Friday, 30 December 2016

ਤੀਜਾ: ਯੋਧਾ

ਤੀਜਾ: ਯੋਧਾ ੧੬੭੬ ਫਲੁਸ
ਗੁਰੂ ਜਾਨਕੀ ਪ੍ਰਸ਼ਾਦ ਦੀ ਸ਼ਰਨ ਵਿੱਚ ਆਇਆਂ ਮੈਨੂੰ ਬਹੁਤੇ ਵਰ੍ਹੇ ਨਹੀਂ ਸਨ ਹੋਏ। ਸੰਨ ੧੬੭੫ ਵਿੱਚ ਜਾਨਕੀ ਪ੍ਰਸਾਦ ਦੀ ਬਿਰਧ ਹੋਣ ਕਰਕੇ ਅਚਨਚੇਤ ਮੌਤ ਹੋ ਗਈ। ਮੈਂ ਇੱਕ ਵਾਰ ਫਿਰ ਤੋਂ ਯਤੀਮ ਹੋ ਗਿਆ ਸੀ। ਮਾਪਿਆਂ ਤੋਂ ਬਾਅਦ ਜੇ ਕਿਸੇ ਨੇ ਮੈਨੂੰ ਪਿਆਰ ਕੀਤਾ ਸੀ ਤਾਂ ਉਹ ਮੇਰੇ ਗੁਰੂ ਜਾਨਕੀ ਪ੍ਰਸ਼ਾਦ ਨੇ ਹੀ ਕੀਤਾ ਸੀ। ਗੁਰੂ ਦੇ ਤੁਰ ਜਾਣ ਮਗਰੋਂ ਮੇਰੀ ਦੁਨੀਆਂ ਵਿਰਾਨ ਜਿਹੀ ਹੋ ਗਈ ਸੀ। ਉਸਦੇ ਵਡੇਰੀ ਉਮਰ ਦੇ ਚੇਲਿਆਂ ਨੇ ਮੇਰੇ ਨਾਲ ਰੁੱਖਾ ਵਰਤਾਉ ਕਰਨਾ ਸ਼ੁਰੂ ਕਰ ਦਿੱਤਾ ਸੀ। ਮੇਰਾ ਡੇਰੇ ਵਿੱਚ ਉੱਕਾ ਹੀ ਦਿਲ ਨਹੀਂ ਸੀ ਲੱਗਦਾ। ਮੈਂ ਡੇਰੇ ਵਿੱਚੋਂ ਭੱਜ ਕੇ ਕਿਧਰੇ ਦੂਰ ਚਲਾ ਜਾਣਾ ਚਾਹੁੰਦਾ ਸੀ। ਪਰ ਮੈਨੂੰ ਜਾਣ ਲਈ ਕੋਈ ਟਿਕਾਣਾ ਨਹੀਂ ਸੀ ਲੱਭ ਰਿਹਾ।



ਕੁਦਰਤੀ ਥੋੜ੍ਹੇ ਦਿਨਾਂ ਬਾਅਦ ਹੀ ਸੰਨ ੧੬੭੬ ਦੀ ਵਿਸਾਖੀ ਆ ਗਈ। ਵਿਸਾਖੀ ਬਿਕਰਮੀ ਸੰਮਤ ਦੇ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ। ਲਾਹੌਰ ਦੇ ਨਜ਼ਦੀਕ ਹੀ ਕਸੂਰ ਵਿੱਚ ਰਾਮ ਥੱਮਣ ਦੇ ਸਥਾਨ 'ਤੇ ਉਸ ਸਮੇਂ ਬਹੁਤ ਭਾਰੀ ਵਿਸਾਖੀ ਮੇਲਾ ਲੱਗਦਾ ਹੁੰਦਾ ਸੀ। ਬੈਰਾਗੀ ਸੰਪ੍ਰਦਾਏ ਦੇ ਦੋ ਸਾਧੂ ਬਹੁਤ ਮਸ਼ਹੂਰ ਹੋਏ ਹਨ, ਇੱਕ ਬਾਬਾ ਕਲਾਧਾਰੀ ਤੇ ਦੂਜਾ ਰਾਮ ਥੱਮਣ। ਰਾਮ ਥੱਮਣ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਚਚੇਰਾ ਭਰਾ ਸੀ। ਰਾਮ ਥੱਮਣ ਦੇ ਵਿਸ਼ਾਲ ਵਿਸਾਖੀ ਮੇਲੇ ਵਿੱਚ ਵੱਖ-ਵੱਖ ਸੰਪ੍ਰਦਾਵਾਂ ਤੇ ਅਖਾੜਿਆਂ ਦੇ ਸਾਧੂ ਸੰਤ ਇੱਕਠੇ ਹੁੰਦੇ ਅਤੇ ਗਿਆਨ ਗੋਸ਼ਟੀਆਂ ਕਰਦੇ। ਨਵੇਂ ਚੇਲਿਆਂ ਦੀ ਭਰਤੀ ਵੀ ਇਸੇ ਦਿਨ ਹੀ ਹੁੰਦੀ ਸੀ। ਮੇਰੇ ਮਨ ਵਿੱਚ ਉਮੀਦ ਜਾਗ ਗਈ ਸੀ ਕਿ ਹੋ ਸਕਦਾ ਹੈ ਜਾਨਕੀ ਪ੍ਰਸ਼ਾਦ ਵਰਗਾ ਕੋਈ ਹੋਰ ਪਹੁੰਚਿਆ ਹੋਇਆ ਮਹਾਤਮਾ ਇਸ ਮੇਲੇ ਵਿੱਚ ਮੇਰੀ ਬਾਂਹ ਫੜ ਲਵੇ।

ਮੈਂ ਵਿਸਾਖੀ ਤੋਂ ਦੋ ਦਿਨ ਪਹਿਲਾਂ ਦੀ ਸਾਧੂਆਂ ਦੇ ਇਕੱਤਰ ਹੋਣ ਦੇ ਮਹੱਤਵਪੂਰਨ ਸਥਾਨ ਰਾਮ ਥੱਮਣ ਵਿਖੇ ਪਹੁੰਚ ਗਿਆ ਸੀ। ਉੱਥੇ ਦੇਸ਼ ਭਰ ਦੀਆਂ ਵੱਖ-ਵੱਖ ਸਾਧੂ ਮੰਡਲੀਆਂ ਨੇ ਆ ਕੇ ਤੰਬੂ ਗੱਡੇ ਹੋਏ ਸਨ। ਮੈਂ ਕਈ ਅਖਾੜਿਆਂ ਵਿੱਚ ਜਾ ਕੇ ਉਨ੍ਹਾਂ ਦੇ ਧਾਰਮਿਕ ਪ੍ਰਵਚਨ ਬਹੁਤ ਧਿਆਨ ਨਾਲ ਸੁਣੇ। ਮੈਨੂੰ ਉਹ ਸਭ ਝੂਠੀਆਂ ਤਸੱਲੀਆਂ ਦੇ ਕੇ ਬੌਧਿਕ ਕਲਾਬਾਜ਼ੀਆਂ ਲਵਾਉਣ ਵਾਲੇ ਠੱਗ ਹੀ ਜਾਪੇ ਸਨ, ਜੋ ਲੋਕਾਂ ਨੂੰ ਸਨਿਆਸੀ ਜੀਵਨ ਅਪਨਾਉਣ ਲਈ ਚੁਸਤ ਅਤੇ ਮਿੱਠੀਆਂ ਦਲੀਲਾਂ, ਚਤੁਰਾਈ ਨਾਲ ਦੇ ਰਹੇ ਸਨ। ਲੇਕਿਨ ਮੈਨੂੰ ਹੱਕ ਅਤੇ ਸੱਚ ਉੱਪਰ ਪਹਿਰਾ ਦੇਣ ਵਾਲੇ ਕਿਸੇ ਦਲੇਰ ਅਤੇ ਮਰਦ ਗੁਰੂ ਦੀ ਭਾਲ ਸੀ, ਜੋ ਇਮਾਨਦਾਰ ਹੋਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜੋ ਸੁਲਝਾਉਣਾ ਜਾਣਦਾ ਹੋਵੇ। ਜਿਸਦੇ ਮਨ ਅੰਦਰ ਜਨਤਾ ਲਈ ਦਰਦ ਹੋਵੇ ਤੇ ਉਹ ਦੁਨੀਆ ਦੀ ਭਲਾਈ ਕਰਨੀ ਲੋਚਦਾ ਹੋਵੇ।

ਮੇਲੇ ਦੇ ਆਖੀਰ ਤੱਕ ਮੈਨੂੰ ਕੋਈ ਮਨ-ਇੱਛਤ ਮੁਰਸ਼ਦ ਨਾ ਮਿਲਿਆ। ਨਿਰਾਸ਼ ਹੋ ਕੇ ਮੈਂ ਉੱਥੋਂ ਜਾਣ ਲੱਗਾ ਤਾਂ ਅਚਾਨਕ ਮੇਰੇ ਕੰਨਾਂ ਵਿੱਚ ਕਿਸੇ ਮਹਾਤਮਾ ਦੇ ਗਰਜ਼ ਭਰੇ ਬੋਲ ਪਏ। ਮੈਂ ਫੌਰਨ ਉਸ ਤੰਬੂ ਵਿੱਚ ਗਿਆ ਤੇ ਬੈਠ ਕੇ ਉਨ੍ਹਾਂ ਦੇ ਪ੍ਰਵਚਨ ਸੁਣਨ ਲੱਗਾ। ਇਹ ਵੈਸ਼ਨਵ ਬੈਰਾਗੀ ਸਵਾਮੀ ਰਾਮਦਾਸ ਸਮਰੱਥ ਸੀ। ਉਸਦੀ ਗੱਲਬਾਤ ਵਿੱਚ ਗੜਕਾ ਸੀ। ਉਹ ਮੁਗਲ ਬਾਦਸ਼ਾਹ ਦੇ ਜ਼ੁਲਮ ਖਿਲਾਫ ਬੋਲ ਰਿਹਾ ਸੀ। ਮੈਂ ਸਵਾਮੀ ਦੀਆਂ ਤਰਕੀਰਾਂ ਵੱਲ ਖਿੱਚਿਆ ਗਿਆ। ਸਵਾਮੀ ਭਾਵੇਂ ਬਿਰਧ ਅਵਸਥਾ ਵਿੱਚ ਸੀ, ਲੇਕਿਨ ਉਨ੍ਹਾਂ ਦੇ ਨੂਰਾਨੀ ਵਿਅਕਤਿਤਵ ਅਤੇ ਪ੍ਰਭਾਵਸ਼ਾਲੀ ਬਾਣੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਹੋਇਆ ਸੀ। ਸਤਸੰਗ ਸਮਾਪਿਤ ਹੋਣ ਉਪਰੰਤ ਮੈਂ ਰਾਮਦਾਸ ਸਮਰੱਥ ਨੂੰ ਨਿਜੀ ਤੌਰ 'ਤੇ ਜਾ ਮਿਲਿਆ ਤੇ ਉਸਨੂੰ ਉਸਦਾ ਚੇਲਾ ਬਣਨ ਦੀ ਇੱਛਾ ਪ੍ਰਗਟ ਕੀਤੀ। ਉਹ ਸਹਿਜੇ ਹੀ ਮੰਨ ਗਏ। ਉਹ ਬਹੁਤ ਕਾਹਲੀ ਵਿੱਚ ਸਨ ਤੇ ਉਨ੍ਹਾਂ ਨੇ ਮੈਨੂੰ ਕੁਝ ਨਾ ਪੁੱਛਿਆ ਕਿ ਮੈਂ ਕੌਣ ਸੀ ਤੇ ਕਿੱਥੋਂ ਆਇਆ ਸੀ। ਉੱਥੇ ਹੀ ਉਨ੍ਹਾਂ ਨੇ ਮੈਨੂੰ ਇਕਾਂਤ ਵਿੱਚ ਲਿਜਾ ਕੇ ਦੀਕਸ਼ਾ ਦਿੱਤੀ ਤੇ ਆਪਣੇ ਸੰਪਰਦਾਏ ਵਿੱਚ ਸ਼ਾਮਿਲ ਕਰ ਲਿਆ। ਚੇਲਾ ਬਣਾਉਣ ਦੀ ਰਸਮ ਸਮਾਪਤ ਹੋਈ ਤਾਂ ਗੁਰੂ ਰਾਮਦਾਸ ਮੈਨੂੰ ਪੁੱਛਣ ਲੱਗੇ, "ਤੇਰਾ ਨਾਮ ਕੀ ਹੈ?"

ਮੈਂ ਨਿਮਰਤਾ ਨਾਲ ਦੱਸਿਆ, "ਨਰਾਇਣ ਦਾਸ।"

"ਹੂੰ! ਨਰਾਇਣ ਦਾਸ? ਨਰਾਇਣ ਦਾ ਦਾਸ ਬਣ ਕੇ ਹੀ ਜੀਵਨ ਵਿਅਰਥ ਗਵਾ ਦੇਵੇਂਗਾ? ਸਿਰਫ ਭਗਤੀ ਕਰਨ ਜਾਂ ਮਾਲਾ ਫੇਰਨ ਨਾਲ ਕੁਝ ਨਹੀਂ ਹੁੰਦਾ। ਇਨਸਾਨ ਨੂੰ ਹੱਥ ਵੀ ਹਿਲਾਉਣੇ ਪੈਂਦੇ ਨੇ। ਅੱਜ ਦੇ ਸਮੇਂ ਵਿੱਚ ਤਪ ਛੱਡ ਕੇ ਤਲਵਾਰ ਚੁੱਕਣ ਦੀ ਲੋੜ ਹੈ। ਯੋਗੀ ਨੂੰ ਕਰਮਯੋਗੀ ਬਣ ਕੇ ਹੀ ਯੋਗ ਦੀ ਪ੍ਰਾਪਤੀ ਹੁੰਦੀ ਹੈ।"

ਮੈਂ ਹੱਥ ਜੋੜ ਕੇ ਸਿਰ ਝੁਕਾ ਲਿਆ ਸੀ, "ਮੈਨੂੰ ਜੋ ਹੁਕਮ ਕਰੋਂਗੇ ਮਹਾਤਮਾ, ਮੈਂ ਉਸ ਉੱਪਰ ਅਮਲ ਕਰਾਂਗਾ।"

ਗੁਰੂ ਰਾਮਦਾਸ ਕੜਕ ਕੇ ਬੋਲੇ ਸਨ, "ਠੀਕ ਹੈ, ਸਭ ਤੋਂ ਪਹਿਲਾਂ ਦਾ ਤੈਨੂੰ ਪੂਰਨ ਬ੍ਰਹਿਮੀਗਿਆਨ ਦੀ ਪ੍ਰਾਪਤੀ ਕਰਨੀ ਪਵੇਗੀ। ਸਾਡੇ ਸੰਪਰਦਾਏ ਦੇ ਕਾਇਦੇ ਅਨੁਸਾਰ ਤੈਨੂੰ ਨਵਾਂ ਨਾਮ ਦਿੱਤਾ ਜਾਵੇਗਾ। ਅੱਜ ਤੋਂ ਤੇਰਾ ਨਾਮ ਹੋਵੇਗਾ ਮਾਧੋ ਦਾਸ। ਗਿਆਨ ਦੇ ਸਾਗਰ ਵਿੱਚ ਤਲ ਤੱਕ ਚੁੱਭੀ ਮਾਰਨ ਵਾਲੇ ਸਾਧੂ ਨੂੰ ਮਾਧਵ ਕਿਹਾ ਜਾਂਦਾ ਹੈ। ਤੈਨੂੰ ਅਸੀਂ ਅਧਿਆਤਮਕਤਾ ਦੀ ਇਸ ਪਦਵੀ 'ਤੇ ਪਹੁੰਚਿਆ ਦੇਖਣਾ ਚਾਹੁੰਦੇ ਹਾਂ। ਇਸੇ ਲਈ ਅਸੀਂ ਤੇਰਾ ਨਾਮ ਮਾਧੋ ਚੁਣਿਆ ਹੈ। ਲੋਕ ਤੈਨੂੰ ਮਾਧੋ ਜਾਣੀ ਮੂਰਖ ਪੁਤਲਾ ਸਮਝਗੇ, ਪਰ ਤੂੰ ਆਪਣੇ ਗਿਆਨ ਅਤੇ ਵਿੱਦਿਆ ਨਾਲ ਆਪਣੇ ਆਪ ਨੂੰ ਮਾਧਵ ਯਾਨੀ ਬ੍ਰਹਮ ਗਿਆਨ ਦਾ ਗਿਆਤਾ ਸਾਬਿਤ ਕਰੇਂਗਾ। ਅਸੀਂ ਤੈਨੂੰ ਬਾਹੂਬਲੀ ਤੇ ਪ੍ਰਕਰਮੀ ਨਾਥ ਬਣਾਉਣਾ ਚਾਹੁੰਦੇ ਹਾਂ। ਨਰਾਇਣ ਦਾਸ ਆਪਣਾ ਪੁਰਾਣਾ ਨਾਮ ਵਿਸਾਰ ਦੇਵੀਂ ਤੇ ਇਹ ਨਵਾਂ ਅਪਨਾ ਲਵੀਂ।"

"ਸੱਤ ਬਚਨ।" ਮੈਂ ਗੁਰੂ ਰਾਮਦਾਸ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ।

ਸਵਾਮੀ ਰਾਮਦਾਸ ਦੇ ਹਿਰਦੇ ਅੰਦਰ ਤੁਅਸਬੀ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਗੁੱਸੇ ਦੀ ਅੱਗ ਬਲਦੀ ਮੈਨੂੰ ਸਾਫ ਦਿਖਾਈ ਦਿੰਦੀ ਸੀ। ਬਾਦਸ਼ਾਹ ਦੇ ਕੱਟੜ ਮੁਸਲਮਾਨ ਹਾਕਮ ਹਿੰਦੂਆਂ ਦੇ ਧਰਮ ਅਸਥਾਨਾਂ ਨੂੰ ਢਾਹ ਰਹੇ ਸਨ ਤੇ ਬੇਕਸੂਰ ਜਨਤਾ ਨੂੰ ਅਣਆਈ ਮੌਤ ਮਾਰ ਰਹੇ ਸਨ। ਗੈਰ ਮੁਸਲਮਾਨਾਂ ਦਾ ਜ਼ਬਰੀ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਸੀ। ਸਵਾਮੀ ਰਾਮਦਾਸ ਚਾਹੁੰਦਾ ਸੀ ਕਿ ਸਾਰਾ ਹਿੰਦੁਸਤਾਨ ਇਹਨਾਂ ਵਿਰੁੱਧ ਇੱਕ ਤੂਫਾਨ ਦੀ ਤਰ੍ਹਾਂ ਉੱਠ ਖੜੋਵੇ। ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਂਪਾਪ ਹੈ। ਉਹ ਆਪਣੇ ਪ੍ਰਵਚਨਾਂ ਰਾਹੀਂ ਲੋਕਾਂ ਵਿੱਚ ਵੀਰ ਰਸ ਭਰਿਆ ਕਰਦੇ ਸਨ। 

ਸਵਾਮੀ ਰਾਮਦਾਸ ਨੇ ਨਾਸਿਕ ਨੇੜੇ ਨੰਦੀ ਅਤੇ ਗੋਦਾਵਰੀ ਨਦੀਆਂ ਦੇ ਸੰਗਮ ਵਾਲੇ ਸਥਾਨ 'ਤੇ ਇੱਕ ਗੁਫਾ ਵਿੱਚ ਕਈ ਸਾਲ ਸਾਧਨਾ ਕੀਤੀ ਸੀ। ਭਗਤੀ ਦੇ ਨਾਲ ਸਵਾਮੀ ਰਾਮਦਾਸ ਨੇ ਸ਼ਸਤਰ ਵਿੱਦਿਆ ਵੀ ਸਿੱਖੀ ਹੋਈ ਸੀ। ਸਵਾਮੀ ਦੇ ਨਾਸਿਕ ਵਾਲੇ ਮੱਠ ਵਿੱਚ ਧਾਰਮਿਕ ਸਿੱਖਿਆ ਦੇ ਨਾਲ ਯੁੱਧ ਕਲਾ ਵੀ ਸਿਖਾਈ ਜਾਂਦੀ ਸੀ। ਕੁਸ਼ਤੀਆਂ, ਤਲਵਾਰਬਾਜ਼ੀ, ਨੇਜੇਬਾਜ਼ੀ ਅਤੇ ਤੀਰਅੰਦਾਜ਼ੀ ਦਾ ਚੇਲਿਆ ਨੂੰ ਉਹ ਆਪ ਰੋਜ਼ ਬਿਨ ਨਾਂਗਾ ਵਰਜਿਸ਼ ਕਰਵਾਉਣ ਉਪਰੰਤ ਅਭਿਆਸ ਕਰਵਾਉਂਦੇ ਹੁੰਦੇ ਸਨ। 

ਸਵਾਮੀ ਦੇ ਸਿਖਿਅਤ ਕੀਤੇ ਉਮਦਾ ਯੋਧਿਆਂ ਨੂੰ ਮਰਾਠੇ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਕਰਦੇ ਸਨ। ਸਵਾਮੀ ਕੋਲ ਆਪਣੇ ਚਾਰ ਪੰਜ ਸੌ ਚੇਲਿਆਂ ਦੀ ਸੈਨਾ ਵੀ ਸੀ। ਜਦੋਂ ਕਿਸੇ ਮਰਾਠਾ ਸਰਦਾਰ ਨੂੰ ਲੋੜ ਪੈਂਦੀ ਤਾਂ ਜੰਗ ਲਈ ਉਹ ਸਵਾਮੀ ਦੀ ਮਦਦ ਮੰਗਦੇ। ਸਵਾਮੀ ਨੂੰ ਉਹ ਜੰਗੀ ਇਮਦਾਦ ਬਦਲੇ ਕਾਫੀ ਸਾਰਾ ਧਨ ਦਿੰਦੇ, ਜਿਸ ਨਾਲ ਮੱਠ ਦਾ ਖਰਚ ਚੱਲਦਾ ਰਹਿੰਦਾ ਸੀ। ਮਦਦ ਮੰਗਣ ਵਾਲਿਆਂ ਲਈ ਇਹ ਫਾਇਦਾ ਹੁੰਦਾ ਸੀ ਕਿ ਉਹਨਾਂ ਨੂੰ ਜੰਗ ਵੇਲੇ ਸੈਨਿਕ ਮਿਲ ਜਾਂਦੇ ਸਨ ਤੇ ਜੰਗ ਉਪਰੰਤ ਸੈਨਿਕਾਂ ਨੂੰ ਤਨਖਾਹਾਂ ਦੇਣ ਦਾ ਫਿਕਰ ਨਹੀਂ ਸੀ ਕਰਨਾ ਪੈਂਦਾ। 

ਸਵਾਮੀ ਰਾਮਦਾਸ ਨੇ ਧਰਮ ਪ੍ਰਚਾਰ ਦੀ ਆੜ ਵਿੱਚ ਸ਼ਸਤਰ ਵਿੱਦਿਆ ਸਿਖਾਉਣ ਲਈ ਭਾਰਤ ਦੇ ਬਹੁਤ ਸਾਰੇ ਹਿੱਸਿਆ ਵਿੱਚ ਮੱਠਾਂ ਦੀ ਸਥਾਪਨਾ ਕੀਤੀ ਹੋਈ ਸੀ। ਕੈਦਾਰ ਨਾਥ, ਬਦਰੀ ਨਾਥ, ਹਿਮਾਲਿਆ ਦੀ ਚੋਟੀਆਂ ਤੋਂ ਇਲਾਵਾ ਜੰਬ, ਚਾਫਲ, ਪਾਰਲੀ (ਸਾਜਨਗੜ), ਤਫਲੀ, ਕਤਲੀ (ਨਾਸਿਕ), ਤਨਜੋਰ, ਡੋਮਾਗਾਨੂ, ਮਨਪਦਲੀ, ਮਿਰਾਜ, ਰਾਸੀਬਾਰੀ, ਪਾਂਧਰਪੁਰ, ਪਰਿਯਾਗ, ਕਾਸ਼ੀ (ਨਾਰਸ), ਆਯੋਧਿਆ, ਨੈਨੀਤਾਲ, ਗੋਰਖਮਤੇ ਵਿਖੇ ਸਵਾਮੀ ਰਾਮਦਾਸ ਦੇ ਅਹਿਮ ਮੱਠ ਸਨ, ਜਿਨ੍ਹਾਂ ਵਿੱਚ ਜਾ ਕੇ ਉਹ ਆਪ ਸ਼ਸਤਰ ਵਿੱਦਿਆ ਸਿਖਾਇਆ ਕਰਦਾ ਸੀ। ਇਹਨਾਂ ਮੱਠਾਂ ਦੀਆਂ ਅਗਾਂਹ ਹੋਰ ਸ਼ਾਖਵਾਂ ਵੀ ਸਨ।

ਮਰਹੱਟਾ ਛਤਰਪਤੀ ਸ਼ਿਵਾਜੀ, ਰਾਮਦਾਸ ਸਮਰੱਥ ਨੂੰ ਆਪਣਾ ਗੁਰੂ ਮੰਨਦਾ ਸੀ। ਸ਼ਿਵਾਜੀ ਨੇ ਗੁਰੂ ਰਾਮਦਾਸ ਤੋਂ ਸਿੱਧਾ ਤਾਂ ਕੁਝ ਨਹੀਂ ਸੀ ਸਿੱਖਿਆ, ਪਰ ਉਹ ਪ੍ਰੇਰਣਾ ਅਤੇ ਰਹਿਨੁਮਾਈ ਲੈਣ ਲਈ ਅਕਸਰ ਉਨ੍ਹਾਂ ਨੂੰ ਆ ਕੇ ਮਿਲਦਾ ਰਹਿੰਦਾ ਸੀ। ਸ਼ਿਵਾਜੀ ਨਾਲ ਗੁਰੂ ਰਾਮਦਾਸ ਦੀ ਪਹਿਲੀ ਮੁਲਾਕਾਤ ੧੬੪੯ ਈ: ਵਿੱਚ ਛਪਾਲ ਵਿਖੇ ਹੋਈ ਸੀ। ਗੁਰੂ ਰਾਮਦਾਸ ਨੇ ਸ਼ਿਵਾਜੀ ਨੂੰ ਦੇਖਦਿਆਂ ਹੀ ਉਸਦੇ ਜੁਝਾਰੂ ਗੁਣ ਪਹਿਚਾਣ ਲਏ ਸਨ। ਸ਼ਿਵਾਜੀ ਦਾ ਪਿਤਾ ਸ਼ਾਹਜੀ ਭੌਂਸਲੇ ਅਨੇਕਾਂ ਦੱਖਣੀ ਸੁਲਤਾਨਾਂ ਅਤੇ ਮੁਗਲਾਂ ਕੋਲ ਮੁਲਾਜਮਤ ਕਰ ਚੁੱਕਾ ਸੀ। ਜਦੋਂ ਸ਼ਿਵਾਜੀ ਦਾ ਸ਼ਿਵਨੈਰੀ ਵਿਖੇ ਜਨਮ ਹੋਇਆ ਸੀ ਤਾਂ ਉਸਦਾ ਪਿਤਾ ਉਸ ਸਮੇਂ ਦੌਲਤਾਬਾਦ ਦੇ ਨਿਜਾਮਸ਼ਾਹ ਦੀ ਫੌਜ ਵਿੱਚ ਭਰਤੀ ਸੀ। ਸ਼ਿਵਾਜੀ ਦਾ ਪਾਲਣ ਪੋਸ਼ਣ ਉਸਦੀ ਮਾਤਾ ਜੀਜਾ ਬਾਈ ਨੇ ਕੀਤਾ ਸੀ ਤੇ ਸਿੱਖਿਆ ਦਾਦਾਜੀ ਕੋਂਡ ਦਿਉ ਨੇ ਦਿੱਤੀ ਸੀ। ਜਦੋਂ ਸ਼ਿਵਾਜੀ ਵੱਡਾ ਹੋਣ ਲੱਗਾ ਤਾਂ ਮੁਗਲਾਂ ਦਾ ਅਤਿਆਚਾਰ ਦੇਖ ਕੇ ਵਿਦਰੋਹੀ ਹੋ ਗਿਆ ਸੀ। ਜਵਾਨ ਹੋ ਕੇ ਉਸਨੇ ਮੁਗਲਾਂ ਨੂੰ ਹਿੰਦੁਸਤਾਨ ਵਿੱਚੋਂ ਕੱਢ ਕੇ ਸੁਤੰਤਰ ਹਿੰਦੂ ਸਵਰਾਜ ਸਥਾਪਿਤ ਕਰਨ ਦਾ ਪ੍ਰਣ ਕਰ ਲਿਆ ਸੀ।

ਰਾਮ ਥੱਮਣ ਤੋਂ ਆ ਕੇ ਮੈਂ ਸਵਾਮੀ ਰਾਮਦਾਸ ਸਮਰੱਥ ਨਾਲ ਉਸਦੇ ਕਤਲੀ (ਨਾਸਿਕ) ਵਾਲੇ ਮੱਠ ਵਿੱਚ ਰਹਿਣ ਲੱਗ ਪਿਆ ਸੀ। ਇਹ ਮੱਠ ਇੱਕ ਛੋਟੀ ਜਿਹੀ ਪਹਾੜੀ ਉੱਪਰ ਸੀ ਤੇ ਗੋਦਾਵਰੀ ਨਦੀ ਉਸਦੇ ਨੇੜੇ ਹੀ ਵਹਿੰਦੀ ਸੀ। ਮੱਠ ਦੇ ਚਾਰੋ ਤਰਫ ਹਰਿਆਲੀ ਹੀ ਹਰਿਆਲੀ ਸੀ। ਇੱਥੇ ਰਹਿਣ ਵਾਲਿਆਂ ਦਾ ਜੀਵਨ ਨਿਯਮਬਧ, ਸਾਦਾ, ਸੰਜਮੀ ਅਤੇ ਘਾਲਣਾ ਵਾਲਾ ਸੀ। ਉੱਥੇ ਸਭ ਨੂੰ ਸਾਦਾ ਤੇ ਵੈਸ਼ਨੂੰ ਪੋਸ਼ਟਿਕ ਖਾਣਾ ਪਰੋਸਿਆ ਜਾਂਦਾ ਸੀ। ਦੇਸ਼ ਭਗਤੀ ਦੀਆਂ ਗਾਥਾਵਾਂ ਸੁਣਨੀਆਂ ਸੁਣਾਉਣੀਆਂ, ਵਰਜਿਸ਼, ਘੋੜ ਸਵਾਰੀ ਅਤੇ ਯੁੱਧਕਲਾ ਦਾ ਅਭਿਆਸ ਉੱਥੋਂ ਦਾ ਨਿੱਤਾਪ੍ਰਤੀ ਦਾ ਨਿਯਮ ਸੀ। 

ਇਹ ਮੱਠ ਵਾਲੀ ਜਗ੍ਹਾ ਪੰਚਵਟੀ ਦੇ ਬਹੁਤ ਨੇੜੇ ਸੀ। ਬਨਵਾਸ ਦੌਰਾਨ ਭਗਵਾਨ ਰਾਮਚੰਦਰ ਨੇ ਪੰਚਵਟੀ ਦੇ ਸਥਾਨ 'ਤੇ ਕਾਫੀ ਦੇਰ ਕਿਆਮ ਕੀਤਾ ਸੀ। ਸ਼ਾਂਤ ਅਤੇ ਸਹਿਜ ਵਾਤਾਵਰਨ ਵਾਲੀ ਰਮਣੀਕ ਥਾਂ ਹੋਣ ਕਰਕੇ ਦੂਰੋਂ-ਦੂਰੋਂ ਤਪੱਸਵੀ ਇੱਥੇ ਤਪ ਕਰਨ ਆਇਆ ਕਰਦੇ ਸਨ। ਮੈਂ ਵੀ ਬਹੁਤਾ ਸਮਾਂ ਭਗਤੀ ਅਤੇ ਤਪ ਕਰਨ ਵਿੱਚ ਗੁਜ਼ਾਰਿਆ ਕਰਦਾ ਸੀ। 

ਸਾਡੇ ਮੱਠ ਦੇ ਪਿੱਛੇ ਇੱਕ ਵਿਸ਼ਾਲ ਵਾੜਾ ਸੀ, ਜਿਸ ਵਿੱਚ ਗਾਊਆਂ, ਬੱਕਰੀਆਂ ਅਤੇ ਭੇਡਾਂ ਰੱਖੀਆਂ ਹੁੰਦੀਆਂ ਸਨ। ਇੱਕ ਵਾਰ ਇੱਕ ਬਘਿਆੜ ਵਾੜੇ ਵਿੱਚ ਆ ਗਿਆ। ਉਸ ਵਕਤ ਮੈਂ ਵਾੜੇ ਦੇ ਬਹੁਤ ਕਰੀਬ ਖੜ੍ਹਾ ਸੀ। ਸਵਾਮੀ ਰਾਮਦਾਸ ਨੇ ਬਘਿਆੜ ਨੂੰ ਦੇਖਦਿਆਂ ਹੀ ਆਪਣਾ ਨੇਜਾ ਹਵਾ ਵਿੱਚ ਉਛਾਲ ਕੇ ਮੇਰੇ ਵੱਲ ਸਿੱਟਿਆ। ਮੈਂ ਨੇਜਾ ਆਪਣੇ ਸੱਜੇ ਹੱਥ ਨਾਲ ਬੋਚ ਲਿਆ। 

ਸਵਾਮੀ ਰਾਮਦਾਸ ਨੇ ਮੈਨੂੰ ਇਸ਼ਾਰਾ ਕੀਤਾ ਸੀ ਕਿ ਮੈਂ ਉਹਦੇ ਨਾਲ ਬਘਿਆੜ ਨੂੰ ਮਾਰ ਦੇਵਾਂ। ਹਿਰਨੀ ਦੇ ਸ਼ਿਕਾਰ ਵਾਲੀ ਘਟਨਾ ਤੋਂ ਬਾਅਦ ਮੈਂ ਸ਼ਿਕਾਰ ਕਰਨਾ ਤੇ ਜਾਨਵਰਾਂ ਨੂੰ ਮਾਰਨਾ ਛੱਡ ਦਿੱਤਾ ਸੀ। ਮੈਂ ਹੱਥ ਜੋੜ ਕੇ ਗੁਰੂ ਰਾਮਦਾਸ ਤੋਂ ਮਾਫੀ ਮੰਗੀ, "ਨਹੀਂ ਮਹਾਤਮਾ, ਮੈਂ ਅਜਿਹਾ ਨਹੀਂ ਕਰ ਸਕਦਾ। ਕਿਸੇ ਨਿਰਦੋਸ਼ ਜਾਨਵਰ ਨੂੰ ਮਾਰਨ ਦਾ ਪਾਪ ਮੈਥੋਂ ਨਹੀਂ ਹੋਣੈ।"

ਮੇਰੀ ਗੱਲ ਸੁਣਦਿਆਂ ਹੀ ਗੁਰੂ ਰਾਮਦਾਸ ਮੇਰੇ ਕੋਲ ਦੌੜੇ ਆਏ ਤੇ ਮੇਰੇ ਹੱਥ ਵਿੱਚੋਂ ਨੇਜਾ ਖੋਹ ਕੇ ਉਨ੍ਹਾਂ ਨੇ ਐਨੀ ਤੇਜ਼ੀ ਨਾਲ ਬਘਿਆੜ ਵੱਲ ਚਲਾਵਾਂ ਮਾਰਿਆ ਕਿ ਬਘਿਆੜ ਦੇ ਢਿੱਡ ਵਿੱਚ ਨੇਜਾ ਖੁੱਭਦਿਆਂ ਹੀ ਉਹ ਪ੍ਰਾਣ ਤਿਆਗ ਕੇ ਧਰਤੀ ਉੱਪਰ ਫੁੜਕ ਕੇ ਡਿੱਗ ਪਿਆ ਸੀ। 

ਗੁਰੂ ਦੀ ਆਗਿਆ ਦਾ ਪਾਲਣ ਨਾ ਕੀਤਾ ਹੋਣ ਕਰਕੇ ਮੈਂ ਨਿਵੀਂ ਪਾਈ ਖੜ੍ਹਾ ਸੀ। ਗੁਰੂ ਰਾਮਦਾਸ ਮੇਰੇ ਕੋਲ ਆਏ 'ਤੇ ਮੇਰੇ ਵੱਲੋਂ ਬਘਿਆੜ ਨੂੰ ਨਾ ਮਾਰਨ ਦਾ ਕਾਰਨ ਪੁੱਛਣ ਲੱਗ ਪਏ। ਮੈਂ ਹਿਰਨੀ ਦੇ ਬੱਚਿਆਂ ਵਾਲੀ ਸਾਰੀ ਘਟਨਾ ਦੱਸ ਦਿੱਤੀ। 

ਗੁਰੂ ਰਾਮਦਾਸ ਮੇਰੀ ਪਿੱਠ ਪਲੋਸਦੇ ਹੋਏ ਸਮਝਾਉਣ ਲੱਗੇ, "ਜੇ ਇਸ ਬਘਿਆੜ ਨੂੰ ਅਸੀਂ ਨਾ ਮਾਰਦੇ ਤਾਂ ਇਹਨੇ ਬਹੁਤ ਸਾਰੀਆਂ ਭੇਡਾਂ ਮਾਰ ਦੇਣੀਆਂ ਸਨ। ਭੇਡਾਂ ਕਮਜ਼ੋਰ ਨੇ ਤੇ ਆਪਣੀ ਰੱਖਿਆ ਆਪ ਨਹੀਂ ਕਰ ਸਕਦੀਆਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਖੂਨਖਾਰ ਬਘਿਆੜ ਤੋਂ ਬਚਾਈਏ, ਭਾਵੇਂ ਇਸਦੇ ਲਈ ਸਾਨੂੰ ਬਘਿਆੜ ਨੂੰ ਹੀ ਕਿਉਂ ਨਾ ਮਾਰਨਾ ਪਏ। ਅਸੀਂ ਉਨ੍ਹਾਂ ਦੇ ਰੱਖਿਅਕ ਹਾਂ। ਬਘਿਆੜ ਨਿਰਦੋਸ਼ ਨਹੀਂ ਦੋਸ਼ੀ ਹੈ, ਜ਼ਾਲਮ ਹੈ ਤੇ ਭੇਡਾਂ ਨੂੰ ਖਾਣ ਵਾੜੇ ਵਿੱਚ ਆਇਆ ਸੀ।... ਇਹ ਹੁਕਮਰਾਨ ਮੁਗਲ ਵੀ ਬਘਿਆੜ ਹਨ। ਜੋ ਹਿੰਦੁਸਤਾਨ ਦੀ ਭੇਡਾਂ ਵਰਗੀ ਜਨਤਾ ਨੂੰ ਖਾਣ ਆ ਗਏ ਹਨ। ਇਹਨਾਂ ਮੁਗਲ ਬਘਿਆੜਾਂ ਨੂੰ ਮਾਰਨਾ ਭਾਰਤ ਮਾਤਾ ਦੇ ਸੂਰਬੀਰ ਯੋਧੇ ਪੁੱਤਰਾਂ ਦਾ ਫਰਜ਼ ਹੈ, ਇਸ ਨੂੰ ਗੁਨਾਹ ਨਹੀਂ ਕਹਿੰਦੇ।"

ਮਹਾਤਮਾ ਦੀ ਕਹੀ ਹੋਈ ਇਹ ਗੱਲ ਮੇਰੇ ਦਿਲ-ਓ-ਦਿਮਾਗ ਉੱਪਰ ਗਹਿਰਾ ਅਸਰ ਕਰ ਗਈ ਸੀ। ਯਕਦਮ ਮੇਰੇ ਪਿੰਡ ਵਾਸੀਆਂ ਦਾ ਘੋੜਿਆਂ ਦੇ ਪੌੜਾਂ ਹੇਠ ਮਿਧਿਆ ਜਾਣਾ ਮੈਨੂੰ ਯਾਦ ਆ ਗਿਆ ਸੀ। ਮੈਂ ਕਈ ਦਿਨ ਇਸ ਨੂੰ ਲੈ ਕੇ ਪ੍ਰੇਸ਼ਾਨ ਰਿਹਾ ਤੇ ਮੈਂ ਪੂਜਾ ਪਾਠ ਕਰਨਾ ਵੀ ਛੱਡ ਦਿੱਤਾ ਸੀ। 

ਮਹਾਤਮਾ ਦੇ ਮੇਰੀ ਅਵਸਥਾ ਨੂੰ ਸਮਝ ਲਿਆ ਸੀ। ਮੈਨੂੰ ਉੱਖੜਿਆ ਦੇਖ ਕੇ ਇੱਕ ਦਿਨ ਉਨ੍ਹਾਂ ਨੇ ਮੈਨੂੰ ਆਪਣੀ ਤਲਵਾਰ ਫੜਾਈ ਤੇ ਕਿਹਾ, "ਜਾਹ ਤਲਵਾਰਬਾਜ਼ੀ ਕਰ। ਤੇਰਾ ਮਨ ਬਹਿਲ ਜਾਵੇਗਾ।"

ਮੈਂ ਉਸ ਦਿਨ ਕਈ ਘੰਟੇ ਉਦੋਂ ਤੱਕ ਤਲਵਾਰਬਾਜ਼ੀ ਕਰਦਾ ਰਿਹਾ, ਜਦੋਂ ਤੱਕ ਮੇਰਾ ਸਰੀਰ ਥੱਕ ਕੇ ਚੂਰ ਨਹੀਂ ਸੀ ਹੋ ਗਿਆ। ਇੰਝ ਉਸ ਪਲ ਤੋਂ ਕਤਲੀ ਮੱਠ ਵਿੱਚ ਰਹਿੰਦਿਆਂ ਮੇਰੇ ਅੰਦਰਲਾ ਯੋਧਾ ਵੀ ਜਾਗ ਪਿਆ ਸੀ। ਮੈਂ ਸਵਾਮੀ ਰਾਮਦਾਸ ਤੋਂ ਮਨ ਚਿੱਤ ਲਾ ਕੇ ਯੁੱਧ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਮੇਰੀਆਂ ਰਗਾਂ ਵਿੱਚ ਰਾਜਪੂਤ ਖੂਨ ਹੋਣ ਕਰਕੇ ਜਲਦ ਹੀ ਮੇਰਾ ਸ਼ਸਤਰਾਂ ਉੱਪਰ ਨਿਪੁੰਨਤਾ ਨਾਲ ਹੱਥ ਚੱਲਣ ਲੱਗ ਪਿਆ ਸੀ। ਦਿਨਾਂ ਵਿੱਚ ਹੀ ਮੈਂ ਮੱਠ ਦੇ ਪੁਰਾਣੇ ਸਿੱਖਿਅਤ ਚੇਲਿਆਂ ਦੀ ਸ਼ਸਤਰ ਵਿੱਦਿਆ ਵਿੱਚ ਪਿੱਠ ਲਗਵਾਉਣ ਲੱਗ ਪਿਆ ਸੀ। ਤੀਰਅੰਦਾਜ਼ੀ ਤਾਂ ਮੇਰੀ ਪਹਿਲਾਂ ਹੀ ਬਹੁਤ ਵਧੀਆ ਸੀ। ਘੋੜਸਵਾਰੀ ਵੀ ਮੈਂ ਕਰ ਲੈਂਦਾ ਸੀ। ਮੱਠ ਵਿੱਚ ਆ ਕੇ ਮੈਂ ਤਲਵਾਰਬਾਜ਼ੀ ਅਤੇ ਛਾਪਾਮਾਰ ਯੁੱਧ ਵਿੱਚ ਵੀ ਬਹੁਤ ਪ੍ਰਬੀਨ ਹੋ ਗਿਆ ਸੀ।  

ਸਵਾਮੀ ਜੀ ਦਾ ਕਹਿਣਾ ਸੀ ਕਿ ਜਿਸਨੇ ਚੁੰਝ ਦਿੱਤੀ ਹੈ, ਉਹ ਚੋਗ ਵੀ ਦਿੰਦਾ ਹੈ। ਉਹ ਮੰਗਤਿਆਂ ਵਾਂਗ ਠੁੱਠਾ ਫੜ ਕੇ ਥਾਂ-ਥਾਂ ਮਗਣ ਦੇ ਖਿਲਾਫ ਸਨ ਤੇ ਕਿਰਤ ਕਰਕੇ ਖਾਣ ਨੂੰ ਤਰਜੀਹ ਦਿੰਦੇ ਸਨ। ਸਵਾਮੀ ਬੁਜਦਿਲਾਂ ਦੀ ਜ਼ਿੰਦਗੀ ਜਿਉਣ ਨੂੰ ਬਹੁਤ ਬੁਰਾ ਸਮਝਦੇ ਸਨ ਤੇ ਲੜ ਕੇ ਮਰਨ ਦੀ ਸਿੱਖਿਆ ਦਿੰਦੇ ਸਨ। ਉਨ੍ਹਾਂ ਦੇ ਉਪਦੇਸ਼ ਮੇਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸਨ। ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ ਅੰਦਰ ਹਰਦਮ ਠਾਠਾਂ ਮਾਰਦਾ ਹੁੰਦਾ ਸੀ। ਉਹ ਅਕਸਰ ਸਾਨੂੰ ਰਾਣਾ ਸੰਗ੍ਰਾਮ, ਮਹਾਂਰਾਣਾ ਪ੍ਰਤਾਪ, ਅਮਰ ਸਿੰਘ ਰਾਠੌਰ, ਦੁਰਗਾ ਪ੍ਰਸ਼ਾਦ, ਪ੍ਰਿਥਵੀ ਰਾਜ ਚੌਹਾਨ ਆਦਿਕ ਦੇ ਵੀਰਤਾਪੂਰਬਕ ਕਿੱਸੇ ਸੁਣਾ ਕੇ ਸਾਡੇ ਅੰਦਰ ਜੋਸ਼ ਅਤੇ ਵੀਰ ਰਸ ਭਰਦੇ ਰਹਿੰਦੇ ਹੁੰਦੇ ਸਨ।

ਛਤਰਪਤੀ ਸ਼ਿਵਾਜੀ ਤੇ ਹੋਰ ਮਰਹੱਟੇ ਸਰਦਾਰ ਸਵਾਮੀ ਰਾਮਦਾਸ ਦੇ ਮੱਠ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਸਨ ਤੇ ਅਕਸਰ ਉੱਥੇ ਆਇਆ ਜਾਇਆ ਕਰਦੇ ਸਨ। ਜੰਗਾਂ ਦੌਰਾਨ ਮੱਠ ਖੁੱਲ੍ਹ ਕੇ ਮਰਾਠਿਆਂ ਦੀ ਮਦਦ ਕਰਿਆ ਕਰਦਾ ਸੀ। ਸੰਨ ੧੬੬੬ ਈ: ਵਿੱਚ ਆਲਮਗੀਰ ਔਰੰਗਜ਼ੇਬ ਦੇ ਸੈਨਾਪਤੀਆਂ ਰਾਜਾ ਮਿਰਜ਼ਾ ਜੈ ਸਿੰਘ ਅਤੇ ਉਸਦੇ ਪੁੱਤਰ ਰਾਜਾ ਰਾਮ ਸਿੰਘ ਨੇ ਧੋਖੇ ਨਾਲ ਸ਼ਿਵਾਜੀ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ ਤਾਂ ਸਵਾਮੀ ਰਾਮਦਾਸ ਦੇ ਮੱਥਰਾ ਵਾਲੇ ਮੱਠ ਦੇ ਚੇਲਿਆਂ ਦੇ ਆਪਣੀ ਚੁਸਤੀ ਨਾਲ ਉਸਨੂੰ ਇੱਕ ਮਹੀਨੇ ਵਿੱਚ ਛੁਡਾ ਕੇ ਰਾਜਗੜ ਸੁਰੱਖਿਅਤ ਪਹੁੰਚਾਇਆ ਸੀ। 

ਛਤਰਪਤੀ ਸ਼ਿਵਾਜੀ ਨੇ ਆਪਣੇ ਰਾਜ ਪ੍ਰਬੰਧਾਂ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਆਪਣੇ ਇਲਾਕਿਆਂ ਨੂੰ ਚਾਰ ਹਿੱਸਿਆਂ ਵਿੱਚ ਵੰਢ ਕੇ ਉਨ੍ਹਾਂ ਦੀ ਖੁਦਮੁਖਤਿਆਰੀ ਆਪਣੇ ਮੰਤਰੀਆਂ ਅਰਥਾਤ ਪੇਸ਼ਵਾਵਾਂ ਨੂੰ ਸੌਂਪ ਦਿੱਤੀ ਸੀ। ਰਾਏਗੜ ਤੋਂ ਉਤਰ ਦਾ ਇਲਾਕਾ ਉਸਨੇ ਮੋਰੋਪੰਤ ਤ੍ਰਿੰਮਬਕ ਪਿੰਗਲੇ ਨਾਮਕ ਪੇਸ਼ਵਾ ਨੂੰ ਦੇ ਦਿੱਤਾ। ਦੱਖਣ ਵਿੱਚ ਪੰਨਹੱਲਾਂ ਤੱਕ ਦਾ ਇਲਾਕਾ ਅੰਨਾਜੀ ਦਾਤੋਂ ਹਵਾਲੇ ਸੀ। ਪੰਨਹੱਲਾਂ ਤੋਂ ਅੱਗੇ ਕਾਰਵਾੜ ਤੱਕ ਦਾ ਦਾਤਾਜੀ ਤ੍ਰਿੰਮਬਕ ਕੋਲ ਸੀ ਤੇ ਰਾਏਗੜ ਦੀ ਜ਼ਿੰਮੇਵਾਰੀ ਰਾਉਜੀ ਸੋਮਨਾਥ ਦੀ ਸੀ। ਇਹ ਸਭ ਆਪੋ ਆਪਣੇ ਇਲਾਕਿਆਂ ਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਅਤੇ ਉੱਥੋਂ ਮਾਲੀਆ ਉਗਰਾਉਂਦੇ ਹੁੰਦੇ ਸਨ। 

ਨਵੰਬਰ ੧੬੭੫ ਈ: ਤੋਂ ਸ਼ਿਵਾਜੀ ਦੇ ਰਾਜ ਦੇ ਉਤਰੀ ਭਾਗ ਦਾ ਪ੍ਰਬੰਧ ਪੇਸ਼ਵਾ ਮੋਰੋਪੰਤ ਤ੍ਰਿੰਮਬਕ ਪਿੰਗਲ ਦੇ ਹੱਥ ਵਿੱਚ ਸੀ। ਨਵੰਬਰ ੧੬੭੮ ਈ: ਵਿੱਚ ਮੋਰੋਪੰਤ ਦੀਆਂ ਫੌਜਾਂ ਨਾਸਿਕ ਦੇ ਇਲਾਕੇ ਵਿੱਚ ਕਾਰਵਾਈ ਕਰ ਰਹੀਆਂ ਸਨ। ਉਹ ਅੰਗਰੇਜ਼ਾਂ ਹੱਥੋਂ ਖੰਡਰਬੀ ਅਤੇ ਉਡੇਰੀ ਵਿੱਚ ਮਾਰੇ ਗਏ ਆਪਣੇ ਬੰਦਿਆਂ ਦਾ ਬਦਲਾ ਲੈਣ ਲਈ ਸੂਰਤ ਅਤੇ ਬੰਬਈ 'ਤੇ ਹਮਲਾ ਕਰਨ ਦੀ ਤਾਕ ਵਿੱਚ ਸਨ। ਉਸ ਸਮੇਂ ਪੇਸ਼ਵਾ ਮੋਰੋਪੰਤ, ਸਵਾਮੀ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਸਾਡੇ ਮੱਠ ਵਿੱਚ ਆਇਆ। ਅਸੀਂ ਉਸ ਵੇਲੇ ਯੁੱਧ ਕਲਾ ਦਾ ਅਭਿਆਸ ਕਰ ਰਹੇ ਸੀ। ਮੈਨੂੰ ਬਿਜਲੀ ਦੀ ਤੇਜੀ ਵਾਂਗ ਤਲਵਾਰ ਵਾਹੁੰਦੇ ਤੱਕ ਕੇ ਉਹ ਹੈਰਾਨ ਰਹਿ ਗਿਆ ਸੀ। ਮੇਰੀ ਫੁਰਤੀ, ਦਿੱਖ ਅਤੇ ਸਰੀਰਕ ਬਣਤਰ ਦੇਖ ਕੇ ਉਸਨੇ ਸਵਾਮੀ ਰਾਮਦਾਸ ਤੋਂ ਮੇਰੇ ਬਾਰੇ ਪੁੱਛਿਆ। ਮੋਰੋਪੰਤ ਪੇਸ਼ਵਾ ਨੇ ਫਿਰ ਆਪ ਮੇਰੇ ਨਾਲ ਕੁਝ ਦੇਰ ਤਲਵਾਰਬਾਜ਼ੀ ਕੀਤੀ ਤੇ ਮੈਂ ਸ਼ੁਰੂ ਤੋਂ ਅਖੀਰ ਤੱਕ ਉਸ ਉੱਪਰ ਭਾਰੀ ਪਿਆ ਰਿਹਾ। ਪੇਸ਼ਵਾ ਮੇਰੇ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਸਵਾਮੀ ਰਾਮਦਾਸ ਤੋਂ ਮੈਨੂੰ ਆਪਣੀ ਫੌਜ ਵਿੱਚ ਭਰਤੀ ਕਰਨ ਲਈ ਮੰਗ ਲਿਆ। ਮੈਂ ਪੇਸ਼ਵਾ ਨਾਲ ਜਾਣਾ ਨਹੀਂ ਸੀ ਚਾਹੁੰਦਾ, ਪਰ ਗੁਰੂ ਦਾ ਹੁਕਮ ਵੀ ਮੈਂ ਟਾਲ ਨਹੀਂ ਸੀ ਸਕਦਾ। ਫੇਰ ਮੈਂ ਸੋਚਿਆ ਕਿ ਚਲੋ ਜੋ ਰੱਬ ਕਰਦਾ ਹੈ ਚੰਗਾ ਹੀ ਕਰਦਾ ਹੈ, ਮੈਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲ ਰਿਹਾ ਸੀ। 

ਪੇਸ਼ਵਾ ਮੋਰੋਪੰਤ ਤ੍ਰਿੰਮਬਕ ਪਿੰਗਲੇ ਮਰਾਠਿਆਂ ਦੀ ਫੌਜ ਦਾ ਸਿਰਕੱਢ ਸਿਪਾਹਸਲਾਰ ਤੇ ਉੱਚ ਕੋਟੀ ਦਾ ਲਿਖਾਰੀ ਸੀ। ਉਹ ਮਰਾਠਿਆਂ ਦਾ ਵੈਸੇ ਤਾਂ ਤੀਜਾ ਪੇਸ਼ਵਾ ਸੀ, ਪਰੰਤੂ ਮਾਨਤਾ ਪ੍ਰਾਪਤ ਕਰਨ ਵਾਲਾ ਪਹਿਲਾ ਪੇਸ਼ਵਾ ਸੀ। ਜਦੋਂ ਛਤਰਪਤੀ ਸ਼ਿਵਾਜੀ ਦਾ ਰਾਜ ਤਿਲਕ ਹੋਇਆ ਸੀ ਤਾਂ ਛਤਰਪਤੀ ਨੇ ਉਸਨੂੰ ਪੰਤਪ੍ਰਧਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਦਿੱਤੀ ਸੀ। ਮੋਰੋਪੰਤ ਨੇ ਮਰਾਠਾ ਰਾਜ ਦੇ ਵਿੱਤੀ ਪ੍ਰਬੰਧਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਸੀ। ਪ੍ਰਤਾਪਗੜ੍ਹ ਦੇ ਕਿਲ੍ਹੇ ਦੀ ਉਸਾਰੀ ਅਤੇ ਪੂਣਕਾ (ਪੂਨੇ) ਦੇ ਸ਼ਨੀਵਾਰ ਪੇਠ (ਅਗਵਾੜ) ਨੂੰ ਵਿਕਸਤ ਕਰਨ ਵਿੱਚ ਮੋਰੋਪੰਤ ਦੀ ਭੂਮਿਕਾ ਅਹਿਮ ਰਹੀ ਸੀ । 

ਮੈਂ ਮੋਰੋਪੰਤ ਦੀ ਬਹਾਦਰੀ ਦੇ ਅਨੇਕਾਂ ਕਿੱਸੇ ਸੁਣ ਚੁੱਕਾ ਸੀ। ੧੬੫੯ ਈ: ਵਿੱਚ ਬੀਜਾਪੁਰ ਦੇ ਕਿਲ੍ਹੇਦਾਰ ਅਫਜ਼ਲ ਖਾਨ ਉੱਪਰ ਚੜਾਈ ਕਰਨ ਵੇਲੇ ਉਸਨੇ ਮਰਹੱਟਾ ਫੌਜ ਦੀ ਕਮਾਨ ਸੰਭਾਲੀ ਸੀ। ਨਾਸਿਕ ਦੀ ਲੜਾਈ ਵਿੱਚ ਉਸਨੇ ਮੁਗਲਾਂ ਦੇ ਨਾਸੀ ਧੂੰਆਂ ਲਿਆ ਦਿੱਤਾ ਸੀ। ਨਾਸਿਕ ਦਾ ਤ੍ਰਿੰਮਬਕੇਸ਼ਵਰ ਕਿਲ੍ਹਾ ਉਸ ਵੇਲੇ ਸ਼ਿਵਾਜੀ ਦੇ ਚਚੇਰੇ ਭਰਾ ਜਾਦਵ ਰਾਓ ਦੀ ਸਰਪ੍ਰਸਤੀ ਵਿੱਚ ਸੀ। ਜਾਦਵ ਰਾਓ ਉਸ ਸਮੇਂ ਮੁਗਲਾਂ ਦੀ ਨੌਕਰੀ ਕਰਦਾ ਸੀ। ਛਤਰਪਤੀ ਨੇ ਮੋਰੋਪੰਤ ਨੂੰ ਫੌਜ ਦੇ ਕੇ ਨਾਸਿਕ ਦਾ ਕਿਲ੍ਹਾ ਜਿੱਤਣ ਭੇਜਿਆ ਸੀ। ਮੋਰੋਪੰਤ ਨੇ ਕੇਵਲ ਕੁਝ ਘੰਟਿਆਂ ਵਿੱਚ ਹੀ ਜਾਦਵ ਰਾਓ ਨੂੰ ਹਰਾ ਕੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਉਪਰੰਤ ਮੋਰੋਪੰਤ ਨੇ ਨੇਤਾਜੀ ਪਾਲੇਕਰ ਦਾ ਡਿਨਡੋਰੀ ਅਤੇ ਵਾਨੀ ਉੱਪਰ ਹੱਲਾ ਬੋਲਣ ਵਿੱਚ ਸਹਿਯੋਗ ਦਿੱਤਾ ਸੀ। ਮੁਗਲ ਸੈਨਾਪਤੀ ਸਿੱਦੀ ਹਲਾਲ, ਮੋਰੋਪੰਤ ਤੋਂ ਡਰਦਾ ਕਿਲ੍ਹਾ ਛੱਡ ਕੇ ਭੱਜ ਗਿਆ ਸੀ। ਮੋਰੋਪੰਤ ਦੇ ਹਮਲਿਆਂ ਦਾ ਇਹ ਅਸਰ ਹੋਇਆ ਸੀ ਕਿ ਜਾਦਵ ਰਾਓ ਅਤੇ ਸਿੱਦੀ ਹਲਾਲ ਦੋਨਾਂ ਨੇ ਸ਼ਿਵਾਜੀ ਦੀ ਸ਼ਰਨ ਵਿੱਚ ਜਾ ਕੇ ਮਾਫੀ ਮੰਗੀ ਸੀ ਤੇ ਮਰਾਠਾ ਫੌਜ ਵਿੱਚ ਭਰਤੀ ਹੋ ਗਏ ਸਨ।

ਸਲੇਰੀ ਦੀ ਲੜਾਈ ਨੂੰ ਵੀ ਮਰਾਠਿਆਂ ਦੇ ਇਤਿਹਾਸ ਦੀ ਅਹਿਮ ਜੰਗ ਮੰਨਿਆ ਜਾਂਦਾ ਹੈ। ਇਹ ਲੜਾਈ ਮੋਰੋਪੰਤ ਅਤੇ ਪ੍ਰਤਾਪ ਰਾਉ ਨੇ ਮਿਲ ਕੇ ਲੜੀ ਸੀ। ਪਠਾਰ ਵਾਲੇ ਪਾਸੇ ਤੋਂ ਪ੍ਰਤਾਪ ਰਾਉ ਆਪਣੀ ਘੋੜ ਸਵਾਰ ਫੌਜ ਨਾਲ ਆਇਆ ਅਤੇ ਕੋਨਕਣ (ਕਿਨਾਰੇ ਨੂੰ ਕੋਨਕਣ ਕਿਹਾ ਜਾਂਦਾ ਹੈ।) ਵਾਲੇ ਪਾਸੇ ਪਾਸਿਉਂ ਮੋਰੋਪੰਤ ਪੇਸ਼ਵਾ। ਦੋਵੇਂ ਫੌਜਾਂ ਸਲੇਰੀ ਦੇ ਸਥਾਨ 'ਤੇ ਇਕੱਠੀਆਂ ਹੋ ਗਈਆਂ। ਇੱਕ ਤਰਫੋਂ ਘੋੜ ਸਵਾਰ ਫੌਜ ਨੇ ਹਮਲਾ ਕੀਤਾ ਤੇ ਦੂਜੇ ਪਾਸਿਉਂ ਮਾਲਵਿਆਂ ਦੀ ਪਿਆਦਾ ਸੈਨਾ ਨੇ ਜ਼ੋਰ ਲਾਇਆ। ਇਹ ਘਮਸਾਨ ਦਾ ਯੁੱਧ ਸਾਰੀ ਦਿਹਾੜੀ ਚੱਲਦਾ ਰਿਹਾ ਸੀ। ਇਸ ਗਹਿਗੱਚ ਜੰਗ ਵਿੱਚ ਮੁਗਲਾਂ, ਪਠਾਣਾਂ, ਰਾਜਪੂਤਾਂ, ਰਹੇਲਿਆਂ, ਤੋਪਚੀਆਂ, ਹਾਥੀਆਂ, ਘੋੜਿਆਂ ਤੇ ਊਠਾਂ ਨੇ ਹਿੱਸਾ ਲਿਆ ਸੀ। ਮੁਗਲਾਂ ਨੇ ਮਰਹੱਟਿਆਂ ਦਾ ਰਾਹ ਰੋਕਣ ਲਈ ਆਪਣੇ ਮੂਹਰੇ ਤੋਪਾਂ ਵਾਲੇ ਗੱਡੇ ਲਾਏ ਹੋਏ ਸਨ। ਲੜਾਈ ਦੌਰਾਨ ਅਸਮਾਨ ਨੂੰ ਐਨੀ ਧੂੜ ਚੜੀ ਸੀ ਕਿ ੩੬ ਵਰਗ ਮੀਲ ਦੇ ਯੁੱਧ ਖੇਤਰ ਵਿੱਚ ਇੱਕ ਦੂਜੇ ਨੂੰ ਪਹਿਚਾਨਣਾ ਮੁਸ਼ਕਲ ਹੋ ਗਿਆ ਸੀ। ਮਰਾਠਿਆਂ ਦਾ ਹੱਲਾ ਰੋਕਣ ਲਈ ਮਸਤ ਹੱਥੀ ਛੱਡੇ ਗਏ ਸਨ, ਪਰ ਉਹ ਵੀ ਨਾਕਾਮ ਰਹੇ ਸਨ। ਮੁਗਲਾਂ ਦੇ ਅਣਗਿਣਤ ਹਾਥੀ, ਘੋੜੇ ਅਤੇ ਊਠ ਮਾਰੇ ਗਏ। ਇਹ ਜੰਗ ਐਨੀ ਭਿਆਨਕ ਸੀ ਕਿ ਲਹੂ ਦੇ ਦਰਿਆ ਵਗਦੇ ਹੀ ਦਿਸਦੇ ਸਨ। ਪੈਦਲ ਸੈਨਾ ਲਹੂ ਨਾਲ ਭਿੱਜੀ ਮਿੱਟੀ ਦੇ ਚਿਕੜ ਵਿੱਚ ਧਸਦੀ ਜਾਂਦੀ ਸੀ। ਦੋਨਾਂ ਫੌਜਾਂ ਦੇ ਦਸ ਹਜ਼ਾਰ ਸੈਨਿਕ ਮਾਰੇ ਗਏ ਸਨ। ਅਖੀਰ ਜਿੱਤ ਮਰਾਠਿਆਂ ਦੀ ਹੋਈ ਸੀ। ਮਰਾਠਿਆਂ ਨੇ ੬੦੦੦ ਘੋੜੇ, ੧੨੫ ਹਾਥੀ, ੫੦੦੦ ਊਠ, ੨੨ ਉੱਚੇ ਆਹੁਦਿਆਂ ਵਾਲੇ ਮੁਗਲ ਸਰਦਾਰ, ਵੱਡੀ ਮਾਤਰਾ ਵਿੱਚ ਨਕਦੀ, ਸੋਨਾ ਅਤੇ ਹੀਰੇ ਜਵਾਹਰਾਤ ਆਪਣੇ ਕਬਜ਼ੇ ਵਿੱਚ ਲੈ ਕੇ ਛਤਰਪਤੀ ਸ਼ਿਵਾਜੀ ਨੂੰ ਭੇਜੇ ਸਨ। ਇਸ ਜੰਗ ਵਿੱਚ ਮੁਗਲ ਸੈਨਾਪਤੀ ਇਖਲਾਸ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਸਰਨੋਬਤ (ਪ੍ਰਮੁੱਖ) ਪ੍ਰਤਾਪ ਰਾਉ, ਮੋਰੋਪੰਤ ਅਤੇ ਬਾਈ ਹੋਰ ਸ੍ਰੇਸ਼ਟ ਮਰਾਠਾ ਯੋਧਿਆਂ ਨੇ ਇਸ ਜੰਗ ਵਿੱਚ ਵਿਲੱਖਣ ਦਲੇਰੀ ਅਤੇ ਸੂਝ-ਬੂਝ ਦਾ ਸਬੂਤ ਦਿੱਤਾ ਸੀ। ਮਰਾਠਿਆਂ ਦਾ ਇੱਕ ਵਧੀਆ ਯੋਧਾ ਪੰਜ ਹਜ਼ਾਰੀ ਸੁਰਿਆਂ ਰਾਉ ਕਾਕੜੀ ਇਸ ਜੰਗ ਵਿੱਚ ਮਾਰਿਆ ਗਿਆ ਸੀ। ਉਹ ਐਨੀ ਬਹਾਦਰੀ ਨਾਲ ਲੜਿਆ ਸੀ ਕਿ ਉਸਦੀ ਤੁਲਨਾ ਮਹਾਭਾਰਤ ਦੇ ਕਰਣ ਨਾਲ ਕੀਤੀ ਜਾਂਦੀ ਹੈ। ਕਈ ਹਜ਼ਾਰ ਦੁਸ਼ਮਣ ਸੈਨਿਕ ਮਰਾਠਿਆਂ ਤੋਂ ਡਰਦੇ ਆਪਣੀਆਂ ਜਾਨਾਂ ਬਚਾਅ ਕੇ ਭੱਜ ਗਏ ਸਨ। ਮਰਾਠਿਆਂ ਦੀ ਥੋੜੀ ਜਿਹੀ ਫੌਜ ਨੇ ਹੀ ਵਿਸ਼ਾਲ ਮੁਗਲ ਸੈਨਾ ਨੂੰ ਲੋਹੇ ਦੇ ਚਨੇ ਚਬਾ ਦਿੱਤਾ ਸਨ।

ਪੇਸ਼ਵਾ ਮੋਰੋਪੰਤ ਇੱਕ ਸੁਲਝਿਆ ਹੋਇਆ ਕਾਬਲ ਸਿਪਾਹਸਲਾਰ ਸੀ ਤੇ ਉਸਦੀ ਬਹਾਦਰੀ ਦੇ ਅਨੇਕਾਂ ਕਿੱਸੇ ਪ੍ਰਚੱਲਤ ਸਨ। ਮੈਂ ਪੇਸ਼ਵਾ ਮੋਰੋਪੰਤ ਨਾਲ ਚਲਿਆ ਗਿਆ ਤੇ ਉਸਨੇ ਮੈਨੂੰ ਆਪਣੀ ਖਾਸ ਪਰਾਗਾ ਸੈਨਾ, ਫੌਜ-ਏ-ਖਾਸ ਯਾਨੀ ਨਿੱਜੀ ਦਲ 'ਖਾਸਗੀ ਪਾਗਾ' (ਸ਼ਪeਚaਿਲ ਢੋਰਚe) ਵਿੱਚ ਭਰਤੀ ਕਰ ਲਿਆ ਸੀ। ਇਹ ਮਰਾਠਾ ਫੌਜ ਵਿੱਚ ਚੋਣਵੇਂ ਸੈਨਿਕਾਂ ਦੀ ਵਿਸ਼ੇਸ਼ ਅਤੇ ਬੇਹਤਰੀਨ ਟੁੱਕੜੀ ਸੀ। ਸਾਡੀ ਤਨਖਾਹ, ਹਥਿਆਰ ਅਤੇ ਹੋਰ ਜ਼ਰੂਰੀ ਵਸਤਾਂ ਸਿੱਧੀਆਂ ਛਤਰਪਤੀ ਦੇ ਖਜ਼ਾਨੇ ਵਿੱਚੋਂ ਆਉਂਦੀਆਂ ਸਨ। 

ਮਰਾਠਿਆਂ ਨਾਲ ਮਿਲ ਕੇ ਮੁਗਲਾਂ ਨਾਲ ਜੰਗਾਂ ਲੜਦਿਆਂ ਮੇਰੀ ਮੁਗਲਾਂ ਪ੍ਰਤੀ ਨਫਰਤ ਵਧਦੀ ਗਈ ਤੇ ਮੇਰਾ ਹਿਰਦਾ ਦਿਆਲੂ ਤੋਂ ਕਠੋਰ ਬਣਦਾ ਗਿਆ। ਫੇਰ ਇੱਕ ਸਥਿਤੀ ਅਜਿਹੀ ਆ ਗਈ ਕਿ ਮੇਰੇ ਦਿਲ ਵਿੱਚੋਂ ਰਹਿਮ ਨਾਮ ਦਾ ਤੱਤ ਹੀ ਮੁੱਕ ਗਿਆ ਤੇ ਮੈਂ ਵੀ ਜੰਗੀ ਯੋਧਿਆਂ ਵਾਂਗ ਜ਼ਾਲਿਮ ਤੇ ਨਿਰਦਈ ਬਣ ਗਿਆ ਸੀ। ਮੇਰੇ ਲੜਣ ਦਾ ਇੱਕੋ ਇੱਕ ਮਕਸਦ ਸੀ, ਮੁਗਲਾਂ ਦੇ ਜ਼ਾਲਮ ਰਾਜ ਨੂੰ ਜੜੋਂ ਖਤਮ ਕਰਨਾ ਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਮੁਸਲਮਾਨਾਂ ਨਾਲ ਹਰ ਜੰਗ ਡਟ ਕੇ ਤਨੋਂ ਮਨੋਂ ਲੜਦਾ ਸੀ। ਮਰਾਠੇ ਸਰਦਾਰਾਂ ਨੇ ਵੀ ਮੈਨੂੰ ਇੱਕ ਨਿਪੁੰਨ ਜੰਗਜੂ ਦੀ ਮਾਨਤਾ ਦੇ ਦਿੱਤੀ ਸੀ। ਇੰਝ ਮੈਂ ਇੱਕ ਬੈਰਾਗੀ ਸਾਧੂ ਤੋਂ ਯੋਧਾ ਬਣਨ ਦਾ ਸਫਰ ਕੀਤਾ ਸੀ।

No comments:

Post a Comment