇ ਹਾਵ-ਭਾਵ ਪੜ੍ਹਣ ਦਾ ਯਤਨ ਕੀਤਾ ਸੀ, "ਹਾਂ ਬਈ, ਤੂੰ ਹੀ ਦੱਸ? ਤੂੰ ਕੌਣ ਹੈਂ ਤੇ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ?"
ਉਹ ਪਠਾਣ ਬੜੀ ਦਲੇਰੀ ਨਾਲ ਮੁਸਕਰਾ ਕੇ ਬੋਲਿਆ, "ਜੀ ਮੇਰਾ ਨਾਮ ਮੁਹੰਮਦ ਹਾਸ਼ਿਮ ਅਲੀ ਖਾਨ ਹੈ। ਖੁਰਾਸਾਨ ਦੇ ਸ਼ਹਿਰ ਨੀਸਾਪੁਰ ਵਿੱਚ ਪੈਂਦੇ ਪਿੰਡ ਖਵਾਫ ਦਾ ਪਿਛੋਕੜ ਹੋਣ ਕਰਕੇ ਲੋਕ ਮੈਨੂੰ ਖਵਾਫ ਦਾ ਖਾਨ ਜਾਂ ਖਵਾਫੀ ਖਾਨ ਵੀ ਕਹਿ ਲੈਂਦੇ ਹਨ। ਮੈਂ ਸਰਹਿੰਦ ਸਰਕਾਰ ਦਾ ਵਾਕਿਆ ਨਵੀਸ ਹਾਂ। ਮੇਰੇ ਵਾਲਿਦ ਖਵਾਜ਼ਾ ਮੀਰ ਸ਼ਾਹ-ਏ-ਸ਼ਹਿਨਸ਼ਾਹ ਸ਼ਾਹਜਹਾਨ ਅਤੇ ਮੁਮਤਾਜ ਮਹਿਲ ਦੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਮੀਰ ਬਖਸ਼ ਦੇ ਰੋਜ਼ਾਨਮਚਾ ਨਵੀਸ ਅਤੇ ਪ੍ਰਸਿੱਧ ਇਤਿਹਾਸਕਾਰ ਸਨ। ਉਹ ਸ਼ਹਿਜ਼ਾਦਾ ਮੁਰੀਦ ਦੀ ਖਿਦਮਤ ਵਿੱਚ ਮੁਲਤਾਨ ਦੀ ਸੂਬੇਦਾਰੀ ਤੋਂ ਲੈ ਕੇ ਬਲਖ, ਕਸ਼ਮੀਰ, ਦੱਖਣ, ਕਾਬੁਲ ਅਤੇ ਗੁਜ਼ਰਾਤ (ਮਾਲਵਾ) ਦੀਆਂ ਸੂਬੇਦਾਰੀਆਂ ਤੱਕ ਰਹੇ ਸਨ। ਆਲਮਗੀਰ ਔਰੰਗੇਜ਼ਬ ਨੇ ਜਦੋਂ ਬਗਾਵਤ ਕਰਕੇ ਆਪਣੇ ਭਰਾ ਮੁਰੀਦ ਬਖਸ਼ ਨੂੰ ਮਾਰਿਆ ਸੀ ਤਾਂ ਅੱਬਾ ਹਜ਼ੂਰ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਨ। ਮੈਂ ਖੁਦ ਵੀ ਇਤਿਹਾਸਕਾਰ ਹਾਂ ਤੇ ਆਪਣੀ ਪੁਸਤਕ ਮੁੰਤਖਬ-ਉਲ-ਲਬਾਬ ਵਿੱਚ ਲੋਧੀ ਵੰਸ ਤੋਂ ਲੈ ਕੇ ਤੈਮੂਰ, ਅਕਬਰ ਅਤੇ ਆਲਮਗੀਰ ਔਰੰਗਜ਼ੇਬ ਦੀਆਂ ਕਾਰਗੁਜ਼ਾਰੀਆਂ ਕਲਮਬਧ ਕਰ ਰਿਹਾ ਹਾਂ। ਬੇਸ਼ੱਕ ਮੈਂ ਫਿੱਕ-ਏ-ਜ਼ਾਫਰੀ ਨਾਲ ਤੁਅਲਕ ਰੱਖਦਾ ਸੀ, ਲੇਕਿਨ ਫੇਰ ਵੀ ਮੈਂ ਆਲਮਗੀਰ ਔਰੰਗਜ਼ੇਬ ਦੀ ਫੌਜ ਦਾ ਅਹਿਮ ਅਹਿਲਕਾਰ ਰਹਿ ਚੁੱਕਾ ਹਾਂ। ਸੂਬਾ ਸਰਹਿੰਦ ਦੀ ਖਿਦਮਤ ਵਿੱਚ ਆਇਆ ਮੈਨੂੰ ਅਜੇ ਤਿੰਨ ਸਾਲ ਹੀ ਹੋਏ ਹਨ...।"
ਮੈਂ ਉਸਨੂੰ ਵਿੱਚੋਂ ਟੋਕ ਦਿੱਤਾ, "ਇੱਕ ਕਲਮਕਾਰ ਤਲਵਾਰ ਚੁੱਕ ਕੇ ਮੈਦਾਨ-ਏ-ਜੰਗ ਵਿੱਚ ਕੀ ਕਰਨ ਆਇਆ ਸੀ?"
"ਮੈਨੂੰ ਸੂਬਾ ਸਰਹਿੰਦ ਇਹ ਜੰਗਨਾਮਾ ਲਿਖਣ ਲਈ ਨਾਲ ਲੈ ਕੇ ਆਇਆ ਸੀ ਤੇ ਮੈਂ ਇਸ ਯੁੱਧ ਦਾ ਸਾਰਾ ਅੱਖੀ ਡਿੱਠਾ ਹਾਲ ਬਾਦਸ਼ਾਹ ਫਰੁਖਸਿਅਰ ਨੂੰ ਦਿੱਲੀ ਦਰਬਾਰ ਵਿੱਚ ਲਿੱਖ ਕੇ ਭੇਜਣਾ ਸੀ। ਪਰ...।" ਕਹਿੰਦਾ ਹੋਇਆ ਉਹ ਚੁੱਪ ਕਰਕੇ ਆਪਣੀ ਦਾੜੀ ਖੁਰਕਣ ਲੱਗ ਪਿਆ ਸੀ।
ਮੇਰੇ ਮੱਥੇ 'ਤੇ ਤਿਉੜੀਆਂ ਉੱਭਰ ਆਈਆਂ ਸਨ, "ਪਰ ਕੀ? ਅਸੀਂ ਵੀ ਚਾਹੁੰਦੇ ਹਾਂ ਕਿ ਤੂੰ ਇਹ ਜੰਗਨਾਮਾ ਲਿਖੇ। ਇਹ ਕੋਈ ਪਹਿਲੀ ਜੰਗ ਨਹੀਂ ਜੋ ਤੂੰ ਸਾਨੂੰ ਅੱਜ ਲੜਦੇ ਦੇਖਿਆ ਹੈ। ਹੁਣ ਤੱਕ ਤਾਂ ਸਾਨੂੰ ਲੜਾਈਆਂ ਲੜਨ ਦੀ ਆਦਤ ਪੈ ਗਈ ਹੈ। ਯੁੱਧ ਦੇ ਮੈਦਾਨ ਵਿੱਚ ਉਪਚਾਰਕ ਤੇ ਵਾਕਿਆ ਨਵੀਸ ਬੇਸ਼ੱਕ ਵੈਰੀ ਦਲ ਦਾ ਹੋਵੇ, ਉਸ ਨੂੰ ਸਜ਼ਾ ਮੁਕਤ ਰੱਖਿਆ ਜਾਂਦਾ ਹੈ। ਖਾਲਸਾ ਫੌਜ ਵੀ ਯੁੱਧ ਨੀਤੀ ਦਾ ਪਾਲਣ ਕਰੇਗੀ ਤੇ ਤੈਨੂੰ ਕੋਈ ਉਂਗਲ ਤੱਕ ਨਹੀਂ ਲਾਵੇਗਾ। ਜਾਹ ਤੇਰੀ ਜਾਨ ਬਖਸ਼ੀ। ਅਸੀਂ ਵੀ ਚਾਹੁੰਦੇ ਹਾਂ ਕਿ ਤੂੰ ਇਸ ਜੰਗ ਦੀ ਦਾਸਤਾਨ ਕਲਮਬਧ ਕਰਕੇ ਲੋਕਾਂ ਤੱਕ ਪਹੁੰਚਾਵੇਂ, ਕਿਉਂਕਿ ਹਿੰਦੁਸਤਾਨ ਦੇ ਇਤਿਹਾਸ ਨੇ ਅਨੇਕਾਂ ਜੰਗਾਂ ਤੇ ਜੰਗ ਦੇ ਮੈਦਾਨਾਂ ਦਾ ਜ਼ਿਕਰ ਕੀਤਾ ਹੈ। ਜਿਵੇਂ ਹਲਦੀਘਾਟੀ, ਜਿਹਲਮ, ਲਾਹੌਰ, ਚਿਤੌੜ, ਮੁਲਤਾਨ, ਪਾਣੀਪਤ, ਭੇਰਾ, ਦੀਪਾਲਪੁਰ, ਚਮਕੌਰ ਅਤੇ ਖਿਦਰਾਣੇ ਦੀ ਢਾਬ ਆਦਿ। ਹਰ ਮੈਦਾਨ ਵਿੱਚ ਬਾਹਰੀ ਹਮਲਾਵਰ ਸਥਾਨਕ ਨਾਗਰਿਕਾਂ ਤੋਂ ਜਿੱਤਦੇ ਰਹੇ ਸਨ। ਅੱਜ ਅਸੀਂ ਮੁਗਲ ਫੌਜ ਨੂੰ ਲੱਕ ਤੋੜਵੀਂ ਹਾਰ ਦੇ ਕੇ ਤਵਾਰੀਖ ਨੂੰ ਬਦਲਿਆ ਹੈ। ਤੂੰ ਜਾ ਕੇ ਸੁਹੀਰਦਤਾ, ਸਚਾਈ ਤੇ ਨਿਰਪੱਖਤਾ ਨਾਲ ਇਸ ਯੁੱਧ ਦਾ ਹਾਲ ਵਰਣਨ ਕਰ। ਪਰ ਉਲਾਰ ਹੋਏ ਬਿਨਾ ਆਪਣੀ ਕਲਮ ਨਾਲ ਇਨਸਾਫ ਕਰੀਂ। ਇਤਿਹਾਸ ਤੈਨੂੰ ਯਾਦ ਰੱਖੇਗਾ।... ਅਜ਼ਾਦ ਕਰ ਦਿਉ ਇਹਨੂੰ।"
ਮੇਰੇ ਇਸ਼ਾਰਾ ਕਰਦਿਆਂ ਸਿੱਖ ਸਿਪਾਹੀਆਂ ਨੇ ਖਵਾਫੀ ਖਾਨ ਦੀਆਂ ਬੰਨ੍ਹੀਆਂ ਮਸ਼ਕਾਂ ਖੋਲ੍ਹ ਦਿੱਤੀਆਂ ਤੇ ਉਹ ਸਿਰ ਝੁਕਾ ਕੇ ਸਿਜਦਾ ਕਰਦਾ ਹੋਇਆ ਘੋੜੇ 'ਤੇ ਸਵਾਰ ਹੋ ਕੇ ਮੇਰੀਆਂ ਅੱਖਾਂ ਤੋਂ ਉਝਲ ਹੋ ਗਿਆ ਸੀ।
ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰੱਸਾ ਬੰਨ੍ਹ ਕੇ ਅਸੀਂ ਉਸਦਾ ਧੜ ਇੱਕ ਜੰਡ ਨਾਲ ਲਟਕਾ ਦਿੱਤਾ। ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਹੋ ਚੁੱਕੀਆਂ ਸਨ। ਸ਼ਹੀਦ ਹੋਣ ਵਾਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸ਼ਸਤਰ ਸਿਖਾਉਣ ਵਾਲਾ ਭਾਈ ਬਜਰ ਸਿੰਘ ਵੀ ਸੀ। ਸ਼ਾਮ ਨੂੰ ਅਸੀਂ ਮਰਿਆਦਾ ਅਨੁਸਾਰ ਸ਼ਹੀਦ ਸਿੰਘਾਂ ਦਾ ਸਸਕਾਰ ਕਰ ਦਿੱਤਾ।
ਇਸ ਜੰਗ ਵਿੱਚ ੪੫ ਵੱਡੀਆਂ-ਛੋਟੀਆਂ ਤੋਪਾਂ, ਦਰਜਨਾਂ ਹਾਥੀ, ਸੈਂਕੜੇ ਘੋੜੇ ਅਤੇ ਬਹੁਤ ਸਾਰੀਆਂ ਬੰਦੂਕਾਂ ਸਾਡੇ ਹੱਥ ਲੱਗੀਆਂ। ਉਸ ਵਕਤ ਦਿਨ ਪੂਰਾ ਛਿਪ ਚੁੱਕਾ ਸੀ ਤੇ ਸੰਘਣਾ ਹਨੇਰਾ ਹੋ ਗਿਆ ਸੀ।

No comments:
Post a Comment